ਇਸ ਗੱਲ ਸੱਚ ਹੈ ਕਿ ਮੁੱਢ ਕਦੀਮ ਹੀ ਲੜਾਈ ਦੇ ਤਿੰਨ ਕਾਰਨ ਜ਼ਰ ,ਜ਼ੋਰੂ ਤੇ ਜ਼ਮੀਨ ਮੰਨੇ ਗਏ ਹਨ।ਜ਼ਰ ਮਤਲਬ ਧਨ ਦੌਲਤ ਜ਼ੋਰੂ ਔਰਤ ਲਈ ਵਰਤਿਆ ਗਿਆ ਹੈ। ਜ਼ਮੀਨ ਭੂਮੀ ਦੀ ਮਾਲਕੀਅਤ ਕਰਕੇ ਲੜਾਈ ਹੁੰਦੀ ਹੈ। ਇਹਨਾਂ ਵਿਚੋਂ ਧਨ ਦੌਲਤ ਨੂੰ ਅੱਗੇ ਮੰਨਿਆ ਗਿਆ ਹੈ ਕਹਿੰਦੇ ਨੇ ਬਾਕੀ ਸਭ ਇਸ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ।ਅੱਜ ਹਰੇਕ ਵਿਅਕਤੀ ਚਾਹੁੰਦਾ ਹੈ ਕਿ ਮੇਰੇ ਕੋਲ ਧਨ ਦੌਲਤ ਹੋਵੇ।ਕੁਝ ਕਹਿੰਦੇ ਨੇ ਧਨ ਸਭ ਕੁਝ ਨਹੀਂ ਹੁੰਦਾ ਪਰ ਉਹ ਵੀ ਮੰਨਦੇ ਹਨ ਕਿ ਪੈਸਾ ਬਹੁਤ ਕੁਝ ਹੁੰਦਾ ਹੈ।ਇਸ ਨੂੰ ਹਾਸਲ ਕਰਨ ਲਈ ਮਨੁੱਖ ਹਰ ਹੱਦ ਤੱਕ ਜਾ ਰਿਹਾ ਹੈ।ਇਸ ਨੂੰ ਪ੍ਰਾਪਤ ਕਰਨ ਲਈ ਠੱਗੀ , ਮਿਲਾਵਟਖੋਰੀ ਅਤੇ ਡਕੈਤੀ, ਕਤਲ ਸਭ ਕੁਝ ਜਾਇਜ਼ ਮੰਨਿਆ ਜਾਣ ਲੱਗਾ ਹੈ।ਕੋਈ ਅਹੁਦਾ ਜਿੱਤ ਕੇ ਲੁੱਟੋ ਬਸ ਲੁੱਟੋ ਸਭ ਦਾ ਇਹੀ ਮਕਸਦ ਹੈ ।ਸਭ ਇਸ ਦੇ ਨਚਾਏ ਨੱਚੀ ਜਾਂਦੇ ਹਨ। ਤਾਹੀਂ ਕਿਹਾ ਜਾਂਦਾ ਹੈ ਕਿ ;
ਪੈਸਾ ਜਿਵੇਂ ਨਚਾਈ ਜਾਂਦਾ,
ਦੁਨੀਆਂ ਨੱਚੀ ਜਾਂਦੀ ਹੈ।
ਬਹੁਤੇ ਸਾਰੇ ਇਸ ਦੀ ਘਾਟ ਕਾਰਨ ਸਾਰੀ ਜ਼ਿੰਦਗੀ ਤੰਗੀ ਕਟਦੇ ਹਨ।ਇਸ ਦੇ ਵੱਧ ਆਉਣ ਨਾਲ ਇਸ ਪ੍ਰਤੀ ਤੁਸਟੀਗੁਣ ਨਹੀਂ ਘਟਦਾ, ਜਿੰਨ੍ਹਾਂ ਜ਼ਿਆਦਾ ਆਵੇ ਓਨੇ ਹੀ ਵੱਧ ਦੀ ਲਾਲਸਾ। ਕੁਝ ਕੋਲ ਕਿਸਮਤ ਛੱਪਰ ਪਾੜ ਕੇ ਪੈਸੇ ਦਿੰਦੀ ਹੈ।ਉਹ ਗੀਤ ਗਾਉਂਦੇ ਨੇ;
ਤੂੰ ਪੈਸਾ ਪੈਸਾ ਕਰਦੀ ਹੈ
ਪੈਸੇ ਦੀ ਲਗਾ ਦੂੰ ਢੇਰੀ।
