ਕਿਵੇਂ ਮਜ਼ਬੂਤ ਹੋਈ ਚੀਨ ਦੀ ਆਰਥਿਕਤਾ?

In ਮੁੱਖ ਲੇਖ
April 18, 2025
ਚੀਨ ਦੀ ਹੈਰਾਨ ਕਰਨ ਵਾਲੀ ਤਰੱਕੀ ’ਚ ਉਸ ਦੀ ਦੂਰ-ਦ੍ਰਿਸ਼ਟੀ ਦੀ ਅਹਿਮ ਭੂਮਿਕਾ ਰਹੀ ਹੈ। ਚੀਨ ਨੇ ਖੋਜ ਅਤੇ ਵਿਕਾਸ ਭਾਵ ਆਰ.ਐਂਡ.ਡੀ. ’ਚ ਕਾਫ਼ੀ ਪਹਿਲਾਂ ਤੋਂ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ ਸੀ। ਇੱਕ ਸਮਾਂ ਸੀ ਜਦੋਂ ਚੀਨ ਦੀ ਅਰਥ-ਵਿਵਸਥਾ ਡਾਵਾਂਡੋਲ ਸੀ। ਮੰਦਹਾਲੀ ’ਚੋਂ ਨਿਕਲਣ ਲਈ ਸਰਕਾਰੀ ਪੱਧਰ ’ਤੇ ਵਿਆਪਕ ਯਤਨ ਕੀਤੇ ਗਏ। ਆਬਾਦੀ ਵਿਸਫੋਟ ਸਭ ਸਮੱਸਿਆਵਾਂ ਦੀ ਜੜ੍ਹ ਸੀ। ਇਸ ਨੂੰ ਨਿਯੰਤਰਨ ਕਰਨ ਲਈ ਵੱਡੇ ਉਪਰਾਲੇ ਕੀਤੇ ਗਏ। ਸੱਤਾਧਾਰੀਆਂ ਨੇ ਮਹਿਸੂਸ ਕੀਤਾ ਕਿ ਸਸਤੀ ਲੇਬਰ ਦਾ ਸਦਉਪਯੋਗ ਕਰ ਕੇ ਸਸਤੇ ਉਤਪਾਦ ਬਣਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਖੋਜ ਤੇ ਵਿਕਾਸ (ਆਰ.ਐਂਡ.ਡੀ.)’ਤੇ ਧਿਆਨ ਕੇਂਦਰਿਤ ਕਰ ਕੇ ਦੁਨੀਆਂ ਤੋਂ ਅੱਗੇ ਲੰਘਿਆ ਜਾ ਸਕਦਾ ਹੈ। ਇਸ ਨਾਲ ਘੱਟ ਲਾਗਤ ’ਚ ਪ੍ਰਤੀਯੋਗੀ ਉਤਪਾਦ ਤਿਆਰ ਕਰਨ ਦੀ ਉਸ ਨੇ ਜੋ ਸਮਰੱਥਾ ਹਾਸਲ ਕੀਤੀ ਉਸ ਨਾਲ ਉਹ ਵਿਸ਼ਵ ਪੱਧਰੀ ਨਿਰਮਾਣ ਬਾਜ਼ਾਰ ਦਾ ਸਿਰਮੌਰ ਬਣ ਗਿਆ। ਚੀਨ ਨੇ ਸਰਕਾਰੀ ਮਾਲਕੀ ਵਾਲੇ ਉੱਦਮਾਂ ਦੀ ਵਿਵਸਥਾ ਨਾਲ ਨਵੀਨਤਾ ਕੇਂਦਰਿਤ ਅਰਥਚਾਰੇ ਵੱਲ ਕਦਮ ਵਧਾਉਣੇ ਸ਼ੁਰੂ ਕੀਤੇ। ਇਸ ਦਾ ਨਤੀਜਾ ਹੁਆਵੇ, ਅਲੀਬਾਬਾ ਤੇ ਬੀ.