ਆਸਟ੍ਰੇਲੀਆ : ਹੁੱਲੜਬਾਜ਼ਾਂ ਵੱਲੋਂ ਸਿੱਖ ਸਕਿਉਰਿਟੀ ਗਾਰਡ ’ਤੇ ਹਮਲਾ

In ਮੁੱਖ ਖ਼ਬਰਾਂ
March 05, 2025
ਸਿਡਨੀ/ਏ.ਟੀ.ਨਿਊਜ਼: ਆਏ ਦਿਨ ਪੰਜਾਬੀ ਸਿੱਖਾਂ ਦੀ ਕੁੱਟਮਾਰ ਤੇ ਦਸਤਾਰਾਂ ਦੀ ਬੇਅਦਬੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਤਾਜ਼ਾ ਮਾਮਲਾ ਆਸਟ੍ਰੇਲੀਆ ਤੋਂ ਹੈ। ਜਿੱਥੇ ਇੱਕ ਪੰਜਾਬੀ ਸਿੱਖ ਨੌਜਵਾਨ ’ਤੇ ਕੁੱਝ ਹੁੱਲੜਬਾਜ਼ਾਂ ਨੇ ਹਮਲਾ ਕਰ ਦਿੱਤਾ। ਜਦੋਂ ਉਸ ’ਤੇ ਹਮਲਾ ਹੋਇਆ ਤਾਂ ਇਹ ਨੌਜਵਾਨ ਬਤੌਰ ਸਕਿਉਰਿਟੀ ਗਾਰਡ ਕੰਮ ਕਰ ਰਿਹਾ ਸੀ, ਜਿਸ ਵਿੱਚ ਦਸਤਾਰ ਦੀ ਵੀ ਬੇਅਦਬੀ ਕੀਤੀ ਗਈ। ਪ੍ਰੀਮੀਅਰ ਜੈਸਿੰਟਾ ਐਲਨ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ,‘ਮੈਂ ਇਸ ਘਿਣਾਉਣੀ ਘਟਨਾ ਤੋਂ ਪੂਰੀ ਤਰ੍ਹਾਂ ਦੁਖੀ ਹਾਂ ਅਤੇ ਮੇਰੀ ਹਮਦਰਦੀ ਪੀੜਤ ਨਾਲ ਹੈ।’ ਇਹ ਹੈ ਪੂਰਾ ਮਾਮਲਾ ਮਾਮਲਾ ਆਸਟ੍ਰੇਲੀਆ ਦੇ ਵਿਕਟੋਰੀਆ ਸ਼ਹਿਰ ਦੇ ਸ਼ਾਪਿੰਗ ਮਾਲ ਦਾ ਹੈ ਜਿੱਥੇ ਨੌਜਵਾਨਾਂ ਦੇ ਗਰੁੱਪ ਨੇ ਸੁਰੱਖਿਆ ਕਰਮਚਾਰੀ ’ਤੇ ਹਮਲਾ ਕੀਤਾ। ਪੁਲਿਸ ਨੇ ਕਿਹਾ ਕਿ ਉਹ ਸ਼ਾਪਿੰਗ ਸੈਂਟਰ ਵਿੱਚ ਹੋਈ ਇਸ ਘਟਨਾ ਦੀ ਜਾਂਚ ਕਰ ਰਹੀ ਹੈ, ਜਿਸ ’ਚ ਦੱਸਿਆ ਜਾ ਰਿਹਾ ਹੈ ਕਿ ਲਗਭਗ ਨੌਂ ਨੌਜਵਾਨਾਂ ਦੀ ਭੂਮਿਕਾ ਹੈ। ਬੈਂਡਿਗੋ ਦੇ ਸ਼ਾਪਿੰਗ ਮਾਲ ’ਚ ਸਥਾਨਕ ਮੁੰਡਿਆਂ ਨੇ ਹੁੱਲੜਬਾਜ਼ੀ ਕਰਦਿਆਂ ਸਿੱਖ ਸਕਿਉਰਿਟੀ ਗਾਰਡ ਦੀ ਦਸਤਾਰ ਲਾਹ ਦਿੱਤੀ। ਜਾਣਕਾਰੀ ਮੁਤਾਬਕ ਕੁਝ ਵਿਅਕਤੀਆਂ ਨੇ ਸ਼ਾਪਿੰਗ ਮਾਲ ’ਚ ਹੁੱਲੜਬਾਜ਼ੀ ਕੀਤੀ ਤੇ ਉੱਚੀ ਆਵਾਜ਼ ’ਚ ਸੰਗੀਤ ਚਲਾ ਕੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਡਿਊਟੀ ’ਤੇ ਤਾਇਨਾਤ ਸਿੱਖ ਨੌਜਵਾਨ ਸਕਿਉਰਿਟੀ ਗਾਰਡ ਵੱਲੋਂ ਰੋਕਣ ’ਤੇ ਹੁੱਲੜਬਾਜ਼ਾਂ ਨੇ ਉਸ ਦੀ ਕੁੱਟਮਾਰ ਕੀਤੀ ਤੇ ਦਸਤਾਰ ਲਾਹ ਦਿੱਤੀ। ਮਾਲ ’ਚ ਸਕਿਉਰਿਟੀ ਗਾਰਡ ਦੀ ਮਦਦ ਲਈ ਆਏ ਕੁਝ ਲੋਕਾਂ ਦੀ ਵੀ ਹੁੱਲੜਬਾਜ਼ਾਂ ਨੇ ਕੁੱਟਮਾਰ ਕੀਤੀ। ਇਸ ਦੌਰਾਨ ਸਥਿਤੀ ਵਿਗੜਨ ਕਾਰਨ ਸ਼ਾਪਿੰਗ ਮਾਲ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ। ਪੁਲਿਸ ਅਧਿਕਾਰੀ ਨੇ ਕਿਹਾ ਕਿ ਹਮਲੇ ’ਚ ਸ਼ਾਮਲ 14 ਤੋਂ 17 ਸਾਲ ਦੀ ਉਮਰ ਦੇ ਚਾਰ ਜਣਿਆਂ ਨੂੰ ਹਿਰਾਸਤ ’ਚ ਲਿਆ ਹੈ। 9 ਜਣੇ ਜਾਂਚ ਦੇ ਘੇਰੇ ’ਚ ਹਨ ਤੇ ਕੁਝ ਹੋਰਨਾਂ ਤੋਂ ਵੀ ਪੁੱਛ-ਪੜਤਾਲ ਜਾਰੀ ਹੈ, ਜਿਸ ਮਗਰੋਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਘਟਨਾ ਨਾਲ ਦੁਨੀਆਂ ਭਰ ਦੇ ਸਿੱਖ ਭਾਈਚਾਰੇ ਵਿੱਚ ਰੋਸ ਦੀ ਲਹਿਰ ਹੈ।

Loading