ਪੰਜਾਬ ਦੀ ਪਛਾਣ ਦੁੱਧ ਤੇ ਦੇਸੀ ਘਿਓ ਨਾਲ ਹੈ। ਦੁੱਧ ਅਤੇ ਪੁੱਤ ਪੰਜਾਬ ਦੇ ਹਰ ਘਰ ਦੀ ਸ਼ਾਨ ਹੋਇਆ ਕਰਦੇ ਸਨ। ਉਸ ਸਮੇਂ ਦੁੱਧ ਵੇਚਣ ਨੂੰ ਚੰਗਾ ਨਹੀਂ ਸੀ ਸਮਝਿਆ ਜਾਂਦਾ ਅਤੇ ਘਰ ਆਏ ਮਹਿਮਾਣਾਂ ਦੀ ਆਓ ਭਗਤ ਵੀ ਦੁੱਧ ਤੇ ਲੱਸੀ ਨਾਲ ਕੀਤੀ ਜਾਂਦੀ ਸੀ। ਸਮਾਂ ਬਦਲਿਆ ਅਤੇ ਸਾਡਾ ਦੁੱਧ ਘਰਾਂ ਦੀਆਂ ਚਾਟੀਆਂ ਵਿਚੋਂ ਨਿਕਲ ਕੇ ਦੋਧੀਆਂ ਦੇ ਢੋਲਾਂ ਵਿੱਚ ਪੈਣ ਲੱਗਿਆ। ਪੰਜਾਬ ਵਿੱਚ ਦੁਧਾਰੂ ਪਸ਼ੂਆਂ ਦੀ ਗਿਣਤੀ ਘਟਦੀ ਗਈ ਤੇ ਦੁੱਧ ਦੀ ਮੰਗ ਵਧਦੀ ਗਈ। ਪੇਂਡੂ ਅਰਥਚਾਰੇ ’ਚ ਰੋਜ਼ੀ-ਰੋਟੀ ਦੇ ਵਸੀਲੇ ਵਜੋਂ ਪਸ਼ੂ ਪਾਲਣ ਦਾ ਧੰਦਾ ਅਹਿਮ ਭੂਮਿਕਾ ਨਿਭਾਉਂਦਾ ਹੈ। ਪੰਜਾਬ ’ਚ ਮੱਝਾਂ ਦੇ ਦੁੱਧ ਦਾ ਵਪਾਰਕ ਕੰਮ ਜ਼ਿਆਦਾ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਗਊਆਂ ਅਤੇ ਬੱਕਰੀਆਂ ਨੂੰ ਵੀ ਦੁਧਾਰੂ ਪਸ਼ੂਆਂ ਵਜੋਂ ਪਾਲਿਆ ਜਾਂਦਾ ਹੈ ਅਤੇ ਮੱਝਾਂ ਦੇ ਦੁੱਧ ਵਾਂਗੂੰ ਹੀ ਗਊਆਂ ਅਤੇ ਬੱਕਰੀਆਂ ਦਾ ਦੁੱਧ ਵੀ ਵੇਚਿਆ ਜਾਂਦਾ ਹੈ। ਹੁਣ ਪਿੰਡਾਂ ਦੇ ਲੋਕਾਂ ਵਿੱਚ ਪਸ਼ੂ ਪਾਲਣ ਤੋਂ ਮੋਹ ਭੰਗ ਹੋ ਰਿਹਾ ਹੈ, ਜਿਸ ਕਰਕੇ ਦੁੱਧ ਦੀ ਪੈਦਾਵਾਰ ਘੱਟ ਹੋ ਰਹੀ ਹੈ, ਪਰ ਇਸ ਦੇ ਬਾਵਜੂਦ ਪੰਜਾਬ ਵਿੱਚ ਭਾਰੀ ਮਾਤਰਾ ਵਿੱਚ ਵਿਕ ਰਿਹਾ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਕਈ ਸਵਾਲ ਖੜੇ ਕਰਦੇ ਹਨ। ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਇਸ ਕਿੱਤੇ ਅਤੇ ਮਾਮਲੇ ਵਿੱਚ ਕੋਈ ਘਾਲਾ ਮਾਲਾ ਹੋ ਰਿਹਾ ਹੈ। ਇਸੇ ਕਾਰਨ ਹੀ ਪੰਜਾਬ ਵਿੱਚ ਕਈ ਥਾਂਵਾਂ ’ਤੇ ਨਕਲੀ ਦੁੱਧ, ਨਕਲੀ ਦੁੱਧ ਤੋਂ ਬਣੇ ਪਦਾਰਥ ਅਤੇ ਮਿਲਾਵਟੀ ਦੁੱਧ ਦੇ ਮਾਮਲੇ ਪਿਛਲੇ ਸਮੇਂ ਦੌਰਾਨ ਉਭਰ ਕੇ ਸਾਹਮਣੇ ਆਏ ਹਨ।
ਪਿਛਲੇ 15 ਮਹੀਨਿਆਂ ’ਚ ਦੁੱਧ ਦੀ ਕੀਮਤ ’ਚ ਕਾਫ਼ੀ ਵਾਧਾ ਹੋਇਆ ਹੈ। ਮਾਹਿਰਾਂ ਦੀ ਮੰਨੀਏ ਤਾਂ ਇਹ ਵਾਧਾ ਭਵਿੱਖ ਵਿੱਚ ਵੀ ਜਾਰੀ ਰਹਿ ਸਕਦਾ ਹੈ। ਵਿੱਤੀ ਸਾਲ 2022-23 ਵਿੱਚ ਭਾਰਤ ਵਿੱਚ ਦੁੱਧ ਉਤਪਾਦਨ ਵਿੱਚ ਕੋਈ ਵਾਧਾ ਨਹੀਂ ਹੋਇਆ। ਉਸ ਸਮੇਂ ਪਸ਼ੂਆਂ ਵਿੱਚ ਲੰਪੀ ਬਿਮਾਰੀ ਕਾਰਨ ਦੁੱਧ ਦਾ ਉਤਪਾਦਨ ਪ੍ਰਭਾਵਿਤ ਹੋਇਆ ਜਦੋਂ ਕਿ ਇਸ ਦੌਰਾਨ ਮੰਗ ਵਿੱਚ 8 ਤੋਂ 10 ਫੀਸਦੀ ਦਾ ਵਾਧਾ ਹੋਇਆ। ਸਰਕਾਰੀ ਅੰਕੜਿਆਂ ਮੁਤਾਬਕ ਸਾਲ 2021-22 ’ਚ ਦੇਸ਼ ’ਚ ਦੁੱਧ ਦਾ ਉਤਪਾਦਨ 6.25 ਫੀਸਦੀ ਵਧ ਕੇ 221 ਮਿਲੀਅਨ ਟਨ ਹੋ ਗਿਆ। ਇਸ ਤੋਂ ਪਹਿਲਾਂ 2020-21 ਵਿੱਚ ਇਹ 208 ਮਿਲੀਅਨ ਟਨ ਸੀ।
ਦੁੱਧ ਦੀਆਂ ਕੀਮਤਾਂ ’ਚ ਵਾਧੇ ਦੇ ਕਾਰਨ :
ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਚਾਰੇ ਦੀਆਂ ਉੱਚੀਆਂ ਕੀਮਤਾਂ, ਕੁਝ ਸਾਲ ਪਹਿਲਾਂ ਮਹਾਂਮਾਰੀ ਦੇ ਕਾਰਨ ਦੁਧਾਰੂ ਪਸ਼ੂਆਂ ਦੀ ਘਾਟ ਅਤੇ ਉਤਪਾਦਕਤਾ ਵਿੱਚ ਆਈ ਗਿਰਾਵਟ ਨੇ ਦੇਸ਼ ਦੇ ਲਗਭਗ ਸਾਰੇ ਖੇਤਰਾਂ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਕੀਤਾ ਹੈ, ਜਿਸ ਨਾਲ ਭੋਜਨ ਦੀ ਅਟੁੱਟਤਾ ਪੈਦਾ ਹੋ ਗਈ ਹੈ। ਦੇਸ਼ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ।
