ਪਰਮਾਣੂ ਤਬਾਹੀ ਤੋਂ ਸਿਰਫ਼ ਇੱਕ ਬਟਨ ਦੂਰ ਹੈ ਦੁਨੀਆਂ

In ਸੰਪਾਦਕੀ
April 16, 2025
ਇਸ ਸਮੇਂ ਰੂਸ-ਯੂਕ੍ਰੇਨ ਅਤੇ ਇਜ਼ਰਾਇਲ-ਫ਼ਲਸਤੀਨ ਵਿਚਾਲੇ ਯੁੱਧ ਚਲ ਰਹੇ ਹਨ। ਜਿਸ ਕਾਰਨ ਯੁੱਧ ਲੜ ਰਹੀਆਂ ਸਾਰੀਆਂ ਧਿਰਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ, ਸਭ ਤੋਂ ਜ਼ਿਆਦਾ ਨੁਕਸਾਨ ਤਾਂ ਇਹਨਾਂ ਦੇਸ਼ਾਂ ਦੇ ਆਮ ਲੋਕਾਂ ਦਾ ਹੋ ਰਿਹਾ ਹੈ, ਪਰ ਆਮ ਲੋਕਾਂ ਦੀ ਪਰਵਾਹ ਹੁੰਦੀ ਹੀ ਕਿਸ ਨੂੰ ਹੈ? ਇਹਨਾਂ ਦੇਸ਼ਾਂ ਦੇ ਮੁੱਖ ਨੇਤਾਵਾਂ ਦੀ ਆਪਸੀ ਚੌਧਰ ਦੀ ਲੜਾਈ ਵਿੱਚ ਪੀਸੇ ਆਮ ਲੋਕ ਜਾ ਰਹੇ ਹਨ। ਰੂਸ-ਯੂੁਕ੍ਰੇਨ ਯੁੱਧ ਰੁਕਵਾਉਣ ਲਈ ਭਾਵੇਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਯਤਨ ਕਰ ਰਹੇ ਹਨ, ਪਰ ਉਹਨਾਂ ਨੂੰ ਆਪਣੇ ਯਤਨਾਂ ਵਿੱਚ ਅਜੇ ਤੱਕ ਸਫ਼ਲਤਾ ਨਹੀਂ ਮਿਲੀ। ਜਿਸ ਕਾਰਨ ਰੂਸ ਅਤੇ ਯੂਕ੍ਰੇਨ ਵਿਚਾਲੇ ਯੁੱਧ ਇਸ ਸਮੇਂ ਵੀ ਜਾਰੀ ਹੈ। ਦੋਵੇਂ ਧਿਰਾਂ ਵਿਚੋਂ ਕੋਈ ਵੀ ਹਾਰ ਮੰਨਣ ਨੂੰ ਤਿਆਰ ਨਹੀਂ ਹੈ। ਜੇ ਰੂਸ ਨੂੰ ਆਪਣੀ ਪਰਮਾਣੂ ਸ਼ਕਤੀ ’ਤੇ ਮਾਣ ਹੈ ਤਾਂ ਯੂਕ੍ਰੇਨ ਨੂੰ ਨਾਟੋ ਦੇਸ਼ ਖੁੱਲੇ੍ਹ ਦਿਲ ਨਾਲ ਹਥਿਆਰ ਅਤੇ ਹੋਰ ਸਹਾਇਤਾ ਦੇ ਰਹੇ ਹਨ, ਜਿਸ ਕਾਰਨ ਯੂਕ੍ਰੇਨ ਵੀ ਯੁੱਧ ਵਿੱਚ ਰੂਸ ਦਾ ਪੂਰਾ ਮੁਕਾਬਲਾ ਕਰਦਾ ਆ ਰਿਹਾ ਹੈ। ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਅਮਰੀਕਾ ਵੱਲੋਂ ਵੀ ਯੂਕ੍ਰੇਨ ਦੀ ਹਥਿਆਰ, ਪੈਸੇ ਅਤੇ ਹੋਰ ਬਹੁਤ ਤਰ੍ਹਾਂ ਦੇ ਸਮਾਨ ਨਾਲ ਵੱਡੀ ਮਦਦ ਕੀਤੀ ਗਈ ਸੀ ਪਰ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਅਮਰੀਕਾ ਦੀ ਨੀਤੀ ਵਿੱਚ ਵੱਡਾ ਬਦਲਾਓ ਆਇਆ ਅਤੇ ਅਮਰੀਕਾ ਰੂਸ ਅਤੇ ਯੂਕ੍ਰੇਨ ਵਿਚਾਲੇ ਜਾਰੀ ਜੰਗ ਨੂੰ ਰੋਕਣ ਲਈ ਉਪਰਾਲੇ ਕਰਨ ਲੱਗਿਆ, ਜੋ ਕਿ ਅਜੇ ਵੀ ਜਾਰੀ ਹਨ। ਜ਼ਿਕਰਯੋਗ ਹੈ ਕਿ ਰੂਸ ਅਤੇ ਯੂਕ੍ਰੇਨ ਵਿਚਕਾਰ ਜੰਗ 24 ਫ਼ਰਵਰੀ, 2022 ਨੂੰ ਸ਼ੁਰੂ ਹੋਈ ਸੀ, ਜੋ ਹੁਣ ਆਪਣੇ ਚੌਥੇ ਸਾਲ ਵਿੱਚ ਦਾਖਲ ਹੋ ਗਈ ਹੈ। ਇਸ ਯੁੱਧ ਨੇ ਲੱਖਾਂ ਲੋਕਾਂ ਦੀਆਂ ਜਾਨਾਂ ਲਈਆਂ ਹਨ ਅਤੇ ਕਈ ਸ਼ਹਿਰਾਂ ਨੂੰ ਮਲਬੇ ਵਿੱਚ ਬਦਲ ਦਿੱਤਾ ਹੈ। ਜੰਗ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ ਪਰ ਸਫ਼ਲਤਾ ਦੇ ਕੋਈ ਸੰਕੇਤ ਨਹੀਂ ਹਨ। ਜਦੋਂ ਇਹ ਯੁੱਧ ਸ਼ੁਰੂ ਹੋਇਆ ਸੀ, ਤਾਂ ਇਹ ਮੰਨਿਆ ਜਾ ਰਿਹਾ ਸੀ ਕਿ ਛੋਟਾ ਜਿਹਾ ਦੇਸ਼ ਯੂਕ੍ਰੇਨ ਕੁਝ ਦਿਨਾਂ ਜਾਂ ਹਫ਼ਤਿਆਂ ਵਿੱਚ ਰੂਸ ਅੱਗੇ ਆਤਮ ਸਮਰਪਣ ਕਰ ਦੇਵੇਗਾ, ਪਰ ਅਜਿਹਾ ਨਹੀਂ ਹੋਇਆ। ਦੋਵੇਂ ਦੇਸ਼ ਇੱਕ ਦੂਜੇ ’ਤੇ ਲਗਾਤਾਰ ਹਮਲੇ ਕਰ ਰਹੇ ਹਨ। ਜੇ ਰੂਸ-ਯੂਕ੍ਰੇਨ ਯੁੱਧ ਦੇ ਪਿਛੋਕੜ ਵਿੱਚ ਜਾਈਏ ਤਾਂ ਇਹ ਗੱਲ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਸਾਲ 1991 ਵਿੱਚ ਸੋਵੀਅਤ ਯੂਨੀਅਨ ਦੇ ਭੰਗ ਹੋਣ ਤੋਂ ਬਾਅਦ, ਯੂਕ੍ਰੇਨ ਇੱਕ ਸੁਤੰਤਰ ਰਾਸ਼ਟਰ ਵਜੋਂ ਉਭਰਿਆ। ਹਾਲਾਂ ਕਿ, ਰੂਸ ਨੇ ਹਮੇਸ਼ਾ ਯੂਕ੍ਰੇਨ ਉੱਤੇ ਆਪਣਾ ਪ੍ਰਭਾਵ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਸੋਵੀਅਤ ਯੂਨੀਅਨ ਦੇ ਭੰਗ ਹੋਣ ਤੋਂ ਬਾਅਦ 2014 