ਬਘੇਲ ਸਿੰਘ ਧਾਲੀਵਾਲ
:
ਸ੍ਰੀ ਅਕਾਲ ਤਖਤ ਸਾਹਿਬ ਦੇ ਮਾਮਲੇ ਵਿੱਚ ਸਿੱਖਾਂ ਦੀ ਇਸ ਸਮੇ ਸਭ ਤੋ ਵੱਧ ਜੱਗ ਹਸਾਈ ਹੋ ਰਹੀ ਹੈ।ਇਹਦੇ ਲਈ ਖੁਦ ਸਿੱਖ ਹੀ ਜ਼ਿੰਮੇਵਾਰ ਹਨ।ਤਖਤ ਸਾਹਿਬਾਨਾਂ ਦੇ ਸਿੰਘ ਸਾਹਿਬਾਨ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਹਮੇਸਾਂ ਸ਼ਰਮਸਾਰ ਕਰਨ ਵਾਲੀ ਚਰਚਾ ਵਿੱਚ ਰਹੀ ਹੈ।ਲੰਮੇ ਸਮੇਂ ਤੋ ਸ੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਧੜੇ ਦਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਕਬਜਾ ਚੱਲਿਆ ਆ ਰਿਹਾ ਹੈ,ਜਿਸ ਨੂੰ ਵਰਤ ਕੇ ਬਾਦਲ ਧੜਾ ਹਮੇਸਾਂ ਸਿੱਖ ਰਾਜਨੀਤੀ ਉਪਰ ਭਾਰੂ ਰਹਿੰਦਾ ਰਿਹਾ ਹੈ।ਪਰੰਤੂ 2015 ਤੋ ਜਦੋਂ ਤੋਂ ਅਕਾਲੀ ਦਲ ਭਾਜਪਾ ਗੱਠਜੋੜ ਦੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਸਮੇ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਦੌਰ ਇੱਕ ਗਿਣੀ ਮਿਥੀ ਸਾਜਿਸ਼ ਤਹਿਤ ਚੱਲਿਆ,ਉਸ ਤੋਂ ਬਾਅਦ ਅਕਾਲੀ ਦਲ ਦੇ ਉਕਤ ਧੜੇ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ।ਮੌਜੂਦਾ ਸਮੇ ਤੱਕ ਪੁੱਜਦਿਆਂ ਪੰਜਾਬ ਦੀ ਨੁਮਾਇੰਦਗੀ ਦੇ ਸਭ ਤੋਂ ਵੱਡਾ ਦਾਅਵੇਦਾਰ ਮੰਨੇ ਜਾਣ ਵਾਲੇ ਸ੍ਰੋਮਣੀ ਅਕਾਲੀ ਦਲ ਦਾ ਵਜੂਦ ਪੰਜਾਬ ਦੀ ਸਿਆਸਤ ਵਿੱਚੋਂ ਹਾਸ਼ੀਏ ਉਪਰ ਚਲਾ ਗਿਆ। ਇਹਦਾ ਕਾਰਨ ਇਹ ਨਹੀਂ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਭਾਰੂ ਹੋ ਗਈ,ਬਲਕਿ ਇਹਦਾ ਕਾਰਨ ਸ੍ਰੋਮਣੀ ਅਕਾਲੀ ਦਲ ਦਾ ਪੰਥਕ ਹਿਤਾਂ ਨੂੰ ਤਿਲਾਂਜਲੀ ਦੇਣਾ ਅਤੇ ਆਪਣੇ ਗੁਰੂ ਤੋਂ ਵੀ ਬੇਮੁੱਖ ਹੋਣਾ ਹੈ,ਜਿਸ ਕਰਕੇ ਪੰਜਾਬ ਅਤੇ ਪੰਥ ਦੀ ਨੁਮਾਇੰਦਾ ਜਮਾਤ ਸ੍ਰੋਮਣੀ ਅਕਾਲੀ ਦਲ ਤੋ ਪੰਜਾਬ ਦੇ ਸਿੱਖ ਭਾਈਚਾਰੇ ਦਾ ਮੋਹ ਭੰਗ ਹੋ ਗਿਆ,ਲਿਹਾਜ਼ਾ ਪੰਜਾਬ ਅੰਦਰ ਆਮ ਆਦਮੀ ਪਾਰਟੀ ਬਦਲਵੇਂ ਰੂਪ ਵਿੱਚ ਪ੍ਰਵਾਨ ਚੜ੍ਹ ਗਈ।ਬੇਹੱਦ ਮਾੜੇ ਹਾਲਤਾਂ ਵਿਚੋ ਗੁਜ਼ਰਨ ਦੇ ਬਾਵਜੂਦ ਵੀ ਕਿਉਂਕਿ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਇਹੋ ਧੜਾ ਕਾਬਜ਼ ਹੈ,ਇਸ ਕਰਕੇ ਸਿੱਖ ਰਾਜਨੀਤੀ ਵਿੱਚ ਕੋਈ ਹੋਰ ਧੜਾ ਆਪਣੇ ਪੈਰ ਪਸਾਰਨ ਦੇ ਯੋਗ ਨਾ ਹੋ ਸਕਿਆ।ਇਸ ਤੋ ਇਲਾਵਾ ਪੰਥ ਹਿਤੈਸ਼ੀ ਰਾਜਨੀਤੀ ਦੇ ਫੇਲ੍ਹ ਹੋਣ ਦਾ ਇੱਕ ਵੱਡਾ ਕਾਰਨ ਇਹ ਵੀ ਰਿਹਾ ਹੈ ਕਿ ਪੰਥਕ ਧੜਿਆਂ ਵਿੱਚ ਖਤਰਨਾਕ ਹੱਦ ਤੱਕ ਵੰਡੀਆਂ ਹੀ ਨਹੀਂ ਪਈਆਂ ਹੋਈਆਂ,ਬਲਕਿ ਖਾਨਾਜੰਗੀ ਵਾਲਾ ਮਹੌਲ ਵੀ ਬਣਿਆ ਰਿਹਾ ਹੈ।ਇਹ ਵਰਤਾਰਾ ਪੰਥ ‘ਤੇ ਹਮੇਸਾ ਭਾਰੂ ਰਿਹਾ ਹੈ।ਪੰਥ ਦੀ ਆਪਸੀ ਪਾਟੋਧਾੜ ਦੀ ਬਦੌਲਤ ਹੀ ਸਮੁੱਚੀਆਂ ਸਿੱਖ ਸੰਸਥਾਵਾਂ,ਸਿੱਖ ਸਿਧਾਂਤਾਂ ਅਤੇ ਸਿੱਖਾਂ ਨੂੰ ਅਜ਼ਾਦ ਪ੍ਰਭੂਸੱਤਾ ਦਾ ਸੁਨੇਹਾ ਦੇਣ ਵਾਲੀ ਸਰਬ ਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਯਾਦਾ ਦਾ ਘਾਣ ਹੁੰਦਾ ਆ ਰਿਹਾ ਹੈ।ਸ੍ਰੋਮਣੀ ਕਮੇਟੀ ‘ਤੇ ਕਾਬਜ਼ ਧਿਰ ਆਪਣੇ ਨਿੱਜੀ ਮੁਫਾਦਾਂ ਲਈ ਤਖਤ ਸਾਹਿਬਾਨਾਂ ਦੇ ਜਥੇਦਾਰ ਨੂੰ ਵਰਤਦੀ ਹੀ ਨਹੀਂ ਆ ਰਹੀ ਬਲਕਿ ਸਮੇਂ ਸਮੇਂ ਤੇ ਉਹਨਾਂ ਦੀ ਬਲੀ ਵੀ ਦਿੰਦੀ ਆ ਰਹੀ ਹੈ।