ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ 28 ਮਾਰਚ ਨੂੰ ਤਖ਼ਤਾਂ ਦੇ ਬਰਖਾਸਤ ਜਥੇਦਾਰਾਂ ਦੀ ਬਹਾਲੀ ਦੀ ਮੰਗ ਲਈ ਸ੍ਰੋਮਣੀ ਕਮੇਟੀ ਦੀ ਜਨਰਲ ਹਾਊਸ ਮੀਟਿੰਗ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਦੇ ਘਿਰਾਓ ਲਈ ਲਾਮਬੰਦ ਹੋਣ ਲਈ ਜਦੋਜਹਿਦ ਕਰ ਰਹੇ ਹਨ ਤਾਂ ਜੋ ਉਹ ਸਿੱਖ ਧਾਰਮਿਕ-ਰਾਜਨੀਤਿਕ ਖੇਤਰ ਵਿੱਚ ਦਮਦਮੀ ਟਕਸਾਲ ਦੀ ਪਹਿਲਾਂ ਵਾਲੀ ਸਥਿਤੀ ਬਹਾਲ ਕਰ ਸਕਣ। ਲਗਭਗ 15 ਸਾਲ ਪਹਿਲਾਂ ਬਾਦਲਾਂ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਤੋਂ ਪਹਿਲਾਂ,ਦਮਦਮੀ ਟਕਸਾਲ ਲਗਭਗ ਢਾਈ ਦਹਾਕਿਆਂ ਤੱਕ ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ ਕਈ ਸਿੱਖ ਸੰਗਠਨਾਂ ਅਤੇ ਸਮੂਹਾਂ ਲਈ ਇੱਕ ਮਹੱਤਵਪੂਰਨ ਜਥੇਬੰਦੀ ਰਹੀ ਹੈ। ਹੁਣ, ਬਾਬਾ ਧੁੰਮਾ ਇੱਕ ਵਾਰ ਫਿਰ ਪੰਥਕ ਅਧਾਰ ਖੋਹ ਚੁਕੀ ਦਮਦਮੀ ਟਕਸਾਲ ਦੀ ਇਤਿਹਾਸਕ ਬਹਾਲੀ ਲਈ ਸਰਗਰਮ ਹਨ।
1990 ਦੇ ਦਹਾਕੇ ਦੇ ਸ਼ੁਰੂ ਵਿੱਚ ਖਾੜਕੂਵਾਦ ਦੇ ਖਤਮ ਹੋਣ ਤੋਂ ਬਾਅਦ ਵੀ, ਟਕਸਾਲ ਬਾਦਲ ਵਿਰੋਧੀ ਤਾਕਤਾਂ ਲਈ ਬਾਬਾ ਠਾਕੁਰ ਸਿੰਘ ਦੀ ਅਗਵਾਈ ਵਿਚ ਇੱਕ ਕੇਂਦਰ ਬਿੰਦੂ ਬਣੀ ਰਹੀ। ਹਾਲਾਂਕਿ, 2011 ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਵਿੱਚ ਬਾਬਾ ਧੁੰਮਾ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਗਠਜੋੜ ਕਰਨ ਦਾ ਫੈਸਲਾ ਕਰਨ ਤੋਂ ਬਾਅਦ, ਟਕਸਾਲ ਨੇ ਪੰਥਕ ਖੇਤਰ ਵਿੱਚ ਆਪਣੀ ਇਹ ਜਗ੍ਹਾ ਗੁਆ ਦਿੱਤੀ ਸੀ। 