ਕੁਝ ਸਮਾਂ ਪਹਿਲਾਂ ਅਮੁਲ ਬ੍ਰਾਂਡ ਨੇ ਦੁੱਧ ਦੀਆਂ ਕੀਮਤਾਂ ਵਧਾ ਦਿੱਤੀਆਂ ਸਨ। ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਦਾ ਕਹਿਣਾ ਸੀ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਉਤਪਾਦਨ ਲਾਗਤ ਤੋਂ ਵੱਧ ਭੁਗਤਾਨ ਕਰਨ ਲਈ ਪ੍ਰਚੂਨ ਕੀਮਤਾਂ ਵਿੱਚ ਕਈ ਗੁਣਾ ਵਾਧਾ ਕੀਤਾ ਗਿਆ ਸੀ।ਇਸ ਤੋਂ ਇਲਾਵਾ ਮਦਰ ਡੇਅਰੀ ਅਤੇ ਵੇਰਕਾ ਵੱਲੋਂ ਵੀ ਦੁੱਧ ਦੀਆਂ ਕੀਮਤਾਂ ’ਚ ਵਾਧਾ ਕੀਤਾ ਗਿਆ। ਮੱਝਾਂ ਪਾਲਣ ਦੇ ਲਾਗਤ ਖ਼ਰਚੇ ਕਾਫ਼ੀ ਵਧ ਗਏ ਹਨ ਅਤੇ ਹੁਣ ਆਮ ਪਸ਼ੂ ਪਾਲਕਾਂ ’ਚ ਮੱਝਾਂ ਨੂੰ ਪਾਲ ਕੇ ਦੁੱਧ ਵੇਚਣ ਦਾ ਰੁਝਾਨ ਘਟਿਆ ਹੈ।
ਦੁਨੀਆਂ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਭਾਰਤ :
ਭਾਰਤ 2021-22 ਵਿੱਚ 221 ਮਿਲੀਅਨ ਟਨ ਦੇ ਅਨੁਮਾਨਿਤ ਉਤਪਾਦਨ ਦੇ ਨਾਲ ਦੁਨੀਆਂ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਬਣ ਗਿਆ ਸੀ ਪਰ ਇਸ ਤੋਂ ਬਾਅਦ ਵੀ ਦੁੱਧ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋ ਰਿਹਾ ਹੈ। ਇਸ ਪਿੱਛੇ ਕੀ ਕਾਰਨ ਹੈ? ਰੂਸ -ਯੂਕ੍ਰੇਨ ਜੰਗ ਕਾਰਨ ਪੈਦਾ ਹੋਈ ਵਿਸ਼ਵ-ਵਿਆਪੀ ਅਨਾਜ ਦੀ ਘਾਟ ਕਾਰਨ ਭਾਰਤ ਤੋਂ ਟੁੱਟੇ ਹੋਏ ਚੌਲਾਂ ਅਤੇ ਕਣਕ ਦੀ ਰਹਿੰਦ-ਖੂੰਹਦ ਦੀ ਬਹੁਤ ਜ਼ਿਆਦਾ ਬਰਾਮਦ ਹੋਈ, ਜਿਸ ਨਾਲ ਚਾਰੇ ਦੀ ਕਮੀ ਹੋ ਗਈ। ਇਸ ਨਾਲ ਮੱਕੀ ਦੇ ਭਾਅ ਵਧ ਗਏ ਹਨ। ਕੁੱਲ ਮਿਲਾ ਕੇ, 2021 ਤੋਂ ਚਾਰੇ ਦੀਆਂ ਕੀਮਤਾਂ ਵਿੱਚ ਲਗਭਗ 21% ਦਾ ਵਾਧਾ ਹੋਇਆ ਹੈ।
