ਕੈਨੇਡਾ ਵਿਚ ਸਿਆਸੀ ਹੱਲਚਲ ਤੇਜ਼

In ਮੁੱਖ ਖ਼ਬਰਾਂ
March 25, 2025
ਦੇਸ਼ ਦੀ ਗਵਰਨਰ ਜਨਰਲ ਮੈਰੀ ਸਾਈਮਨ ਨੇ ਲੋਕ ਸਭਾ ਭੰਗ ਕਰਕੇ ਹੰਗਾਮੀ ਚੋਣਾਂ ਕਰਵਾਉਣ ਦੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਤਜਵੀਜ਼ ’ਤੇ ਜਿਵੇਂ ਹੀ ਸਹੀ ਪਾਈ ਤਾਂ ਦੇਸ਼ ਵਿਚ ਸਿਆਸੀ ਹਲਚਲ ਤੇਜ਼ ਹੋ ਗਈ। ਹਰੇਕ ਪਾਰਟੀ ਅਤੇ ਉਸ ਦੇ ਉਮੀਦਵਾਰਾਂ ਦੀਆਂ ਆਈਟੀ ਟੀਮਾਂ ਨੇ ਮੋਰਚੇ ਸੰਭਾਲਦੇ ਹੋਏ ਹਲਕੇ ਦੇ ਲੋਕਾਂ ਦੇ ਫੋਨ ਨੰਬਰਾਂ, ਈਮੇਲਾਂ ਤੇ ਸੋਸ਼ਲ ਮੀਡੀਆ ਖਾਤਿਆਂ ’ਤੇ ਆਪਣੇ ਚੋਣ ਵਾਅਦਿਆਂ ਵਾਲੀਆਂ ਪੋਸਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਬੇਸ਼ੱਕ ਸਾਰੇ ਦੇਸ਼ ਨੂੰ ਠੰਡ ਨੇ ਆਪਣੀ ਜਕੜ ਵਿੱਚ ਲਿਆ ਹੋਇਆ ਹੈ, ਪਰ ਸੜਕਾਂ ’ਤੇ ਰੌਣਕ ਪਰਤਣ ਲੱਗੀ ਹੈ। ਰੇਡੀਓ ਅਤੇ ਟੀਵੀ ਚੈਨਲਾਂ ’ਤੇ ਮੁੱਖ ਪਾਰਟੀਆਂ ਅਤੇ ਉਮੀਦਵਾਰਾਂ ਦੀ ਚਰਚਾ ਪਹਿਲਾਂ ਨਾਲੋਂ ਵਧ ਗਈ ਹੈ। ਮੰਨਿਆ ਜਾਂਦਾ ਹੈ ਕਿ ਇਸ ਵਾਰ ਦੀ ਚੋਣ ਪਹਿਲੀਆਂ ਚੋਣਾਂ ਤੋਂ ਕੁਝ ਮਹਿੰਗੀ ਹੋਵੇਗੀ, ਪਰ ਲੋਕ ਇਸ ਨੂੰ ਕਿਸ ਤਰ੍ਹਾਂ ਲੈਂਦੇ ਹਨ, ਇਸ ਦਾ ਪਤਾ 28 ਅਪਰੈਲ ਦੀ ਰਾਤ ਨੂੰ ਹੀ ਲੱਗੇਗਾ।ਬੇਸ਼ੱਕ, ਰਿਹਾਇਸ਼ ਅਤੇ ਇਮੀਗ੍ਰੇਸ਼ਨ ਵਰਗੇ ਘਰੇਲੂ ਮੁੱਦੇ ਅਜੇ ਵੀ ਮਹੱਤਵਪੂਰਨ ਰਹਿਣਗੇ, ਪਰ ਦਹਾਕਿਆਂ ਵਿੱਚ ਪਹਿਲੀ ਵਾਰ, ਇਥੋਂ ਦੇ ਲੋਕਾਂ ਦੇ ਮਨਾਂ ਵਿਚ ਦੇਸ਼ ਦੇ ਭਵਿੱਖ ਬਾਰੇ ਬੁਨਿਆਦੀ ਸਵਾਲ ਵੀ ਹੋਣਗੇ। ਮਾਰਕ ਕਾਰਨੀ ਨੇ 14 ਮਾਰਚ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਬੈਠਦਿਆਂ ਹੀ ਕਾਰਬਨ ਟੈਕਸ ਹਟਾਉਣ ਸਮੇਤ ਲੋਕਾਂ ਵੱਲੋਂ ਸਾਲਾਂ ਤੋਂ ਕੀਤੀਆਂ ਜਾ ਰਹੀਆਂ ਮੰਗਾਂ ਮੰਨ ਲਈਆਂ ਤਾਂ ਲਿਬਰਲ ਪਾਰਟੀ ਦਾ ਹੇਠਾਂ ਵੱਲ ਜਾ ਰਿਹਾ ਗਰਾਫ ਇਕਦਮ ਵਧ ਗਿਆ ਤੇ ਹਫਤੇ ਬਾਅਦ ਹੋਏ ਸਰਵੇਖਣਾਂ ਵਿਚ ਵਿਰੋਧੀ ਪਾਰਟੀ ਕੰਜ਼ਰਵੇਟਿਵ ਨੂੰ ਪਛਾੜ ਦਿੱਤਾ। ਕਿਹੜੀਆਂ ਮੁੱਖ ਪਾਰਟੀਆਂ ਚੋਣ ਮੈਦਾਨ ਵਿੱਚ ਹਨ? ਕੈਨੇਡਾ ਦੀਆਂ ਅਗਲੀਆਂ ਚੋਣਾਂ ਵਿੱਚ ਚਾਰ ਮੁੱਖ ਪਾਰਟੀਆਂ ਮੈਦਾਨ ਵਿੱਚ, ਜਿਨ੍ਹਾਂ ਵਿੱਚ ਲਿਬਰਲਜ਼, ਕੰਜ਼ਰਵੇਟਿਵ, ਨਿਊ ਡੈਮੋਕ੍ਰੇਟਸ (ਐੱਨਡੀਪੀ) ਅਤੇ ਦਿ ਬਲੌਕ ਕਿਊਬੀਕੋਇਸ।ਲਿਬਰਲਜ਼ ਸਾਲ 2015 ਤੋਂ ਸੱਤਾ ਵਿੱਚ ਹਨ ਅਤੇ ਉਦੋਂ ਹੀ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਸਨ। ਉਨ੍ਹਾਂ ਕੋਲ ਮੌਜੂਦਾ ਸਮੇਂ ਵਿੱਚ 153 ਸੀਟਾਂ ਹਨ। ਕੰਜ਼ਰਵੇਟਿਵਸ 120 ਸੀਟਾਂ ਦੇ ਨਾਲ ਅਧਿਕਾਰਤ ਤੌਰ ʼਤੇ ਵਿਰੋਧੀ ਧਿਰ ਹੈ।ਕੰਜ਼ਰਵੇਟਿਵ ਪਾਰਟੀ ਦੀ ਅਗਵਾਈ ਕਰਨ ਵਾਲੇ ਪਿਏਰ ਪੋਇਲੀਏਵਰਾ, ਲਿਬਰਲਜ਼ ਦੇ ਆਗੂ ਮਾਰਕ ਕਾਰਨੀ ਹਨ ਅਤੇ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਹਨ।

Loading