ਵਿਰਾਸਤਾਂ ਨੂੰ ਸੰਭਾਲਣ ਦੀ ਲੋੜ

In ਮੁੱਖ ਲੇਖ
April 18, 2025
ਸੰਸਾਰ ਪ੍ਰਸਿੱਧ ਹਸਤੀ ਸੈਮੂਅਲ ਹਟਿੰਗਟਨ ਨੇ ਕਿਹਾ ਸੀ,‘‘ਜਿਨ੍ਹਾਂ ਲੋਕਾਂ ਨੂੰ ਆਪਣੇ ਇਤਿਹਾਸ, ਸੱਭਿਆਚਾਰ ਤੇ ਵਿਰਸੇ ਦਾ ਪਤਾ ਨਹੀਂ ਹੈ, ਉਹ ਅਜਿਹੇ ਰੁੱਖ ਹਨ ਜਿਨ੍ਹਾਂ ਦੀਆਂ ਜੜ੍ਹਾਂ ਨਹੀਂ ਹਨ।’’ ਉਸ ਦੇ ਆਖੇ ਇਨ੍ਹਾਂ ਬੋਲਾਂ ਦਾ ਅੱਖਰ-ਅੱਖਰ ਸੱਚ ਹੈ ਤੇ ਵਾਕਿਆ ਹੀ ਇਸ ਸੰਸਾਰ ਵਿੱਚ ਜਿਨ੍ਹਾਂ ਕੌਮਾਂ ਨੇ ਆਪਣਾ ਵਿਰਸਾ ਅਤੇ ਸੱਭਿਆਚਾਰ ਭੁਲਾ ਦਿੱਤਾ ਜਾਂ ਮਲੀਨ ਕਰ ਦਿੱਤਾ ਹੈ, ਉਨ੍ਹਾਂ ਦਾ ਨਾਮੋ-ਨਿਸ਼ਾਨ ਤੱਕ ਮਿਟ ਗਿਆ ਹੈ। ਇਸ ਦੇ ਬਿਲਕੁਲ ਉਲਟ ਜਿਨ੍ਹਾਂ ਕੌਮਾਂ ਨੇ ਆਪਣੀ ਬੋਲੀ, ਆਪਣਾ ਪਹਿਰਾਵਾ, ਸੰਸਕਾਰ ਅਤੇ ਵਿਰਸਾ ਸੰਭਾਲਿਆ ਹੈ, ਉਹ ਸਦੀਆਂ ਬੀਤ ਜਾਣ ’ਤੇ ਵੀ ਬੜੇ ਫ਼ਖ਼ਰ ਨਾਲ ਸਿਰ ਉੱਚਾ ਕਰ ਕੇ ਇਸ ਦੁਨੀਆਂ ਵਿੱਚ ਵਿਚਰ ਰਹੀਆਂ ਹਨ। ਅੱਜ ‘ਵਿਸ਼ਵ ਵਿਰਾਸਤ ਦਿਵਸ’ ਹੈ ਤੇ ਇਹ ਦਿਵਸ ਆਪਣੇ ਵਿਰਸੇ ਨੂੰ ਪਛਾਣਨ, ਸੰਭਾਲਣ ਤੇ ਸਦਾ ਚੇਤਿਆਂ ਤੇ ਹਕੀਕੀ ਜੀਵਨ ਵਿਚ ਕਾਇਮ ਰੱਖਣ ਦਾ ਦਿਵਸ ਹੈ। ਅਜੋਕੀ ਨੌਜਵਾਨ ਪੀੜ੍ਹੀ ਜੋ ਆਪਣੇ ਵਿਰਸੇ ਤੋਂ ਕੋਹਾਂ ਦੂਰ ਜਾ ਚੁੱਕੀ ਹੈ, ਨੂੰ ਆਪਣੇ ਅਮੀਰ ਵਿਰਸੇ ਪ੍ਰਤੀ ਜਾਗਰੂਕ ਕਰਦਿਆਂ ਹੋਇਆਂ ਉਸ ਦੀ ਸੁਚੱਜੀ ਸੰਭਾਲ ਲਈ ਤਿਆਰ ਕਰਨ ਹਿਤ ਅੱਜ ਤੋਂ ਸੁਭਾਗਾ ਦਿਨ ਕੋਈ ਹੋਰ ਨਹੀਂ ਹੋ ਸਕਦਾ। ਇਹ ਦਿਵਸ ਦੁਨੀਆਂ ਦੇ ਹਰੇਕ ਮੁਲਕ ਅਤੇ ਹਰੇਕ ਖਿੱਤੇ ’ਚ ਵਸਦੇ ਲੋਕਾਂ ਨੂੰ ਆਪਣੇ ਇਲਾਕੇ ਦੀਆਂ ਵਿਰਾਸਤੀ ਥਾਵਾਂ, ਇਮਾਰਤਾਂ ਤੇ ਕਦਰਾਂ-ਕੀਮਤਾਂ ਦੀ ਸੰਭਾਲ ਕਰਨ ਲਈ ਅੱਗੇ ਆਉਣ ਦਾ ਸੰਦੇਸ਼ ਦਿੰਦਾ ਹੈ। ਵਿਰਸਾ ਸੰਭਾਲਣ ਸਬੰਧੀ ਵਿਚਾਰ ਪ੍ਰਗਟ ਕਰਦਿਆਂ ਵਿਸ਼ਵ ਦੀ ਵੱਡੀ ਹਸਤੀ ਨੈਲਸਨ ਮੰਡੇਲਾ ਨੇ ਕਿਹਾ ਸੀ, ‘‘ਸਾਡੇ ਅਮੀਰ ਤੇ ਵਿਭਿੰਨਤਾ ਪੂਰਨ ਵਿਰਸੇ ਵਿੱਚ ਉਹ ਅਦਭੁਤ ਤਾਕਤ ਹੈ ਜੋ ਸਾਡੇ ਰਾਸ਼ਟਰ ਨਿਰਮਾਣ ਵਿੱਚ ਮਦਦ ਕਰ ਸਕਦੀ ਹੈ।’’ ਉਨ੍ਹਾਂ ਦੇ ਇਹ ਬੋਲ ਜੇ ਭਾਰਤ ’ਤੇ ਲਾਗੂ ਕਰ ਕੇ ਵੇਖੇ ਜਾਣ ਤਾਂ ਇਹ ਪੂਰੀ ਤਰ੍ਹਾਂ ਸੱਚ ਜਾਪਦੇ ਹਨ ਕਿਉਂਕਿ ਭਾਰਤ ਦੇ ਇਤਿਹਾਸ, ਸੱਭਿਆਚਾਰ ਤੇ ਵਿਰਸੇ ਵਿੱਚ ਉਹ ਕਦਰਾਂ-ਕੀਮਤਾਂ ਤੇ ਰਵਾਇਤਾਂ ਹਨ ਜਿਨ੍ਹਾਂ ਦੀ ਅਜੋਕੇ ਸਮਾਜ ਨੂੰ ਭਾਰੀ ਲੋੜ ਹੈ ਤੇ ਇਨ੍ਹਾਂ ਵਿਰਸੇ ਵਿੱਚ ਮਿਲੀਆਂ ਬੇਸ਼ਕੀਮਤੀ ਦਾਤਾਂ ਵਿੱਚ ਬਜ਼ੁਰਗਾਂ ਦਾ ਸਤਿਕਾਰ, ਮੁਲਕ ਪ੍ਰਤੀ ਵਫ਼ਾਦਾਰੀ, ਸਮਾਜ ਪ੍ਰਤੀ ਉਸਾਰੂ ਰਵੱਈਆ ਤੇ ਸੱਚ ਲਈ ਕੁਰਬਾਨ ਹੋ ਜਾਣਾ ਆਦਿ ਜਿਹੀਆਂ ਪਾਏਦਾਰ ਕਦਰਾਂ-ਕੀਮਤਾਂ ਵੀ ਸ਼ਾਮਲ ਹਨ। ‘ਭਾਰਤੀ ਪੁਰਾਤੱਤਵ ਵਿਭਾਗ’ ਸਾਡੀਆਂ ਇਤਿਹਾਸਕ ਤੇ ਵਿਰਾਸਤੀ ਮਹੱਤਵ ਵਾਲੀਆਂ ਥਾਵਾਂ ਦੀ ਦੇਖਭਾਲ ਸਬੰਧੀ ਠੋਸ ਕਦਮ ਚੁੱਕਣ ਤੇ ਉਨ੍ਹਾਂ ਦੀ ਪੁਨਰ ਸਿਰਜਣਾ ਲਈ ਜ਼ਿੰਮੇਵਾਰ ਸੰਸਥਾ ਹੈ ਤੇ ਆਪਣੇ ਕਾਰਜ ਪ੍ਰਤੀ ਯਤਨਸ਼ੀਲ ਵੀ ਹੈ ਪਰ ਫੰਡਾਂ ਦੀ ਘਾਟ ਕਰਕੇ ਇਹ ਸੰਸਥਾ ਆਪਣਾ ਫ਼ਰਜ਼ ਪੂਰੀ ਤਰ੍ਹਾਂ ਨਿਭਾ ਨਹੀਂ ਪਾ ਰਹੀ ਹੈ। ਬਤੌਰ ਇੱਕ ਜ਼ਿੰਮੇਵਾਰ ਨਾਗਰਿਕ ਸਾਡਾ ਵੀ ਇਹ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੇ ਆਸਪਾਸ ਦੀਆਂ ਇਤਿਹਾਸਕ ਅਤੇ ਵਿਰਾਸਤੀ ਇਮਾਰਤਾਂ ਅਤੇ ਬਉਲੀਆਂ ਆਦਿ ਦੀ ਅਸਲ ਦਿੱਖ ਬਰਕਰਾਰ ਰੱਖਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਤੇ ਸਾਫ਼-ਸਫ਼ਾਈ ਰੱਖਣ ਵਿਚ ਆਪਣਾ ਭਰਪੂਰ ਯੋਗਦਾਨ ਪਾਈਏ। ਸਾਡੇ ਮੁਲਕ ਦੀਆਂ ਧਾਰਮਿਕ ਜਥੇਬੰਦੀਆਂ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਵੀ ਵਿਰਾਸਤੀ ਮਹੱਤਵ ਵਾਲੇ ਇਤਿਹਾਸਕ ਤੇ ਧਾਰਮਿਕ ਸਥਾਨਾਂ ਦੀ ਸੰਭਾਲ ਤੇ ਪੁਨਰ ਨਿਰਮਾਣ ਸਮੇਂ ਸੰਗਮਰਮਰ ਅਤੇ ਸੋਨਾ ਲਗਾਉਣ ਦੀ ਥਾਂ ਆਧੁਨਿਕ ਤਕਨੀਕ ਅਤੇ ਸਾਧਨਾਂ ਦੀ ਵਰਤੋਂ ਕਰਦਿਆਂ ਹੋਇਆਂ ਉਨ੍ਹਾਂ ਦਾ ਵਿਰਾਸਤੀ ਰੂਪ ਅਤੇ ਅਸਲ ਦਿੱਖ ਬਰਕਰਾਰ ਰੱਖਣ ਲਈ ਹਰੇਕ ਹੀਲਾ ਕਰਨ। ਦੁਨੀਆਂ ਭਰ ਵਿੱਚ ਮਸ਼ਹੂਰ ਕੁਝ ਵਿਰਾਸਤੀ ਇਮਾਰਤਾਂ ਤੇ ਸਥਾਨਾਂ ਦਾ ਜੇ ਜ਼ਿਕਰ ਕੀਤਾ ਜਾਵੇ ਤਾਂ ਉਨ੍ਹਾਂ ਵਿੱਚ ਸ਼ੁਮਾਰ ਹਨ ‘ਸ੍ਰੀ ਹਰਿਮੰਦਰ ਸਾਹਿਬ, ਲਾਲ ਕਿਲਾ, ਤਾਜ ਮਹੱਲ, ਹੁਮਾਯੂੰ ਦਾ ਮਕਬਰਾ, ਕੁਤੁਬ ਮੀਨਾਰ, ਕੋਣਾਰਕ ਮੰਦਰ, ਚੀਨ ਦੀ ਦੀਵਾਰ, ਪੀਸਾ ਦੀ ਮੀਨਾਰ, ਅਜੰਤਾ-ਏਲੋਰਾ ਦੀਆਂ ਗੁਫ਼ਾਵਾਂ, ਵੈਟੀਕਨ ਸਿਟੀ, ਮਾਊਂਟ ਸੇਂਟ ਮਾਈਕਲ, ਸਟੈਚੂ ਆਫ ਲਿਬਰਟੀ, ਮਿਸਰ ਦੇ ਪਿਰਾਮਿਡ’ ਆਦਿ ਜੋ ਅੱਜ ਵੀ ਹਰੇਕ ਨੂੰ ਆਪਣੇ ਅਮੀਰ ਵਿਰਸੇ ਨੂੰ ਨੇੜਿਓਂ ਤੱਕਣ, ਪਛਾਣਨ, ਸੰਭਾਲਣ ਅਤੇ ਉਸ ਤੋਂ ਕੁਝ ਸਿੱਖਣ ਦਾ ਸੰਦੇਸ਼ ਦੇ ਰਹੇ ਹਨ। -ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ

Loading