ਤਾਜ਼ਾ ਸਰਵੇ ਵਿਚ 58% ਅਮਰੀਕੀਆਂ ਨੇ ਟਰੰਪ ਦੀ ਟੈਰਿਫ਼ ਨੀਤੀ ਨੂੰ ਕੀਤਾ ਰੱਦ

In ਅਮਰੀਕਾ
April 16, 2025
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਇਕ ਤਾਜ਼ਾ ਸਰਵੇ ਜੋ ਵਿਸਾਖੀ ਵਾਲੇ ਦਿਨ ਐਤਵਾਰ ਨੂੰ ਜਾਰੀ ਕੀਤਾ ਗਿਆ ਹੈ, ਅਨੁਸਾਰ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਰਥ ਵਿਵਸਥਾ ਤੇ ਮੁਦਰਾ ਪਸਾਰ ਦੇ ਮੁੱਦੇ 'ਤੇ ਲੋਕਪ੍ਰਿਯਤਾ ਵਿਚ ਤੇਜੀ ਨਾਲ ਗਿਰਵਾਟ ਆਈ ਹੈ। 58% ਅਮਰੀਕੀਆਂ ਨੇ ਦਰਾਮਦ ਬਾਰੇ ਟਰੰਪ ਦੀ ਟੈਰਿਫ਼ ਨੀਤੀ ਦਾ ਵਿਰੋਧ ਕੀਤਾ ਹੈ। ਸੀ ਬੀ ਐਸ ਨਿਊਜ਼ ਨੇ ਆਪਣੇ ਸਰਵੇ ਵਿਚ 2410 ਅਮਰੀਕੀਆਂ ਦੀ ਰਾਏ ਲਈ ਹੈ। ਅਰਥ ਵਿਵਸਥਾ ਨੂੰ ਸੰਭਾਲਣ ਦੇ ਮੁੱਦੇ 'ਤੇ 44% ਅਮਰੀਕੀਆਂ ਨੇ ਟਰੰਪ ਦਾ ਸਮਰਥਨ ਕੀਤਾ ਜਦ ਕਿ ਮੁਦਰਾ ਪਸਾਰ ਦੇ ਮੁੱਦੇ 'ਤੇ ਕੇਵਲ 40% ਲੋਕਾਂ ਨੇ ਟਰੰਪ ਦੇ ਹੱਕ ਵਿਚ ਹਾਮੀ ਭਰੀ ਹੈ। 30 ਮਾਰਚ ਦੀ ਤੁਲਨਾ ਵਿਚ ਇਹ ਦਰ 4% ਘੱਟ ਹੈ। ਸਮੁੱਚੇ ਤੌਰ 'ਤੇ ਇਸ ਮਹੀਨੇ ਟਰੰਪ ਦੀ ਲੋਕਪ੍ਰਿਯਤਾ ਡਿੱਗ ਕੇ 47% 'ਤੇ ਆ ਗਈ ਹੈ ਜੋ ਮਾਰਚ ਵਿਚ 50% ਤੇ ਫਰਵਰੀ ਵਿਚ 53% ਸੀ। ਹਾਲਾਂ ਕਿ 91% ਲੋਕ ਜੋ ਰਿਪਬਲੀਕਨ ਪਾਰਟੀ ਨਾਲ ਜੁੜੇ ਹੋਏ ਹਨ, ਨੇ ਕਿਹਾ ਹੈ ਕਿ ਟਰੰਪ ਕੋਲ ਟੈਰਿਫ਼ ਤੇ ਵਪਾਰ ਬਾਰੇ ਸਪੱਸ਼ਟ ਯੋਜਨਾ ਹੈ ਜਦ ਕਿ ਕੇਵਲ 43% ਆਮ ਲੋਕਾਂ ਨੇ ਟਰੰਪ ਦੀਆਂ ਆਰਥਕ ਨੀਤੀਆਂ ਦਾ ਸਮਰਥਨ ਕੀਤਾ ਹੈ।

Loading