
ਪੰਜਾਬ ਯਾਨੀ ਪੰਜ ਦਰਿਆਵਾਂ ਦੀ ਧਰਤੀ। ਇਸ ਕਰਮਾਂ ਵਾਲੀ ਧਰਤੀ ਦੀ ਪੂਰੀ ਦੁਨੀਆਂ ਵਿੱਚ ਆਪਣੀ ਇੱਕ ਵੱਖਰੀ ਮਰਿਆਦਾ, ਤਹਿਜ਼ੀਬ, ਪਛਾਣ, ਮਹੱਤਤਾ, ਵਿਰਾਸਤ ਅਤੇ ਇਤਿਹਾਸਕ ਪਿਛੋਕੜ ਹੈ। ਛੇ ਰੁੱਤਾਂ ਦੇ ਰਾਜੇ ਪੰਜਾਬ ਦੇ ਪੌਣ ਪਾਣੀ, ਉਪਜਾਊ ਮਿੱਟੀ, ਕੁਦਰਤੀ ਸਰੋਤ, ਸੁਹਾਵਣਾ ਮੌਸਮ ਅਤੇ ਭਾਈਚਾਰਕ ਸਾਂਝ ਦੀਆਂ ਗੱਲਾਂ ਦੂਰ ਦੂਰ ਤੱਕ ਹੁੰਦੀਆਂ ਹਨ ਪਰ ਅੱਜ ਗੁਰੂ ਸਾਹਿਬਾਨ, ਸੰਤਾਂ ਅਤੇ ਮਹਾਂਪੁਰਖਾਂ ਦੀ ਧਰਤੀ ਪੰਜਾਬ ਦੇ ਨੌਜਵਾਨ ਵੱਡੀ ਗਿਣਤੀ ਵਿੱਚ ਇਸ ਧਰਤੀ ਨੂੰ ਬੇਦਾਵਾ ਦੇ ਰਹੇ ਹਨ ਅਤੇ ਸੱਤ ਸਮੁੰਦਰ ਪਾਰ ਕਰਕੇ ਹਮੇਸ਼ਾ ਲਈ ਵਿਦੇਸ਼ ਜਾ ਰਹੇ ਹਨ। ਇਸ ਤੋਂ ਵੀ ਵੱਧ, ਚਿੰਤਾ ਵਾਲੀ ਗੱਲ ਇਹ ਹੈ ਕਿ ਇਸ ਪਰਵਾਸ ਦਾ ਪੰਜਾਬ ਦੇ ਆਪਣੇ ਸੱਭਿਆਚਾਰ, ਵਿਰਾਸਤ, ਇਤਿਹਾਸ ਅਤੇ ਸਿੱਖ ਧਰਮ ’ਤੇ ਡੂੰਘਾ ਪ੍ਰਭਾਵ ਪੈ ਰਿਹਾ ਹੈ। ਪੰਜਾਬ ਵਿੱਚ ਸਿੱਖ ਬਹੁਗਿਣਤੀ ਵਿੱਚ ਹਨ, ਪਰ ਹੁਣ ਪਿੰਡਾਂ ਵਿੱਚ ਗੁਰਸਿੱਖਾਂ ਦੀ ਆਬਾਦੀ ਲਗਾਤਾਰ ਘੱਟ ਰਹੀ ਹੈ। ਪੰਜਾਬ ਦੇ ਜਿਹੜੇ ਪਿੰਡਾਂ ਵਿੱਚ ਕੁਝ ਸਾਲ ਪਹਿਲਾਂ ਤੱਕ ਹਰ ਪਾਸੇ ਗੁਰਸਿੱਖ ਨਜ਼ਰ ਆਉਂਦੇ ਸਨ, ਉਥੇ ਹੁਣ ਗੁਰਸਿੱਖ ਘੱਟ ਗਿਣਤੀ ਵਿੱਚ ਦਿਖਾਈ ਦੇ ਰਹੇ ਹਨ। ਇਹ ਅੱਜ ਦੇ ਪੰਜਾਬ ਦੀ ਅਸਲ ਹਕੀਕਤ ਹੈ ਅਤੇ ਇਸ ਹਕੀਕਤ ਤੋਂ ਅੱਖਾਂ ਮੀਚ ਕੇ ਬੱਚਿਆ ਨਹੀਂ ਜਾ ਸਕਦਾ। ਸਵਾਲ ਤਾਂ ਇਹ ਵੀ ਪੈਦਾ ਹੁੰਦਾ ਹੈ ਕਿ ਕੀ ਵਿਦੇਸ਼ੀ ਚਮਕ-ਦਮਕ, ਗਲੈਮਰ ਅਤੇ ਡਾਲਰਾਂ/ਪੌਂਡਾਂ ਦੀ ਚਮਕ ਦੇ ਵਿਚਕਾਰ, ਪੰਜਾਬੀ ਨੌਜਵਾਨ ਆਪਣੇ ਸੱਭਿਆਚਾਰ ਅਤੇ ਵਿਰਾਸਤ ਨੂੰ ਭੁੱਲ ਰਹੇ ਹਨ?
