
ਦੁਬਈ/ਏ.ਟੀ.ਨਿਊਜ਼:
ਯਮਨ ਵਿੱਚ ਹੂਤੀ ਬਾਗ਼ੀਆਂ ਦੇ ਕਬਜ਼ੇ ਵਾਲੀ ਰਾਸ ਈਸਾ ਤੇਲ ਬੰਦਰਗਾਹ ’ਤੇ ਅਮਰੀਕਾ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਵਿੱਚ 74 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 171 ਹੋਰ ਜ਼ਖ਼ਮੀ ਹੋ ਗਏ। ਹੂਤੀ ਬਾਗ਼ੀਆਂ ਨੇ ਇਹ ਦਾਅਵਾ ਕੀਤਾ ਹੈ। ਇਹ ਹਮਲਾ 15 ਮਾਰਚ ਤੋਂ ਜਾਰੀ ਅਮਰੀਕੀ ਹਵਾਈ ਹਮਲਿਆਂ ਦੀ ਲੜੀ ’ਚੋਂ ਸਭ ਤੋਂ ਘਾਤਕ ਹਮਲਿਆਂ ’ਚੋਂ ਇੱਕ ਸੀ।
ਅਮਰੀਕੀ ਫ਼ੌਜ ਦੀ ‘ਸੈਂਟਰਲ ਕਮਾਂਡ’ ਨੇ ਵੀ ਇਨ੍ਹਾਂ ਹਮਲਿਆਂ ਦੀ ਪੁਸ਼ਟੀ ਕੀਤੀ ਹੈ ਪਰ ਨੁਕਸਾਨ ਬਾਰੇ ਪੁੱਛੇ ਜਾਣ ’ਤੇ ਉਸ ਨੇ ਇਸ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਇਜ਼ਰਾਇਲੀ ਫ਼ੌਜ ਨੇ ਦੱਸਿਆ ਕਿ ਹੂਤੀ ਬਾਗ਼ੀਆਂ ਨੇ ਇਜ਼ਰਾਈਲ ਵੱਲ ਇੱਕ ਹੋਰ ਮਿਜ਼ਾਈਲ ਦਾਗੀ, ਜਿਸ ਨੂੰ ਇਜ਼ਰਾਇਲੀ ਫ਼ੌਜ ਨੇ ਵਿਚਾਲੇ ਹੀ ਰੋਕ ਦਿੱਤਾ।