ਚੀਨ ਜਵਾਬੀ ਟੈਕਸ ਵਾਪਸ ਲਏ : ਅਮਰੀਕਾ

In ਮੁੱਖ ਖ਼ਬਰਾਂ
April 08, 2025
ਵਾਸ਼ਿੰਗਟਨ/ਏ.ਟੀ.ਨਿਊਜ਼: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਵੱਲੋਂ ਲਗਾਇਆ ਗਿਆ ਜਵਾਬੀ ਸਰਹੱਦੀ ਟੈਕਸ ਵਾਪਸ ਨਾ ਲੈਣ ਦੀ ਸਥਿਤੀ ਵਿੱਚ ਵਾਧੂ ਟੈਕਸ ਲਗਾਉਣ ਦੀ ਧਮਕੀ ਦਿੱਤੀ ਹੈ। ਟਰੰਪ ਦੇ ਇਸ ਬਿਆਨ ਨਾਲ ਵਿਸ਼ਵ ਦੇ ਦੋ ਸਿਖਰਲੇ ਅਰਥਚਾਰਿਆਂ ਦਰਮਿਆਨ ਵਪਾਰਕ ਜੰਗ ਹੋਰ ਡੂੰਘੀ ਹੋਣ ਤੇ ਆਲਮੀ ਪੱਧਰ ’ਤੇ ਆਰਥਿਕ ਬੇਯਕੀਨੀ ਦਾ ਮਾਹੌਲ ਬਣਨ ਦਾ ਖ਼ਦਸ਼ਾ ਵਧ ਗਿਆ ਹੈ। ਟਰੰਪ ਨੇ ਸੋਸ਼ਲ ਮੀਡੀਆ ਮੰਚ ‘ਟਰੁੱਥ ਸੋਸ਼ਲ’ ਉੱਤੇ ਇੱਕ ਪੋਸਟ ਵਿੱਚ ਕਿਹਾ, ‘‘ਜੇ ਚੀਨ 34 ਫ਼ੀਸਦੀ ਦਾ ਵਾਧਾ ਵਾਪਸ ਨਹੀਂ ਲੈਂਦਾ ਤਾਂ ਅਸੀਂ ਚੀਨ ’ਤੇ 50 ਫ਼ੀਸਦੀ ਵਾਧੂ ਟੈਕਸ ਲਗਾਵਾਂਗੇ। ਇਸ ਦੇ ਨਾਲ ਹੀ ਟਰੰਪ ਨੇ ਚੀਨ ਨਾਲ ਸਾਰੀਆਂ ਤਜਵੀਜ਼ਤ ਬੈਠਕਾਂ ਸਮਾਪਤ ਕਰਨ ਦੀ ਧਮਕੀ ਦਿੱਤੀ ਹੈ। ਟਰੰਪ ਨੇ 2 ਅਪ੍ਰੈਲ ਨੂੰ ਚੀਨ ਅਤੇ ਭਾਰਤ ਸਮੇਤ ਕਰੀਬ 60 ਦੇਸ਼ਾਂ ’ਤੇ ਵਾਧੂ ਕਸਟਮ ਡਿਊਟੀ ਲਗਾਉਣ ਦਾ ਐਲਾਨ ਕੀਤਾ ਸੀ। ਅਮਰੀਕਾ ਨੇ ਚੀਨੀ ਉਤਪਾਦਾਂ ’ਤੇ 34 ਫ਼ੀਸਦੀ ਦੀ ਵਾਧੂ ਡਿਊਟੀ ਲਗਾਈ ਹੈ। ਇਸ ਦੇ ਜਵਾਬ ਵਿੱਚ ਚੀਨ ਨੇ ਵੀ ਅਮਰੀਕੀ ਦਰਾਮਦਾਂ ’ਤੇ 34 ਫ਼ੀਸਦੀ ਡਿਊਟੀ ਲਗਾਉਣ ਦਾ ਐਲਾਨ ਕੀਤਾ ਹੈ।

Loading