
ਗਰਮੀ ਦੇ ਇਸ ਮੌਸਮ ਵਿੱਚ ਪੰਜਾਬ ਦੀ ਸਿਆਸਤ ਵੀ ਪੂਰੀ ਤਰ੍ਹਾਂ ਗਰਮਾਈ ਹੋਈ ਹੈ, ਜਿਵੇਂ ਮੌਸਮੀ ਗਰਮੀ ਸਿਆਸਤ ਨੂੰ ਚੜ੍ਹ ਗਈ ਹੋਵੇ। ਇਸ ਸਮੇਂ ਪੰਜਾਬ ਦੀ ਸਿਆਸਤ ਵਿੱਚ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦੇ ‘ਬੰਬ ਬਿਆਨ’ ਨੇ ਹਨੇਰੀ ਲਿਆਂਦੀ ਹੋਈ ਹੈ। ਇਸ ਕਾਰਨ ਸ੍ਰ. ਬਾਜਵਾ ਖ਼ਿਲਾਫ਼ ਐਫ਼.ਆਈ.ਆਰ. ਵੀ ਦਰਜ ਹੋ ਚੁੱਕੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ- ਵਾਰ ਕਹਿ ਰਹੇ ਹਨ ਕਿ ਬਾਜਵਾ ਨੂੰ ਆਪਣੇ ‘ਬੰਬ ਬਿਆਨ’ ਸਬੰਧੀ ਪੂਰੀ ਸੱਚਾਈ ਅਤੇ ਆਪਣੇ ਸਰੋਤਾਂ ਦਾ ਵੇਰਵਾ ਦੱਸਣਾ ਪਵੇਗਾ। ਦੂਜੇ ਪਾਸੇ ਕਾਂਗਰਸ ਦੇ ਆਗੂਆਂ ਵੱਲੋਂ ਸ੍ਰ. ਬਾਜਵਾ ਵਿਰੁੱਧ ਦਰਜ਼ ਮਾਮਲੇ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਜਾ ਰਿਹਾ ਹੈ। ਇਸ ਤਰ੍ਹਾਂ ਅੱਜ-ਕੱਲ੍ਹ ਪੰਜਾਬ ਦੇ ਉੱਚ ਸਿਆਸੀ ਗਲਿਆਰਿਆਂ ਤੋਂ ਲੈ ਕੇ ਪਿੰਡਾਂ ਦੀਆਂ ਸੱਥਾਂ ਤੱਕ ਸ੍ਰ. ਬਾਜਵਾ ਦੇ ਬਿਆਨ ਅਤੇ ਉਸ ਵਿਰੁੱਧ ਸਰਕਾਰ ਤੇ ਪੁਲਿਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਦੀਆਂ ਗੱਲਾਂ ਹੀ ਹੋ ਰਹੀਆਂ ਹਨ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਸਰਕਾਰੀ ਸਕੂਲਾਂ ਦੇ ਪਖਾਨਿਆਂ ਨੂੰ ਮੁਰੰਮਤ ਕਰਵਾਉਣ ਤੋਂ ਬਾਅਦ ਉਥੇ ਲਗਾਏ ਗਏ ਨੀਂਹ ਪੱਥਰਾਂ ਕਾਰਨ ਵੀ ਸਿਆਸਤ ਭਖੀ ਰਹੀ। ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ‘ਕਾਲੀਆਂ ਐਨਕਾਂ’ ਲਗਾਉਣਾ ਵੀ ਪੰਜਾਬ ਦੇ ਵਿਰੋਧੀ ਸਿਆਸੀ ਆਗੂਆਂ ਵੱਲੋਂ ਮੁੱਦਾ ਬਣਾਇਆ ਗਿਆ। ਸਿਆਸੀ ਆਗੂਆਂ ਦੀਆਂ ਅਜਿਹੀਆਂ ਗੱਲਾਂ ਅਤੇ ਸਿਆਸੀ ਛੁਰਲੀਆਂ ਸੁਣ ਕੇ ਆਮ ਲੋਕਾਂ ਨੂੰ ਸਮਝ ਨਹੀਂ ਲੱਗ ਰਹੀ ਕਿ ਪੰਜਾਬ ਦੀ ਸਿਆਸਤ ਕਿਸ ਰਾਹ ’ਤੇ ਤੁਰ ਪਈ ਹੈ? ਸਿਆਸੀ ਆਗੂਆਂ ਦੀ ਨਿੱਜੀ ਦੂਸ਼ਣਬਾਜ਼ੀ ਅਤੇ ਇੱਕ ਦੂਜੇ ਨੂੰ ਠਿੱਬੀ ਲਾਉਣ ਦੀ ਕਾਹਲ ਵਿੱਚ ਪੰਜਾਬੀਆਂ ਦੇ ਆਮ ਮਸਲੇ ਅਤੇ ਪੰਜਾਬ ਦੇ ਮੁੱਖ ਮੁੱਦੇ ਰੁਲ ਗਏ ਹਨ।
ਪੰਜਾਬ ਵਿੱਚ ਇਸ ਸਮੇਂ ਨਸ਼ਾ, ਬੇਰੁਜ਼ਗਾਰੀ, ਮਹਿੰਗਾਈ, ਖਾਣ ਪੀਣ ਵਾਲੇ ਪਦਾਰਥਾਂ ਵਿੱਚ ਮਿਲਾਵਟ, ਭ੍ਰਿਸ਼ਟਾਚਾਰ, ਪੰਜਾਬ ਦੇ ਦਰਿਆਈ ਪਾਣੀਆਂ ਦਾ ਰੇੜਕਾ, ਧਰਤੀ ਹੇਠਲੇ ਪਾਣੀ ਦੀ ਘਾਟ, ਹਰ ਤਰ੍ਹਾਂ ਦਾ ਪ੍ਰਦੂਸ਼ਣ, ਖੂਨ ਪੀਣੀਆਂ ਸੜਕਾਂ, ਅਮਨ ਕਾਨੂੰਨ ਦੀ ਸਥਿਤੀ, ਪੰਜਾਬੀਆਂ ਦਾ ਪਰਵਾਸ, ਪੰਜਾਬ ’ਚ ਦੂਜੇ ਰਾਜਾਂ ਦੇ ਲੋਕਾਂ ਦੀ ਆਮਦ, ਚੰਡੀਗੜ੍ਹ ’ਤੇ ਪੰਜਾਬ ਦਾ ਹੱਕ, ਫ਼ਸਲਾਂ ਦਾ ਮੰਡੀਕਰਨ ਸਹੀ ਨਾ ਹੋਣਾ, ਕਿਸਾਨਾਂ ਨੂੰ ਸਾਰੀਆਂ ਫ਼ਸਲਾਂ ’ਤੇ ਸਹੀ ਭਾਅ ਨਾ ਮਿਲਣਾ, ਸਰਕਾਰੀ ਸਕੀਮਾਂ ਦਾ ਲਾਭ ਯੋਗ ਲਾਭਪਾਤਰੀਆਂ ਨਾ ਮਿਲਣਾ ਮੁੱਖ ਮਸਲੇ ਹਨ, ਜਿਨ੍ਹਾਂ ਬਾਰੇ ਅਜੇ ਕਿਸੇ ਵੀ ਸਿਆਸੀ ਧਿਰ ਵੱਲੋਂ ਕੋਈ ਆਵਾਜ਼ ਨਹੀਂ ਉਠਾਈ ਜਾ ਰਹੀ। ਭਾਵੇਂ ਤਲਵੰਡੀ ਸਾਬੋ ਵਿਖੇ ਵਿਸਾਖੀ ਮੇਲੇ ਦੌਰਾਨ ਕੀਤੀ ਗਈ ਸਿਆਸੀ ਕਾਨਫ਼ਰੰਸ ਦੌਰਾਨ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪੰਜਾਬ ਵਿੱਚ ਸਿਰਫ਼ ਪੰਜਾਬੀਆਂ ਨੂੰ ਨੌਕਰੀਆਂ ਦੇਣ ਅਤੇ ਦੂਜੇ ਰਾਜਾਂ ਦੇ ਲੋਕਾਂ ਵੱਲੋਂ ਪੰਜਾਬ ਦੀ ਖੇਤੀਬਾੜੀ ਵਾਲੀ ਜ਼ਮੀਨ ਨਾ ਖਰੀਦਣ ਦੇਣ ਦਾ ਮੁੱਦਾ ਉਠਾਇਆ ਪਰ ਪੰਜਾਬ ਵਿੱਚ ਸਰਗਰਮ ਸਾਰੀਆਂ ਹੀ ਸਿਆਸੀ ਪਾਰਟੀਆਂ ਪੰਜਾਬ ਦੇ ਮੁੱਖ ਮੁੱਦਿਆਂ ਤੇ ਮਸਲਿਆਂ ਬਾਰੇ ਇਸ ਸਮੇਂ ਚੁੱਪ ਹੀ ਹਨ।