ਧਰਮ-ਕਰਮ, ਭੋਗ, ਵਿਆਹ ਹਰ ਰਸਮ ਪੈਸੇ ਨਾਲ ਬੱਝੀ ਹੁੰਦੀ ਹੈ। ਵਿਆਹ ਸ਼ਾਦੀਆਂ ਵਿੱਚ ਪੈਸੇ ਕਰਕੇ ਬੁਕਤ ਹੁੰਦੀ ਹੈ।ਅੰਬਾਨੀ ਦੇ ਵਿਆਹ ਸਭ ਨੇ ਦੇਖੇ ਕਿਸ ਤਰ੍ਹਾਂ ਪੈਸਾ ਪਾਣੀ ਵਾਂਗ ਵਹਾਇਆ ਗਿਆ।
ਕਿਸੇ ਦੀ ਦੋ ਡੰਗ ਦੀ ਰੋਟੀ ਨੀ ਪੱਕਦੀ ਕਿਸੇ ਨੂੰ ਇਹ ਨੀ ਪਤਾ ਕਿ ਕਿਵੇਂ ਖਰਚ ਕੀਤਾ ਜਾਵੇ। ਗਰੀਬ ਨੂੰ ਧੀ ਵਿਆਹਾਉਣ ਦਾ ਫ਼ਿਕਰ ਅਮੀਰ ਨੂੰ ਇਹ ਫ਼ਿਕਰ ਕਿ ਕਿਵੇਂ ਦਿਖਾਇਆ ਜਾਵੇ ਕਿ ਮੇਰੇ ਕੋਲ ਕਿੰਨਾ ਰੁਪਿਆ ਹੈ।ਧੀ ਬਾਪ ਨੂੰ ਵਿਆਹ ਤੇ ਪੈਸਾ ਲਾਉਣ ਨੂੰ ਕਹਿੰਦੀ ਹੈ।
ਦਾਜ ਦੇ ਦਈ ਬਾਬਲਾ ਰੱਜ ਕੇ
ਖੜ੍ਹ ਖੜ੍ਹ ਦੇਖੇ ਦੁਨੀਆਂ।
ਸ਼ਗਨ ,ਸਾਕ,ਮੌਤ ਵਿਹਾਰ ਸਭ ਪੈਸੇ ਦੀ ਖੇਡ ਹੈ। ਪੰਜਾਬੀ ਵਿਆਹਾਂ ਵਿੱਚ ਤਾਂ ਭਾਂਤ ਭਾਂਤ ਦੀਆਂ ਬੋਲੀਆਂ ਵੀ ਪਾਈਆਂ ਜਾਂਦੀਆਂ ਹਨ;
ਜੀਜਾ ਵਾਰਕੇ ਦੁਆਨੀ ਖੋਟੀ
ਸਾਲ਼ੀਆਂ ਦਾ ਮਾਣ ਰੱਖ ਲੈ।
ਜੀਜਾ ਲੱਕ ਨੂੰ ਖੁਰਕਦਾ ਆਵੇ
ਮੇਰੇ ਭਾਣੇ ਪੈਸੇ ਖੋਲ੍ਹਦਾ।
ਜੀਜਾ ਜੇ ਪੈਸੇ ਹੈਨੀ
ਉਧਾਰੇ ਲੈ ਲੈ ਮੈਥੋਂ
ਮੈਨੂੰ ਦੇ ਦੀਂ ਭੈਣ ਵੇਚ।
ਧਾਵੇ ਧਾਵੇ ਧਾਵੇ
ਵਿਚ ਲੁੱਧਿਆਣੇ ਦੇ
ਮੇਰਾ ਜੀਜਾ ਕਾਰ ਚਲਾਵੇ
ਜੀਜੇ ਨੇ ਪਾਣੀ ਮੰਗਿਆ
ਸਾਲ਼ੀ ਭੱਜ ਕੇ ਗਲਾਸ ਫੜਾਵੇ
ਜੀਜਾ ਸਾਲ਼ੀ ਨੂੰ
ਗਿਣ ਗਿਣ ਨੋਟ ਫੜਾਵੇ।
ਸੰਸਾਰ ਨੂੰ ਵੀ ਮਾਇਆ ਕਿਹਾ ਗਿਆ ਹੈ।ਪੈਸਾ ਬੰਦਾ ਦਾ ਇੱਜ਼ਤ ਮਾਣ ਬਣਾ ਦਿੰਦਾ ਹੈ। ਉਸ ਨੂੰ ਸਲਾਮਾਂ ਹੁੰਦੀਆਂ ਹਨ।
ਮਾਇਆ ਤੇਰੇ ਤੀਨ ਨਾਮ
ਪਰਸ਼ੂ, ਪਰਸਾ,ਪਰਸਰਾਮ।
ਬਹੁਤਿਆਂ ਲਈ ਇਹ ਹੱਥਾਂ ਦੀ ਮੈਲ ਹੈ।ਉਹ ਕਹਿੰਦੇ ਨੇ ਤੰਦਰੁਸਤੀ , ਸੁੱਖ ਸ਼ਾਂਤੀ ਵੱਡੀ ਗੱਲ ਹੈ। ਪੈਸਾ ਆਉਂਦਾ ਜਾਂਦਾ ਰਹਿੰਦਾ ਹੈ। ਸ਼ਾਇਦ ਇਸੇ ਕਰਕੇ ਕਿਹਾ ਜਾਂਦਾ ਹੈ;
ਪੈਸਾ ਕਾਂ ਬਨੇਰੇ ਦਾ,
ਕਦੀ ਐਸ ਬਨੇਰੇ ਤੇ ਕਦੇ ਓਸ ਬਨੇਰੇ ਤੇ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੈਸੇ ਦੀ ਲਾਲਸਾ ਨੇ ਮਨੁੱਖ ਵਹਿਸ਼ੀ ਦਰਿੰਦਾ ਬਣਾ ਦਿੱਤਾ ਹੈ। ਅੱਜ ਇਸਨੇ ਸਮਾਜਿਕ ਤਾਣੇ ਬਾਣੇ ਨੂੰ ਉਲਝਾ ਦਿੱਤਾ ਹੈ। ਆਪਸੀ ਭਾਈਚਾਰੇ, ਮੋਹ ਪਿਆਰ ਸਾਡੇ ਕੋਲੋਂ ਦੂਰ ਚਲੇ ਗਏ ਹਨ।ਲੋਕ ਉਸ ਬੰਦੇ ਨੂੰ ਸਲਾਮਾਂ ਕਰਦੇ ਹਨ ,ਜਿਸ ਕੋਲ ਪੈਸਾ ਹੁੰਦਾ ਹੈ।ਇਸ ਨੂੰ ਕਮਾਉਣ ਲਈ ਵਿਦੇਸ਼ ਭੱਜ ਰਹੇ ਹਨ। ਧਾਰਮਿਕ ਗ੍ਰੰਥ ਝੂਠੇ ਪਾ ਦਿੱਤੇ ਹਨ।ਲੋਕ ਭੈਣ ਭਾਈਆਂ ਨਾਲ ਵਿਆਹ ਕਰਵਾਕੇ ਬਾਹਰ ਜਾ ਰਹੇ ਹਨ। ਅਮੀਰ ਹੋਰ ਅਮੀਰ ਤੇ ਗਰੀਬ ਦੇ ਦਰਵਾਜ਼ੇ ਪੈਸਾ ਦਸਤਕ ਨਹੀਂ ਦੇ ਰਿਹਾ।
ਪੈਸਾ ਕਮਾਉਣ ਲਈ ਸਭਿਆਚਾਰਕ ਮੇਲੇ ਕਰਵਾਏ ਜਾਂਦੇ ਹਨ। ਸਟੇਜਾਂ ਤੇ ਕੁੜੀਆਂ ਨੱਚਣ ਪਿੱਛੇ ਵੀ ਪੈਸਾ ਹੀ ਮਜਬੂਰੀ ਬਣ ਜਾਂਦਾ ਹੈ।
ਵਪਾਰੀ ਕਾਲਾ ਬਾਜ਼ਾਰੀ ਕਰਕੇ ਦਿਨ ਰਾਤ ਅਮੀਰ ਹੋ ਰਹੇ ਹਨ। ਪ੍ਰਾਪਰਟੀ ਡੀਲਰ ਤੁਹਾਨੂੰ ਵੱਡੇ ਵੱਡੇ ਸੁਪਣੇ ਦਿਖਾ ਦਿਨੋਂ ਦਿਨ ਪਲਾਟਾਂ ਦੀ ਧੂੜ ਪੱਟੀ ਆਉਂਦੇ ਹਨ। ਮੈਡੀਕਲ ਲਾਇਨ ਵਿੱਚ ਤਾਂ ਬੇੜਾ ਗ਼ਰਕ ਗਿਆ ਹੈ। ਮੋਟੇ ਮੋਟੇ ਕਮੀਸ਼ਨ ਖਾਧੇ ਜਾਂਦੇ ਹਨ। ਲੋਕਾਂ ਦੀਆਂ ਮਰੀਜ਼ ਨੂੰ ਦੱਸੇ ਬਿਨਾਂ ਕਿਡਨੀਆਂ ਵੇਚਣ ਤੱਕ ਦੇ ਕਾਂਡ ਵਾਪਰ ਗਏ ਹਨ। ਐਵੇਂ ਵੱਡੇ ਵੱਡੇ ਅਪਰੇਸ਼ਨ ਕਰਕੇ ਲੁੱਟਿਆ ਜਾ ਰਿਹਾ ਹੈ।ਇਹ ਇੱਕ ਵੱਡਾ ਵਪਾਰ ਬਣ ਗਿਆ ਹੈ।ਦਵਾਈਆਂ,ਟੈਸਟ, ਅਪਰੇਸ਼ਨ ਕਰੋਨਾ ਕਾਲ ਵਿੱਚ ਆਹੂ ਲਾਹ ਦਿੱਤੇ ਗਏ।ਸਭ ਪੈਸੇ ਦੀ ਖੇਡ ਹੈ ਕਿ ਅਧਿਆਪਕ ਸਕੂਲ ਨਾ ਪੜ੍ਹਾਕੇ ਘਰ ਟਿਊਸ਼ਨਾਂ ਤੇ ਜ਼ੋਰ ਦੇ ਰਹੇ ਹਨ।
ਪੈਸਾ ਕਮਾਉਣ ਲਈ ਨਕਲੀ ਦਵਾਈਆਂ, ਸਬਜ਼ੀਆਂ ,ਨਕਲੀ ਪਨੀਰ,ਨਕਲੀ ਮਠਿਆਈ,ਨਕਲੀ ਦੁੱਧ,ਘਿਓ ਹੋਂਦ ਵਿੱਚ ਆ ਗਏ ਹਨ। ਆਉਣ ਵਾਲੀਆਂ ਪੀੜ੍ਹੀਆਂ ਇਸ ਦਾ ਖਮਿਆਜ਼ਾ ਭੁਗਤਣਗੀਆਂ। ਪੈਸੇ ਦੇ ਲਾਲਚ ਵਿੱਚ ਨਾ ਮਿੱਟੀ, ਨਾਂ ਪਾਣੀ ਤੇ ਨਾ ਵਾਤਾਵਰਨ ਸਾਫ ਛੱਡਿਆ ਹੈ।
ਸਰਕਾਰਾਂ ਦੀ ਸ਼ਹਿ ਤੇ ਬੈਂਕਾਂ ਦਾ ਪੈਸਾ ਲੈਕੇ ਭੱਜਣ ਵਾਲੇ ਲੋਕ ਬੈਂਕਾਂ ਦੀ ਰਾਮ ਰਾਮ ਸੱਤ ਕਰ ਗਏ ਹਨ। ਸਰਕਾਰਾਂ ਵਿੱਚ ਬੈਠਿਆਂ ਨੂੰ ਆਪਣੇ ਬੱਚਿਆਂ ਦੀ ਹੈ ।ਹੋਰ ਕੋਈ ਮਰੇ ਕੋਈ ਜੀਵੇ ਕੋਈ ਫਰਕ ਨਹੀਂ ਪੈਂਦਾ। ਦਫਤਰ ਵਿਚ ਕੰਮ ਕਰਵਾਉਣ ਲਈ ਚਾਂਦੀ ਦੀ ਜੁੱਤੀ ਮਾਰੀ ਜਾਂਦੀ ਹੈ। ਪੈਸੇ ਬਿਨਾਂ ਨਾ ਇਨਸਾਫ, ਨਾ ਕੋਈ ਕੰਮ ਪੂਰਾ ਹੁੰਦਾ ਹੈ। ਜੱਜ ਦੇ ਘਰੋਂ ਕਰੋੜਾਂ ਰੁਪਏ ਮਿਲਣਾ ਨਿਆਂ ਪਾਲਿਕਾ ਨੂੰ ਸ਼ੱਕ ਦੇ ਘੇਰੇ ਵਿੱਚ ਲੈਂਦਾ ਹੈ। ਕਿਧਰੇ ਤੋਪਾਂ ਦੇ ਘਪਲੇ, ਫੌਜੀਆਂ ਦੇ ਤਾਬੂਤ, ਯੂਰੀਆ ਦੀ ਠੱਗੀ ,ਨਕਲੀ ਬੀਜ ਸਭ ਪੈਸੇ ਲਈ। ਇਲੈਕਸ਼ਨ ਜਿੱਤਣ ਲਈ ਦੱਬ ਕੇ ਪੈਸਾ ਵਹਾਇਆ ਜਾਂਦਾ ਹੈ।ਧਨਾਢ ਲੋਕ ਸਰਕਾਰਾਂ ਬਣਾਉਂਦੇ ਹਨ। ਸਰਕਾਰਾਂ ਦੀਆਂ ਪਾਲਿਸੀਆਂ ਪ੍ਰਭਾਵਿਤ ਕਰਦੇ ਹਨ ਅਤੇ ਫਿਰ ਹੋਰ ਪੈਸਾ ਕਮਾਉਂਦੇ ਹਨ।