ਪਸ਼ੂਆਂ ਦੀਆਂ ਬਿਮਾਰੀਆਂ ਦੀ ਭੂਮਿਕਾ :
ਇੱਕ ਘਾਤਕ ਵਾਇਰਲ ਇਨਫੈਕਸ਼ਨ ਕਾਰਨ ਹੋਣ ਵਾਲੀ ਲੂਪੀ ਡਰਮੇਟਾਇਟਸ ਨੇ ਦੋ- ਤਿੰਨ ਸਾਲ ਪਹਿਲਾਂ ਇੱਕ ਮਹਾਂਮਾਰੀ ਦਾ ਰੂਪ ਲੈ ਲਿਆ ਸੀ।ਅੰਦਾਜ਼ਾ ਹੈ ਕਿ ਅੱਠ ਰਾਜਾਂ ਵਿੱਚ ਇਸ ਕਾਰਨ ਲਗਭਗ 185,000 ਗਾਵਾਂ ਅਤੇ ਮੱਝਾਂ ਦੀ ਮੌਤ ਹੋ ਗਈ ਸੀ।
ਪੰਜਾਬ ’ਚ ਪੰਛੀਆਂ ਵਾਂਗੂੰ ਪਸ਼ੂਆਂ ਦੀ ਗਿਣਤੀ ਵੀ ਘਟੀ
ਪੰਜਾਬ ਵਿੱਚੋਂ ਘਰੇਲੂ ਚਿੜੀਆਂ ਸਮੇਤ ਕਈ ਕਿਸਮਾਂ ਦੇ ਪੰਛੀ ਅਲੋਪ ਹੋ ਚੁੱਕੇ ਹਨ, ਉਸੇ ਤਰ੍ਹਾਂ ਹੁਣ ਪੰਜਾਬ ’ਚ ਪਸ਼ੂਆਂ ਦੀ ਗਿਣਤੀ ਵੀ ਘਟਣੀ ਸ਼ੁਰੂ ਹੋ ਗਈ ਹੈ। ਕਰੀਬ ਤਿੰਨ ਦਹਾਕਿਆਂ ’ਚ ਮੱਝਾਂ ਦੀ ਗਿਣਤੀ ’ਚ ਕਰੀਬ 25 ਲੱਖ ਦੀ ਕਮੀ ਆ ਗਈ ਹੈ। ਪਸ਼ੂ ਪਾਲਣ ਵਿਭਾਗ ਦੀ 21ਵੀਂ ਪਸ਼ੂ-ਧਨ ਗਣਨਾ ਦੇ ਮੁੱਢਲੇ ਤੱਥ ਸਮੁੱਚੇ ਪਸ਼ੂ-ਧਨ ’ਚ 5.78 ਲੱਖ ਦੀ ਗਿਰਾਵਟ ਦਰਜ ਕੀਤੇ ਜਾਣ ਦੀ ਗਵਾਹੀ ਭਰਦੇ ਹਨ। ਮੁੱਢਲੀ ਰਿਪੋਰਟ ਅਨੁਸਾਰ ਪੰਜਾਬ ’ਚ ਕੁੱਲ ਪਸ਼ੂ ਧਨ 68.03 ਲੱਖ ਰਹਿ ਗਿਆ ਹੈ ਜੋ ਸਾਲ 2019 ਵਿੱਚ 73.81 ਲੱਖ ਸੀ। ਕੇਂਦਰੀ ਪਸ਼ੂ ਪਾਲਣ ਮੰਤਰਾਲੇ ਵੱਲੋਂ ਹਰ ਪੰਜ ਸਾਲ ਬਾਅਦ ਪਸ਼ੂਆਂ ਦੀ ਗਿਣਤੀ ਕਰਵਾਈ ਜਾਂਦੀ ਹੈ। ਪੰਜਾਬ ਵਿੱਚ ਪਸ਼ੂਆਂ ਦੀ ਗਿਣਤੀ ਦਾ ਕੰਮ ਨਵੰਬਰ 2024 ਤੋਂ ਸ਼ੁਰੂ ਹੋਇਆ ਸੀ ਜੋ ਹੁਣ ਅੰਤਿਮ ਪੜਾਅ ’ਤੇ ਹੈ। ਕੇਂਦਰ ਸਰਕਾਰ ਨੇ 15 ਅਪ੍ਰੈਲ ਤੱਕ ਇਹ ਗਿਣਤੀ ਮੁਕੰਮਲ ਕਰਨ ਵਾਸਤੇ ਕਿਹਾ ਹੈ।