ਆਈ.ਡੀ. ਵਰਗੀਆਂ ਦਿੱਗਜ ਕੰਪਨੀਆਂ ਦੇ ਰੂਪ ’ਚ ਸਾਹਮਣੇ ਆਇਆ। ਅਜਿਹੀਆਂ ਕੰਪਨੀਆਂ ਦੀ ਸੂਚੀ ਬਹੁਤ ਵੱਡੀ ਦਿਖਾਈ ਦਿੰਦੀ ਹੈ। ਚੀਨ ਆਪਣੀ ਜੀ.ਡੀ.ਪੀ. ਦਾ 2.6 ਫ਼ੀਸਦੀ ਆਰ.ਐਂਡ.ਡੀ. ’ਤੇ ਖ਼ਰਚ ਕਰਦਾ ਹੈ, ਜੋ ਦਰਸਾਉਂਦਾ ਹੈ ਕਿ ਉਹ ਭਵਿੱਖ ਦੀਆਂ ਆਪਣੀਆਂ ਖ਼ਾਹਿਸ਼ੀ ਯੋਜਨਾਵਾਂ ਨੂੰ ਮੂਰਤ ਰੂਪ ਦੇਣ ਲਈ ਕਿੰਨਾ ਗੰਭੀਰ ਹੈ। ਭਾਰਤ ਨੇ ਵੀ ਬੀਤੇ ਇੱਕ ਦਹਾਕੇ ਦੌਰਾਨ ਇਸ ਮੋਰਚੇ ’ਤੇ ਕਾਫ਼ੀ ਤਰੱਕੀ ਕੀਤੀ ਹੈ, ਪਰ ਨਿਵੇਸ਼ ਅਤੇ ਉਤਪਾਦਨ ਦੇ ਲਿਹਾਜ਼ ਨਾਲ ਵਿਸ਼ਵ ਪੱਧਰੀ ਮੁਕਾਬਲੇਬਾਜ਼ਾਂ ਦੀ ਤੁਲਨਾ ’ਚ ਇਹ ਅਜੇ ਵੀ ਨਾਕਾਫ਼ੀ ਹੈ। ਭਾਰਤ ਆਪਣੀ ਜੀ.ਡੀ.ਪੀ. ਦਾ ਸਿਰਫ਼ 0.64 ਤੋਂ 0.7 ਫ਼ੀਸਦੀ ਤੱਕ ਆਰ.ਐਂਡ.ਡੀ. ’ਤੇ ਨਿਵੇਸ਼ ਕਰ ਰਿਹਾ ਹੈ। ਚੀਨ ਦਾ ਤਾਂ ਉੱਪਰ ਜ਼ਿਕਰ ਹੈ ਹੀ, ਜਦਕਿ ਅਮਰੀਕਾ ਵੀ ਆਪਣੀ ਜੀ.ਡੀ.ਪੀ. ਦਾ 3.47 ਫ਼ੀਸਦੀ ਆਰ.ਐਂਡ.ਡੀ. ’ਤੇ ਖ਼ਰਚ ਕਰਦਾ ਹੈ। ਇਹ ਦੋਵੇਂ ਹੀ ਅਰਥਚਾਰੇ ਭਾਰਤ ਦੀ ਤੁਲਨਾ ’ਚ ਬਹੁਤ ਵੱਡੇ ਹਨ ਤਾਂ ਕੁੱਲ ਰਕਮ ਕਿੰਨੀ ਵੱਡੀ ਹੋਵੇਗੀ, ਇਸ ਦਾ ਆਸਾਨੀ ਨਾਲ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਸਪੱਸ਼ਟ ਹੈ ਕਿ ਇਸ ਮਹੱਤਵਪੂਰਨ ਮਦ ’ਚ ਸੀਮਤ ਨਿਵੇਸ਼ ਭਾਰਤ ਦੀਆਂ ਸੰਭਾਵਨਾਵਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਸੀਮਤ ਨਿਵੇਸ਼ ਦੇ ਬਾਵਜੂਦ ਪ੍ਰਦਰਸ਼ਨ ਨੂੰ ਦੇਖਿਆ ਜਾਵੇ ਤਾਂ ਵਿਸ਼ਵ ਪੱਧਰੀ ਨਵੀਨਤਾ ਦ੍ਰਿਸ਼ ’ਤੇ ਭਾਰਤ ਨੇ ਆਪਣੀ ਛਾਪ ਛੱਡੀ ਹੈ। ਗਲੋਬਲ ਇਨੋਵੇਸ਼ਨ ਇੰਡੈਕਸ ਦੀ 133 ਦੇਸ਼ਾਂ ਦੀ ਸੂਚੀ ’ਚ 2015 ’ਚ 81ਵੇਂ ਸਥਾਨ ’ਤੇ ਰਹਿਣ ਵਾਲਾ ਭਾਰਤ 2024 ’ਚ 39ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਪ੍ਰਦਰਸ਼ਨ ’ਚ ਇਹ ਜ਼ਿਕਰਯੋਗ ਸੁਧਾਰ ਭਾਰਤ ਦੇ ਵਿਸਥਾਰ ਲੈਂਦੇ ਡਿਜੀਟਲ ਇਨਫਰਾਸਟ੍ਰਕਚਰ, ਅਕੈਡਮਿਕ ਜਗਤ ਅਤੇ ਉਦਯੋਗ ਜਗਤ ਵਿਚਾਲੇ ਬਿਹਤਰ ਹੁੰਦੇ ਜੁੜਾਵ ਅਤੇ ਤੇਜ਼ੀ ਨਾਲ ਵਧਦੇ ਸਟਾਰਟਅਪ ਈਕੋਸਿਸਟਮ ਨੂੰ ਦਰਸਾਉਂਦਾ ਹੈ। ਹਾਲਾਂਕਿ ਇਸ ਤਰੱਕੀ ’ਚ ਵਿੱਤੀ ਵਚਨਬੱਧਤਾਵਾਂ ਉਮੀਦ ਮੁਤਾਬਕ ਮੇਲ ਨਹੀਂ ਖਾ ਰਹੀਆਂ ਹਨ। ਇਸ ਕਾਰਨ ਨਿੱਜੀ ਖੇਤਰ ਨੂੰ ਨਿਵੇਸ਼ ਵਧਾਉਣਾ ਪਵੇਗਾ। ਕੁੱਲ ਘਰੇਲੂ ਉਤਪਾਦ ਦੇ ਨਜ਼ਰੀਏ ਨਾਲ ਆਰ.ਐਂਡ.