ਪੰਜਾਬ ਵਿੱਚ ਇਸ ਸਮੇਂ ਇੱਕ ਪਾਸੇ ਕਣਕ ਦਾ ਸੀਜ਼ਨ ਚੱਲ ਰਿਹਾ ਹੈ, ਦੂਜੇ ਪਾਸੇ ਸਕੂਲਾਂ ਵਿੱਚ ਬੱਚਿਆਂ ਦੀਆਂ ਐਡਮਿਸ਼ਨਾਂ ਹੋ ਰਹੀਆਂ ਹਨ। ਵੱਖ- ਵੱਖ ਪ੍ਰਾਈਵੇਟ ਸਕੂਲਾਂ ਵਾਲਿਆਂ ਵੱਲੋਂ ਬੱਚਿਆਂ ਤੋਂ ਹਰ ਸਾਲ ਹੀ ਦਾਖ਼ਲਾ ਫ਼ੀਸ ਲਈ ਜਾਂਦੀ ਹੈ, ਬੱਚਿਆਂ ਦੀਆਂ ਕਿਤਾਬਾਂ-ਕਾਪੀਆਂ ਕਿਸੇ ਵਿਸ਼ੇਸ਼ ਦੁਕਾਨ ਤੋਂ ਲੈਣ ਲਈ ਮਾਪਿਆਂ ਨੂੰ ਮਜਬੂਰ ਕੀਤਾ ਜਾਂਦਾ ਹੈ। ਕਈ ਪ੍ਰਾਈਵੇਟ ਸਕੂਲਾਂ ਵੱਲੋਂ ਇੱਕ ਦੋ ਸਾਲਾਂ ਬਾਅਦ ਹੀ ਸਕੂੁਲ ਦੇ ਬੱਚਿਆਂ ਦੀ ਯੂਨੀਫ਼ਾਰਮ ਵਿੱਚ ਬਦਲਾਓ ਕਰ ਦਿੱਤਾ ਜਾਂਦਾ ਹੈ ਅਤੇ ਮਾਪਿਆਂ ਨੂੰ ਆਪਣੇ ਬੱਚਿਆਂ ਲਈ ਯੂਨੀਫ਼ਾਰਮ ਕਿਸੇ ਵਿਸ਼ੇਸ਼ ਦੁਕਾਨ ਤੋਂ ਲੈਣ ਬਾਰੇ ਕਿਹਾ ਜਾਂਦਾ ਹੈ। ਹਰ ਸਾਲ ਹੀ ਕੁਝ ਪ੍ਰਾਈਵੇਟ ਸਕੂਲਾਂ ਵੱਲੋਂ ਫ਼ੀਸਾਂ ਵਿੱਚ ਵਾਧਾ ਕਰ ਦਿੱਤਾ ਜਾਂਦਾ ਹੈ। ਇਸ ਬਾਰੇ ਕਿਸੇ ਵੀ ਸਿਆਸੀ ਪਾਰਟੀ ਵੱਲੋਂ ਕੋਈ ਆਵਾਜ਼ ਨਹੀਂ ਉਠਾਈ ਜਾ ਰਹੀ ਭਾਵੇਂ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਸਸਤੀ ਅਤੇ ਚੰਗੀ ਸਿੱਖਿਆ ਉਹਨਾਂ ਦੇ ਘਰਾਂ ਦੇ ਨੇੜੇ ਹੀ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਜੋ ਅਸਲੀਅਤ ਹੈ, ਉਹ ਸਭ ਦੇ ਸਾਹਮਣੇ ਹੈ।
ਪੰਜਾਬ ਦੀ ਸਿਆਸਤ ਜਿਹੜੇ ਰਾਹਾਂ ’ਤੇ ਪੈ ਗਈ ਹੈ, ਉੱਥੋਂ ਵਾਪਸ ਮੁੜਨਾ ਮੁਸ਼ਕਿਲ ਹੈ। ਇਸ ਸਮੇਂ ਸਭ ਸਿਆਸੀ ਪਾਰਟੀਆਂ ਦੀਆਂ ਨਜ਼ਰਾਂ ਅਗਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵੱਲ ਲੱਗੀਆਂ ਹੋਈਆਂ ਹਨ, ਜੋ ਕਿ ਸਾਲ 2027 ਵਿੱਚ ਹੋਣ ਦੀ ਸੰਭਾਵਨਾ ਹੈ। ਇਹਨਾਂ ਚੋਣਾਂ ਨੂੰ ਮੁੱਖ ਰੱਖ ਕੇ ਹੀ ਸਾਰੀਆਂ ਸਿਆਸੀ ਧਿਰਾਂ ਵੱਲੋਂ ਆਪਣੀਆਂ ਸਰਗਰਮੀਆਂ ਚਲਾਈਆਂ ਜਾ ਰਹੀਆਂ ਹਨ। ਇੱਥੋਂ ਤੱਕ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਪੇਸ਼ ਪੰਜਾਬ ਦੇ ਵਿੱਤੀ ਬਜਟ ’ਤੇ ਵੀ ਅਗਲੀਆਂ ਵਿਧਾਨ ਸਭਾ ਚੋਣਾਂ ਦਾ ਪਰਛਾਵਾਂ ਵੇਖਿਆ ਗਿਆ। ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਹੋਣੀ ਹੈ, ਜਿਸ ਲਈ ਚੋਣ ਸਰਗਰਮੀਆਂ ਪੂਰੀਆਂ ਤੇਜ਼ ਹੋ ਚੁੱਕੀਆਂ ਹਨ। ਇਸ ਜ਼ਿਮਨੀ ਚੋਣ ਵਿੱਚ ਪੰਜਾਬ ਵਿੱਚ ਸਰਗਰਮ ਵੱਖ- ਵੱਖ ਸਿਆਸੀ ਪਾਰਟੀਆਂ ਦੀ ਕਾਰਗੁਜ਼ਾਰੀ ਦੀ ਪਰਖ ਹੋਵੇਗੀ।
ਚੋਣਾਂ ਨੂੰ ਲੋਕਤੰਤਰ ਦਾ ਮੇਲਾ ਕਿਹਾ ਜਾਂਦਾ ਹੈ ਅਤੇ ਸਮੇਂ ਸਿਰ ਨਿਰਪੱਖ ਢੰਗ ਨਾਲ ਚੋਣਾਂ ਹੋਣਾ ਲੋਕਤੰਤਰ ਲਈ ਚੰਗੀਆਂ ਹਨ ਪਰ ਇਹਨਾਂ ਚੋਣ ਤਿਆਰੀਆਂ ਵਿੱਚ ਰੁੱਝੀਆਂ ਸਿਆਸੀ ਧਿਰਾਂ ਅਤੇ ਸਿਆਸੀ ਆਗੂਆਂ ਨੂੰ ਪੰਜਾਬ ਅਤੇ ਪੰਜਾਬੀਆਂ ਦੇ ਮੁੱਖ ਮਸਲੇ ਵੀ ਹੱਲ ਕਰਨ ਅਤੇ ਕਰਵਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ।
ਰਾਸ਼ਟਰੀ ਸਿਆਸਤ ’ਚ ਵੀ ਸਭ ਅੱਛਾ ਨਹੀਂ...
ਦੇਸ਼ ਦੀ ਰਾਸ਼ਟਰੀ ਸਿਆਸਤ ਵਿੱਚ ਵੀ ਆਪਸੀ ਦੂਸ਼ਣਬਾਜੀ ਅਤੇ ਨਿੱਜੀ ਤੁਹਮਤਬਾਜ਼ੀ ਭਾਰੂ ਹੈ। ਕੁਝ ਵਿਰੋਧੀ ਸਿਆਸੀ ਆਗੂ ਪ੍ਰਧਾਨ ਮੰਤਰੀ ਮੋਦੀ ਦੇ ਵਿਦੇਸ਼ੀ ਦੌਰਿਆਂ, ਅੱਗ ’ਚ ਸੜਦੇ ਮਨੀਪੁਰ ਦਾ ਦੌਰਾ ਨਾ ਕਰਨ, ਪਹਿਰਾਵੇ, ਮੁੱਖ ਮਸਲਿਆਂ ਸਬੰਧੀ ਚੁੱਪੀ ਬਾਰੇ ਵਿਅੰਗ ਕਰਦੇ ਹਨ ਤਾਂ ਭਾਜਪਾ ਦੇ ਕਈ ਆਗੂ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੂੰ ਅਕਸਰ ‘ਪੱਪੂ’ ਕਹਿੰਦੇ ਹਨ। ਕਈ ਭਾਜਪਾ ਆਗੂ ਤਾਂ ਰਾਹੁਲ ਗਾਂਧੀ ਦੀ ਜਾਤੀ ਬਾਰੇ ਵੀ ਅਕਸਰ ਸਵਾਲ ਕਰਦੇ ਹਨ। ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਤਾਂ ਹਾਲ ਇਹ ਹੈ ਕਿ ਉਥੇ ਕਦੇ ‘ਮੁਰਗੇ’ ਕਾਰਨ ਸਿਆਸਤ ਵਿੱਚ ਉਬਾਲ ਆ ਜਾਂਦਾ ਹੈ ਤਾਂ ਕਦੇ ‘ਸਮੋਸਿਆਂ’ ਕਾਰਨ ਸਿਆਸਤ ਵਿੱਚ ਭੂਚਾਲ ਆ ਜਾਂਦਾ ਹੈ। ਇਹੋ ਜਿਹੀ ਸਥਿਤੀ ਹੀ ਭਾਰਤ ਦੇ ਹੋਰਨਾਂ ਸੂਬਿਆਂ ਵਿੱਚ ਵੀ ਹੈ।