੍ਵਪੰਜਾਬ ਵਿੱਚ ਇਸ ਵੇਲੇ 34.93 ਲੱਖ ਮੱਝਾਂ ਰਹਿ ਗਈਆਂ ਹਨ ਜਦੋਂ ਕਿ ਸਾਲ 2019 ਵਿੱਚ 40.15 ਲੱਖ ਮੱਝਾਂ ਸਨ। ਮੱਝਾਂ ਦੀ ਹਰ ਸਾਲ ਔਸਤਨ ਇੱਕ ਲੱਖ ਗਿਣਤੀ ਘਟ ਰਹੀ ਹੈ। ਮੁੱਢਲੇ ਅੰਕੜੇ ਅਨੁਸਾਰ ਸਾਲ 1992 ਵਿੱਚ ਪੰਜਾਬ ’ਚ 60.08 ਲੱਖ ਮੱਝਾਂ ਸਨ। ਸਾਲ 1997 ਵਿੱਚ ਉਨ੍ਹਾਂ ਦੀ ਗਿਣਤੀ ਥੋੜ੍ਹੀ ਵਧ ਕੇ 61.71 ਹੋ ਗਈ ਸੀ। ਉਸ ਮਗਰੋਂ ਸਾਲ 2003 ਵਿੱਚ ਸੂਬੇ ਵਿੱਚ 59.94 ਲੱਖ ਮੱਝਾਂ ਅਤੇ ਸਾਲ 2007 ਵਿੱਚ 50.01 ਲੱਖ ਮੱਝਾਂ ਰਹਿ ਗਈਆਂ ਸਨ।
ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਦਾ ਕਹਿਣਾ ਹੈ ਕਿ ਸੂਬੇ ’ਚ ਦੁੱਧ ਦੀ ਪੈਦਾਵਾਰ ’ਚ ਕੋਈ ਕਮੀ ਨਹੀਂ ਆਈ ਹੈ ਕਿਉਂਕਿ ਪਸ਼ੂ ਪਾਲਕ ਹੁਣ ਵੱਧ ਦੁੱਧ ਦੇਣ ਵਾਲੀ ਨਸਲ ਦੇ ਪਸ਼ੂ ਪਾਲਣ ਲੱਗੇ ਹਨ। ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਪਸ਼ੂ-ਧਨ ਗਣਨਾ ਦੀ ਅੰਤਿਮ ਰਿਪੋਰਟ ਮਗਰੋਂ ਸਥਿਤੀ ਬਿਲਕੁਲ ਸਾਫ਼ ਹੋ ਜਾਵੇਗੀ।
ਪੰਜਾਬ ’ਚ ਦੁੱਧ ਤੇ ਹੋਰ ਪਦਾਰਥਾਂ ਵਿੱਚ ਮਿਲਾਵਟ 7 ਫ਼ੀਸਦੀ ਵਧੀ
* 2024-25 ਦੌਰਾਨ ਭੋਜਨ ਦੇ 22 ਫ਼ੀਸਦੀ ਨਮੂਨੇ ਹੋਏ ਫ਼ੇਲ੍ਹ
* ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ਼ ਇੰਡੀਆ ਦੀ ਰਿਪੋਰਟ ਵਿੱਚ ਖ਼ੁਲਾਸਾ
