ਦਿਨ ਚੜਿ੍ਹਆ ਵਿਸਾਖੀ ਵਾਲ਼ਾ ਸੋਹਣਾ,
ਝੂਲਦੇ ਨਿਸ਼ਾਨ ਰਹਿਣ ਬਈ।
ਮੇਹਰਾਂ ਕਰੇ ਦਸਮੇਸ਼ ਮਨਮੋਹਣਾ,
ਝੂਲਦੇ ਨਿਸ਼ਾਨ ਰਹਿਣ ਬਈ।
ਦਿਨ ਚੜਿ੍ਹਆ ਵਿਸਾਖੀ...
ਕੇਸਗੜ੍ਹ ਤੰਬੂ ਵਿੱਚ ਸੋਲ੍ਹਾਂ ਸੌ ਨੜਿਨਵੇਂ
ਸਾਜੇ ਗੁਰਾਂ ਸਿੰਘ ਬਸ ਕੁੱਝ ਹੀ ਸੀ ਗਿਣਵੇਂ
ਜਿਨ੍ਹਾਂ ਰਜ਼ਾ ਵਿੱਚ ਸਿੱਖਿਆ ਖਲੋਣਾ,
ਝੂਲਦੇ ਨਿਸ਼ਾਨ ਰਹਿਣ ਬਈ।
ਦਿਨ ਚੜਿ੍ਹਆ ਵਿਸਾਖੀ...
ਸਾਜਿਆ ਆਨੰਦਪੁਰ ਵਿੱਚ ਪੰਥ ਖ਼ਾਲਸਾ
ਸ਼ੇਰਾਂ ਜੇਹੀ ਬਿਰਤੀ ਬਣਾਈ ਮੇਰੀ ਲਾਲਸਾ
ਮੇਰੇ ਮਾਹੀ ਜੇਹਾ ਹੋਰ ਨਹੀਂਓ ਹੋਣਾ,
ਝੂਲਦੇ ਨਿਸ਼ਾਨ ਰਹਿਣ ਬਈ।
ਦਿਨ ਚੜਿ੍ਹਆ ਵਿਸਾਖੀ...
ਰਾਜ ਰਹੂ ਖ਼ਾਲਸੇ ਦਾ ਸਦਾ ਸੰਸਾਰ ’ਤੇ
ਗੁਰਾਂ ਦੀਆਂ ਮੇਹਰਾਂ ਹਰ ਸਿੱਖ ਪ੍ਰੀਵਾਰ ’ਤੇ
ਸਾਡਾ ਉਮਰਾਂ ਦਾ ਮੇਟ ਦਿੱਤਾ ਰੋਣਾ,
ਝੂਲਦੇ ਨਿਸ਼ਾਨ ਰਹਿਣ ਬਈ।
ਦਿਨ ਚੜਿ੍ਹਆ ਵਿਸਾਖੀ...
ਦਿੰਦਾ ਹਾਂ ਵਧਾਈਆਂ ਮੈਂ ਵਿਸਾਖੀ ਦੀਆਂ ਸਭ ਨੂੰ
‘ਲੱਖੇ’ ਵਾਂਙੂੰ ਯਾਦ ਰੱਖੋ ਬਾਜ਼ਾਂ ਵਾਲ਼ੇ ਰੱਬ ਨੂੰ
ਮਨ ਨਾਮ ਵਾਲੀ ਮਾਲਾ ’ਚ ਪਰੋਣਾ,
ਝੂਲਦੇ ਨਿਸ਼ਾਨ ਰਹਿਣ ਬਈ।
ਦਿਨ ਚੜਿ੍ਹਆ ਵਿਸਾਖੀ...
ਲਖਵਿੰਦਰ ਸਿੰਘ ਲੱਖਾ ਸਲੇਮਪੁਰੀ
*******