ਨਵੀਂ ਦਿੱਲੀ/ਏ.ਟੀ.ਨਿਊਜ਼ :
ਰਾਜਗੀਰ 29 ਅਗਸਤ ਤੋਂ 7 ਸਤੰਬਰ ਤੱਕ ਖੇਡੇ ਜਾਣ ਵਾਲੇ ਪੁਰਸ਼ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ। ਇਹ ਬੈਲਜੀਅਮ ਅਤੇ ਨੈਦਰਲੈਂਡਜ਼ ਵੱਲੋਂ ਸਾਂਝੇ ਤੌਰ ’ਤੇ ਕਰਵਾਏ ਜਾਣ ਵਾਲੇ 2026 ਐੱਫ.ਆਈ.ਐੱਚ. ਵਿਸ਼ਵ ਕੱਪ ਲਈ ਕੁਆਲੀਫਾਇਰ ਵੀ ਹੋਵੇਗਾ। ਇਸ ਮਹਾਂਦੀਪੀ ਟੂਰਨਾਮੈਂਟ ਦੇ 12ਵੇਂ ਸੀਜ਼ਨ ਵਿੱਚ ਅੱਠ ਟੀਮਾਂ ਹਿੱਸਾ ਲੈਣਗੀਆਂ। ਭਾਰਤ, ਪਾਕਿਸਤਾਨ, ਜਪਾਨ, ਕੋਰੀਆ, ਚੀਨ ਅਤੇ ਮਲੇਸ਼ੀਆ ਤੋਂ ਇਲਾਵਾ ਬਾਕੀ ਦੋ ਟੀਮਾਂ ਕੁਆਲੀਫਾਇੰਗ ਮੁਕਾਬਲੇ ਏ.ਐੱਚ.ਐੱਫ. ਕੱਪ ਰਾਹੀਂ ਆਪਣੀ ਜਗ੍ਹਾ ਪੱਕੀ ਕਰਨਗੀਆਂ। ਦੱਖਣੀ ਕੋਰੀਆ ਪੁਰਸ਼ ਏਸ਼ੀਆ ਕੱਪ ਦੇ ਇਤਿਹਾਸ ਦੀ ਸਭ ਤੋਂ ਸਫਲ ਟੀਮ ਹੈ, ਜਿਸ ਨੇ ਪੰਜ ਖਿਤਾਬ (1994, 1999, 2009, 2013 ਅਤੇ 2022) ਜਿੱਤੇ ਹਨ, ਇਸ ਤੋਂ ਬਾਅਦ ਭਾਰਤ (2003, 2007 ਤੇ 2017) ਅਤੇ ਪਾਕਿਸਤਾਨ (1982, 1985 ਤੇ 1989) ਦਾ ਨੰਬਰ ਆਉਂਦਾ ਹੈ, ਜਿਨ੍ਹਾਂ ਨੇ ਤਿੰਨ-ਤਿੰਨ ਵਾਰ ਟੂਰਨਾਮੈਂਟ ਜਿੱਤਿਆ ਹੈ।