2015 ਦੀਆਂ ਬਰਗਾੜੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਬਾਅਦ ਬਾਬਾ ਹਰਨਾਮ ਸਿੰਘ ਧੁੰਮਾ ਤੇ ਬਾਦਲ ਦਲ ਵਿਰੁੱਧ ਬਾਦਲ ਵਿਰੋਧੀ ਪੰਥਕ ਜਥੇਬੰਦੀਆਂ ਦੀ ਤਿੱਖੀ ਭਾਵਨਾ ਸੀ।
ਟਕਸਾਲ ਮੁਖੀ ਬਾਬਾ ਹਰਨਾਮ ਸਿੰਘ, ਜੋ ਸੰਤ ਸਮਾਜ ਦੇ ਮੁਖੀ ਵੀ ਹਨ, ਨੇ 2022 ਦੀਆਂ ਚੋਣਾਂ ਸਮੇਤ, ਬਾਅਦ ਦੀਆਂ ਸਾਰੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਖੁੱਲ੍ਹ ਕੇ ਸਮਰਥਨ ਦਿੱਤਾ, ਭਾਵੇਂ ਸਿੱਖਾਂ ਦਾ ਇੱਕ ਵੱਡਾ ਹਿੱਸਾ ਬਾਦਲ ਦਲ ਦੇ ਵਿਰੁੱਧ ਹੋ ਗਿਆ ਸੀ। ਹਾਲਾਂਕਿ, ਚੋਣ ਨਤੀਜਿਆਂ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਦਮਦਮੀ ਟਕਸਾਲ ਦੀ ਮਦਦ ਵੀ ਅਕਾਲੀ ਦਲ ਨੂੰ ਚੋਣ ਨਹੀਂ ਜਿਤਾ ਸਕੀ, ਅਤੇ ਬਾਦਲ ਦਲ ਪੰਥਕ ਭਾਈਚਾਰੇ ਵਿੱਚ ਆਪਣਾ ਆਧਾਰ ਗੁਆਉਂਦਾ ਰਿਹਾ ਅਤੇ 2022 ਦੀਆਂ ਵਿਧਾਨ ਸਭਾ ਅਤੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।
ਦਮਦਮੀ ਟਕਸਾਲ ਅਤੇ ਇਸਦੇ ਮੁਖੀ ਦੁਆਰਾ ਖਾਲੀ ਕੀਤੀ ਪੰਥਕ ਅਗਵਾਈ ਦੀ ਜਗ੍ਹਾ ਕਾਰਣ ਪਿਛਲੇ 10 ਸਾਲਾਂ ਵਿੱਚ ਖਾਲਸਾ ਪੰਥ ਦੀ ਅਗਵਾਈ ਦੇ ਖੇਤਰ ਵਿੱਚ ਵੱਖ-ਵੱਖ ਚਿਹਰਿਆਂ ਸਿੱਖ ਪ੍ਰਚਾਰਕ ਸੰਤ ਰਣਜੀਤ ਸਿੰਘ ਢੱਡਰੀਆਂਵਾਲੇ ਅਤੇ ਭਾਈ ਪੰਥਪ੍ਰੀਤ ਸਿੰਘ, ਨੂੰ ਪ੍ਰਮੁੱਖਤਾ ਨਾਲ ਉਭਰਨ ਦਿੱਤਾ। ਇਹ ਸਖਸ਼ੀਅਤਾਂ ਹੋਰ ਸਿੱਖ ਪ੍ਰਚਾਰਕਾਂ ਦੇ ਨਾਲ, 2015 ਵਿੱਚ ਬੇਅਦਬੀ ਅਤੇ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ਵਿਰੁੱਧ ਵਿਰੋਧ ਪ੍ਰਦਰਸ਼ਨਾਂ ਦੇ ਕੇਂਦਰ ਵਿੱਚ ਸਨ। ਇਸ ਤੋਂ ਇਲਾਵਾ ਸਾਬਕਾ ਸੰਸਦ ਮੈਂਬਰ ਅਤੇ ਸਰਬੱਤ ਖਾਲਸਾ ਦੁਆਰਾ ਨਿਯੁਕਤ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਸਨ ਜਿਨ੍ਹਾਂ ਨੇ 2018 ਵਿੱਚ ਬਰਗਾੜੀ ਮੋਰਚੇ ਦੀ ਅਗਵਾਈ ਕੀਤੀ ਸੀ । ਬਾਅਦ ਵਿੱਚ, ਅਦਾਕਾਰ ਤੋਂ ਕਾਰਕੁਨ ਬਣੇ ਦੀਪ ਸਿੱਧੂ ਦੇ ਉਭਾਰ, ਜਿਸਨੇ ਵਾਰਿਸ ਪੰਜਾਬ ਦੀ ਸਥਾਪਨਾ ਕੀਤੀ, ਨੇ ਪੰਥਕ ਖੇਤਰ ਵਿਚ ਪ੍ਰਸਿੱਧੀ ਪ੍ਰਾਪਤ ਕੀਤੀ, ਅਤੇ ਫਿਰ ਭਾਈ ਅੰਮ੍ਰਿਤਪਾਲ ਸਿੰਘ, ਜੋ ਸੰਗਠਨ ਦੇ ਮੁਖੀ ਬਣੇ ਅਤੇ ਹੁਣ ਖਡੂਰ ਸਾਹਿਬ ਦੇ ਸੰਸਦ ਮੈਂਬਰ ਹਨ, ਨੇ ਪੰਥਕ ਖੇਤਰ ਵਿਚ ਅਗਵਾਈ ਕੀਤੀ। ਇਸ ਨਾਲ ਬਾਦਲ ਦਲ ਦੀ ਸਿਆਸਤ ਨੂੰ ਵੱਡਾ ਨੁਕਸਾਨ ਪਹੁੰਚਿਆ।
ਹਾਲਾਂਕਿ 2 ਦਸੰਬਰ, 2024 ਨੂੰ ਅਕਾਲ ਤਖ਼ਤ ਤੋਂ ਐਲਾਨ ਤੋਂ ਉਮੀਦ ਕੀਤੀ ਜਾ ਰਹੀ ਸੀ ਕਿ ਅਕਾਲੀ ਦਲ ਤੇ ਪੰਥਕ ਸੰਸਥਾਵਾਂ ਇਕਮੁਠ ਹੋ ਸਕਣਗੀਆਂ ਤੇ ਪੰਥਕ ਰਾਜਨੀਤੀ ਦਾ ਪ੍ਰਭਾਵ ਪੰਜਾਬ ਦੀ ਸਿਆਸਤ ਵਿਚ ਜਮ ਸਕੇਗਾ ਪਰ 4 ਦਸੰਬਰ ਤੋਂ ਜਦੋਂ ਸੁਖਬੀਰ ਸਿੰਘ ਬਾਦਲ ਉਪਰ ਹਮਲਾ ਹੋਇਆ ਤਾਂ ਸਾਰਾ ਪੰਥਕ ਦਿ੍ਸ਼ ਬਦਲ ਗਿਆ। ਬਾਦਲ ਦਲ ਚੋਣ ਕਮਿਸ਼ਨ ਨੂੰ ਬਹਾਨਾ ਬਣਾਕੇ ਹੁਕਮਨਾਮੇ ਵਾਲੀ ਭਰਤੀ ਕਮੇਟੀ ਤੋਂ ਟਾਲਾ ਵਟ ਗਿਆ। ਇਸਦਾ ਹੁਕਮਨਾਮੇ ਕਰਨ ਵਾਲੇ ਤਿੰਨ ਤਖ਼ਤ ਜਥੇਦਾਰਾਂ ਗਿਆਨੀ ਹਰਪ੍ਰੀਤ ਸਿੰਘ ,ਗਿਆਨੀ ਰਘਬੀਰ ਸਿੰਘ ਗਿਆਨੀ ਸੁਲਤਾਨ ਸਿੰਘ 'ਤੇ ਵੀ ਇਸਦਾ ਅਸਰ ਪਿਆ। ਇਨ੍ਹਾਂ ਨੂੰ ਸੁਖਬੀਰ ਸਿੰਘ ਬਾਦਲ ਦੇ ਇਸ਼ਾਰੇ 'ਤੇ ਸ੍ਰੋਮਣੀ ਕਮੇਟੀ ਵਲੋਂ ਬਰਖਾਸਤ ਕੀਤਾ ਗਿਆ ਜੋ ਸਿੱਖ ਧਾਰਮਿਕ-ਰਾਜਨੀਤਿਕ ਖੇਤਰ ਵਿੱਚ ਵੱਡੀ ਗੜਬੜ ਦਾ ਕਾਰਨ ਬਣ ਗਿਆ।