ਜਿਸ ਸਰਬ ਉੱਚ ਅਸਥਾਨ ਦੇ ਮੁੱਖ ਸੇਵਾਦਾਰ ਨੇ ਕੌਮ ਨੂੰ ਅਗਵਾਈ ਦੇਣੀ ਹੁੰਦੀ ਹੈ,ਉਹਨਾਂ ਦੇ ਰੁਤਬੇ ਪਦਾਰਥ ਅਤੇ ਸੁਆਰਥ ਦੇ ਲੋਭ ਲਾਲਚ ਵਿੱਚ ਲਬੇੜ ਕੇ ਬੌਨੇ ਕਰ ਦਿੱਤੇ ਗਏ ਹਨ।ਲੰਘੀ ਦੋ ਦਸੰਬਰ ਨੂੰ ਆਏ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਫੈਸਲੇ ਤੋ ਬਾਅਦ ਜਿਸਤਰ੍ਹਾਂ ਇਸ ਸੰਸਥਾ ਦੇ ਵਕਾਰ ਅਤੇ ਸ਼ਾਨਾਮੱਤੇ ਸਿਧਾਂਤ ਨੂੰ ਰੋਲ਼ਿਆ ਗਿਆ ਹੈ,ਉਹ ਬੇਹੱਦ ਮੰਦਭਾਗਾ ਅਤੇ ਕੌਂਮੀ ਭਵਿੱਖ ਦੇ ਹੋਰ ਧੁੰਦਲਾ ਹੋਣ ਵੱਲ ਇਸ਼ਾਰਾ ਕਰਦਾ ਹੈ।ਕਾਬਜ ਧੜਾ ਜਿਸਤਰ੍ਹਾਂ ਜਥੇਦਾਰ ਸਾਹਿਬਾਨਾਂ ਨੂੰ ਬੇਇਜ਼ਤ ਕਰਕੇ ਅਹੁਦਿਆਂ ਤੋ ਪਾਸੇ ਕਰਦਾ ਹੈ,ਉਹਦੇ ਨਾਲ ਜੱਗ ਹਸਾਈ ਤਾਂ ਹੁੰਦੀ ਹੀ ਹੈ,ਪਰ ਉਸ ਤੋ ਵੀ ਵੱਧ ਸਿੱਖ ਹਿਤਾਂ ਦੇ ਪ੍ਰਭਾਵਤ ਹੋਣ ਦੇ ਖਤਰੇ ਮੰਡਰਾਉਣ ਲੱਗਦੇ ਹਨ।ਕੇਂਦਰੀ ਤਾਕਤਾਂ ਪਹਿਲਾਂ ਹੀ ਅਜਿਹਾ ਚਾਹੁੰਦੀਆਂ ਹਨ,ਜਿਸ ਨਾਲ ਕੌਮ ਦੀ ਤਾਕਤ ਮਲ਼ੀਆਮੇਟ ਹੋ ਜਾਵੇ ਅਤੇ ਉਹ ਸਦੀਆਂ ਤੱਕ ਗੁਲਾਮੀ ਕੱਟਣ ਲਈ ਮਜਬੂਰ ਰਹੇ।ਪਿਛਲੇ ਦਿਨੀ ਸ੍ਰੋਮਣੀ ਕਮੇਟੀ ਦੀ ਕਾਰਜਕਾਰਨੀ ਨੇ ਸਿੱਖ ਭਾਵਨਾਵਾਂ ਨੂੰ ਦਰਕਿਨਾਰ ਕਰਦਿਆਂ ਜਥੇਦਾਰਾਂ ਨੂੰ ਅਹੁਦਿਆਂ ਤੋ ਹਟਾ ਕੇ ਨਵੇਂ ਜਥੇਦਾਰ ਨਿਯੁਕਤ ਕਰ ਦਿੱਤੇ ਸਨ।ਪ੍ਰੰਤੂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਭਾਈ ਕੁਲਦੀਪ ਸਿੰਘ ਗੜਗੱਜ ਨੂੰ ਸੇਵਾ ਸੌਂਪ ਦਿੱਤੀ ਗਈ ਸੀ। ਸਿੰਘ ਸਾਹਿਬਾਨਾਂ ਨੂੰ ਹਟਾਉਣ ਅਤੇ ਨਿਯੁਕਤੀ ਦੇ ਤੌਰ ਤਰੀਕਿਆਂ ਦਾ ਵੱਡੇ ਪੱਧਰ ਤੇ ਵਿਰੋਧ ਹੋਣ ਦੇ ਬਾਵਜੂਦ ਸ੍ਰੋਮਣੀ ਕਮੇਟੀ ਤੇ ਕਾਬਜ਼ ਧੜੇ ਨੇ ਇਸ ਦੀ ਕੋਈ ਪ੍ਰਵਾਹ ਨਾ ਕੀਤੀ।ਸਭ ਤੋਂ ਵੱਧ ਵਿਰੋਧ ਜਿਤਾਉਣ ਵਾਲਿਆਂ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਅਤੇ ਦਮਦਮੀ ਟਕਸਾਲ ਚੌਕ ਮਹਿਤਾ ਸਾਮਲ ਸਨ।ਇਹ ਵੀ ਸੱਚ ਹੈ ਕਿ ਸਿੱਖਾਂ ਵੱਲੋਂ ਕੁੱਝ ਸਮਾ ਪਾਕੇ ਜਥੇਦਾਰਾਂ ਨੂੰ ਸਵੀਕਾਰ ਕਰ ਲਿਆ ਜਾਂਦਾ ਹੈ।ਇਸੇਤਰ੍ਹਾਂ ਹੀ ਮੌਜੂਦਾ ਕਾਰਜਕਾਰੀ ਜਥੇਦਾਰ ਦੀ ਕਾਰਜਸ਼ੈਲੀ ਨੇ ਵੀ ਕਾਫੀ ਹੱਦ ਤੱਕ ਵਿਰੋਧ ਘਟਾਉਣ ਵਿੱਚ ਸਫਲਤਾ ਹਾਸਲ ਕਰ ਲਈ ਹੈ,ਪਰ ਕਾਬਜ ਧਿਰਾਂ ਸ਼ਾਇਦ ਇਹ ਵੀ ਨਹੀ ਚਾਹੁੰਦੀਆਂ।ਉਹਨਾਂ ਨੂੰ ਹਰ ਉਹ ਵਿਅਕਤੀ ਜਥੇਦਾਰ ਦੇ ਰੂਪ ਵਿੱਚ ਨਾ-ਪਰਵਾਨ ਹੈ,ਜਿਹੜਾ ਪੰਥਕ ਰਹੁਰੀਤਾਂ ਤੇ ਪਹਿਰਾ ਦੇਣ ਦੀ ਗੱਲ ਕਰਦਾ ਹੈ।ਹੁਣ ਵੀ ਅਜਿਹਾ ਹੀ ਜਾਪ ਰਿਹਾ ਹੈ।ਹੁਣ ਵੀ ਟਰਾਇਲ ਵਾਸਤੇ ਕਾਰਜਕਾਰੀ ਸੇਵਾਵਾਂ ਦੇਕੇ ਆਇਆ ਜਥੇਦਾਰ ਵੀ ਫਿੱਟ ਨਹੀਂ ਬੈਠ ਰਿਹਾ।ਇੱਥੇ ਇੱਕ ਗੱਲ ਹੋਰ ਵੀ ਸਾਂਝੀ ਕਰਨੀ ਬਣਦੀ ਹੈ ਕਿ ਪੁਰਾਤਨ ਸਿੱਖਾਂ ਅੰਦਰ ਇਹ ਪਰੰਪਰਾ ਰਹੀ ਹੈ ਕਿ ਕੌਮ ਦੀ ਹੋਣੀ ਦੇ ਫੈਸਲੇ ਕਿਸੇ ਇੱਕ ਧੜੇ ਵੱਲੋਂ ਧੱਕੇ ਨਾਲ ਪੰਥ ਤੇ ਥੋਪੇ ਨਹੀਂ ਸਨ ਜਾਂਦੇ ਬਲਕਿ ਸਰਬਤ ਖਾਲਸਾ ਸੱਦ ਕੇ ਗੁਰਮਤੇ ਕੀਤੇ, ਵਿਚਾਰੇ ਜਾਂਦੇ ਸਨ। ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਣ ਵਾਲੇ ਫੈਸਲੇ ਵੀ ਕਿਸੇ ਇੱਕ ਵਿਅਕਤੀ ਵੱਲੋਂ ਕੌਮ ਤੇ ਨਹੀਂ ਸਨ ਥੋਪੇ ਜਾਂਦੇ,ਬਲਕਿ ਉਹ ਵੀ ਪੰਜ ਸਿੰਘ ਸਾਹਿਬਾਨ ਆਪਸੀ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਹੀ ਮੁੱਖ ਜਥੇਦਾਰ ਨੂੰ ਬੇਨਤੀ ਕਰਦੇ ਸਨ ਕਿ ਇਸ ਹੁਕਮਨਾਮੇ ਨੂੰ ਕੌਮ ਲਈ ਜਾਰੀ ਕਰ ਦਿੱਤਾ ਜਾਵੇ,ਭਾਵ ਗੁਰੂ ਸਾਹਿਬ ਜੀ ਵੱਲੋਂ ਚਲਾਈ ਪੰਚ ਪ੍ਰਧਾਨੀ ਪ੍ਰਥਾ ਤੇ ਪੂਰਨ ਰੂਪ ਵਿੱਚ ਪਹਿਰਾ ਦਿੱਤਾ ਜਾਂਦਾ ਸੀ,ਜਿਸ ਨੂੰ ਪੰਥ ਵੀ ਖਿੜੇ ਮੱਥੇ ਪਰਵਾਨ ਕਰਦਾ ਰਿਹਾ ਹੈ।ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾ ਪੰਥ ਲਈ ਸਰਬ ਉੱਤਮ ਹੋਣ ਦਾ ਕਾਰਨ ਵੀ ਇਹੋ ਸੀ ਕਿ ਉਸ ਮੌਕੇ ਛਲ ਕਪਟ ਵਾਲੀ ਰਾਜਨੀਤੀ ਸਰਬ ਉੱਚ ਸੰਸਥਾ ਤੇ ਭਾਰੂ ਨਹੀਂ ਸੀ।ਪੁਰਾਤਨ ਹਾਲਾਤਾਂ ਦੇ ਸੰਦਰਭ ਵਿੱਚ ਜਦੋ ਮੌਜੂਦਾ ਹਾਲਾਤਾਂ ਨੂੰ ਦੇਖਿਆ ਜਾਂਦਾ ਹੈ,ਤਾਂ ਪਿਛਲਾ ਸਭ ਕੁੱਝ ਸੁਪਨੇ ਵਾਂਗ ਹੀ ਜਾਪਦਾ ਹੈ।ਉਸ ਮੌਕੇ ਦੀ ਰਾਜਨੀਤੀ ਸਿੱਖੀ ਸਿਧਾਤਾਂ ‘ਤੇ ਟਿਕੀ ਹੋਈ ਹੋਣ ਕਰਕੇ ਦੁਨੀਆਂ ਦੇ ਸ਼ਕਤੀਸ਼ਾਲੀ ਹਾਕਮ ਵਜੋਂ ਜਾਣਿਆ ਜਾਣ ਵਾਲਾ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੀ ਸਿਧਾਂਤਾਂ ਦੀ ਅਵੱਗਿਆ ਕਰਨ ਦੇ ਦੋਸ਼ੀ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਕੇ ਨੰਗੇ ਪਿੰਡੇ ਕੋੜਿਆਂ ਦੀ ਸਜ਼ਾ ਭੁਗਤਣ ਲਈ ਨੀਵੀਂ ਪਾ ਕੇ ਹੱਥ ਜੋੜ ਕੇ ਖੜਾ ਹੋ ਗਿਆ ਸੀ।ਪ੍ਰੰਤੂ ਮੌਜੂਦਾ ਸਮੇਂ ਤੱਕ ਪਹੁੰਚਦਿਆਂ ਪਹੁੰਚਦਿਆਂ ਰਾਜਨੀਤੀ ਐਨੀ ਬੁਰੀ ਤਰ੍ਹਾਂ ਸਿੱਖ ਸੰਸਥਾਵਾਂ ਤੇ ਭਾਰੂ ਪੈ ਗਈ, ਸਿਧਾਂਤਾਂ ਦਾ ਮਲ਼ੀਆਮੇਟ ਹੋ ਗਿਆ।