ਹਰ ਸਾਲ 20 ਹਜ਼ਾਰ ਪੰਜਾਬੀ ਲਗਾਉਂਦੇ ਨੇ ਡੌਂਕੀ : ਸੰਯੁਕਤ ਰਾਸ਼ਟਰ
ਪਰਵਾਸ ਕਰਨਾ ਮਾੜੀ ਗੱਲ ਨਹੀਂ ਹੁੰਦੀ ਕਿਉਂਕਿ ਦੂਜੀ ਧਰਤੀ ਅਤੇ ਦੂਜੀ ਸੱਭਿਅਤਾ ਨੂੰ ਜਾਣਨਾ ਅਤੇ ਸਮਝਣਾ ਚੰਗੀ ਗੱਲ ਹੁੰਦੀ ਹੈ। ਇਸ ਨਾਲ ਸਾਡੇ ਗਿਆਨ ਵਿੱਚ ਵੀ ਵਾਧਾ ਹੁੰਦਾ ਹੈ ਅਤੇ ਸਖ਼ਤ ਮਿਹਨਤ ਕਰਕੇ ਡਾਲਰਾਂ/ਪੌਂਡਾਂ ਦੀ ਚੰਗੀ ਕਮਾਈ ਵੀ ਹੋ ਜਾਂਦੀ ਹੈ। ਪਰਵਾਸ ਦੇ ਮਾੜੇ ਪ੍ਰਭਾਵ ਉਦੋਂ ਹੁੰਦੇ ਹਨ, ਜਦੋਂ ਇਸ ਪਾਗਲਪਣ ਵਿੱਚ ਤੁਸੀਂ ਆਪਣੀ ਜਾਨ ਨੂੰ ਜੋਖਮ ਵਿੱਚ ਪਾਉਂਦੇ ਹੋ ਅਤੇ ਉਨ੍ਹਾਂ ਦੇਸ਼ਾਂ ਵਿੱਚ ਦਾਖਲ ਹੋਣ ਲਈ ਗਲਤ ਰਸਤਾ ਅਪਣਾਉਂਦੇ ਹੋ ਅਤੇ ਇਹੀ ਪੰਜਾਬ ਵਿੱਚ ਹੋ ਰਿਹਾ ਹੈ। ਸੰਯੁਕਤ ਰਾਸ਼ਟਰ ਦੇ ਡਰੱਗਜ਼ ਅਤੇ ਅਪਰਾਧ ਦਫ਼ਤਰ ਦੀ ਇੱਕ ਰਿਪੋਰਟ ਅਨੁਸਾਰ, ਹਰ ਸਾਲ 20,000 ਤੋਂ ਵੱਧ ਲੋਕ ਪੰਜਾਬ ਤੋਂ ਗ਼ੈਰ-ਕਾਨੂੰਨੀ ਤੌਰ ’ਤੇ ਪਰਵਾਸ ਕਰਦੇ ਹਨ। ਵਿਦੇਸ਼ ਜਾਣ ਲਈ, ਏਜੰਟ ਉਨ੍ਹਾਂ ਤੋਂ ਮਨਮਾਨੇ ਪੈਸੇ ਵਸੂਲਦੇ ਹਨ, ਜੋ ਕਿ 25 ਲੱਖ ਰੁਪਏ ਤੋਂ ਲੈ ਕੇ 1 ਕਰੋੜ ਰੁਪਏ ਤੱਕ ਹੋ ਸਕਦੇ ਹਨ। ਇਸ ਸਭ ਦਾ ਅਸਰ ਇਹ ਹੈ ਕਿ ਪੰਜਾਬ ਦੇ ਪਿੰਡ ਉਜਾੜ ਹੁੰਦੇ ਜਾ ਰਹੇ ਹਨ। ਕਈ ਵਾਰ ਆਪਣੀ ਧਰਤੀ ’ਤੇ ਹਾਲਾਤ ਹੀ ਅਜਿਹੇ ਬਣ ਜਾਂਦੇ ਹਨ ਕਿ ਵੱਡੀ ਗਿਣਤੀ ਲੋਕਾਂ ਨੂੰ ਪਰਵਾਸ ਕਰਨ ਤੋਂ ਸਿਵਾਏ ਹੋਰ ਕੋਈ ਰਾਹ ਨਹੀਂ ਬਚਦਾ। ਪੰਜਾਬ ਤੋਂ ਕਿਰਤੀ ਲੋਕਾਂ ਦਾ ਪਰਵਾਸ ਤਾਂ ਸਮਝ ਵਿੱਚ ਆਉਂਦਾ ਹੈ, ਪਰ ਜਿਹੜੇ ਲੋਕ ਪੰਜਾਬ ਵਿੱਚ ਹੀ 25-25 ਕਿੱਲਿਆਂ ਦੇ ਮਾਲਕ ਹਨ, ਉਹ ਵੀ ਪਰਵਾਸ ਕਰ ਚੁੱਕੇ ਹਨ ਜਾਂ ਕਰ ਰਹੇ ਹਨ। ਪੰਜਾਬ ’ਚ ਜਿਹੜੇ ਲੋਕ ਜ਼ਮੀਨਾਂ ਅਤੇ ਗੱਡੀਆਂ ਦੇ ਮਾਲਕ ਹਨ, ਉਹ ਵਿਦੇਸ਼ਾਂ ਵਿੱਚ ਜਾ ਕੇ ਸਰਕਾਰੀ ਬੱਸ ਦੀ ਸਵਾਰੀ ਜਾਂ ‘ਸਸਤੀ ਲੇਬਰ’ ਹੀ ਤਾਂ ਬਣ ਜਾਂਦੇ ਹਨ।
ਹੁਣ ਭਲਾ ਸੋਚੋਂ ਖਾਂ ਉਹਨਾਂ ਲੋਕਾਂ ਬਾਰੇ, ਜਿਨ੍ਹਾਂ ਨੇ ਪੰਜਾਬ ਵਿੱਚ ਸਰਦਾਰੀ ਕੀਤੀ ਹੈ, ਉਹ ਵਿਦੇਸ਼ ਵਿੱਚ ਜਾ ਕੇ ਭਲਾ ਗੋਰਿਆਂ ਦੇ ਸਟੋਰਾਂ ਤੇ ਖੇਤਾਂ ਵਿੱਚ ਕੰਮ ਕਿਵੇਂ ਕਰ ਸਕਣਗੇ? ਇਸ ਦੇ ਬਾਵਜੂਦ ‘ਕਿਰਤੀ’ ਲੋਕਾਂ ਸਮੇਤ ਕਈ ਕਈ ‘ਕਿੱਲਿਆਂ’ ਦੇ ਮਾਲਕ ‘ਸਰਦਾਰ’ ਵੀ ਪਰਵਾਸ ਕਰਕੇ ਵਿਦੇਸ਼ ਜਾ ਰਹੇ ਹਨ। ਹਾਲਾਤ ਤਾਂ ਇਹ ਹਨ ਕਿ ਜਿਹੜੇ ਪੰਜਾਬੀ ਤੇ ਸਿੱਖ ਪਰਵਾਸ ਕਰਕੇ ਵਿਦੇਸ਼ ਗਏ ਹੋਏ ਹਨ, ਹੁਣ ਉਨ੍ਹਾਂ ਦੀ ਅਗਲੀ ਪੀੜ੍ਹੀ ਪੰਜਾਬ ਵਾਪਸ ਆਉਣ ਲਈ ਤਿਆਰ ਨਹੀਂ ਹੈ। ਕਈ ਸਿੱਖ ਅਜਿਹੇ ਵੀ ਹਨ, ਜਿਨ੍ਹਾਂ ਨੇ ਵਿਦੇਸ਼ਾਂ ’ਚ ਦਾੜ੍ਹੀ, ਵਾਲ ਜਾਂ ਪੱਗ ਨਹੀਂ ਰੱਖੇ। ਉਨ੍ਹਾਂ ਦੇ ਪੁੱਤਰ ਵੀ ਸਿੱਖ ਵਿਰਾਸਤ ਤੇ ਸੱਭਿਆਚਾਰ ਤੋਂ ਬਹੁਤ ਦੂਰ ਹਨ। ਅਜਿਹੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਤੇਜ਼ੀ ਨਾਲ ਵੱਧ ਰਹੀ ਹੈ। ਭਾਵ, ਪੰਜਾਬ ਤੋਂ ਪਰਵਾਸ ਕਾਰਨ, ਆਉਣ ਵਾਲੀ ਪੀੜ੍ਹੀ ਵਿੱਚ ਸਿੱਖ ਧਰਮ ਦੇ ਕਮਜ਼ੋਰ ਹੋਣ ਦਾ ਡਰ ਵੀ ਵਧ ਰਿਹਾ ਹੈ। ਜਦੋਂ ਭਾਰਤੀਆਂ ਨੂੰ ਅਮਰੀਕਾ ਵਿਚੋਂ ਦੇਸ਼ ਨਿਕਾਲ਼ਾ ਦਿੱਤਾ ਗਿਆ ਤਾਂ ਅਮਰੀਕਾ ਦੇ ਸੁਰੱਖਿਆ ਕਰਮੀਆਂ ਵੱਲੋਂ ਸਿੱਖ ਪਰਵਾਸੀਆਂ ਦੀਆਂ ਪੱਗਾਂ ਉਤਾਰ ਦਿੱਤੀਆਂ ਗਈਆਂ, ਇਹ ਨਿੰਦਣਯੋਗ ਹੈ ਪਰ ਇਹ ਵੀ ਸੋਚਣ ਵਾਲੀ ਗੱਲ ਹੈ ਕਿ ਜਿਹੜੇ ਨੌਜਵਾਨ ਡੌਂਕੀ ਰੂਟ ਰਾਹੀਂ ਵਿਦੇਸ਼ਾਂ ਵਿੱਚ ਦਾਖਲ ਹੋ ਰਹੇ ਸਨ ਅਤੇ ਵਾਪਸ ਆ ਗਏ, ਉਹ ਕਿਸ ਹੱਦ ਤੱਕ ਸਿੱਖ ਸਰੂਪ ਵਿੱਚ ਸਨ? ਇਸ ਬਾਰੇ ਸੋਚ-ਵਿਚਾਰ ਕਰਨ ਦੀ ਲੋੜ ਹੈ। ਅੱਜ, ਇਸ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਕੀ ਅਸੀਂ ਵਿਦੇਸ਼ਾਂ ਦੀ ਇੱਛਾ ਅਤੇ ਡਾਲਰ ਦੇ ਲਾਲਚ ਵਿੱਚ ਆਪਣੀ ਪਛਾਣ, ਸੱਭਿਆਚਾਰ, ਵਿਰਾਸਤ ਨੂੰ ਦਾਅ ’ਤੇ ਲਗਾ ਰਹੇ ਹਾਂ?
ਕਦੋਂ ਸ਼ੁਰੂ ਹੋਈ ਪਰਵਾਸ ਦੀ ਲਹਿਰ?
2008 ਤੋਂ ਬਾਅਦ, ਪੰਜਾਬ ਵਿੱਚ ਇੱਕ ਵੱਡੀ ਲਹਿਰ ਆਈ, ਜੋ 2023-24 ਤੱਕ ਜਾਰੀ ਰਹੀ, ਜੋ ਕਿ ਹੁਣ ਕੁਝ ਮੱਧਮ ਪਈ ਹੈ। 2008 ਵਿੱਚ, ਬ੍ਰਿਟੇਨ ਨੇ ਪੰਜਾਬ ਦੇ ਨੌਜਵਾਨਾਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਅਤੇ 2012 ਤੋਂ ਬਾਅਦ, ਕੈਨੇਡਾ ਨੇ ਵੀ ਅਜਿਹਾ ਹੀ ਕੀਤਾ। ਹਰ ਸਾਲ ਪੰਜਾਬ ਤੋਂ ਡੇਢ ਲੱਖ ਬੱਚੇ ਕੈਨੇਡਾ ਜਾਣ ਲੱਗ ਪਏ। ਜੇ ਵੀਜ਼ਾ ਨਹੀਂ ਮਿਲਦਾ, ਤਾਂ ਡੌਂਕੀ ਰੂਟ ਅਪਣਾਇਆ ਜਾਂਦਾ ਹੈ। ਹਾਲਾਤ ਅਜਿਹੇ ਹਨ ਕਿ 2021 ਤੋਂ 2024 ਤੱਕ, ਅਮਰੀਕਾ ਵਿੱਚ ਦਾਇਰ ਕੀਤੇ ਗਏ ਸ਼ਰਨਾਰਥੀ ਕੇਸਾਂ ਵਿੱਚੋਂ 66 ਪ੍ਰਤੀਸ਼ਤ ਪੰਜਾਬੀ ਸਨ। 2023 ਵਿੱਚ ਚਾਰ ਲੱਖ 77 ਹਜ਼ਾਰ ਸ਼ਰਨਾਰਥੀ ਮਾਮਲੇ ਦਾਇਰ ਕੀਤੇ ਗਏ ਸਨ। ਇਨ੍ਹਾਂ ਵਿੱਚੋਂ 66 ਪ੍ਰਤੀਸ਼ਤ ਡੌਂਕੀ ਰੂਟ ਰਾਹੀਂ ਅਮਰੀਕਾ ਵਿੱਚ ਦਾਖਲ ਹੋਏ ਸਨ। ਦੂਜੇ ਪਾਸੇ, ਜਿਹੜੇ ਨੌਜਵਾਨ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਵਿੱਚ ਕਾਨੂੰਨੀ ਤੌਰ ’ਤੇ ਜਾਂਦੇ ਹਨ, ਉਹ 12ਵੀਂ ਜਮਾਤ ਪਾਸ ਕਰਦੇ ਹੀ ਗ੍ਰੈਜੂਏਟ ਕੋਰਸਾਂ ਲਈ ਆਪਣੇ ਦੇਸ਼ ਤੋਂ ਦੂਰ ਚਲੇ ਜਾਂਦੇ ਹਨ। ਅੱਜ ਪੰਜਾਬ ਦੇ 25 ਲੱਖ ਲੋਕ ਵਿਦੇਸ਼ਾਂ ਵਿੱਚ ਰਹਿ ਰਹੇ ਹਨ। ਆਸਟ੍ਰੇਲੀਆ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 15 ਪ੍ਰਤੀਸ਼ਤ ਵਧੀ ਹੈ। ਕੈਨੇਡਾ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ 27 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਵਰਕ ਵੀਜ਼ੇ ’ਤੇ ਵਿਦੇਸ਼ ਜਾਣਾ ਹੁਣ ਮੁਸ਼ਕਿਲ ਹੈ।
ਹਰ ਸਾਲ 25 ਲੱਖ ਭਾਰਤੀ ਜਾਂਦੇ ਹਨ ਵਿਦੇਸ਼
ਘੱਟੋ-ਘੱਟ 22 ਫ਼ੀਸਦੀ ਅਮੀਰ ਭਾਰਤੀ ਇੱਥੇ ਰਹਿਣ-ਸਹਿਣ ਦੇ ਹਾਲਾਤ, ਵਿਦੇਸ਼ਾਂ ’ਚ ਬਿਹਤਰ ਜੀਵਨ ਪੱਧਰ ਅਤੇ ਦੂਜੇ ਦੇਸ਼ਾਂ ’ਚ ਆਸਾਨ ਕਾਰੋਬਾਰੀ ਮਾਹੌਲ ਵਰਗੇ ਕਾਰਕਾਂ ਕਾਰਨ ਦੇਸ਼ ਛੱਡਣਾ ਚਾਹੁੰਦੇ ਹਨ। 150 ਬਹੁਤ ਅਮੀਰ ਵਿਅਕਤੀਆਂ ’ਤੇ ਕੀਤੇ ਗਏ ਸਰਵੇਖਣ ’ਚ ਕਿਹਾ ਗਿਆ ਹੈ ਕਿ ਗੋਲਡਨ ਵੀਜ਼ਾ ਸਕੀਮ ਕਾਰਨ ਅਮਰੀਕਾ, ਬਰਤਾਨੀਆ, ਆਸਟ੍ਰੇਲੀਆ, ਕੈਨੇਡਾ ਅਤੇ ਇਥੋਂ ਤਕ ਕਿ ਯੂ.ਏ.ਈ. ਵੀ ਪਸੰਦੀਦਾ ਸਥਾਨ ਹਨ, ਜਿੱਥੇ ਅਮੀਰ ਲੋਕ ਵਸਣਾ ਚਾਹੁੰਦੇ ਹਨ।
ਦੇਸ਼ ਦੇ ਪ੍ਰਮੁੱਖ ਦੌਲਤ ਪ੍ਰਬੰਧਕ ਕੋਟਕ ਪ੍ਰਾਈਵੇਟ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਅਨੁਸਾਰ ਹਰ ਸਾਲ 25 ਲੱਖ ਭਾਰਤੀ ਦੂਜੇ ਦੇਸ਼ਾਂ ਵਿੱਚ ਜਾਂਦੇ ਹਨ। ਸਰਵੇਖਣ ਦੇ ਨਤੀਜਿਆਂ ਵਿੱਚ ਕਿਹਾ ਗਿਆ ਹੈ ਕਿ ਸਰਵੇਖਣ ਵਿੱਚ ਸ਼ਾਮਲ ਪੰਜ ਵਿਚੋਂ ਇੱਕ ਬਹੁਤ ਅਮੀਰ ਲੋਕ ਇਸ ਸਮੇਂ ਪ੍ਰਵਾਸ ਕਰਨ ਦੀ ਪ੍ਰਕਿਰਿਆ ਵਿੱਚ ਹਨ ਜਾਂ ਪ੍ਰਵਾਸ ਕਰਨ ਦੀ ਯੋਜਨਾ ਬਣਾ ਰਹੇ ਹਨ।
ਸਿੱਖ ਨੌਜਵਾਨਾਂ ’ਤੇ ਕਲਾਕਾਰਾਂ ਦਾ ਪ੍ਰਭਾਵ :
ਪੰਜਾਬੀ ਤੇ ਸਿੱਖ ਨੌਜਵਾਨਾਂ ’ਤੇ ਪੰਜਾਬੀ ਕਲਾਕਾਰਾਂ ਦਾ ਬਹੁਤ ਪ੍ਰਭਾਵ ਦਿਖਾਈ ਦਿੰਦਾ ਹੈ ਅਤੇ ਵੱਡੀ ਗਿਣਤੀ ਨੌਜਵਾਨ ਇਹਨਾਂ ਕਲਾਕਾਰਾਂ ਨੂੰ ਆਪਣਾ ਆਦਰਸ਼ ਮੰਨਦੇ ਹਨ ਅਤੇ ਇਹਨਾਂ ਕਲਾਕਾਰਾਂ ਵੱਲੋਂ ਪਾਇਆ ਜਾਂਦਾ ਪਹਿਰਾਵਾ ਵਰਗਾ ਪਹਿਰਾਵਾ ਪਾਉਣ ਦਾ ਯਤਨ ਕਰਦੇ ਹਨ। ਗਿੱਪੀ ਗਰੇਵਾਲ ਤੋਂ ਲੈ ਕੇ ਜੱਸੀ ਤੱਕ, ਬੱਬੂ ਮਾਨ ਤੋਂ ਲੈ ਕੇ ਗੁਰਦਾਸ ਮਾਨ ਤੱਕ, ਮਸ਼ਹੂਰ ਪੰਜਾਬੀ ਗਾਇਕ ਪੱਗਾਂ ਅਤੇ ਸਿੱਖ ਪਹਿਰਾਵੇ ਵਿੱਚ ਨਹੀਂ ਦਿਖਾਈ ਦਿੰਦੇ। ਮਨਮੋਹਨ ਵਾਰਸ, ਕਮਲ ਹੀਰ, ਹਨੀ ਸਿੰਘ, ਸ਼ੈਰੀ ਮਾਨ ਆਦਿ ਬਿਨਾਂ ਸ਼ੱਕ ਨੌਜਵਾਨਾਂ ਦੇ ਆਦਰਸ਼ ਹਨ ਪਰ ਉਹ ਪੱਗਾਂ ਨਹੀਂ ਬੰਨ੍ਹਦੇ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਲੱਖਾਂ ਵਿੱਚ ਹੈ ਤਾਂ ਸਵਾਲ ਇਹ ਉੱਠਦਾ ਹੈ ਕਿ ਕੀ ਇਸ ਸਾਰੇ ਵਿਦੇਸ਼ੀ ਚਮਕ-ਦਮਕ, ਗਲੈਮਰ ਅਤੇ ਡਾਲਰ ਦੀ ਚਮਕ ਦੇ ਵਿਚਕਾਰ, ਪੰਜਾਬੀ ਨੌਜਵਾਨ ਆਪਣੇ ਸੱਭਿਆਚਾਰ ਅਤੇ ਵਿਰਾਸਤ ਨੂੰ ਭੁੱਲ ਰਹੇ ਹਨ?
ਦੂਜੇ ਪਾਸੇ ਦਿਲਜੀਤ ਦੋਸਾਂਝ ਅਤੇ ਸਤਿੰਦਰ ਸਰਤਾਜ ਵਰਗੇ ਪੰਜਾਬੀ ਕਲਾਕਾਰ ਵੀ ਹਨ, ਜੋ ਕਿ ਪੱਗ ਬੰਨ੍ਹਦੇ ਹਨ। ਅਜਿਹੇ ਕਲਾਕਾਰਾਂ ਦਾ ਪ੍ਰਭਾਵ ਵੀ ਸਿੱਖ ਨੌਜਵਾਨਾਂ ’ਤੇ ਵੇਖਿਆ ਜਾ ਰਿਹਾ ਹੈ। ਅਜਿਹੇ ਕਲਾਕਾਰਾਂ ਕਰਕੇ ਕੁਝ ਆਸ ਦੀ ਕਿਰਨ ਵੀ ਦਿਖਾਈ ਦਿੰਦੀ ਹੈ। ਵਿਦੇਸ਼ਾਂ ਵਿੱਚ ਅਜਿਹੇ ਪੰਜਾਬੀ ਵੀ ਹਨ, ਜੋ ਵਿਦੇਸ਼ਾਂ ’ਚ ਹੀ ਜਨਮੇ ਹਨ, ਜਿਨ੍ਹਾਂ ਨੇ ਆਪਣੇ ਮਾਪਿਆਂ ਤੋਂ ਥੋੜ੍ਹੀ ਜਿਹੀ ਪੰਜਾਬੀ ਸੁਣੀ ਹੋਵੇਗੀ। ਉਹ ਵਿਦੇਸ਼ਾਂ ’ਚ ਦਿਲਜੀਤ ਦੋਸਾਂਝ ਦੇ ਸ਼ੋਅ ਦੀਆਂ ਮਹਿੰਗੀਆਂ ਟਿਕਟਾਂ ਵੀ ਖ਼ਰੀਦਦੇ ਹਨ ਅਤੇ ਤਿੰਨ-ਚਾਰ ਘੰਟੇ ਲਈ ਪੰਜਾਬੀ ਬਣ ਜਾਂਦੇ ਹਨ।