ਪੰਜਾਬ ਵਿੱਚ ਪਿਛਲੇ ਇੱਕ ਸਾਲ ਦੌਰਾਨ ਦੁੱਧ, ਦੁੱਧ ਤੋਂ ਬਣੇ ਪਦਾਰਥਾਂ, ਮਠਿਆਈਆਂ, ਤੇਲ ਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਵਿੱਚ ਮਿਲਾਵਟ 7 ਫ਼ੀਸਦੀ ਵਧੀ ਹੈ। ਦੁੱਧ ਦੀ ਮਾਤਰਾ ਤੇ ਮਿਆਦ ਵਧਾਉਣ ਲਈ ਬੇਈਮਾਨ ਅਨਸਰ ਇਸ ’ਚ ਡਿਟਰਜੈਂਟ, ਯੂਰੀਆ, ਸਟਾਰਚ, ਗਲੂਕੋਜ਼ ਤੇ ਫੋਰਮਾਲਿਨ ਮਿਲਾਉਂਦੇ ਹਨ। 2024-25 ਵਿੱਚ ਪੰਜਾਬ ਵਿੱਚ 22 ਫ਼ੀਸਦੀ ਭੋਜਨ ਦੇ ਨਮੂਨੇ ਫ਼ੇਲ੍ਹ ਪਾਏ ਗਏ ਜਦਕਿ 2023-24 ਵਿੱਚ 15 ਫ਼ੀਸਦੀ ਨਮੂਨੇ ਫ਼ੇਲ੍ਹ ਹੋਏ ਸਨ । ਖਾਣ-ਪੀਣ ਦੀਆਂ ਵਸਤਾਂ ਵਿੱਚ ਖ਼ਤਰਨਾਕ ਮਿਲਾਵਟ ਕੈਂਸਰ, ਜਿਗਰ ਤੇ ਗੁਰਦੇ ਨਾਲ ਸਬੰਧਿਤ ਬਿਮਾਰੀਆਂ ਤੋਂ ਇਲਾਵਾ ਦਸਤ, ਐਲਰਜੀ, ਮਤਲੀ ਤੇ ਸ਼ੂਗਰ ਨੂੰ ਜਨਮ ਦੇ ਰਹੀ ਹੈ। ਇਹ ਖ਼ੁਲਾਸਾ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ਼ ਇੰਡੀਆ (ਐਫ਼.ਐਸ.ਏ.ਏ.ਆਈ.) ਦੀ ਰਿਪੋਰਟ ਵਿੱਚ ਹੋਇਆ ਹੈ। ਰਿਪੋਰਟ ਅਨੁਸਾਰ ਸਾਲ 2023-24 ਵਿੱਚ 6041 ਨਮੂਨੇ ਲਏ ਗਏ ਸਨ, ਜਿਨ੍ਹਾਂ ’ਚੋਂ 929 ਨਮੂਨੇ ਫ਼ੇਲ੍ਹ ਹੋਏ ਹਨ। ਇਹ ਕੁੱਲ ਨਮੂਨਿਆਂ ਦਾ 15.38 ਫ਼ੀਸਦੀ ਸੀ। ਇਸ ਕਾਰਨ ਇੱਕ ਯੂਨਿਟ ਦਾ ਲਾਇਸੈਂਸ ਵੀ ਰੱਦ ਕਰ ਦਿੱਤਾ ਗਿਆ। ਜੇਕਰ 2022-23 ਦੀ ਗੱਲ ਕਰੀਏ ਤਾਂ 8179 ਖਾਣ-ਪੀਣ ਦੀਆਂ ਵਸਤਾਂ ਦੇ ਨਮੂਨੇ ਲਏ ਗਏ ਸਨ, ਜਿਨ੍ਹਾਂ ’ਚੋਂ 1724 ਨਮੂਨੇ ਫੇਲ੍ਹ ਹੋਏ ਯਾਨੀ ਕਿ 21.08 ਫ਼ੀਸਦੀ ਸਨ ਜਦਕਿ 2021-22 ਵਿੱਚ ਲਏ ਗਏ 6768 ਭੋਜਨ ਦੇ ਨਮੂਨਿਆਂ ’ਚੋਂ 1059 ਨਮੂਨੇ ਨਿਰਧਾਰਤ ਮਾਪਦੰਡਾਂ ’ਤੇ ਖਰੇ ਨਹੀਂ ਉੱਤਰੇ। ਇਹ ਕੁੱਲ ਨਮੂਨਿਆਂ ਦਾ 15.65 ਫ਼ੀਸਦੀ ਸੀ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਪ੍ਰਤਾਪਰਾਓ ਜਾਧਵ ਨੇ ਲੋਕ ਸਭਾ ’ਚ ਇੱਕ ਸਵਾਲ ਦੇ ਜਵਾਬ ’ਚ ਇਹ ਰਿਪੋਰਟ ਪੇਸ਼ ਕੀਤੀ ਹੈ। ਜੇਕਰ ਪਿਛਲੇ 4 ਸਾਲਾਂ ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਮਿਲਾਵਟ ਵਧ ਰਹੀ ਹੈ, ਪਰ ਵਿਭਾਗ ਵੱਲੋਂ ਸੈਂਪਲਿੰਗ ਵੀ ਘਟ ਰਹੀ ਹੈ, ਜਿਸ ਤੋਂ ਸਾਫ਼ ਹੈ ਕਿ ਜੇਕਰ ਪਿਛਲੇ ਕੁਝ ਸਾਲਾਂ ’ਚ ਹੋਰ ਨਮੂਨੇ ਲਏ ਗਏ ਹੁੰਦੇ ਤਾਂ ਮਿਲਾਵਟ ਦੇ ਕੁਝ ਹੋਰ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆ ਸਕਦੇ ਸਨ। ਮਿਲਾਵਟੀ ਭੋਜਨਾਂ ’ਚ ਮੌਜੂਦ ਰਸਾਇਣ ਜਿਵੇਂ ਸੀਸਾ ਤੇ ਆਰਸੈਨਿਕ ਕੈਂਸਰ ਦਾ ਕਾਰਨ ਬਣ ਸਕਦੇ ਹਨ। ਇਸੇ ਤਰ੍ਹਾਂ ਇਹ ਰਸਾਇਣ ਗੁਰਦਿਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਨ੍ਹਾਂ ਦੇ ਸੇਵਨ ਨਾਲ ਦਿਲ ਤੇ ਹੋਰ ਅੰਗਾਂ ਉਪਰ ਮਾੜਾ ਪ੍ਰਭਾਵ ਪੈ ਸਕਦਾ ਹੈ।
ਐਫ਼.ਐਸ.ਏ.ਏ.ਆਈ. ਖੇਤਰੀ ਦਫ਼ਤਰਾਂ ਤੋਂ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਰਾਹੀਂ ਭੋਜਨ ਮਿਲਾਵਟ ਦਾ ਪਤਾ ਲਗਾਉਣ ਲਈ ਭੋਜਨ ਉਤਪਾਦਾਂ ਦੀ ਨਿਯਮਤ ਨਿਗਰਾਨੀ, ਨਿਰੀਖਣ ਤੇ ਨਮੂਨੇ ਲੈਂਦਾ ਹੈ। ਅਥਾਰਟੀ ਵੱਲੋਂ ਭਾਰਤੀ ਖੁਰਾਕ ਸੁਰੱਖਿਆ ਤੇ ਮਿਆਰ ਐਕਟ ਤਹਿਤ ਕਾਰਵਾਈ ਕੀਤੀ ਜਾਂਦੀ ਹੈ, ਜਿਸ ’ਚ ਜੁਰਮਾਨਾ ਲਗਾਉਣਾ ਤੇ ਲਾਇਸੈਂਸ ਰੱਦ ਕਰਨਾ ਸ਼ਾਮਿਲ ਹੈ। ਪਰ ਪੂਰੀ ਸਖ਼ਤੀ ਨਹੀਂ ਹੋ ਰਹੀ। ਹਾਲਾਂ ਕਿ, ਮਿਲਾਵਟ ਕਰਨ ਵਾਲਿਆਂ ਵਿਰੁੱਧ ਦੀਵਾਨੀ ਤੇ ਫ਼ੌਜਦਾਰੀ ਕੇਸ ਦਰਜ ਹੋਣ ਦੇ ਬਾਵਜੂਦ ਇਸ ਅਲਾਮਤ ਨੂੰ ਨੱਥ ਨਹੀਂ ਪਾਈ ਜਾ ਸਕੀ। ਅਜਿਹੇ ਮਾਮਲਿਆਂ ਵਿੱਚ ਸਜ਼ਾ ਬਹੁਤ ਘੱਟ ਹੁੰਦੀ ਹੈ ਜਿਸ ਕਾਰਨ ਕੇਸ ਦਰਜ ਹੋਣ ਦੇ ਬਾਵਜੂਦ ਇਹ ਬੇਰੋਕ ਜਾਰੀ ਹੈ। ਜ਼ਿਆਦਾਤਰ ਮੁਲਜ਼ਮਾਂ ਨੂੰ ਪਤਾ ਹੁੰਦਾ ਹੈ ਕਿ ਉਹ ਕਾਨੂੰਨੀ ਪ੍ਰਕਿਰਿਆ ’ਚੋਂ ਬਚ ਨਿਕਲਣਗੇ।
ਦੁੱਧ ’ਚ ਆਮ ਵਰਤੇ ਜਾਂਦੇ ਮਿਲਾਵਟੀ ਪਦਾਰਥਾਂ ਦੀ ਸ਼ਨਾਖ਼ਤ ਲਈ ਟੈਸਟਿੰਗ ਕਿੱਟਾਂ ਬਾਜ਼ਾਰ ’ਚ ਉਪਲਬਧ ਹਨ। ਇਨ੍ਹਾਂ ਉਤਪਾਦਾਂ ਨੂੰ ਕਿਫ਼ਾਇਤੀ ਬਣਾਉਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਇਹ ਆਸਾਨੀ ਨਾਲ ਵਰਤੇ ਜਾ ਸਕਣ ਵਾਲੇ ਤੇ ਸਰਲ ਹੋਣੇ ਚਾਹੀਦੇ ਹਨ ਤਾਂ ਕਿ ਖ਼ਪਤਕਾਰਾਂ ਦੇ ਨਾਲ-ਨਾਲ ਸਹਿਕਾਰੀ ਡੇਅਰੀ ਤੇ ਪਲਾਂਟ ’ਚ ਵੀ ਦੁੱਧ ਦੀ ਗੁਣਵੱਤਾ ਜਾਂਚੀ ਜਾ ਸਕੇ। ਇਸ ਦੇ ਨਾਲ-ਨਾਲ, ਖ਼ੁਰਾਕ ਸੁਰੱਖਿਆ ਏਜੰਸੀਆਂ ਨੂੰ ਚਾਹੀਦਾ ਹੈ ਕਿ ਉਹ ਖ਼ੁਰਾਕੀ ਪਦਾਰਥਾਂ ਦੇ ਨਿਰੀਖਣ ਤੇ ਜਾਂਚ ਲਈ ਅਗਾਊਂ ਸਰਗਰਮ ਹੋਣ। ਸੈਂਪਲ ਦੀ ਜਾਂਚ ਤੋਂ ਬਾਅਦ ਘਟੀਆ ਮਿਆਰਾਂ ਲਈ ਜ਼ਿੰਮੇਵਾਰਾਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਅਜਿਹੇ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਸਜ਼ਾ ਨਾ ਮਿਲਣ ’ਤੇ ਮਾੜੇ ਅਨਸਰਾਂ ਨੂੰ ਬਲ ਮਿਲਦਾ ਹੈ ਤੇ ਉਹ ਲੋਕਾਂ ਦੀ ਸਿਹਤ ਨਾਲ ਖੇਡਣਾ ਜਾਰੀ ਰੱਖਦੇ ਹਨ। ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ।
![]()