ਅੱਜਕਲ੍ਹ ਬਾਬਿਆਂ ਦੀ ਚੜ੍ਹਾਈ ਹੈ। ਭਾਂਤ ਭਾਂਤ ਦੇ ਬਾਬੇ ਹੋਂਦ ਵਿੱਚ ਆ ਗਏ ਹਨ। ਲੋਕਾਂ ਨੂੰ ਵਹਿਮਾਂ ਵਿੱਚ ਪਾਕੇ ਆਪਣੀ ਜੇਬ ਗਰਮ ਕਰਦੇ ਹਨ।ਉਸੇ ਪੈਸੇ ਦੇ ਸਿਰ ਤੇ ਆਪ ਐਸ ਕਰਦੇ ਹਨ।
ਸੋਸ਼ਲ ਮੀਡੀਆ ਤੇ ਮਸ਼ਹੂਰ ਹੋਣ ਲਈ ਤੇ ਪੈਸਾ ਕਮਾਉਣ ਲਈ ਨੰਗੇਜ਼ ਵਧ ਗਿਆ ਹੈ। ਲੜਕੀਆਂ, ਲੜਕੇ ਅਤੇ ਔਰਤਾਂ ਸਭ ਮਰਿਯਾਦਾਵਾਂ ਦੀ ਹੱਦ ਟੱਪ ਰਹੇ ਹਨ । ਨਸ਼ੇ ਦੇ ਵਪਾਰੀ ਪੈਸੇ ਲਈ ਨੌਜਵਾਨ ਪੀੜ੍ਹੀ ਨੂੰ ਖਤਮ ਕਰ ਰਹੇ ਹਨ।ਸਮਾਜ ਵਿੱਚ ਗੰਧਲਾਪਣ ਭਰ ਗਿਆ ਹੈ।
ਕੁੰਭ ਦਾ ਮੇਲਾ ਕਿਸੇ ਲਈ ਸ਼ਰਧਾ ਸੀ ਤੇ ਕਿਸੇ ਲਈ ਲੁੱਟ ਦਾ ਸਾਧਨ। ਸਰਕਾਰਾਂ ਨੇ ਵੀ ਹੱਥ ਰੰਗ ਲਏ।
ਭਾਵੇਂ ਸਭ ਇਹ ਮੰਨਦੇ ਹਨ ਕਿ ਪੈਸਾ ਕਿਸੇ ਦੇ ਨਾਲ ਨਹੀਂ ਜਾਣਾ।ਰਾਜੇ ਮਹਾਰਾਜੇ ਸਭ ਇਥੇ ਹੀ ਛੱਡ ਗਏ ਹਨ।ਪਰ ਫਿਰ ਵੀ ਪਾਪਾਂ ਨਾਲ ਮਾਇਆ ਦਿਨ ਰਾਤ ਇਕੱਠੀ ਕੀਤੀ ਜਾ ਰਹੀ ਹੈ। ਗੁਰਬਾਣੀ ਵਿੱਚ ਵੀ ਲਿਖਿਆ ਗਿਆ ਹੈ;
ਪਾਪਾਂ ਬਾਝਹੁ ਹੋਇ ਨਾਹੀਂ,
ਮੁਇਆਂ ਸਾਥ ਨਾਂ ਜਾਈ।
ਬੰਦੇ ਨਾਲ ਇਸ ਨੇ ਜਾਣਾ ਨਹੀਂ ਇਸ ਕਰਕੇ ਮਿਹਨਤ ਕਰਕੇ ਕਮਾਓ ਨਾ ਕਿ ਠੱਗੀਆਂ ਮਾਰਕੇ। ਸਾਡੇ ਬਜ਼ੁਰਗਾਂ ਨੇ ਸਾਨੂੰ ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਨ ਦੀ ਪ੍ਰੇਰਨਾ ਦਿੱਤੀ ਹੈ। ਪੈਸਾ ਬਹੁਤ ਕੁਝ ਹੁੰਦਾ ਹੈ ਪਰ ਸਭ ਕੁਝ ਨਹੀਂ।
ਜਗਤਾਰ ਸਿੰਘ ਮਾਨਸਾ