ਡੀ. ’ਚ ਅਜੇ ਨਿੱਜੀ ਨਿਵੇਸ਼ ਲਗਪਗ 36.4 ਫ਼ੀਸਦੀ ਦੇ ਨਜ਼ਦੀਕ ਹੈ ਜਦਕਿ ਅਮਰੀਕਾ ਤੇ ਚੀਨ ਵਰਗੇ ਵੱਡੇ ਅਰਥਚਾਰਿਆਂ ’ਚ ਨਿੱਜੀ ਖੇਤਰ ਦਾ ਇਹ ਯੋਗਦਾਨ 75 ਤੋਂ 77 ਫ਼ੀਸਦੀ ਦੇ ਘੇਰੇ ’ਚ ਹੈ। ਇਸ ਕਾਰਨ ਨਿੱਜੀ ਖੇਤਰ ਦੀ ਸਰਗਰਮ ਹਿੱਸੇਦਾਰੀ ਤੋਂ ਬਿਨਾਂ ਉਦਯੋਗਿਕ ਕ੍ਰਾਂਤੀ ਦੇ ਮਾਮਲੇ ’ਚ ਢੁੱਕਵੇਂ ਨਤੀਜੇ ਹਾਸਲ ਹੋਣੇ ਸੰਭਵ ਨਹੀਂ। ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਬੀਤੇ ਦਿਨੀਂ ਚੀਨ ਨਾਲ ਤੁਲਨਾ ਕਰਦੇ ਹੋਏ ਭਾਰਤੀ ਸਟਾਰਟਅਪ ਈਕੋਸਿਸਟਮ ਨੂੰ ਸਹੀ ਸ਼ੀਸ਼ਾ ਦਿਖਾਇਆ ਹੈ। ਭਾਰਤੀ ਈਕੋਸਿਸਟਮ ਦੇ ਰੁਖ਼-ਰਵੱਈਏ ’ਤੇ ਉਨ੍ਹਾਂ ਦੀ ਚਿੰਤਾ ਵਾਜਬ ਹੈ। ਭਾਰਤ ’ਚ ਚਾਹੇ ਹੀ ਡੇਢ ਲੱਖ ਤੋਂ ਵੱਧ ਰਜਿਸਟਰਡ ਸਟਾਰਟਅਪ ਹਨ, ਪਰ ਇਨ੍ਹਾਂ ’ਚੋਂ ਜ਼ਿਆਦਾਤਰ ਈ-ਕਾਮਰਸ, ਫੂਡ ਡਲਿਵਰੀ ਤੇ ਗਿਗ ਇਕੋਨਮੀ ਨਾਲ ਜੁੜੇ ਹਨ। ਇ ਸਦੀ ਤੁਲਨਾ ’ਚ ਚੀਨ ਦਾ ਜ਼ੋਰ ਡੀਪ-ਟੈੱਕ, ਏ.ਆਈ. ਤੇ ਹਾਰਡਵੇਅਰ ਇਨੋਵੇਸ਼ਨ ਤੇ ਦੇਸੀ ਟੈੱਕ ਦਿੱਗਜਾਂ ਦੇ ਨਿਰਮਾਣ ’ਤੇ ਹੈ। ਇਸ ’ਚ ਭਾਰਤ ਦੇ ਮੁਕਾਬਲਤਨ ਰੂਪ ਨਾਲ ਪੱਛੜਣ ਦਾ ਸਬੰਧ ਸਿਰਫ਼ ਉਮੀਦਾਂ ਨਾਲ ਨਾ ਹੋ ਕੇ ਢਾਂਚਾਗਤ ਰੂਪ ਨਾਲ ਜੁੜਿਆ ਹੈ। ਉਦਯੋਗ ਜਗਤ ਨੂੰ ਉਮੀਦਾਂ ਦੇ ਮੁਤਾਬਕ ਮੁਲਾਜ਼ਮਾਂ ਦਾ ਨਾ ਮਿਲਣਾ, ਖੋਜ ਅਤੇ ਵਿਕਾਸ ਲਈ ਸਾਧਨਾਂ ਦੀ ਥੁੜ੍ਹ ਅਤੇ ਸੀਮਤ ਪੇਟੈਂਟ ਪੂੰਜੀ ਨਾਲ ਜੋਖ਼ਮ ਲੈਣ ਦੀ ਉਹ ਸਮਰੱਥਾ ਨਹੀਂ ਪੈਦਾ ਹੋ ਸਕਦੀ ਜੋ ਅਸਲ ਇਨੋਵੇਸ਼ਨ ਤੇ ਲੰਬੇ ਸਮੇਂ ਲਈ ਨਿਵੇਸ਼ ਲਈ ਬਹੁਤ ਜ਼ਰੂਰੀ ਹੈ। ਇਸ ਕਾਰਨ, ‘ਕੀ ਅਸੀਂ ਆਈਸਕ੍ਰੀਮ ਤੇ ਚਿਪਸ ਹੀ ਬਣਾਉਂਦੇ ਰਹਾਂਗੇ’ ਵਾਲੀ ਗੋਇਲ ਦੀ ਟਿੱਪਣੀ ਚਾਹੇ ਹੀ ਕੁਝ ਤਿੱਖੀ ਲੱਗੇ, ਪਰ ਇਸ ’ਚ ਡੂੰਘਾ ਦੁੱਖ ਲੁਕਿਆ ਹੋਇਆ ਹੈ। ਹਾਲਾਤ ਬਦਲਣ ਲਈ ਸਾਨੂੰ ਆਪਣੀ ਤਰਜੀਹ ਤੈਅ ਕਰ ਕੇ ਉਨ੍ਹਾਂ ਨੂੰ ਮੂਰਤ ਰੂਪ ਦੇਣਾ ਪਵੇਗਾ। ਜਨਤਕ ਅਤੇ ਨਿੱਜੀ ਖੇਤਰ ਤੋਂ ਆਰ.ਐਂਡ.ਡੀ. ’ਚ ਨਿਵੇਸ਼ ਵਧਾਉਣਾ ਇਸ ਦੀ ਪਹਿਲੀ ਪੌੜੀ ਹੋਵੇਗੀ। ਸਾਨੂੰ ਯਕੀਨੀ ਕਰਨਾ ਪਵੇਗਾ ਕਿ ਆਰ.ਐਂਡ.ਡੀ. ’ਚ ਨਿਵੇਸ਼ ਲੰਬੇ ਸਮੇਂ ਲਈ ਆਰਥਕ ਵਾਧੇ ਨੂੰ ਰਫ਼ਤਾਰ ਦੇਣ ਵਾਲਾ ਹੋਵੇ। ਨਵੀਨਤਾ ਵਧੇ, ਨਵੇਂ ਉਦਯੋਗ ਸਾਹਮਣੇ ਆਉਣ ਦਾ ਆਧਾਰ ਬਣੇ, ਉਤਪਾਦਕਤਾ ਵਧੇ ਅਤੇ ਉੱਚ ਪੱਧਰੀ ਰੁਜ਼ਗਾਰ ਦੀ ਸਿਰਜਣਾ ਹੋਵੇ। ਭਾਰਤ ਵਰਗੇ ਅਰਥਚਾਰੇ ’ਚ ਇਹ ਉੱਚੇ ਵਾਧੇ ਲਈ ਪ੍ਰੇਰਕ ਹੋ ਸਕਦਾ ਹੈ। ਵਿਸ਼ਵ ਪੱਧਰੀ ਮੁਕਾਬਲੇ ’ਚ ਸੁਧਾਰ ਲਈ ਵੀ ਆਰ.ਐਂਡ.ਡੀ. ’ਚ ਨਿਵੇਸ਼ ਜ਼ਰੂਰੀ ਹੈ। ਤਕਨੀਕੀ ਨਵੀਨਤਾ ਦੇ ਆਧਾਰ ’ਤੇ ਭਾਰਤੀ ਕੰਪਨੀਆਂ ਉੱਚੇ ਮੁਨਾਫ਼ੇ ਵਾਲੇ ਅੰਤਰਰਾਸ਼ਟਰੀ ਬਾਜ਼ਾਰ ਦੇ ਫਾਰਮਾ, ਇਲੈਕਟ੍ਰਾਨਿਕਸ, ਊਰਜਾ ਤੇ ਏ.ਆਈ. ਵਰਗੇ ਖੇਤਰਾਂ ’ਚ ਆਪਣੀ ਪੈਠ ਵਧਾ ਸਕਦੀਆਂ ਹਨ। ਇੱਕ ਮਜ਼ਬੂਤ ਆਰ.