ਨਵੀਂ ਦਿੱਲੀ:
ਗਾਜ਼ਾ ਪੱਟੀ ’ਚ ਇਜ਼ਰਾਇਲੀ ਹਮਲਿਆਂ ’ਚ ਸੈਂਕੜੇ ਲੋਕਾਂ ਦੇ ਮਾਰੇ ਜਾਣ ਤੋਂ ਕੁਝ ਘੰਟਿਆਂ ਬਾਅਦ ਭਾਰਤ ’ਚ ਇਜ਼ਰਾਇਲ ਦੇ ਰਾਜਦੂਤ ਰੂਵੇਨ ਅਜ਼ਾਰ ਨੇ ਕਿਹਾ ਕਿ ਹਮਾਸ ਨੇ ਉਨ੍ਹਾਂ ਦੇ ਦੇਸ਼ ਕੋਲ ਫੌਜੀ ਕਾਰਵਾਈ ਮੁੜ ਸ਼ੁਰੂ ਕਰਨ ਤੋਂ ਇਲਾਵਾ ਕੋਈ ਰਾਹ ਨਹੀਂ ਛੱਡਿਆ ਸੀ। ਅਜ਼ਾਰ ਨੇ ਕਿਹਾ ਕਿ ਹਮਾਸ ਵੱਲੋਂ 7 ਅਕਤੂਬਰ 2023 ਨੂੰ ਇਜ਼ਰਾਇਲ ’ਤੇ ਹਮਲੇ ਦੌਰਾਨ ਬੰਦੀ ਬਣਾਏ ਗਏ 59 ਰਹਿੰਦੇ ਲੋਕਾਂ ਨੂੰ ਰਿਹਾਅ ਕਰਨ ਤੋਂ ਇਨਕਾਰ ਕਰਨ ਤੇ ਜੰਗਬੰਦੀ ਸਬੰਧੀ ਅਮਰੀਕਾ ਦੀ ਤਜਵੀਜ਼ ਸਵੀਕਾਰ ਨਾ ਕਰਨ ਕਾਰਨ ਇਜ਼ਰਾਇਲ ਨੂੰ ਅਜਿਹਾ ਕਰਨ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ, ‘ਹਮਾਸ ਜੋ ਹਾਸਲ ਕਰਨਾ ਚਾਹੁੰਦਾ ਹੈ, ਉਹ ਇਜ਼ਰਾਇਲ ਦਾ ਪੂਰਨ ਆਤਮ ਸਮਰਪਣ ਹੈ। ਅਜਿਹਾ ਨਹੀਂ ਹੋਵੇਗਾ।’ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਹਮਾਸ ਦੇ ਕਬਜ਼ੇ ਹੇਠਲੇ ਲੋਕਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਤਾਂ ਉਸ ਨੂੰ ਬਹੁਤ ਵੱਡੀ ਕੀਮਤ ਚੁਕਾਉਣੀ ਪਵੇਗੀ।