ਆਉਣ ਵਾਲੇ ਦਿਨਾਂ ਵਿੱਚ ਇੱਕ ਵਾਰ ਫਿਰ ਸਿੱਖ ਕੌਮ ਨੂੰ ਜਥੇਦਾਰ ਸਾਹਿਬਾਨਾਂ ਨੂੰ ਨਿਯੁਕਤ ਕਰਨ ਅਤੇ ਸੇਵਾ ਮੁਕਤ ਕਰਨ ਦੇ ਵਿਧੀ ਵਿਧਾਨ ਬਣਾਉਣ ਦੇ ਭਰਮਜਾਲ਼ ਵਿੱਚ ਇੱਕ ਹੋਰ ਧੋਖਾ ਕੀਤੇ ਜਾਣ ਦੀਆਂ ਖਬਰਾਂ ਵੀ ਨਿਕਲ ਕੇ ਆ ਰਹੀਆਂ ਹਨ,ਉਹ ਇਹ ਹੈ ਕਿ ਵਿਧੀ ਵਿਧਾਨ ਦੇ ਨਾਲ ਨਾਲ ਸਿੰਘ ਸਾਹਿਬਾਨ ਦੇ ਕਾਰਜ ਖੇਤਰ ਨੂੰ ਵੀ ਸੀਮਤ ਕਰਨ ਦੀਆਂ ਗੋਂਦਾਂ ਗੁੰਦੀਆਂ ਜਾ ਰਹੀਆਂ ਹਨ,ਤਾਂ ਕਿ ਕਾਬਜ ਧਿਰ ਨੂੰ ਭਵਿੱਖ ਵਿੱਚ ਵੀ ਦੋ ਦਸੰਬਰ ਵਾਲਾ ਸੰਤਾਪ ਹੰਢਾਉਣ ਦੀ ਨੌਬਤ ਆ ਹੀ ਨਾ ਸਕੇ।ਜਦੋਂ ਕਿ ਜਥੇਦਾਰਾਂ ਦਾ ਕਾਰਜ ਖੇਤਰ ਅਸੀਮਤ ਹੈ,ਉਹਨੂੰ ਸੀਮਤ ਕਰਨ ਦਾ ਕਿਸੇ ਨੂੰ ਵੀ ਕੋਈ ਅਧਿਕਾਰ ਨਹੀਂ ਹੈ,ਪਰ ਕੁੱਤੀ ਪੀਂਹਦੀ ਹੈ ਕੁੱਤੇ ਚੱਟਦੇ ਹਨ,ਇੱਥੇ ਪੁੱਛਣ ਵਾਲਾ ਕੌਣ ਹੈ। ਇਸ ਤੋਂ ਇਲਾਵਾ ਖਬਰਾਂ ਤਾਂ ਇਹ ਵੀ ਹਨ ਕਿ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਅਤੇ ਭਾਈ ਹਰਜਿੰਦਰ ਸਿੰਘ ਧਾਮੀ ਦੇ ਫਰੈਂਡਲੀ ਮੈਚ ਦੇ ਨਤੀਜੇ ਵਜੋਂ ਰਜਿੰਦਰ ਸਿੰਘ ਮਹਿਤੇ ਨੂੰ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਬਣਾਉਣ ਦੀ ਤਵੱਕੋ ਕੀਤੀ ਜਾ ਰਹੀ ਹੈ ।ਬਾਦਲ ਦਲ ਦੇ ਅੰਦਰੂਨੀ ਸਰਕਲ ਵਿੱਚ ਚੱਲ ਰਹੀ ਚਰਚਾ ਮੁਤਾਬਿਕ ਸੁਖਬੀਰ ਧੜੇ ਦੇ ਜ਼ਿਆਦਾਤਰ ਆਗੂ ਭਾਵੇਂ ਇਸ ਨਵੀਂ ਤਜਵੀਜ਼ ਨਾਲ ਸਹਿਮਤ ਨਹੀਂ ,ਪਰ ਬਾਬਾ ਧੁੰਮੇ ਦੀ ਦੁਬਾਰਾ ਹਮਾਇਤ ਹਾਸਲ ਕਰਨ ਅਤੇ ਭਾਜਪਾ ਹਾਈਕਮਾਂਡ ਦੀਆਂ ਖੁਸ਼ੀਆਂ ਹਾਸਲ ਕਰਨ ਲਈ ਸੁਖਬੀਰ ਇਸ ਤਜਵੀਜ਼ ਨਾਲ ਸਹਿਮਤ ਹੋ ਸਕਦਾ ਹੈ ।ਇਸ ਵਾਰ ਭਾਜਪਾ ਨੇ ਇਸ ਗੱਲਬਾਤ ਲਈ ਸੁਖਬੀਰ ਦੀ ਬਜਾਏ ਹਰਸਿਮਰਤ ਬਾਦਲ ਨੂੰ ਸੂਤਰਧਾਰ ਬਣਾਇਆ ਹੈ ।ਭਾਜਪਾ ਹਾਈਕਮਾਂਡ ਧੁੰਮੇ ਰਾਹੀਂ ਅਕਾਲੀ ਦਲ ਬਾਦਲ ਦੀਆਂ ਬਾਗੀ ਅਤੇ ਦਾਗ਼ੀ ਧਿਰਾਂ ਨੂੰ ਇਕੱਠੇ ਕਰਨਾ ਚਾਹੁੰਦੀ ਹੈ ।