ਐਂਡ.ਡੀ. ਢਾਂਚੇ ਦੀ ਥੁੜ੍ਹ ’ਚ ਭਾਰਤ ਵਿਦੇਸ਼ੀ ਤਕਨੀਕਾਂ ’ਤੇ ਨਿਰਭਰ ਹੋ ਕੇ ਵਿਸ਼ਵ ਪੱਧਰੀ ਸਪਲਾਈ ਚੇਨ ’ਚ ਪੱਛੜ ਜਾਵੇਗਾ। ਹੈਲਥ ਕੇਅਰ ਤੋਂ ਲੈ ਕੇ ਜਲਵਾਯੂ ਪਰਿਵਰਤਨ ਤੇ ਖ਼ੁਰਾਕ ਸੁਰੱਖਿਆ ਤੋਂ ਲੈ ਕੇ ਸਾਫ਼ ਊਰਜਾ ਵਰਗੀਆਂ ਚੁਣੌਤੀਆਂ ਦੇ ਹੱਲ ’ਚ ਵੀ ਆਰ.ਐਂਡ.ਡੀ. ਨਿਵੇਸ਼ ਦੀ ਉਪਯੋਗਿਤਾ ਕਿਸੇ ਤੋਂ ਲੁਕੀ ਨਹੀਂ ਹੈ। ਇਸ ’ਚ ਜਿੱਥੇ ਸਰਕਾਰੀ ਨਿਵੇਸ਼ ਜਨਤਕ ਪ੍ਰਣਾਲੀ ਤੇ ਰਾਸ਼ਟਰੀ ਮਿਸ਼ਨਾਂ ’ਚ ਉਪਯੋਗੀ ਹੋਵੇਗਾ ਉਥੇ ਨਿੱਜੀ ਖੇਤਰ ਦਾ ਨਿਵੇਸ਼ ਕਿਫ਼ਾਇਤੀ ਅਤੇ ਘੇਰਾ ਵਧਾਉਣ ਵਾਲੀ ਨਵੀਨਤਾ ’ਚ ਲਾਭਕਾਰੀ ਹੋਵੇਗਾ। ਆਰ.ਐਂਡ.ਡੀ. ’ਚ ਨਿਵੇਸ਼ ਵਧਾ ਕੇ ਭਾਰਤ ਨਾ ਸਿਰਫ਼ ਘਰੇਲੂ ਮੁਸ਼ਕਲਾਂ ਦਾ ਹੱਲ ਕਰ ਸਕਦਾ ਹੈ ਬਲਕਿ ਉਲਝੇ ਹੋਏ ਵਿਸ਼ਵ ਪੱਧਰੀ ਮੁੱਦਿਆਂ ਨੂੰ ਹੱਲ ਕਰਨ ਦਾ ਜ਼ਰੀਆ ਵੀ ਬਣ ਸਕੇਗਾ। ਇਸ ਨਾਲ ਵਿਦੇਸ਼ੀ ਨਿਵੇਸ਼ ਨੂੰ ਵੀ ਉਤਸ਼ਾਹਿਤ ਕਰਨ ’ਚ ਮਦਦ ਮਿਲੇਗੀ। ਤਕਨੀਕੀ ਪ੍ਰਭੂਸੱਤਾ ’ਚ ਵੀ ਇਸ ਦੀ ਮਹੱਤਾ ਹੈ। ਯਾਦ ਰਹੇ ਕਿ ਰੱਖਿਆ, ਪੁਲਾੜ, ਇਲੈਕਟ੍ਰਾਨਿਕਸ ਤੇ ਫਾਰਮਾ ਵਰਗੇ ਖੇਤਰਾਂ ’ਚ ਸਵਦੇਸ਼ੀ ਤਕਨੀਕੀ ਵਿਕਾਸ ਨਾਲ ਹੀ ਆਤਮ-ਨਿਰਭਰ ਭਾਰਤ ਵਰਗੀ ਮੁਹਿੰਮ ਨੂੰ ਕਾਮਯਾਬੀ ਮਿਲ ਸਕਦੀ ਹੈ। ਘਰੇਲੂ ਆਰ.