ਹਰਜਿੰਦਰ ਸਿੰਘ ਧਾਮੀ ਨੇ ਮੁੜ ਸੰਭਾਲਿਆ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਅਹੁਦਾ

In ਪੰਜਾਬ
March 20, 2025
ਅੰਮ੍ਰਿਤਸਰ/ਏ.ਟੀ.ਨਿਊਜ਼: 17 ਫਰਵਰੀ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੋਂ ਦਿੱਤਾ ਅਸਤੀਫਾ ਅਪ੍ਰਵਾਨ ਹੋਣ ਅਤੇ ਕਮੇਟੀ ਮੈਂਬਰਾਂ, ਅਕਾਲੀ ਦਲ ਅਤੇ ਧਾਰਮਿਕ ਆਗੂਆਂ ਵੱਲੋਂ ਮੁੜ ਪ੍ਰਧਾਨਗੀ ਦੇ ਅਹੁਦੇ ’ਤੇ ਰਹਿ ਕੇ ਸੇਵਾ ਕਰਨ ਦੀਆਂ ਅਪੀਲਾਂ ਨੂੰ ਪ੍ਰਵਾਨ ਕਰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਹੁਦਾ ਸੰਭਾਲ ਲਿਆ ਹੈ। ਪਹਿਲੇ ਦਿਨ ਹੀ ਸਿਹਤ ਸਹੂਲਤਾਂ ਨੂੰ ਵਧਾਉਣ ਅਤੇ ਮਰੀਜ਼ਾਂ ਨੂੰ ਅਤਿ-ਆਧੁਨਿਕ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ਵੱਲ ਇੱਕ ਹੋਰ ਕਦਮ ਚੁੱਕਦੇ ਹੋਏ ਧਾਮੀ ਨੇ ਸ੍ਰੀ ਗੁਰੂ ਰਾਮ ਦਾਸ ਚੈਰੀਟੇਬਲ ਹਸਪਤਾਲ ਵੱਲ੍ਹਾ ਵਿਖੇ ਅਤਿ-ਆਧੁਨਿਕ ਪ੍ਰਾਈਵੇਟ ਵਾਰਡ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ 10 ਹਜਾਰ ਵਰਗ ਫੁੱਟ ਵਿੱਚ ਫੈਲੇ ਇਸ ਵਾਰਡ ਵਿੱਚ 18 ਅਤਿ-ਆਧੁਨਿਕ ਟੈਕਨੋਲੋਜੀ ਨਾਲ ਤਿਆਰ ਕੀਤੇ ਮਰੀਜ਼ਾਂ ਦੇ ਪ੍ਰਾਈਵਟ ਕਮਰੇ ਹਨ, ਜੋ ਅਤਿ-ਆਧੁਨਿਕ ਬੈੱਡ, ਸੋਫਾ, ਟੈਲੀਵਿਜ਼ਨ, ਰੈਫ੍ਰਿਜਰੇਟਰ, ਏਅਰ ਕੰਡੀਸ਼ਨਿੰਗ ਅਤੇ ਅਟੈਚਡ ਬਾਥਰੂਮ ਵਰਗੀਆਂ ਆਧੁਨਿਕ ਅਤੇ ਲੋੜੀਦੀਆਂ ਸਹੂਲਤਾਵਾਂ ਨਾਲ ਲੈਸ ਹਨ। ਇਹ ਨਵਾਂ ਪ੍ਰਾਈਵਟ ਵਾਰਡ ਹਸਪਤਾਲ ਦੇ ਵਿਸ਼ਵ ਪੱਧਰੀ ਸਿਹਤ ਸੰਭਾਲ ਸਹੂਲਤਾਂ ਪ੍ਰਦਾਨ ਕਰਨ ਦੇ ਚੱਲ ਰਹੇ ਮਿਸ਼ਨ ਦਾ ਪ੍ਰਮਾਣ ਹੈ। ਡੀਨ ਡਾ. ਏ.ਪੀ. ਸਿੰਘ ਨੇ ਕਿਹਾ ਕਿ ਵਾਰਡ ਦਾ ਮਾਡਰਨ ਨਕਸ਼ਾ ਅਤੇ ਆਧੁਨਿਕ ਮੈਡੀਕਲ ਟੈਕਨੋਲੋਜੀ ਹਸਪਤਾਲ ਦੇ ਅੰਦਰ ਗਾਇਨੀ, ਬਾਲ ਰੋਗ, ਅੱਖਾਂ ਅਤੇ ਈਐਨਟੀ ਵਿਭਾਗਾਂ ਦੀਆਂ ਵਿਸ਼ੇਸ਼ ਜਰੂਰਤਾਂ ਨੂੰ ਪੂਰਾ ਕਰਨ ਲਈ ਤਿਆਰ ਕੀਤੀ ਗਈ ਹੈ, ਜੋ ਇਹ ਯਕੀਨੀ ਬਣਾਉਂਦੀ ਹੈ ਕਿ ਮਰੀਜ਼ਾਂ ਨੂੰ ਇੱਕ ਚੰਗੇ ਵਾਤਾਵਰਣ ਵਿੱਚ ਸਿਹਤ ਸੰਭਾਲ ਪੇਸ਼ੇਵਰਾਂ ਦੀ ਸਮਰਪਿਤ ਟੀਮ ਤੋਂ ਉੱਤਮ ਮਿਆਰੀ ਡਾਕਟਰੀ ਸੇਵਾਵਾਂ ਪ੍ਰਾਪਤ ਕਰਨ ਦੇ ਨਾਲ-ਨਾਲ ਹਸਪਤਾਲ ਵਿਚ ਬੀਤਨ ਵਾਲਾ ਸਮ੍ਹਾਂ ਵੀ ਸੌਖਾ ਬਤੀਤ ਹੋਵੇ। ਇਸ ਮੌਕੇ ਭਾਈ ਰਜਿੰਦਰ ਸਿੰਘ ਮਹਿਤਾ, ਬਲਦੇਵ ਸਿੰਘ ਕਲਿਆਣ, ਓਐੱਸਡੀ ਤੇ ਸਕੱਤਰ ਸਤਬੀਰ ਸਿੰਘ, ਡਾ. ਸ਼ਕੀਨ ਸਿੰਘ, ਡਾ. ਪੰਕਜ ਗੁਪਤਾ, ਡਾ. ਬਲਜੀਤ ਸਿੰਘ ਖੁਰਾਣਾ, ਡਾ. ਅਨੁਪਮਾ ਮਾਹਜਨ, ਅਮਨਦੀਪ ਸਿੰਘ, ਡਾ. ਸੰਗੀਤਾ ਪਾਹਵਾ, ਡਾ. ਅੰਤਰਪ੍ਰੀਤ ਕੌਰ, ਡਾ. ਸਾਹਿਬਾ ਕੁਕਰੇਜਾ, ਡਾ. ਗੁਰਸ਼ਰਨ ਸਿੰਘ, ਡਾ. ਜਸਕਰਨ ਸਿੰਘ, ਡਾ. ਭਾਨੂੰ ਭਾਰਦਵਾਜ ਆਦਿ ਹਾਜ਼ਰ ਸਨ।

Loading