
ਰਾਸ਼ਟਰਪਤੀ ਟਰੰਪ ਚਾਹੁੰਦੇ ਹਨ ਕਿ ਅਮਰੀਕਾ ਨੂੰ ਸੁਰੱਖਿਅਤ, ਮਜ਼ਬੂਤ ਤੇ ਖੁਸ਼ਹਾਲ ਰੱਖਣ ਨੂੰ ਯਕੀਨੀ ਬਣਾਉਣ ਲਈ ਅਮਰੀਕੀ ਇੰਮੀਗ੍ਰੇਸ਼ਨ (ਆਵਾਸ) ਕਾਨੂੰਨਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਜੇਕਰ ਤੁਸੀਂ ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹੋ, ਵੀਜ਼ਾ ਪ੍ਰਾਪਤ ਕਰਨ ਲਈ ਝੂਠ ਬੋਲਦੇ ਹੋ, ਕਾਨੂੰਨੀ ਇਜਾਜ਼ਤ ਬਗੈਰ ਇਥੇ ਕੰਮ ਕਰਦੇ ਹੋ, ਆਪਣੇ ਵੀਜ਼ਾ ਜਾਂ ਵੀਜ਼ਾ ਛੋਟ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਅਮਰੀਕਾ ਵਿਚ ਰਹਿੰਦੇ ਹੋ ਤਾਂ ਤੁਹਾਨੂੰ ਸਖ਼ਤ ਸਜ਼ਾਵਾਂ ਦਾ ਸਾਹਮਣਾ ਕਰਨਾ ਪਵੇਗਾ। ਇਨ੍ਹਾਂ ਸਜ਼ਾਵਾਂ ਵਿਚ ਜੇਲ੍ਹ ਦੀ ਸਜ਼ਾ, ਦੇਸ਼ ਨਿਕਾਲਾ ਅਤੇ ਭਵਿੱਖ ਵਿਚ ਅਮਰੀਕੀ ਵੀਜ਼ਾ ਪ੍ਰਾਪਤ ਕਰਨ 'ਤੇ ਸਥਾਈ ਪਾਬੰਦੀ ਆਦਿ ਸ਼ਾਮਿਲ ਹਨ। ਜੇਕਰ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਜਾਂ ਦੋਸਤ ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ ਵਿਚ ਰਹਿ ਰਿਹਾ ਹੈ ਤਾਂ ਉਸ ਨੂੰ ਘਰ ਵਾਪਸ ਆਉਣ ਲਈ ਕਹਿਣ ਦਾ ਇਹ ਬਿਲਕੁੱਲ ਸਹੀ ਸਮਾਂ ਹੈ।
ਗ਼ੈਰ-ਕਾਨੂੰਨੀ ਆਉਣ ਵਾਲੇ ਫੜੇ ਜਾਣਗੇ
ਕੁਝ ਲੋਕਾਂ ਨੂੰ ਲਗਦਾ ਹੈ ਕਿ ਉਹ ਅਮਰੀਕਾ ਵਿਚ ਘੁਸਪੈਠ ਕਰ ਸਕਦੇ ਹਨ ਅਤੇ ਫੜੇ ਜਾਣ ਤੋਂ ਵੀ ਬਚ ਸਕਦੇ ਹਨ, ਪਰ ਇਹ ਸੱਚ ਨਹੀਂ ਹੈ। ਟਰੰਪ ਪ੍ਰਸ਼ਾਸਨ ਨੇ ਸਰਹੱਦੀ ਸੁਰੱਖਿਆ ਵਧਾ ਦਿੱਤੀ ਹੈ, ਜਿਸ ਦੇ ਚਲਦਿਆਂ ਗ੍ਰਿਫ਼ਤਾਰ ਹੋਣ ਵਾਲੇ ਅਤੇ ਦੇਸ਼ ਨਿਕਾਲਾ ਦਿੱਤੇ ਗਏ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਵਿਚ ਹੈਰਾਨੀਜਨਕ ਵਾਧਾ ਹੋਇਆ ਹੈ। ਫਰਵਰੀ 2025 ਵਿਚ ਫਰਵਰੀ 2024 ਦੇ ਮੁਕਾਬਲੇ ਗੈਰ-ਕਾਨੂੰਨੀ ਤੌਰ 'ਤੇ ਸਰਹੱਦ ਪਾਰ ਕਰਨ ਵਾਲਿਆਂ ਦੀ ਗਿਣਤੀ ਵਿਚ 94 ਫ਼ੀਸਦੀ ਦੀ ਕਮੀ ਆਈ ਹੈ, ਜਦਕਿ ਅਮਰੀਕਾ ਅੰਦਰ ਗੈਰ-ਕਾਨੂੰਨੀ ਤੌਰ 'ਤੇ ਸਰਹੱਦ ਪਾਰ ਕਰਨ ਵਾਲਿਆਂ ਦੀਆਂ ਗ੍ਰਿਫ਼ਤਾਰੀਆਂ ਵਿਚ 627 ਫ਼ੀਸਦੀ ਦਾ ਵਾਧਾ ਹੋਇਆ ਹੈ। ਜੇਕਰ ਤੁਸੀਂ ਅਮਰੀਕੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹੋ ਜਾਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਰਹਿੰਦੇ ਹੋ ਤਾਂ ਤੁਸੀਂ ਫੜੇ ਜਾਵੋਗੇ ਅਤੇ ਤੁਹਾਨੂੰ ਹਿਰਾਸਤ ਵਿਚ ਲੈਣ ਬਾਅਦ ਦੇਸ਼ ਨਿਕਾਲਾ ਦਿੱਤਾ ਜਾਵੇਗਾ। ਤੁਹਾਨੂੰ ਦੁਬਾਰਾ ਕਦੇ ਵੀ ਅਮਰੀਕਾ ਆਉਣ ਤੋਂ ਰੋਕਿਆ ਜਾ ਸਕਦਾ ਹੈ ਜਾਂ ਜੁਰਮਾਨੇ ਅਤੇ ਅਪਰਾਧਿਕ ਮੁਕੱਦਮੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਵੀਜ਼ਾ ਧੋਖਾਧੜੀ
ਅਮਰੀਕੀ ਵੀਜ਼ਾ ਪ੍ਰਕਿਰਿਆ ਦੁਨੀਆ ਦੀਆਂ ਸਭ ਤੋਂ ਸੁਰੱਖਿਅਤ ਪ੍ਰਕਿਰਿਆਵਾਂ ਵਿਚੋਂ ਇਕ ਹੈ। ਫਿਰ ਵੀ ਕਈ ਲੋਕ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਝੂਠੀਆਂ ਅਰਜ਼ੀਆਂ ਲਿਖ ਕੇ ਜਾਂ ਵੀਜ਼ਾ ਮਿਆਦ ਖਤਮ ਹੋਣ ਦੇ ਬਾਵਜੂਦ ਵੀ ਅਮਰੀਕਾ ਵਿਚ ਰਹਿ ਕੇ ਵਿਵਸਥਾ (ਸਿਸਟਮ) ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਦੇ ਹਨ। ਇਹ ਸਭ ਵੀਜ਼ਾ ਧੋਖਾਧੜੀ ਦੀਆਂ ਉਦਾਹਰਨਾਂ ਹਨ ਅਤੇ ਗੰਭੀਰ ਅਪਰਾਧ ਮੰਨੇ ਜਾਂਦੇ ਹਨ। ਇਸ ਤਰ੍ਹਾਂ ਦੀ ਕੋਈ ਵੀ ਧੋਖਾਧੜੀ ਕਰਕੇ ਅਮਰੀਕੀ ਕਾਨੂੰਨਾਂ ਨੂੰ ਤੋੜਨ 'ਤੇ ਤੁਹਾਨੂੰ ਸਜ਼ਾ ਮਿਲੇਗੀ ਅਤੇ ਤੁਹਾਨੂੰ ਦੁਬਾਰਾ ਕਦੇ ਵੀ ਅਮਰੀਕਾ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਅਮਰੀਕੀ ਸਰਹੱਦਾਂ ਦੀ ਸੁਰੱਖਿਆ
ਜੋ ਲੋਕ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਲਈ ਖ਼ਤਰਨਾਕ ਯਾਤਰਾ (ਡੌਂਕੀ) ਦੇ ਤਰੀਕੇ ਅਪਣਾਉਣ ਬਾਰੇ ਸੋਚ ਰਹੇ ਹਨ ਤਾਂ ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਜਿਹਾ ਕਰਨਾ ਉਨ੍ਹਾਂ ਲਈ ਸੁਰੱਖਿਅਤ ਨਹੀਂ, ਇਥੋਂ ਤੱਕ ਕਿ ਉਨ੍ਹਾਂ ਦੀ ਜਾਨ ਵੀ ਖਤਰੇ ਵਿਚ ਪੈ ਸਕਦੀ ਹੈ। ਮਨੁੱਖੀ ਤਸਕਰੀ ਕਰਨ ਵਾਲੇ ਕਾਰਟੈਲ ਤੇ ਅਪਰਾਧਿਕ ਗਰੋਹ ਅਕਸਰ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਕੋਲੋਂ ਜਬਰੀ ਵਸੂਲੀ ਕਰਨ ਲਈ ਹਿੰਸਾ ਕਰਦੇ ਹਨ। ਇਸ ਰਸਤੇ 'ਤੇ ਚੱਲਣ ਵਾਲੇ ਬਹੁਤੇ ਲੋਕ ਕਦੇ ਵੀ ਆਪਣੀ ਮੰਜ਼ਿਲ ਭਾਵ ਅਮਰੀਕਾ ਤੱਕ ਨਹੀਂ ਪਹੁੰਚ ਪਾਉਂਦੇ। ਅਮਰੀਕਾ ਗੈਰ-ਕਾਨੂੰਨੀ ਤੌਰ 'ਤੇ ਆਪਣੇ ਦੇਸ਼ ਦੀ ਸਰਹੱਦ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਰੋਕਣ ਲਈ ਪੱਛਮੀ ਦੇਸ਼ਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਅਮਰੀਕਾ ਦਾ ਮੰਨਣਾ ਹੈ ਕਿ ਉਹ ਆਪਣੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਕੇ ਨਾ ਸਿਰਫ਼ ਅਮਰੀਕੀ ਨਾਗਰਿਕਾਂ ਦੀ ਰੱਖਿਆ ਕਰ ਰਿਹਾ ਹੈ, ਸਗੋਂ ਆਪਣੇ ਲੋਕਾਂ ਨੂੰ ਗੈਰ-ਕਾਨੂੰਨੀ ਇੰਮੀਗ੍ਰੇਸ਼ਨ ਕਾਰਨ ਹੋਣ ਵਾਲੇ ਖ਼ਤਰਿਆਂ ਤੋਂ ਵੀ ਬਚਾਅ ਰਿਹਾ ਹੈ।
ਸਭ ਦੀ ਜਵਾਬਦੇਹੀ
ਅਮਰੀਕਾ ਸਰਕਾਰ ਉਨ੍ਹਾਂ ਸਭ ਲੋਕਾਂ ਵਿਰੁੱਧ ਵੀ ਕਾਰਵਾਈ ਕਰ ਰਹੀ ਹੈ, ਜੋ ਅਮਰੀਕਾ ਵਿਚ ਗੈਰ-ਕਾਨੂੰਨੀ ਤੌਰ 'ਤੇ ਦਾਖਲ ਹੋਣ ਵਾਲਿਆਂ ਦੀ ਮਦਦ ਕਰਦੇ ਹਨ। ਇਨ੍ਹਾਂ ਵਿਚ ਮਨੁੱਖੀ ਤਸਕਰੀ ਕਰਨ ਵਾਲਿਆਂ ਤੋਂ ਇਲਾਵਾ ਉਹ ਵਿਦੇਸ਼ੀ ਸਰਕਾਰੀ ਅਧਿਕਾਰੀ ਵੀ ਸ਼ਾਮਿਲ ਹਨ, ਜੋ ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਜਾਰੀ ਰੱਖਣ ਦੀ ਇਜਾਜ਼ਤ ਦਿੰਦੇ ਹਨ। ਹਾਲ ਹੀ ਵਿਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਵਿਦੇਸ਼ੀ ਅਧਿਕਾਰੀਆਂ-ਜਿਨ੍ਹਾਂ ਵਿਚ ਇਮੀਗ੍ਰੇਸ਼ਨ, ਕਸਟਮ ਅਤੇ ਬੰਦਰਗਾਹਾਂ ਦੇ ਕਰਮਚਾਰੀ ਸ਼ਾਮਿਲ ਹਨ, ਉਨ੍ਹਾਂ ਸਭ ਲਈ ਇਕ ਨਵੀਂ ਵੀਜ਼ਾ ਪਾਬੰਦੀ ਨੀਤੀ ਦਾ ਐਲਾਨ ਉਨ੍ਹਾਂ ਲਈ ਕੀਤਾ ਹੈ ਜੋ ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਵਿਚ ਅਸਫਲ ਰਹਿੰਦੇ ਹਨ। ਇਹ ਨੀਤੀ ਟਰਾਂਸਪੋਰਟ ਅਤੇ ਸੈਰ-ਸਪਾਟਾ ਉਦਯੋਗ ਵਿਚ ਕੰਮ ਕਰਨ ਵਾਲੇ ਲੋਕਾਂ ਲਈ ਪਹਿਲਾਂ ਤੋਂ ਹੀ ਲਾਗੂ ਪਾਬੰਦੀਆਂ ਦੀ ਪਾਲਣਾ ਕਰਦੀ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਜਿਹੜੇ ਲੋਕ ਗੈਰ-ਕਾਨੂੰਨੀ ਇਮੀਗ੍ਰੇਸ਼ਨ ਵਿਚ ਮਦਦ ਕਰਕੇ ਅਮਰੀਕੀ ਸੁਰੱਖਿਆ ਨੂੰ ਖ਼ਤਰਾ ਪੈਦਾ ਕਰਦੇ ਹਨ, ਉਨ੍ਹਾਂ ਦਾ ਸਾਡੇ ਦੇਸ਼ ਵਿਚ ਸਵਾਗਤ ਨਹੀਂ ਹੈ।
ਬਦਲ ਸਪੱਸ਼ਟ ਹੈ-ਕਾਨੂੰਨ ਦੀ ਪਾਲਣਾ ਕਰੋ
ਅਮਰੀਕਾ ਵਿਚ ਗ਼ੈਰ-ਕਾਨੂੰਨੀ ਤੌਰ 'ਤੇ ਦਾਖਲ ਹੋਣ ਦੀ ਕੋਸ਼ਿਸ਼ ਕਰਨ ਦੇ ਜੋਖਮ ਕਿਸੇ ਵੀ ਸੰਭਾਵੀ ਲਾਭਾਂ ਤੋਂ ਕਿਤੇ ਵੱਧ ਹਨ। ਅਜਿਹਾ ਕਰਕੇ ਤੁਸੀਂ ਆਪਣੀ ਜਾਨ ਗੁਆ ਸਕਦੇ ਹੋ, ਅਪਰਾਧੀਆਂ ਦਾ ਸ਼ਿਕਾਰ ਬਣ ਸਕਦੇ ਹੋ ਜਾਂ ਕਿਸੇ ਕਾਨੂੰਨੀ ਕਾਰਵਾਈ ਵਿਚ ਫਸ ਕੇ ਆਪਣੇ ਅਤੇ ਆਪਣੇ ਪਰਿਵਾਰ ਦੇ ਭਵਿੱਖ ਨੂੰ ਨੁਕਸਾਨ ਪਹੁੰਚਾ ਸਕਦੇ ਹੋ। ਅਮਰੀਕਾ ਵਿਚ ਗੈਰ-ਕਾਨੂੰਨੀ ਤੌਰ 'ਤੇ ਦਾਖਲ ਹੋਣਾ ਨਾ ਸਿਰਫ਼ ਅਮਰੀਕੀ ਕਾਨੂੰਨਾਂ ਦੀ ਉਲੰਘਣਾ ਹੈ, ਸਗੋਂ ਇਹ ਤੁਹਾਡੀ ਆਪਣੀ ਸਲਾਮਤੀ ਤੇ ਸੁਰੱਖਿਆ ਨੂੰ ਵੀ ਖ਼ਤਰੇ ਵਿਚ ਪਾਉਂਦਾ ਹੈ। ਇਸ ਲਈ ਸਜ਼ਾਵਾਂ ਬਹੁਤ ਸਖ਼ਤ ਹਨ-ਜਿਨ੍ਹਾਂ ਵਿਚ ਜੇਲ੍ਹ ਦੀ ਸਜ਼ਾ, ਆਪਣੇ ਪਰਿਵਾਰ ਤੋਂ ਅਲਹਿਦਗੀ ਅਤੇ ਅਮਰੀਕਾ ਵਿਚ ਦੁਬਾਰਾ ਕਦੇ ਵੀ ਦਾਖਲ ਹੋਣ 'ਤੇ ਸਥਾਈ ਪਾਬੰਦੀ ਆਦਿ ਸ਼ਾਮਿਲ ਹਨ। ਸਾਰਿਆਂ ਲਈ ਸਰਲ ਤੇ ਸਪੱਸ਼ਟ ਸੁਨੇਹਾ ਇਹੀ ਹੈ ਕਿ ਸਹੀ ਬਦਲ ਦੀ ਚੋਣ ਕਰਕੇ ਕਾਨੂੰਨ ਦੀ ਪਾਲਣਾ ਕਰੋ, ਆਪਣੀ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਤੇ ਭਵਿੱਖ ਨੂੰ ਜੋਖਮ ਵਿਚ ਨਾ ਪਾਓ।
-ਚਾਰਜ ਡੀ ਅਫੈਅਰਜ਼,
ਅਮਰੀਕੀ ਅੰਬੈਸੀ, ਨਵੀਂ ਦਿੱਲੀ।