ਪਿਛਲੇ ਦੋ ਸਾਲ ਵਿਚ ਹੀ ਪੰਜਾਬ ਵਿਚ 117 ਨਵੇਂ ਕੋਲਡ ਸਟੋਰ ਬਣੇ

In ਮੁੱਖ ਖ਼ਬਰਾਂ
April 02, 2025
ਦੇਸ਼ ਵਿਚ ਜਿਵੇਂ ਜਿਵੇਂ ਕੌਮੀ ਤੇ ਬਹੁਕੌਮੀ ਕੰਪਨੀਆਂ ਆਲੂ ਪ੍ਰੋਸੈਸਿੰਗ ਸਨਅਤ ਵਿਚ ਨਿਵੇਸ਼ ਕਰ ਰਹੀਆਂ ਹਨ ਉਸੇ ਰਫ਼ਤਾਰ ਨਾਲ ਦੇਸ਼ ਵਿਚ ਕੋਲਡ ਚੇਨ ਵਿਚ ਵੀ ਵਾਧਾ ਹੋ ਰਿਹਾ ਹੈ । ਪੰਜਾਬ ਦਾ ਪੌਣ-ਪਾਣੀ ਕਿਉਂਕਿ ਆਲੂ ਦੇ ਬੀਜ ਅਤੇ ਸ਼ੱਕਰ ਮੁਕਤ ਆਲੂ ਦੀ ਗੁਣਵੱਤਾ ਲਈ ਦੇਸ਼ ਦੇ ਬਾਕੀ ਸੂਬਿਆਂ ਦੇ ਮੁਕਾਬਲੇ ਕਿਤੇ ਜ਼ਿਆਦਾ ਬਿਹਤਰ ਹੈ, ਇਸ ਲਈ ਪੰਜਾਬ ਦੇ ਆਲੂ ਦੀ ਬੀਜ ਅਤੇ ਪ੍ਰੋਸੈਸਿੰਗ ਲਈ ਦੇਸ਼ ਤੇ ਵਿਦੇਸ਼ ਵਿਚ ਬਹੁਤ ਜ਼ਿਆਦਾ ਮੰਗ ਹੈ ।ਜਿਸ ਕਾਰਨ ਮੰਗ ਦੀ ਪੂਰਤੀ ਲਈ ਕੋਲਡ ਸਟੋਰਾਂ ਵਿਚ ਆਲੂ ਨੂੰ ਭੰਡਾਰ ਕਰਨਾ ਜ਼ਰੂਰੀ ਹੋ ਜਾਂਦਾ ਹੈ, ਇਸ ਕਰਕੇ ਪੰਜਾਬ ਵਿਚ ਪਿਛਲੇ ਕੁਝ ਸਾਲਾਂ ਵਿਚ ਕੋਲਡ ਸਟੋਰਾਂ ਵਿਚ ਵੱਡੀ ਗਿਣਤੀ ਵਿਚ ਵਾਧਾ ਹੋਇਆ ਹੈ ਜੋ ਹਰ ਸਾਲ ਤੇਜ਼ੀ ਫੜ ਰਿਹਾ ਹੈ | ਪੰਜਾਬ ਦੀ ਸਥਿਤੀ ਇਸ ਸਮੇਂ ਇਹ ਹੈ ਕਿ ਪਿਛਲੇ ਦੋ ਸਾਲ ਵਿਚ ਹੀ ਇਥੇ 117 ਨਵੇਂ ਕੋਲਡ ਸਟੋਰ ਲੱਗ ਗਏ ਹਨ ਤੇ ਪਹਿਲਾਂ ਤੋਂ ਹੀ ਚੱਲ ਰਹੇ ਕੋਲਡ ਸਟੋਰਾਂ ਦੀ ਸਮਰੱਥਾ ਵਿਚ ਵੀ ਵਾਧਾ ਹੋਇਆ ਹੈ । ਨੈਸ਼ਨਲ ਹਾਰਟੀਕਲਚਰ ਬੋਰਡ (ਐਨ.ਐਚ.ਬੀ.) ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਨਵੰਬਰ 2023 ਤੱਕ ਪੰਜਾਬ ਵਿਚ 761 ਕੋਲਡ ਸਟੋਰ ਸਨ, ਜਿਨ੍ਹਾਂ ਵਿਚ ਦੋ ਸਾਲ ਵਿਚ ਹੀ 18 ਫ਼ੀਸਦੀ ਦਾ ਵਾਧਾ ਹੋਇਆ ਹੈ ਜਦਕਿ ਕਿ ਰਾਸ਼ਟਰੀ ਪੱਧਰ 'ਤੇ ਕੋਲਡ ਸਟੋਰਾਂ ਦੀ ਸਾਲਾਨਾ ਵਾਧਾ ਦਰ ਸਿਰਫ਼ 2 ਫ਼ੀਸਦੀ ਦੇ ਨੇੜੇ ਹੈ । ਜਾਣਕਾਰੀ ਅਨੁਸਾਰ ਪੰਜਾਬ ਵਿਚ ਇਸ ਸਾਲ ਵੀ ਇਹ ਵਾਧਾ ਨਿਰੰਤਰ ਜਾਰੀ ਹੈ, ਕਿਉਂਕਿ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਣ ਜਦੋਂ ਆਲੂ ਭੰਡਾਰ ਕਰਨ ਦਾ ਸੀਜ਼ਨ ਚੱਲ ਹੀ ਰਿਹਾ ਹੈ ਤਾਂ ਅਗਲੇ ਸੀਜ਼ਨ ਲਈ ਨਵੇਂ ਕੋਲਡ ਸਟੋਰ ਬਣਾਉਣ ਲਈ ਨਿਵੇਸ਼ਕ ਚਾਰਟਡ ਅਕਾੳਾੂਟੈਂਟਾਂ ਕੋਲ ਪ੍ਰਾਜੈਕਟ ਰਿਪੋਰਟਾਂ ਬਣਵਾਉਣ ਲਈ ਪਹੁੰਚਣੇ ਵੀ ਸ਼ੁਰੂ ਹੋ ਗਏ ਹਨ । ਖੰਨਾ ਸਥਿਤ ਇਕ ਸੀ.ਏ. ਕੋਲ ਅੱਧੀ ਦਰਜਨ ਪ੍ਰਾਜੈਕਟ ਰਿਪੋਰਟਾਂ ਤਿਆਰ ਵੀ ਹੋ ਚੁੱਕੀਆਂ ਹਨ । ਇਸ ਰੁਝਾਨ ਸਬੰਧੀ ਜਦੋਂ ਕਈ ਕਾਰੋਬਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕੋਲਡ ਚੇਨ ਵਿਚ ਵਧੇ ਨਿਵੇਸ਼ ਲਈ ਸਰਕਾਰ ਵਲੋਂ ਸਬਸਿਡੀਆਂ ਵਿਚ ਕੀਤੇ ਵਾਧੇ ਨੂੰ ਵੀ ਇਕ ਵੱਡਾ ਕਾਰਨ ਦੱਸਿਆ । ਮਿਲੀ ਜਾਣਕਾਰੀ ਅਨੁਸਾਰ 6 ਹਜ਼ਾਰ ਮੀਟਰਿਕ ਟਨ ਦੇ ਕੋਲਡ ਸਟੋਰ 'ਤੇ ਪਿਛਲੇ ਸਾਲਾਂ ਵਿਚ ਤਕਰੀਬਨ 1 ਕਰੋੜ 20 ਲੱਖ ਰੁਪਏ ਦੀ ਸਬਸਿਡੀ ਮਿਲਦੀ ਸੀ, ਜਿਸ ਨੂੰ ਸਰਕਾਰ ਵਲੋਂ ਵਧਾ ਕੇ ਹੁਣ ਲਗਪਗ ਦੁੱਗਣਾ ਕਰ ਦਿੱਤਾ ਗਿਆ ਹੈ । ਕੋਲਡ ਸਟੋਰ ਮਾਲਕਾਂ ਨੇ ਇਹ ਵੀ ਦੱਸਿਆ ਕਿ ਪਿਛਲੇ ਸਾਲਾਂ ਤੋਂ ਕੋਲਡ ਚੇਨ ਵਿਚ ਆਈਆਂ ਨਵੀਆਂ ਤਕਨੀਕਾਂ ਕਾਰਨ ਹੁਣ ਆਲੂ ਤੋਂ ਇਲਾਵਾ ਪਿਆਜ਼, ਸੇਬ, ਕਿੰਨੂ ਅਤੇ ਕਈ ਤਰ੍ਹਾਂ ਦੀਆਂ 'ਸਬਜ਼ੀਆਂ ਤੇ ਫਲਾਂ' ਤੋਂ ਇਲਾਵਾ ਅੰਡਾ, ਮੀਟ, ਮੱਛੀ ਨੂੰ ਬਾਜ਼ਾਰ ਦੇ ਉਤਰਾਅ-ਚੜ੍ਹਾਅ ਕਾਰਨ ਵਕਤੀ ਤੌਰ 'ਤੇ ਸਟੋਰ ਕਰਨ ਦਾ ਰੁਝਾਨ ਵੱਧ ਰਿਹਾ ਹੈ|।