ਤਲਵੰਡੀ ਸਾਬੋ/ਏ.ਟੀ.ਨਿਊਜ਼:
ਇੱਥੇ ਵਿਸਾਖੀ ਮੇਲੇ ਮੌਕੇ ਬਹੁਜਨ ਸਮਾਜ ਪਾਰਟੀ ਨੇ ਸਿਆਸੀ ਕਾਨਫ਼ਰੰਸ ਕਰਦਿਆਂ ਰਾਜ ਦੀ ਪ੍ਰਾਪਤੀ ਲਈ ਬਹੁਜਨ ਸਮਾਜ ਨੂੰ ਇੱਕ ਹੋਣ ਦੀ ਅਪੀਲ ਕੀਤੀ। ਕਾਨਫ਼ਰੰਸ ਨੂੰ ਸਬੋਧਨ ਕਰਦਿਆਂ ਬਸਪਾ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਪੰਜਾਬ ਵਿੱਚ ਬਦਲਾਅ ਦੇ ਨਾਂ ’ਤੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੇ ਕਾਰਜਕਾਲ ਦੌਰਾਨ ਦਲਿਤਾਂ ਅਤੇ ਪਛੜੇ ਵਰਗਾਂ ਦੇ ਲੋਕਾਂ ਲਈ ਹਾਲਾਤ ਹੋਰ ਵੀ ਮਾੜੇ ਬਣ ਗਏ ਹਨ। ਇਸ ਸਰਕਾਰ ਨੇ ਜਿੱਥੇ ਦਲਿਤ ਭਲਾਈ ਸਕੀਮਾਂ ਤਕਰੀਬਨ ਬੰਦ ਹੀ ਕਰ ਦਿੱਤੀਆਂ ਹਨ, ਉੱਥੇ ਪੰਜਾਬ ਦੇ ਕਿਸਾਨੀ ਸੰਘਰਸ਼ ਨੂੰ ਸੱਟ ਮਾਰ ਕੇ ਇਹ ਦੱਸ ਦਿੱਤਾ ਹੈ ਕਿ ਉਨ੍ਹਾਂ ਦਾ ਪੰਜਾਬ ਜਾਂ ਪੰਜਾਬੀਆਂ ਦੇ ਸਰੋਕਾਰਾਂ ਨਾਲ ਕੋਈ ਵਾਹ ਵਾਸਤਾ ਨਹੀਂ। ਬਸਪਾ ਦੇ ਸੂਬਾਈ ਪ੍ਰਧਾਨ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤਾਂ ਦੀ ਇਸ ਸਰਕਾਰ ਵਿੱਚ ਲਗਾਤਾਰ ਬੇਅਦਬੀ ਹੋ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹੁਣ ਲੋਕ 2027 ਵਿੱਚ ਬਸਪਾ ਨੂੰ ਇੱਕ ਮੌਕਾ ਦੇਣ। ਇਸ ਮੌਕੇ ਬਸਪਾ ਇੰਚਾਰਜ ਕੁਲਦੀਪ ਸਿੰਘ ਸਰਦੂਲਗੜ੍ਹ, ਸੂਬਾ ਜ਼ੋਨ ਇੰਚਾਰਜ ਮਾ. ਜਗਦੀਪ ਸਿੰਘ ਗੋਗੀ, ਲਖਵੀਰ ਸਿੰਘ ਨਿੱਕਾ, ਮੀਨਾ ਰਾਣੀ, ਸ਼ੀਲਾ ਰਾਣੀ, ਐਡਵੋਕੇਟ ਨਿਰਮਲ ਸਿੰਘ, ਐਡਵੋਕੇਟ ਰਾਜਿੰਦਰ ਰਾਜੂ, ਮਹਿੰਦਰ ਭੱਟੀ, ਰਾਜਿੰਦਰ ਸਿੰਘ ਭੀਖੀ, ਜੋਗਿੰਦਰ ਸਿੰਘ, ਜ਼ਿਲ੍ਹਾ ਪ੍ਰਧਾਨ ਬਾਬੂ ਸਿੰਘ ਮੌਜੂਦ ਸਨ।