ਐਂਡ.ਡੀ. ਸਮਰੱਥਾ ਦਾ ਵਿਕਾਸ ਦਰਾਮਦ ’ਤੇ ਨਿਰਭਰਤਾ ਘਟਾਉਣ ਦੇ ਨਾਲ ਹੀ ਅਰਥਚਾਰੇ ਨੂੰ ਬਾਹਰਲੇ ਝਟਕਿਆਂ ਤੋਂ ਬਚਾਉਣ ’ਚ ਢਾਲ ਦਾ ਕੰਮ ਕਰਦਾ ਹੈ। ਇਹ ਵਿਗਿਆਨ ਅਤੇ ਤਕਨੀਕ ’ਚ ਰਾਸ਼ਟਰੀ ਸਮਰੱਥਾ ਨੂੰ ਵਧਾਉਣ ਦੇ ਨਾਲ ਹੀ ਅਕੈਡਮਿਕ ਐਕਸੀਲੈਂਸ ਦਾ ਵੀ ਆਧਾਰ ਬਣਦਾ ਹੈ। ਇਸ ਲਈ ਇਸ ’ਤੇ ਪਹਿਲ ਦੇ ਆਧਾਰ ’ਤੇ ਵੱਡੇ ਪੱਧਰ ’ਤੇ ਕੰਮ ਕਰਨਾ ਹੋਵੇਗਾ। ਇੱਕ ਅਜਿਹੇ ਦੌਰ ’ਚ ਜਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟੈਰਿਫ ਵਾਰ ਦਾ ਬਿਗਲ ਵਜਾ ਦਿੱਤਾ ਹੈ ਤਾਂ ਇਕ ਤਰ੍ਹਾਂ ਦੀ ਇਹ ਮੁਸ਼ਕਲ ਭਾਰਤ ਲਈ ਨਵੇਂ ਮੌਕੇ ਲੈ ਕੇ ਆਈ ਹੈ। ਭਾਰਤ ਦੇ ਮੁੱਖ ਮੁਕਾਬਲੇਬਾਜ਼ ਦੇਸ਼ਾਂ ’ਤੇ ਜਿੱਥੇ ਟਰੰਪ ਨੇ ਵੱਧ ਦਰਾਮਦ ਫੀਸ ਲਾਈ ਹੈ ਤਾਂ ਉਸ ਦੀ ਤੁਲਨਾ ’ਚ ਭਾਰਤ ਨੂੰ ਕੁਝ ਰਿਆਇਤ ਦਿੱਤੀ ਹੈ। ਇਸ ਨਾਲ ਭਾਰਤ ਆਪਣੀ ਸਮਰੱਥਾ ਵਧਾ ਕੇ ਵਿਸ਼ਵ ਪੱਧਰੀ ਸਪਲਾਈ ਚੇਨ ’ਚ ਆਪਣੀ ਹਿੱਸੇਦਾਰੀ ਵਧਾ ਸਕਦਾ ਹੈ ਤੇ ਉਸ ਦੀ ਕੁੰਜੀ ਖੋਜ ਅਤੇ ਵਿਕਾਸ ’ਚ ਨਿਵੇਸ਼ ਵਧਾਉਣ ’ਚ ਹੈ। ਭਾਰਤ ਲਈ ਇਹ ਨਿਵੇਸ਼ ਵਧਾਉਣਾ ਹੁਣ ਕੋਈ ਬਦਲ ਨਹੀਂ ਬਲਕਿ ਜ਼ਰੂਰਤ ਬਣ ਗਈ ਹੈ। -ਆਦਿੱਤਿਆ ਸਿਨਹਾ -(ਲੇਖਕ ਲੋਕ-ਨੀਤੀ ਵਿਸ਼ਲੇਸ਼ਕ ਹੈ।)

Loading