ਹੁਣ, ਪੰਜਾਬੀ ਬਣਨ ਲਈ, ਤੁਹਾਨੂੰ ਪੰਜਾਬ ਵਿੱਚ ਪੈਦਾ ਹੋਣ ਦੀ ਲੋੜ ਨਹੀਂ ਹੈ, ਤੁਹਾਨੂੰ ਭਾਸ਼ਾ ਬੋਲਣ ਦੀ ਵੀ ਲੋੜ ਨਹੀਂ ਹੈ। ਇੱਥੇ ਸਿਰਫ਼ ਟਿਕਟ ਖਰੀਦਣ ਅਤੇ ਸ਼ਾਮਲ ਹੋਣ ਦਾ ਮਾਹੌਲ ਹੈ।
ਜਿਹੜੇ ਲੋਕ ਸੋਚਦੇ ਸਨ ਕਿ ਪੰਜਾਬੀ ਜਾਂ ਪੇਂਡੂ ਹੋਣਾ ਸ਼ਰਮ ਦੀ ਗੱਲ ਹੈ, ਦਿਲਜੀਤ ਨੇ ਉਨ੍ਹਾਂ ਦੀ ਸ਼ਰਮ ਦੂਰ ਕਰ ਦਿੱਤੀ ਹੈ ਅਤੇ ਉਹ ਆਪਣੇ ਹੱਥ ਨਾਲ ਆਪਣੀ ਛਾਤੀ ’ਤੇ ਹੱਥ ਮਾਰਦਾ ਹੈ ਅਤੇ ਜਲੰਧਰੀ ਲਹਿਜ਼ੇ ਵਿੱਚ ਕਹਿੰਦਾ ਹੈ, ‘ਇੱਥੇ ਆਓ, ਤੁਸੀਂ ਵੀ ਪੰਜਾਬੀ ਹੋ, ਪੰਜਾਬੀ ਹੋਣ ਦਾ ਆਨੰਦ ਮਾਣੋ।’
ਇਹ ਠੀਕ ਹੈ ਕਿ ਅੰਗਰੇਜ਼ੀ ਇੱਕ ਅੰਤਰਰਾਸ਼ਟਰੀ ਭਾਸ਼ਾ ਹੈ, ਜਿਸ ਦਾ ਅੱਜ ਦੇ ਮੁਕਾਬਲੇਬਾਜ਼ੀ ਦੇ ਯੁੱਗ ਵਿੱਚ ਗਿਆਨ ਹੋਣਾ ਬਹੁਤ ਜ਼ਰੂਰੀ ਹੈ, ਪਰ ਅੰਗਰੇਜ਼ੀ ਸਿੱਖਣ ਲਈ ਮਾਂ ਬੋਲੀ ਅਤੇ ਸੱਭਿਆਚਾਰ ਤੋਂ ਦੂਰ ਨਹੀਂ ਜਾਣਾ ਚਾਹੀਦਾ। ਵਿਦੇਸ਼ਾਂ ਵਿੱਚ ਅਜਿਹੇ ਵੀ ਪੰਜਾਬੀ ਤੇ ਸਿੱਖ ਹਨ, ਜੋ ਕਿ ਪੂਰੀ ਤਰ੍ਹਾਂ ਸਿੱਖੀ ਸਰੂਪ ਵਿੱਚ ਹਨ ਅਤੇ ਉਹਨਾਂ ਨੇ ਵਿਦੇਸ਼ਾਂ ਵਿੱਚ ਸਿੱਖ ਧਰਮ ਦਾ ਝੰਡਾ ਬੁਲੰਦ ਕੀਤਾ ਹੋਇਆ ਹੈ। ਪੰਜਾਬੀ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਦਸਤਾਰਧਾਰੀ ਸਿੱਖਾਂ ਨੂੰ ਆਪਣਾ ਆਦਰਸ਼ ਬਣਾਉਣ ਅਤੇ ਵਿਦੇਸ਼ਾਂ ਵਿੱਚ ਪੰਜਾਬੀ ਸੱਭਿਆਚਾਰ, ਵਿਰਾਸਤ, ਪਛਾਣ, ਮਾਂ ਬੋਲੀ ਤੇ ਭਾਈਚਾਰਕ ਸਾਂਝ ਨੂੰ ਬੁਲੰਦ ਰੱਖਣ।