ਇਨ੍ਹਾਂ ਸਟੋਰਾਂ ਵਿਚ ਫਾਰਮਾਸਿਊਟੀਕਲ ਉਤਪਾਦਾਂ ਸਮੇਤ ਅਨੇਕਾਂ ਹੋਰ ਖਾਦ ਖ਼ੁਰਾਕ ਦੀਆਂ ਵਸਤਾਂ ਨੂੰ ਵੀ ਵਪਾਰੀ ਆਮ ਸਟੋਰ ਦੀ ਥਾਂ 'ਤੇ ਕੋਲਡ ਸਟੋਰਾਂ ਵਿਚ ਸਟਾਕ ਕਰਨ ਨੂੰ ਤਰਜੀਹ ਦੇਣ ਲੱਗ ਪਏ ਹਨ ਕਿਉਂਕਿ ਵਸਤਾਂ ਦੇ ਅਨੁਕੂਲ ਵਾਤਾਵਰਨ ਕਾਰਨ ਭੰਡਾਰ ਕੀਤੀਆਂ ਵਸਤਾਂ ਦੀ ਗੁਣਵੱਤਾ ਬਣੀ ਰਹਿੰਦੀ ਹੈ, ਪਰ ਕੁਝ ਸਟੋਰ ਮਾਲਕਾਂ ਨੇ ਦੱਸਿਆ ਕਿ ਪੰਜਾਬ ਦੀ ਕੋਲਡ ਸਟੋਰ ਸਨਅਤ ਮੁੱਖ ਤੌਰ 'ਤੇ ਆਲੂ 'ਤੇ ਹੀ ਨਿਰਭਰ ਕਰਦੀ ਹੈ । ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਅੰਕੜਿਆਂ ਅਨੁਸਾਰ ਪੰਜਾਬ ਵਿਚ 117.06 ਹਜ਼ਾਰ ਹੈਕਟੇਅਰ ਤੋਂ ਵੱਧ ਰਕਬੇ ਵਿਚ ਆਲੂ ਦੀ ਫ਼ਸਲ ਉਗਾਈ ਜਾਂਦੀ ਹੈ ਜਿਸ ਦੀ ਸਾਲਾਨਾ ਪੈਦਾਵਾਰ 2023-24 ਦੌਰਾਨ 32.38 ਲੱਖ ਟਨ ਹੋਈ ਹੈ । ਅਮਲੋਹ ਬਲਾਕ ਦੇ ਪਿੰਡ ਭਾਂਬਰੀ ਦੇ ਇਕ ਕਿਸਾਨ ਕਰਮ ਸਿੰਘ ਗਿੱਲ ਜੋ ਪਿਛਲੇ ਲੰਬੇ ਸਮੇਂ ਤੋਂ ਆਲੂ ਦੀ ਖੇਤੀ ਅਤੇ ਕੋਲਡ ਸਟੋਰ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਹੈ, ਨੇ ਦੱਸਿਆ ਕਿ ਹੁਣ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੰਡੀ ਵਿਚ ਸਿਰਫ਼ ਪੰਜਾਬ ਦੇ ਆਲੂ ਦੇ ਬੀਜ ਦੀ ਹੀ ਧਾਕ ਨਹੀਂ ਸਗੋਂ ਪ੍ਰੋਸੈਸਿੰਗ ਇੰਡਸਟਰੀ ਲਈ ਸ਼ੱਕਰ ਮੁਕਤ ਆਲੂ ਦੀ ਪੈਦਾਵਾਰ ਵਿਚ ਵੀ ਪੰਜਾਬ ਇਕ ਮੋਹਰੀ ਸਟੇਟ ਵਜੋਂ ਉੱਭਰਿਆ ਹੈ, ਜਿਸ ਕਾਰਨ ਪੰਜਾਬ ਵਿਚ ਕੋਲਡ ਸਟੋਰ ਸਨਅਤ ਦਾ ਦਾਇਰਾ ਵਧਣ ਲਈ ਆਲੂ ਦੀ ਇਸ ਪ੍ਰੋਸੈਸਿੰਗ ਵਾਲੀ ਕਿਸਮ ਦਾ ਵੱਡਾ ਯੋਗਦਾਨ ਹੈ।

Loading