
ਤਾਮਿਲਨਾਡੂ ਵਿਚ ਇਕ ਸਾਲ ਬਾਅਦ ਚੋਣਾਂ ਹਨ ਤੇ ਭਾਜਪਾ ਕਿਸੇ ਤਰ੍ਹਾਂ ਉੱਥੇ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦੂਜੇ ਪਾਸੇ ਸੂਬੇ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਕੇਂਦਰ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਰੱਖਿਆ ਹੈ। ਪਰ ਇਸ ਦਾ ਮਤਲਬ ਇਹ ਤਾਂ ਨਹੀਂ ਹੋ ਸਕਦਾ ਕਿ ਪ੍ਰਧਾਨ ਮੰਤਰੀ ਸੂਬੇ ਦੇ ਦੌਰੇ 'ਤੇ ਜਾਣਗੇ ਤਾਂ ਉਹ ਮੁੱਖ ਮੰਤਰੀ ਦਾ ਮਜ਼ਾਕ ਉਡਾਉਣਗੇ ਤੇ ਉਨ੍ਹਾਂ ਨੂੰ ਖਿਝਾਉਣ ਲਈ ਹੋਛੀਆਂ ਗੱਲਾਂ ਕਰਨਗੇ। ਮੁੱਖ ਮੰਤਰੀ ਸਟਾਲਿਨ ਨੇ ਯਕੀਨੀ ਤੌਰ 'ਤੇ ਪ੍ਰੋਟੋਕਾਲ ਤੋੜਿਆ ਤੇ ਪ੍ਰਧਾਨ ਮੰਤਰੀ ਦਾ ਸਵਾਗਤ ਕਰਨ ਨਹੀਂ ਗਏ। ਸਟਾਲਿਨ ਨੇ ਗਲਤੀ ਕੀਤੀ, ਪਰ ਪ੍ਰਧਾਨ ਮੰਤਰੀ ਨੇ ਵੀ ਸੂਬੇ ਦੇ ਲੋਕਾਂ ਦੀ ਸੰਵੇਦਨਸ਼ੀਲਤਾ ਨੂੰ ਸਮਝੇ ਬਿਨਾਂ ਹੀ ਭਾਸ਼ਾ ਦੇ ਮੁੱਦੇ 'ਤੇ ਸਟਾਲਿਨ ਨੂੰ ਖਿਝਾਇਆ।
ਉਨ੍ਹਾਂ ਕਿਹਾ ਕਿ ਤਾਮਿਲ ਦੇ ਮਾਣ ਨੂੰ ਬਣਾਈ ਰੱਖਣ ਲਈ ਘੱਟੋ-ਘੱਟ ਮੁੱਖ ਮੰਤਰੀ ਤਾਮਿਲ ਭਾਸ਼ਾ 'ਚ ਦਸਤਖ਼ਤ ਤਾਂ ਕਰਨ। ਸਵਾਲ ਇਹ ਹੈ ਕਿ ਕੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਜਿਹਾ ਕਹਿਣਾ ਸ਼ੋਭਾ ਦਿੰਦਾ ਹੈ? ਮੋਦੀ ਖ਼ੁਦ ਭਾਸ਼ਾ ਦੇ ਆਧਾਰ 'ਤੇ ਬਣੇ ਸੂਬੇ ਤੋਂ ਆਉਂਦੇ ਹਨ, ਪਰ ਕੀ ਉਨ੍ਹਾਂ ਨੇ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਕਦੇ ਗੁਜਰਾਤੀ ਭਾਸ਼ਾ ਦੇ ਮਾਣ ਨੂੰ ਵਧਾਉਣ ਲਈ ਗੁਜਰਾਤੀ 'ਚ ਦਸਤਖਤ ਕੀਤੇ? ਗੁਜਰਾਤ 'ਚ ਰਹਿੰਦਿਆਂ ਉਹ ਹਮੇਸ਼ਾ ਸਿਰਫ਼ ਛੇ ਕਰੋੜ ਗੁਜਰਾਤੀਆਂ ਦੀ ਗੱਲ ਕਰਦੇ ਸਨ, ਜਿਵੇਂ ਹੁਣ ਸਟਾਲਿਨ ਤਾਮਿਲ ਲੋਕਾਂ ਦੀ ਗੱਲ ਕਰਦੇ ਹਨ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਟਾਲਿਨ ਮੈਡੀਕਲ ਦੀ ਪੜ੍ਹਾਈ ਤਾਮਿਲ ਭਾਸ਼ਾ ਵਿਚ ਕਰਵਾਉਣ। ਇਹ ਗੱਲ ਵੀ ਸਟਾਲਿਨ ਨੂੰ ਤਾਮਿਲ ਪ੍ਰਤੀ ਉਸ ਦੇ ਪਿਆਰ ਬਾਰੇ ਖਿਝਾਉਣ ਲਈ ਕਹੀ ਗਈ।
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਸਾਰੇ ਦੇਸ਼ 'ਚ ਹਿੰਦੀ ਨੂੰ ਪ੍ਰਮੁੱਖਤਾ ਦਿਵਾਉਣ 'ਚ ਲੱਗੀ ਮੋਦੀ ਸਰਕਾਰ ਪਹਿਲਾਂ ਮੈਡੀਕਲ ਤੇ ਇੰਜੀਨੀਅਰਿੰਗ ਦਾ ਇਕ ਵੀ ਬੈਚ ਹਿੰਦੀ 'ਚ ਪੜ੍ਹਾ ਕੇ ਦਿਖਾਉਣ, ਫਿਰ ਸੂਬਿਆਂ ਨੂੰ ਖਿਝਾਉਣ ਤਾਂ ਗੱਲ ਸਮਝ ਵਿਚ ਆਵੇਗੀ।