
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਵਿਸਕਾਸਿਨ ਵਿਚ ਇਕ ਨੌਜਵਾਨ ਵੱਲੋਂ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ
ਮਾਰਨ ਦੀ ਯੋਜਨਾ ਬਣਾਈ ਗਈ ਸੀ । ਵਿੱਤੀ ਸਾਧਨ ਜੁਟਾਉਣ ਵਾਸਤੇ ਤੇ ਆਪਣੀ ਯੋਜਨਾ ਨੂੰ ਆਜ਼ਾਦੀ ਨਾਲ ਸਿਰੇ ਚਾੜਨ ਲਈ
ਪਹਿਲਾਂ ਉਸ ਨੇ ਆਪਣੀ ਮਾਂ ਤੇ ਪਿਤਾ ਦੀ ਹੱਤਿਆ ਕੀਤੀ। ਇਹ ਪ੍ਰਗਟਾਵਾ ਜਾਂਚ ਏਜੰਸੀ ਐਫ ਬੀ ਆਈ ਨੇ ਅਦਾਲਤ ਵਿਚ ਦਾਇਰ
ਹਲਫੀਆ ਬਿਆਨ ਵਿਚ ਕੀਤਾ ਹੈ। ਹਲਫੀਆ ਬਿਆਨ ਅਨੁਸਾਰ ਨਬਾਲਗ ਨੌਜਵਾਨ 17 ਸਾਲਾ ਨਿਕਿਤਾ ਕੈਸਪ ਨੇ ਆਪਣੀ ਮਾਂ
ਤਾਤਿਆਨਾ ਕੈਸਪ (35) ਤੇ ਮਤਰੇਏ ਪਿਤਾ ਡੋਨਾਲਡ ਮੇਅਰ (51) ਦੀ ਹੱਤਿਆ ਕੀਤੀ ਜਿਨਾਂ ਦੀਆਂ ਲਾਸ਼ਾਂ ਪਰਿਵਾਰ ਦੇ ਵੌਕੇਸ਼ਾ
ਸਥਿੱਤ ਘਰ ਵਿਚੋਂ ਮਿਲੀਆਂ ਹਨ। ਅਧਿਕਾਰੀਆਂ ਅਨੁਸਾਰ ਇਨਾਂ ਦੋਨਾਂ ਦੀ ਹੱਤਿਆ ਗੋਲੀਆਂ ਮਾਰ ਕੇ ਕੀਤੀ ਗਈ ਹੈ। ਵੌਕੇਸ਼ਾ
ਕਾਊਂਟੀ ਸ਼ੈਰਿਫ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਮਾਮਲੇ ਦੀ ਤੈਅ ਤੱਕ ਜਾਂਚ ਉਪਰੰਤ ਨੌਜਵਾਨ ਵਿਰੁੱਧ ਹੋਰ ਦੋਸ਼ਾਂ ਤੋਂ
ਇਲਾਵਾ ਪਹਿਲਾ ਦਰਜਾ ਹੱਤਿਆਵਾਂ ਦੇ ਦੋਸ਼ ਦਰਜ ਕੀਤੇ ਗਏ ਹਨ। ਸ਼ੈਰਿਫ ਨੇ ਲੋਕਾਂ ਨੂੰ ਕਿਹਾ ਹੈ ਕਿ ਜੇਕਰ ਕਿਸੇ ਕੋਲ ਵੀ ਮਾਮਲੇ
ਸਬੰਧੀ ਕੋਈ ਹੋਰ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਪ੍ਰਸ਼ਾਸਨ ਨਾਲ ਸੰਪਰਕ ਕਰੇ। ਹਲਫੀਆ ਬਿਆਨ ਵਿਚ ਕਿਹਾ ਗਿਆ ਹੈ ਕਿ
ਲਾਸ਼ਾਂ ਮਿਲਣ ਉਪਰੰਤ ਕੈਸਪ ਨੂੰ ਕੰਸਾਸ ਵਿਚ ਇਕ ਟਰੈਫਿਕ ਸਟਾਪ 'ਤੇ ਗ੍ਰਿਫਤਾਰ ਕਰ ਲਿਆ ਗਿਆ ਸੀ। ਉਸ ਦੀ ਕਾਰ ਵਿਚੋਂ
ਇਕ ਗੰਨ, ਗੋਲੀ ਸਿੱਕਾ ਤੇ 14000 ਡਾਲਰ ਬਰਾਮਦ ਹੋਏ ਹਨ। ਕੈਸਪ ਨੇ ਆਪਣੀ ਕਲਾਸ ਦੇ ਇਕ ਸਾਥੀ ਨੂੰ ਮਾਂ ਤੇ ਪਿਤਾ ਨੂੰ
ਮਾਰਨ ਦੀ ਯੋਜਨਾ ਬਾਰੇ ਦਸਿਆ ਸੀ ਤੇ ਇਹ ਵੀ ਦੱਸਿਆ ਸੀ ਕਿ ਉਹ ਰੂਸ ਵਿਚ ਕਿਸੇ ਵਿਅਕਤੀ ਦੇ ਸੰਪਰਕ ਵਿਚ ਹੈ ਜੋ
ਵਿਅਕਤੀ ਟਰੰਪ ਨੂੰ ਮਾਰਨ ਤੇ ਉਸ ਦੀ ਸਰਕਾਰ ਦਾ ਤਖਤਾ ਉਲਟਾਉਣ ਦੀ ਸਾਜਿਸ਼ ਵਿਚ ਸ਼ਾਮਿਲ ਹੈ। ਪੁਲਿਸ ਦਾ ਵਿਸ਼ਵਾਸ਼ ਹੈ
ਕਿ ਕੈਸਪ ਵੱਲੋਂ ਲਾਸ਼ਾਂ ਮਿਲਣ ਤੋਂ ਦੋ ਹਫਤੇ ਪਹਿਲਾਂ ਮਾਂ ਤੇ ਪਿਤਾ ਦੀ ਹੱਤਿਆ ਕੀਤੀ ਗਈ ਸੀ।