ਵਿੱਚ ਰੂਸ ਨੇ ਯੂਕ੍ਰੇਨ ਦੇ ਕਰੀਮੀਆ ਖੇਤਰ ਨੂੰ ਆਪਣੇ ਨਾਲ ਮਿਲਾ ਲਿਆ। ਇਸ ਤੋਂ ਬਾਅਦ, ਪੂਰਬੀ ਯੂਕ੍ਰੇਨ ਵਿੱਚ ਰੂਸ ਪੱਖੀ ਬਾਗੀ ਸਮੂਹਾਂ ਨੇ ਡੋਨੇਟਸਕ ਅਤੇ ਲੁਹਾਨਸਕ ਖੇਤਰਾਂ ਵਿੱਚ ਲੜਾਈ ਸ਼ੁਰੂ ਕਰ ਦਿੱਤੀ। ਟਕਰਾਅ ਦੀ ਚੰਗਿਆੜੀ ਭੜਕਦੀ ਰਹੀ ਅਤੇ ਅੰਤ ਵਿੱਚ ਇਹ ਇੱਕ ਵੱਡੀ ਜੰਗ ਵਿੱਚ ਬਦਲ ਗਈ। ਰੂਸ ਨੂੰ ਘੇਰਨ ਲਈ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਨੇ ਯੂਕ੍ਰੇਨ ਨੂੰ ਹਮਾਇਤ ਦੇਣੀ ਆਰੰਭ ਕਰ ਦਿੱਤੀ ਅਤੇ ਯੂਕ੍ਰੇਨ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੇ ਕੇ ਰੂਸ ਵਿਰੁੱਧ ਖੜ੍ਹਾ ਕਰ ਦਿੱਤਾ , ਜਿਸ ਕਾਰਨ ਰੂਸ ਅਤੇ ਯੂਕ੍ਰੇਨ ਵਿਚਾਲੇ ਜੰਗ ਸ਼ੁਰੂ ਹੋ ਗਈ। ਇਸ ਜੰਗ ਨੂੰ ਸ਼ੁਰੂ ਹੋਈ ਨੂੰ ਕਾਫ਼ੀ ਸਮਾਂ ਬੀਤ ਗਿਆ ਹੈ ਪਰ ਅਜੇ ਵੀ ਇਹ ਜੰਗ ਜਾਰੀ ਹੈ, ਜੋ ਕਿ ਹੁਣ ਪਰਮਾਣੂ ਹਥਿਆਰਾਂ ਦੀ ਲੜਾਈ ਤੱਕ ਪਹੁੰਚ ਸਕਦੀ ਹੈ। ਰੂਸ ਅਤੇ ਯੂਕ੍ਰੇਨ ਵਿਚਾਲੇ ਜੰਗ ਰੋਕਣ ਲਈ ਇਸ ਸਮੇਂ ਅਮਰੀਕਾ ਤੋਂ ਇਲਾਵਾ ਅਨੇਕਾਂ ਹੋਰ ਦੇਸ਼ ਵੀ ਸਰਗਰਮ ਹਨ ਪਰ ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਵੀ ਬੂਰ ਨਹੀਂ ਪਿਆ। ਇਸ ਜੰਗ ਦੇ ਹੁਣ ਤੱਕ ਬਹੁਤ ਖਤਰਨਾਕ ਨਤੀਜੇ ਸਾਹਮਣੇ ਆ ਰਹੇ ਹਨ। ਪੂਰੀ ਦੁਨੀਆਂ ਵਿੱਚ ਹੀ ਇਸ ਕਾਰਨ ਮਹਿੰਗਾਈ ਬਹੁਤ ਵਧ ਗਈ ਹੈ ਅਤੇ ਦੁਨੀਆਂ ਨੂੰ ਇਸ ਜੰਗ ਕਾਰਨ ਹੋਰ ਵੀ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਜਿਸ ਤਰੀਕੇ ਨਾਲ ਦੋਵਾਂ ਦੇਸ਼ਾਂ ਵਿਚਾਲੇ ਪਰਮਾਣੂ ਜੰਗ ਹੋਣ ਦੇ ਆਸਾਰ ਬਣਦੇ ਜਾ ਰਹੇ ਹਨ, ਉਸ ਨਾਲ ਦੋਵਾਂ ਹੀ ਦੇਸ਼ਾਂ ਦੇ ਤਬਾਹ ਹੋਣ ਦਾ ਖਤਰਾ ਬਣ ਗਿਆ ਹੈ। ਇਹ ਤਾਂ ਸਭ ਨੂੰ ਪਤਾ ਹੈ ਕਿ ਰੂਸ ਅਤੇ ਅਮਰੀਕਾ ਸਮੇਤ ਦੁਨੀਆਂ ਦੇ ਵੱਡੀ ਗਿਣਤੀ ਦੇਸ਼ਾਂ ਕੋਲ ਪਰਮਾਣੂ ਬੰਬ ਹਨ। ਇਹਨਾਂ ਪਰਮਾਣੂ ਬੰਬਾਂ ਨੂੰ ਸਿਰਫ਼ ਇੱਕ ਬਟਨ ਦਬਾ ਕੇ ਚਲਾਇਆ ਜਾ ਸਕਦਾ ਹੈ। ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਰੂਸ ਦੇ ਰਾਸ਼ਟਰਪਤੀ ਪੂਤਿਨ ਆਪਣੇ ਨਾਲ ਇੱਕ ਅਟੈਚੀ ਰੱਖਦੇ ਹਨ, ਜਿਸ ਵਿੱਚ ਅਜਿਹਾ ਸਿਸਟਮ ਹੁੰਦਾ ਹੈ ਕਿ ਉਹ ਉਸ ਸਿਸਟਮ ਵਿੱਚ ਸਿਰਫ਼ ਇੱਕ ਬਟਨ ਦਬਾ ਕੇ ਰੂੁਸ ਦੇ ਪਰਮਾਣੂ ਹਥਿਆਰਾਂ ਰਾਹੀਂ ਕਿਸੇ ਵੀ ਪਾਸੇ ਹਮਲਾ ਕਰ ਸਕਦੇ ਹਨ। ਇਹੋ ਜਿਹਾ ਸਿਸਟਮ ਹੀ ਅਮਰੀਕਾ ਅਤੇ ਹੋਰ ਦੇਸ਼ਾਂ ਕੋਲ ਵੀ ਦੱਸਿਆ ਜਾਂਦਾ ਹੈ। ਇਸ ਤਰ੍ਹਾਂ ਦੁਨੀਆਂ ਪਰਮਾਣੂ ਜੰਗ ਤੋਂ ਹੋਣ ਵਾਲੀ ਤਬਾਹੀ ਤੋਂ ਸਿਰਫ਼ ਇੱਕ ਬਟਨ ਹੀ ਦੂਰ ਰਹਿ ਗਈ ਹੈ। ਚਾਹੀਦਾ ਤਾਂ ਇਹ ਹੈ ਕਿ ਰੂਸ ਅਤੇ ਯੁੂਕ੍ਰੇਨ ਵਿਚਾਲੇ ਜੰਗ ਨੂੰ ਰੋਕਣ ਲਈ ਵੱਡੇ ਉਪਰਾਲੇ ਕੀਤੇ ਜਾਣ। ਇਸ ਜੰਗ ਨੂੰ ਰੋਕਣ ਲਈ ਦੋਵਾਂ ਦੇਸ਼ਾਂ ਨੂੰ ਹੀ ਅੱਗੇ ਆਉਣਾ ਪਵੇਗਾ। ਅਮਰੀਕਾ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਜੰਗ ਵਿਚੋਂ ਆਪਣਾ ਨਿੱਜੀ ਫ਼ਾਇਦਾ ਲੈਣ ਦੀ ਥਾਂ ਜੰਗ ਰੋਕਣ ਲਈ ਸਹੀ ਤਰੀਕੇ ਨਾਲ ਯਤਨ ਕਰੇ। ਇਸ ਦੁਨੀਆਂ ਵਿੱਚ ਅਮਨ ਸ਼ਾਂਤੀ ਦੀ ਸਥਾਪਨਾ ਲਈ ਰੂਸ-ਯੂਕ੍ਰੇਨ ਅਤੇ ਇਜ਼ਰਾਇਲ -ਫ਼ਲਸਤੀਨ ਜੰਗਾਂ ਨੂੰ ਰੋਕਣ ਦੀ ਤੁਰੰਤ ਲੋੜ ਹੈ।

Loading