ਸ਼੍ਰੋਮਣੀ ਅਕਾਲੀ ਦਲ ਵਿੱਚ ਉਥਲ-ਪੁਥਲ ਦੇ ਇਸ ਸਮੇਂ ਦੌਰਾਨ,ਦਮਦਮੀ ਟਕਸਾਲ ਮੁਖੀ ਨੇ ਨਵੰਬਰ 2024 ਵਿੱਚ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਵਾਲੀ ਮਹਾਯੁਤੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ, ਜਿਸ ਕਾਰਣ ਸ਼੍ਰੋਮਣੀ ਅਕਾਲੀ ਦਲ ਨੂੰ ਨਮੋਸ਼ੀ ਹੋਈ , ਕਿਉਂਕਿ ਬਾਦਲ ਦਲ ਭਾਜਪਾ 'ਤੇ ਪੰਜਾਬ ਤੋਂ ਬਾਹਰ ਸਿੱਖ ਗੁਰਦੁਆਰਾ ਸੰਸਥਾਵਾਂ 'ਤੇ ਕਬਜ਼ਾ ਕਰਨ ਅਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਸੁਖਬੀਰ ਲਈ ਮੁਸੀਬਤ ਖੜ੍ਹੀ ਕਰਨ ਦਾ ਦੋਸ਼ ਲਗਾ ਰਿਹਾ ਸੀ।
ਹੁਣ ਤੱਕ, ਅਸੰਤੁਸ਼ਟ ਅਕਾਲੀ ਆਗੂ ਅਤੇ ਹੋਰ ਪੰਥਕ ਜਥੇਬੰਦੀਆਂ ਸੁਖਬੀਰ ਦੇ ਕੈਂਪ ਵਿਰੁੱਧ ਬੇਅਦਬੀਆਂ ਤੇ ਅਕਾਲੀ ਦਲ ਦੇ ਨਿਘਾਰ ਕਾਰਣ ਸਰਗਰਮ ਹਨ, ਅਤੇ ਟਕਸਾਲ ਹੁਣ ਤੱਕ ਚੁੱਪ ਹੈ। ਹਾਲਾਂਕਿ, ਜਥੇਦਾਰਾਂ ਨੂੰ ਬਰਖਾਸਤ ਕੀਤੇ ਜਾਣ 'ਤੇ ਪੰਥਕ ਭਾਈਚਾਰੇ ਵਿੱਚ ਤਿੱਖੇ ਗੁੱਸੇ ਦੇ ਦੌਰਾਨ, ਦਮਦਮੀ ਟਕਸਾਲ ਮੁਖੀ ਨੇ 14 ਮਾਰਚ ਨੂੰ ਹੋਲਾ ਮੁਹੱਲਾ ਦੌਰਾਨ ਆਨੰਦਪੁਰ ਸਾਹਿਬ ਵਿਖੇ ਇੱਕ ਮੀਟਿੰਗ ਦਾ ਆਯੋਜਨ ਕੀਤਾ, ਅਤੇ ਉੱਥੋਂ, ਐਸਜੀਪੀਸੀ ਦਫ਼ਤਰ ਦੇ ਘਿਰਾਓ ਦਾ ਸੱਦਾ ਦਿੱਤਾ ਗਿਆ। ਇਸ ਤੋਂ ਬਾਅਦ, ਬਾਬਾ ਧੁੰਮਾ ਵੱਧ ਤੋਂ ਵੱਧ ਲਾਮਬੰਦੀ ਨੂੰ ਯਕੀਨੀ ਬਣਾਉਣ ਲਈ ਨਿਯਮਿਤ ਤੌਰ 'ਤੇ ਕੰਮ ਕਰ ਰਹੇ ਹਨ।