ਪਰ ਇਸ ਕੰਮ ਲਈ ਸੁਖਬੀਰ ਨੂੰ ਇੱਕ ਵਾਰ ਪ੍ਰਧਾਨਗੀ ਦੇ ਅਹੁਦੇ ਦਾ ਤਿਆਗ ਕਰਨ ਲਈ ਮਨਾਉਣਾ ਧੁੰਮੇ ਲਈ ਅਜੇ ਵੀ ਚਣੌਤੀ ਭਰਿਆ ਕੰਮ ਹੈ ।ਪਰ ਹਰਸਿਮਰਤ,ਮਜੀਠੀਆ ਅਤੇ ਭੂੰਦੜ ਇਸ ਗੱਲ ਲਈ ਸਹਿਮਤ ਹਨ ਕਿ ਸੁਖਬੀਰ ਦੇ ਇੱਕ ਵਾਰ ਪ੍ਰਧਾਨਗੀ ਤੋਂ ਲਾਂਭੇ ਹੋਏ ਬਿਨਾਂ ਬਾਦਲ ਪਰਿਵਾਰ ਉਪਰ ਬਣਿਆ ਸੰਕਟ ਟਲ ਨਹੀਂ ਸਕਦਾ ।
ਮਹਿਤਾ ਪਿਛਲੇ ਤਿੰਨ ਦਹਾਕਿਆਂ ਦੌਰਾਨ ਬਾਦਲ ਪ੍ਰਵਾਰ ਦੀ ਵਫ਼ਾਦਾਰੀ ਦਾ ਇਮਤਿਹਾਨ ਵੀ ਪਾਸ ਕਰ ਚੁੱਕਾ ਹੈ ।ਮਹਿਤੇ ਦੀਆਂ ਇਹਨਾਂ ਦੋ “ਯੋਗਤਾਵਾਂ” ਕਰਕੇ ਉਸਦੇ ਜੱਥੇਦਾਰ ਬਨਣ ਦੀਆਂ ਨਿਕਲ ਕੇ ਆ ਰਹੀਆਂ ਅਫਵਾਹਾਂ ਵਿੱਚ ਹਕੀਕਤ ਦੀ ਤਵੱਕੋ ਲਾਈ ਜਾ ਸਕਦੀ ਹੈ । ਜਥੇਦਾਰ ਸਾਹਿਬਾਨ ਦੀ ਨਿਯੁਕਤੀ ਕਰਨ ਵਾਲੇ ਪ੍ਰਧਾਨ ਸਮੇਤ ਸਮੁੱਚੀ ਕਾਰਜਕਾਰਨੀ ਦੀ ਮਾਨਸਿਕਤਾ ਨੂੰ ਸਮਝਣ ਦੀ ਲੋੜ ਹੈ।ਭਾਵੇਂ ਸਿੱਖਾਂ ਵਿੱਚ ਹੁਣ ਇਹ ਕੋਈ ਭੁਲੇਖਾ ਨਹੀਂ ਰਿਹਾ ਕਿ ਇਹ ਲੋਕ ਅਜਿਹਾ ਕੀਹਦੇ ਲਈ ਕਰ ਰਹੇ ਹਨ,ਫਿਰ ਵੀ ਇਹ ਸਮਝਣਾ ਬੇਹੱਦ ਜਰੂਰੀ ਹੈ ਕਿ ਗੁਰੂ ਤੋਂ ਬੇਮੁੱਖ ਹੋ ਕੇ ਸਿੱਖੀ ਸਿਧਾਂਤਾਂ ਨੂੰ ਪੈਰਾਂ ਹੇਠ ਲਿਤਾੜਨ ਵਾਲੇ ਲੋਕਾਂ ਦੀਆਂ ਤਾਰਾਂ ਉਹਨਾਂ ਕੌਮ ਵਿਰੋਧੀਆਂ ਨਾਲ ਜੁੜਦੀਆਂ ਹਨ ਜਿਹੜੀਆਂ ਸਿੱਖ ਕੌਮ ਦੀ ਵੱਖਰੀ ਹੋਂਦ ਹਸਤੀ ਨੂੰ ਮਿਟਾ ਕੇ ਹਿੰਦੂ ਧਰਮ ਦਾ ਅੰਗ ਦਰਸਾਉਣ ਲਈ ਯਤਨਸ਼ੀਲ ਹਨ।ਜਿੰਨੀ ਦੇਰ ਸਿੱਖ ਪੰਥ ਆਪਣੀ ਨਿਆਰੀ ਹੋਂਦ ਹਸਤੀ ਦੀ ਸਲਾਮਤੀ ਲਈ ਫਿਕਰਮੰਦ ਨਹੀਂ ਹੁੰਦਾ ਓਨੀ ਦੇਰ ਇਹ ਵਰਤਾਰੇ ਵਾਪਰਦੇ ਰਹਿਣਗੇ।