ਟਰੰਪ ਪ੍ਰਸ਼ਾਸਨ ਵੱਲੋਂ ਵੱਖ ਵੱਖ ਦੇਸ਼ਾਂ ਵਿਚਲੇ 2 ਦਰਜਨ ਤੋਂ ਵਧ ਦੂਤਘਰਾਂ ਤੇ ਕੌਂਸਲਖਾਨਿਆਂ ਨੂੰ ਬੰਦ ਕਰਨ ਦੀ ਤਿਆਰੀ

In ਅਮਰੀਕਾ
April 18, 2025
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਟਰੰਪ ਪ੍ਰਸ਼ਾਸਨ ਵੱਲੋਂ ਬਾਹਰਲੇ ਦੇਸ਼ਾਂ ਵਿਚ ਚੱਲ ਰਹੇ ਦੋ ਦਰਜਨ ਤੋਂ ਵਧ ਦੂਤਘਰਾਂ ਤੇ ਕੌਂਸਲਖਾਨਿਆਂ ਨੂੰ ਬੰਦ ਕਰ ਦਿੱਤਾ ਜਾਵੇਗਾ। ਮੀਡੀਆ ਨੂੰ ਇੰਟਰਨਲ ਸਟੇਟ ਡਿਪਾਰਟਮੈਂਟ ਤੋਂ ਮਿਲੇ ਇਕ ਦਸਤਾਵੇਜ ਅਨੁਸਾਰ ਰਾਸ਼ਟਰਪਤੀ ਡੋਨਾਲਡ ਟਰੰਪ ਵਿਦੇਸ਼ਾਂ ਵਿਚ ਕੂਟਨੀਤਿਕ ਵਿਵਸਥਾ ਵਿਚ ਵੱਡੀਆਂ ਤਬਦੀਲੀਆਂ ਕਰਨਾ ਚਹੁੰਦੇ ਹਨ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਇਸ ਦਸਤਾਵੇਜ ਉਪਰ ਦਸਤਖਤ ਕਰ ਦਿੱਤੇ ਹਨ ਜਾਂ ਨਹੀਂ। ਦਸਤਾਵੇਜ ਵਿਚ 10 ਦੂਤਘਰਾਂ ਤੇ 17 ਕੌਂਸਲਖਾਨਿਆਂ ਨੂੰ ਬੰਦ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ ਜਿਨਾਂ ਵਿਚੋਂ ਕਈ ਯੂਰਪ ਤੇ ਅਫਰੀਕਾ ਵਿਚ ਹਨ। ਇਕ ਇਕ ਏਸ਼ੀਆ ਤੇ ਕੈਰੀਬੀਅਨ ਵਿਚ ਹੈ। ਮਾਲਟਾ, ਲਗਜਮਬਰਗ, ਲੈਸੋਥੋ, ਰਿਪਬਲਿਕ ਆਫ ਕਾਂਗੋ, ਸੈਂਟਰਲ ਅਫਰੀਕਨ ਰਿਪਬਲਿਕ ਤੇ ਦੱਖਣੀ ਸੂਡਾਨ ਵਿਚਲੇ ਦੂਤਘਰਾਂ ਨੂੰ ਬੰਦ ਕੀਤਾ ਜਾ ਰਿਹਾ ਹੈ। ਇਸ ਸੂਚੀ ਵਿਚ ਫਰਾਂਸ ਵਿਚਲੇ 5 ਕੌਂਲਸਖਾਨੇ, ਜਰਮਨੀ ਵਿਚਲੇ 2, ਬੋਸਨੀਆ ਤੇ ਹਰਜਗੋਵਿਨਾ ਵਿਚਲੇ 2, ਯੂ ਕੇ ਵਿਚਲਾ 1 ਤੇ ਦੱਖਣੀ ਅਫਰੀਕਾ ਤੇ ਦੱਖਣੀ ਕੋਰੀਆ ਵਿਚਲਾ ਇਕ-ਇਕ ਦੂਤਘਰ ਸ਼ਾਮਿਲ ਹੈ। ਦਸਤਾਵੇਜ ਵਿਚ ਬੰਦ ਕੀਤੇ ਜਾ ਰਹੇ ਦੂਤਘਰਾਂ ਦਾ ਕੰਮਕਾਜ ਗਵਾਂਢੀ ਦੇਸ਼ਾਂ ਵਿਚਲੇ ਦੂਤਘਰਾਂ ਵੱਲੋਂ ਵੇਖਣ ਦੀ ਤਜਵੀਜ ਹੈ। ਵਿਦੇਸ਼ ਵਿਭਾਗ ਦੇ ਬੁਲਾਰੇ ਟੈਮੀ ਬਰੂਸ ਨੇ ਇਸ ਦਸਤਾਵੇਜ ਬਾਰੇ ਜਾਂ ਵਿਦੇਸ਼ ਵਿਭਾਗ ਵੱਲੋਂ ਵੱਡੀ ਪੱਧਰ ਉਪਰ ਕੀਤੇ ਜਾ ਰਹੇ ਫੇਰਬਦਲ ਬਾਰੇ ਕੁਝ ਨਹੀਂ ਕਿਹਾ ਹੈ। ਉਨਾਂ ਕਿਹਾ ਕਿ ਲੀਕ ਹੋਏ ਦਸਤਾਵੇਜ ਦੇ ਆਧਾਰ 'ਤੇ ਕੋਈ ਗੱਲ ਕਹਿਣੀ ਕਾਹਲ ਹੋਵੇਗੀ ਜਾਂ ਗਲਤ ਹੋਵੇਗਾ। ਇਸ ਲਈ ਮੈ ਤੁਹਾਨੂੰ ਵਾਈਟ ਹਾਊਸ ਤੇ ਰਾਸ਼ਟਰਪਤੀ ਨਾਲ ਸੰਪਰਕ ਕਰਨ ਦੀ ਸਲਾਹ ਦਿੰਦਾ ਹਾਂ ਜੋ ਆਪਣੀ ਬਜ਼ਟ ਯੋਜਨਾ ਤਹਿਤ ਨਿਰੰਤਰ ਕੰਮ ਕਰ ਰਹੇ ਹਨ। ਦੂਤਘਰ ਤੇ ਕੌਂਸਲਖਾਨੇ ਵਿਦੇਸ਼ ਵਿਭਾਗ ਦਾ ਅਹਿਮ ਹਿੱਸਾ ਹੈ ਜੋ ਵੀਜੇ ਦੇਣ ਵਰਗੀਆਂ ਸੇਵਾਵਾਂ ਦਿੰਦੇ ਹਨ ਤੇ ਲੋੜ ਪੈਣ 'ਤੇ ਅਮਰੀਕੀ ਸ਼ਹਿਰੀਆਂ ਦੀ ਮੱਦਦ ਕਰਦੇ ਹਨ।

Loading