ਸ਼ਰਧਾ ਨਾਲ ਧੰਨ-ਧੰਨ ਕਰਵਾਉਣ ਵਾਲੇ ਭਗਤ ਧੰਨਾ ਜੀ

In ਮੁੱਖ ਲੇਖ
April 19, 2025
ਬਹਾਦਰ ਸਿੰਘ ਗੋਸਲ ਜਿਹੜੇ 15 ਭਗਤ ਸਾਹਿਬਾਨ ਭਗਤੀ ਲਹਿਰ ਦੀ ਮਾਲਾ ਦੇ ਅਮੁੱਲ ਮੋਤੀ ਬਣੇ ਤੇ ਜਿਨ੍ਹਾਂ ਦੀ ਬਾਣੀ ਨੂੰ ਸ੍ਰੀ ਗੁੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਸੁਸ਼ੋਭਿਤ ਕੀਤਾ, ਉਨ੍ਹਾਂ ’ਚੋਂ ਇਕ ਹਨ ਸਾਦਗੀ ਤੇ ਸ਼ਰਧਾ ਦੇ ਪ੍ਰਤੀਕ ਭਗਤ ਧੰਨਾ ਜੀ। ਉਨ੍ਹਾਂ ਦਾ ਜਨਮ 1416 ਈਸਵੀ ਨੂੰ ਰਾਜਪੂਤਾਨੇ ਦੇ ਪਿੰਡ ਧੁਆਨ ਵਿਖੇ ਜੱਟ ਪਰਿਵਾਰ ’ਚ ਹੋਇਆ। ਇਹ ਪਿੰਡ ਭਾਈ ਕਾਨ੍ਹ ਸਿੰਘ ਨਾਭਾ ਦੇ ਕਥਨ ਅਨੁਸਾਰ ਟਾਂਕ ਦੇ ਇਲਾਕੇ ’ਚ ਦੇਉਲੀ ਤੋਂ 20 ਮੀਲ ਦੂਰ ਹੈ। ਉਨ੍ਹਾਂ ਨੇ ਬਚਪਨ ’ਚ ਹੀ ਆਪਣੇ ਪਿਤਾ-ਪੁਰਖੀ ਧੰਦੇ ਕਿਰਸਾਨੀ ਤੇ ਪਸ਼ੂ ਚਾਰਨ ਨੂੰ ਆਪਣੇ ਕਿੱਤੇ ਵਜੋਂ ਅਪਣਾਇਆ। ਉਹ ਬਚਪਨ ਤੋਂ ਹੀ ਧਾਰਮਿਕ ਰੁਚੀਆਂ ’ਚ ਵਿਸ਼ਵਾਸ ਰੱਖਦੇ ਸਨ ਤੇ ਇਹੀ ਕਾਰਨ ਸੀ ਕਿ ਵੱਡੇ ਹੋ ਕੇ ਉਹ ਇਕ ਮਹਾਨ ਭਗਤ ਬਣੇ। ਉਹ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ 53 ਸਾਲ ਪਹਿਲਾਂ, ਭਗਤ ਪੀਪਾ ਜੀ ਤੋਂ 10 ਸਾਲ ਪਹਿਲਾਂ ਤੇ ਭਗਤ ਕਬੀਰ ਜੀ ਤੋਂ 18 ਸਾਲ ਬਾਅਦ ਪੈਦਾ ਹੋਏ ਸਨ। ਇਸ ਤਰ੍ਹਾਂ ਉਨ੍ਹਾਂ ਨੂੰ ਭਗਤ ਕਬੀਰ ਤੇ ਭਗਤ ਪੀਪਾ ਜੀ ਦਾ ਸਮਕਾਲੀ ਵੀ ਕਿਹਾ ਜਾ ਸਕਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਆਪ ਜੀ ਨੇ ਭਗਤ ਰਾਮਾਨੰਦ ਜੀ ਨੂੰ ਆਪਣਾ ਗੁਰੂ ਮੰਨਿਆ, ਜਿਨ੍ਹਾਂ ਦਾ ਜੀਵਨ ਕਾਲ 1366 ਈ: ਤੋਂ 1467 ਈ: ਮੰਨਿਆ ਜਾਂਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਆਪ ਜੀ ਦੇ ਨਗਰ ਦੇ ਰਾਜੇ ਦਾ ਨਾਂ ਭੀਮ ਸੈਨ ਸੀ। ਆਪ ਜੀ ਲਿਖਦੇ ਹਨ : ਧੰਨਾ ਐਸੇ ਹਮਰਾ ਨਾਉ।। ਭੀਮ ਸੈਨ ਰਾਜੇ ਕੇ ਗਾਂਊ।। ਆਪ ਜੀ ਦੇ ਮਾਤਾ-ਪਿਤਾ ਦੇ ਨਾਵਾਂ ਬਾਰੇ ਕੁਝ ਪਤਾ ਨਹੀਂ ਲੱਗਦਾ ਤੇ ਨਾ ਹੀ ਆਪ ਜੀ ਦੇ ਦੂਜੇ ਭੈਣ-ਭਰਾਵਾਂ ਬਾਰੇ ਕੁਝ ਪਤਾ ਲੱਗਦਾ ਹੈ। ਸੁਖਦੇਵ ਸਿੰਘ ਸ਼ਾਂਤ ਭਾਈ ਕਾਨ੍ਹ ਸਿੰਘ ਨਾਭਾ ਜੀ ਦੇ ਹਵਾਲੇ ਨਾਲ ਲਿਖਦੇ ਹਨ ਕਿ ਆਪ ਜੀ ਦੀ ਜਾਤੀ ਜੱਟ ਜ਼ਿਮੀਂਦਾਰ ਸੀ।ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਤੇ ਭਾਈ ਗੁਰਦਾਸ ਜੀ ਦੀ ਬਾਣੀ ਤੋਂ ਵੀ ਉਨ੍ਹਾਂ ਦੇ ਜੱਟ ਜ਼ਿੰਮੀਦਾਰ ਹੋਣ ਦਾ ਪਤਾ ਲੱਗਦਾ ਹੈ : ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ।। ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ।। ਠਾਕੁਰ ਦੀ ਪੂਜਾ ਭਗਤ ਧੰਨਾ ਜੀ ਦੇ ਜੀਵਨ ਵਿਚ ਉਦੋਂ ਇਕ ਵੱਡਾ ਮੋੜ ਆਇਆ ਜਦੋਂ ਉਹ ਗਊਆਂ ਚਾਰਨ ਲਈ ਨਗਰ ਤੋਂ ਬਾਹਰ ਜਾਂਦੇ ਸਨ ਤੇ ਉੱਥੇ ਆਪ ਜੀ ਨੇ ਇਕ ਬ੍ਰਾਹਮਣ ਨੂੰ ਠਾਕੁਰ ਦੀ ਪੂਜਾ ਕਰਦਿਆਂ ਦੇਖਿਆ। ਆਪ ਜੀ ਦੇ ਮਨ ’ਚ ਵੀ ਠਾਕੁਰ ਦੀ ਪੂਜਾ ਕਰਨ ਦੀ ਪ੍ਰਬਲ ਇੱਛਾ ਜਾਗ ਪਈ ਤੇ ਆਪ ਜੀ ਨੇ ਪੰਡਿਤ ਤੋਂ ਇਕ ਠਾਕੁਰ ਦੀ ਮੰਗ ਕੀਤੀ ਤੇ ਵਾਰ- ਵਾਰ ਮੰਗ ਕਰਨ ’ਤੇ ਪੰਡਿਤ ਨੇ ਖਹਿੜਾ ਛੁਡਾਉਣ ਦੇ ਮਨੋਰਥ ਨਾਲ ਇਕ ਕਾਲਾ ਪੱਥਰ ਧੰਨੇ ਨੂੰ ਦੇ ਕੇ ਪੂਜਾ ਦੀ ਵਿਧੀ ਦੱਸੀ। ਘਰ ਆ ਕੇ ਧੰਨਾ ਜੀ ਨੇ ਠਾਕੁਰ ਨੂੰ ਇਸ਼ਨਾਨ ਕਰਵਾ ਕੇ ਉਸ ਦੀ ਪੂਜਾ ਸ਼ੁਰੂ ਕਰ ਦਿੱਤੀ ਕਿਉਂਕਿ ਬ੍ਰਾਹਮਣ ਨੇ ਦੱਸਿਆ ਸੀ ਕਿ ਠਾਕੁਰ ਨੂੰ ਭੋਗ ਲਗਵਾ ਕੇ ਫਿਰ ਆਪ ਭੋਜਨ ਖਾਣਾ ਹੈ। ਸੱਚਮੁੱਚ ਹੀ ਧੰਨਾ ਠਾਕੁਰ ਨੂੰ ਭੋਗ ਲਗਵਾਉਣ ਲਈ ਜ਼ਿੱਦ ਕਰਨ ਲੱਗੇ ਤੇ ਪ੍ਰਣ ਕੀਤਾ ਕਿ ਜਦੋਂ ਤਕ ਠਾਕੁਰ ਭੋਗ ਨਹੀਂ ਲਾਵੇਗਾ, ਉਹ ਆਪ ਵੀ ਮੂੰਹ ’ਚ ਅੰਨ ਨਹੀਂ ਪਾਵੇਗਾ। ਇਸ ਤਰ੍ਹਾਂ ਪੂਰੀ ਸ਼ਰਧਾ ਤੇ ਦਿ੍ਰੜ ਵਿਸ਼ਵਾਸ ਨਾਲ ਆਪ ਜੀ ਨੇ ਪ੍ਰਭੂ ਜੀ ਦੇ ਪ੍ਰਤੱਖ ਦਰਸ਼ਨ ਕੀਤੇ ਤੇ ਪ੍ਰਭੂ ਨੂੰ ਬਾਲ-ਹੱਠ ਕਾਰਨ ਰੋਟੀ ਖਾਣ ਤੇ ਲੱਸੀ ਪੀਣ ਲਈ ਮਜਬੂਰ ਕੀਤਾ। ਭਾਈ ਗੁਰਦਾਸ ਜੀ ਨੇ ਆਪਣੀ ਦਸਵੀਂ ਵਾਰ ’ਚ ਇਸ ਘਟਨਾ ਨੂੰ ਬਾਖੂਬੀ ਦਰਸਾਇਆ ਹੈ :- ਬ੍ਰਾਮਣੁ ਪੂਜੈ ਦੇਵਤੇ ਧੰਨਾ ਗਊ ਚਰਾਵਣਿ ਆਵੈ। ਧੰਨੈ ਡਿਠਾ ਚਲਿਤੁ ਏਹੁ ਪੂਛੇ ਬ੍ਰਾਮ੍ਹਣੁ ਆਖਿ ਸੁਣਾਵੈ। ਠਾਕਰ ਦੀ ਸੇਵਾ ਕਰੈ ਜੋ ਇਛੈ ਸੋਈ ਫਲੁ ਪਾਵੈ। ਧੰਨਾ ਕਰਦਾ ਜੋਦੜੀ ਮੈਂ ਭਿ ਦੇਹ ਇਕ ਜੇ ਤੁਧੁ ਭਾਵੈ। ਪੱਥਰੁ ਇਕੁ ਲਪੇਟਿ ਕਰਿ ਦੇ ਧੰਨੈ ਨੋ ਗੈਲ ਛੁਡਾਵੈ। ਠਾਕਰ ਨੋ ਨ੍ਹਾਵਾਲਿ ਕੈ ਛਾਹਿੂ ਰੋਟੀ ਲੈ ਭੋਗੁ ਚੜ੍ਹਾਵੈ। ਹਥਿ ਜੋੜਿ ਮਿਨਤਿ ਕਰੈ ਪੈਰੀ ਪੈ ਪੈ ਬਹੁਤੁ ਮਨਾਵੈ। ਹਉ ਭੀ ਮੁਹੁ ਨ ਜੁਠਾਲਸਾ ਤੂ ਰੁਠਾ ਮੈ ਕਿਹੁ ਨ ਸੁਖਾਵੈ। ਗੋਸਾਈ ਪਰਤਖਿ ਹੋਇ ਰੋਟੀ ਖਾਹਿ ਛਾਹਿ ਮੁਹਿ ਲਾਵੈ। ਭੋਲਾ ਭਾਉ ਗੋਬਿੰਦੁ ਮਿਲਾਵੈ।। ਗੁਰੂ ਗ੍ਰੰਥ ਸਾਹਿਬ ’ਚ ਸ਼ਾਮਲ ਹੋਈ ਰਚਨਾ ਭਗਤ ਧੰਨਾ ਜੀ ਦੇ ਤਿੰਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਦਰਜ ਹਨ। ਇਨ੍ਹਾਂ ’ਚੋਂ ਦੋ ਸ਼ਬਦ ਆਸਾ ਰਾਗ ’ਚ ਤੇ ਇਕ ਸ਼ਬਦ ਧਨਾਸਰੀ ਰਾਗ ’ਚ ਹੈ। ਆਪਣੀ ਬਾਣੀ ’ਚ ਉਨ੍ਹਾਂ ਨੇ ਪਰਮਾਤਮਾ ਨੂੰ ਕਈ ਨਾਵਾਂ ਨਾਲ ਸੰਬੋਧਿਤ ਕੀਤਾ ਹੈ ਜਿਵੇਂ ਪਰਮ-ਪੁਰਖ, ਅਛਲੀ, ਪ੍ਰਭੂ, ਧਰਣੀਧਰੁ, ਦਯਾਲ, ਕਰਤਾ, ਖਸਮੁ, ਪਰਮਾਨੰਦ, ਗੋਪਾਲ, ਮਨੋਹਰ ਦਮੋਦਰ ਆਦਿ। ਆਪਣੀ ਬਾਣੀ ’ਚ ਉਹ ਸਮਝਾਉਂਦੇ ਹਨ ਕਿ ਸਭ ਜੀਵਾਂ ਦੀ ਰੱਖਿਆ ਕਰਨ ਵਾਲਾ ਤੇ ਪਾਲਣਹਾਰ ਇਕ ਪ੍ਰਭੂ ਹੀ ਹੈ, ਜੋ ਹਰ ਥਾਂ ’ਤੇ ਹਰ ਪ੍ਰਾਣੀ ਦੀ ਹਰ ਤਰ੍ਹਾਂ ਨਾਲ ਸਹਾਇਤਾ ਕਰਦਾ ਹੈ। ਇਸ ਸਬੰਧ ’ਚ ਉਹ ਮਾਂ ਦੇ ਪੇਟ ’ਚ ਪਲ ਰਹੇ ਬੱਚੇ ਤੇ ਕੱਛੂ-ਕੁੰਮੀ ਦੇ ਬੱਚਿਆਂ ਦੇ ਪਾਲਣ ਦੀ ਉਦਾਹਰਨ ਦਿੰਦਿਆਂ ਕਹਿੰਦੇ ਹਨ ਕਿ ਕੱਛੂ-ਕੁੰਮੀ ਆਪ ਪਾਣੀ ’ਚ ਰਹਿੰਦੀ ਹੈ ਪਰ ਉਸ ਦੇ ਬੱਚੇ ਬਾਹਰ ਰੇਤ ’ਚ ਪਲਦੇ ਰਹਿੰਦੇ ਹਨ, ਜਿਨ੍ਹਾਂ ਦੀ ਰੱਖਿਆ ਪ੍ਰਭੂ ਹੀ ਕਰਦਾ ਹੈ। ਇਸੇ ਤਰ੍ਹਾਂ ਤੀਜੀ ਉਦਾਹਰਨ ਉਹ ਪੱਥਰ ’ਚ ਪਲ ਰਹੇ ਕੀੜੇ ਦੀ ਦਿੰਦੇ ਹਨ ਜਿਸ ਨੂੰ ਨਿਕਲਣ ਦਾ ਕੋਈ ਰਸਤਾ ਨਹੀਂ ਤੇ ਪਰਮਾਤਮਾ ਪੱਥਰ ਦੇ ਅੰਦਰ ਹੀ ਉਸ ਨੂੰ ਖਾਣਾ ਦੇ ਕੇ ਰੱਖਿਆ ਕਰਦਾ ਹੈ। ਭਗਤ ਧੰਨਾ ਜੀ ਫੁਰਮਾਉਂਦੇ ਹਨ :- ਜਨਨੀ ਕੇਰੇ ਉਦਰ ਉਦਕ ਮਹਿ ਪਿੰਡੁ ਕੀਆ ਦਸ ਦੁਆਰਾ।। ਦੇਇ ਅਹਾਰੁ ਅਗਨਿ ਮਹਿ ਰਾਖੈ ਐਸਾ ਖਸਮੁ ਹਮਾਰਾ।। ਇਸੇ ਤਰ੍ਹਾਂ ਹੀ ਆਪ ਜੀ ਕੂੰਮੀ ਦੇ ਬੱਚਿਆਂ ਦੀ ਪਾਲਣਾ ਬਾਰੇ ਫੁਰਮਾਨ ਕਰਦੇ ਹਨ : ਕੁੰਮੀ ਜਲ ਮਹਿ ਤਨ ਤਿਸੁ ਬਾਹਰਿ ਪੰਖ ਖੀਰੁ ਤਿਨ ਨਾਹੀ।। ਪੂਰਨ ਪਰਮਾਨੰਦ ਮਨੋਹਰ ਸਮਝਿ ਦੇਖ ਮਨ ਮਾਹੀ।। ਭਗਤ ਧੰਨਾ ਜੀ ਸਮਝਾਉਂਦੇ ਹਨ ਕਿ ਪਰਮਾਤਮਾ ਕਰਤਾ ਪੁਰਖ ਹੈ ਤੇ ਸਭ ਕੁਝ ਉਹੀ ਹੁੰਦਾ ਹੈ, ਜੋ ਉਹ ਕਰਦਾ ਹੈ। ਉਹੀ ਆਪਣੇ ਭਗਤਾਂ ਦੇ ਸਾਰੇ ਕਾਰਜ ਸੰਵਾਰਦਾ ਹੈ ਤੇ ਇਸੇ ਲਈ ਉਹ ਪ੍ਰਭੂ ਅੱਗੇ ਪ੍ਰਾਰਥਨਾ ਕਰਦੇ ਹਨ : ਗੋਪਾਲ ਤੇਰਾ ਆਰਤਾ।। ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ।। ਸਬਰ ਨਾਲ ਭਰਿਆ ਹੋਇਆ ਜੀਵਨ ਭਗਤ ਧੰਨਾ ਜੀ ਦਾ ਜੀਵਨ ਸਬਰ-ਸੰਤੋਖ ਨਾਲ ਭਰਿਆ ਹੋਇਆ ਸੀ, ਉਹ ਕੋਈ ਲਾਲਚ ਨਾ ਕਰਦੇ ਹੋਏ ਕੇਵਲ ਲੋੜ ਅਨੁਸਾਰ ਹੀ ਪਰਮਾਤਮਾ ਤੋਂ ਮੰਗ ਕਰਦੇ ਹਨ ਪਰ ਉਹ ਹਰ ਉੱਤਮ ਚੀਜ਼ ਦੀ ਮੰਗ ਕਰਦੇ ਹਨ ਤਾਂ ਕਿ ਇਸ ਜੀਵਨ ਨੂੰ ਉੱਤਮ ਬਣਾਇਆ ਜਾਵੇ। ਜੀਵਨ ਦੀਆਂ ਨਿੱਤ-ਪ੍ਰਤੀ ਦੀਆਂ ਲੋੜਾਂ ਦੀ ਮੰਗ ਕਰਦਿਆਂ ਉਹ ਪ੍ਰਭੂ ਅੱਗੇ ਬੇਨਤੀ ਕਰਦੇ ਹਨ : ਦਾਲਿ-ਸੀਧਾ ਮਾਗਉ ਘੀਉ।। ਹਮਰਾ ਖੁਸ਼ੁੀ ਕਰੈ ਨਿਤ ਜੀਊ।। ਪਨੀਆ ਛਾਦਨੁ ਨੀਕਾ।। ਅਨਾਜੁ ਮਾਗਉ ਸਤ ਸੀ ਕਾ।। ਗਊ ਭੈਸ ਮਗਉ ਲਾਵੇਰੀ।। ਇਕ ਤਾਜਨਿ ਤੁਰੀ ਚੰਗੇਰੀ।। ਘਰ ਕੀ ਗੀਹਨਿ ਚੰਗੀ।। ਜਨ ਧੰਨਾ ਲੇਵੈ ਮੰਗੀ।। ਭਗਤ ਜੀ ਦਾ ਵਿਚਾਰ ਸੀ ਕਿ ਸਰੀਰ ਨੂੰ ਕਸ਼ਟ ਦੇਣਾ, ਭੁੱਖੇ-ਨੰਗੇ ਰਹਿਣਾ, ਧੁੱਪ-ਮੀਂਹ ਆਦਿ ’ਚ ਕਸ਼ਟ ਦੇਣਾ, ਨੰਗੇ ਪੈਰੀਂ ਫਿਰਨਾ, ਚੁੱਪ ਸਾਧਨਾ ਜਾਂ ਹੋਰ ਕਈ ਤਰ੍ਹਾਂ ਦੇ ਤਨ ਨੂੰ ਕਸ਼ਟ ਦੇਣ ਨਾਲ ਅਸੀਂ ਕਿਸੇ ਨੂੰ ਤਿਆਗੀ ਨਹੀਂ ਕਹਿ ਸਕਦੇ। ਕੇਵਲ ਸਬਰ ਸੰਤੋਖ ਹੀ ਮਨੁੱਖ ਨੂੰ ਵਾਧੂ ਇੱਛਾਵਾਂ ਤੋਂ ਬਚਾ ਸਕਦੇ ਹਨ। ਮਾਇਆ ਦੀ ਤਿ੍ਰਸ਼ਨਾ ਨੂੰ ਭਗਤ ਧੰਨਾ ਜੀ ਨੇ ‘ਬਿਖ ਫਲ’ ਦਾ ਨਾਂ ਦਿੱਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਮੂਰਖ ਲੋਕਾਂ ਨੂੰ ਮਾਇਆ ਦਾ ਇਹ ‘ਬਿਖ ਫਲ’ ਮਿੱਠਾ ਲੱਗਦਾ ਹੈ ਅਤੇ ਇਸ ਤਰ੍ਹਾਂ ਉਸ ਮਨੁੱਖ ਦਾ ਮਨ ਚੰਗੇ ਵਿਚਾਰਾਂ ਤੋਂ ਦੂਰ ਚਲਿਆ ਜਾਂਦਾ ਹੈ। ਉਹ ਫੁਰਮਾਉਂਦੇ ਹਨ: ਬਿਖੁ ਫਲ ਮੀਠ ਲਗੇ ਮਨ ਬਊਰੇ ਚਾਰ ਬਿਚਾਰ ਨ ਜਾਨਿਆ।। ਗੁਣ ਤੇ ਪ੍ਰੀਤਿ ਬਢਿ ਅਨ ਭਾਂਤਿ ਜਨਮ ਮਰਨ ਫਿਰਿ ਤਾਨਿਆ।। ਇਸ ਤਰ੍ਹਾਂ ਭਗਤ ਧੰਨਾ ਜੀ ਆਪਣੇ ਤਿੰਨ ਸ਼ਬਦਾਂ ਰਾਹੀਂ ਸਾਨੂੰ ਸਮਝਾਉਂਦੇ ਹਨ ਕਿ ਪ੍ਰਭੂ ਭਗਤੀ ਰਾਹੀਂ ਮਨੁੱਖ ਮਾਇਆ ਦੇ ਪ੍ਰਭਾਵ ਤੋਂ ਬਚ ਸਕਦਾ ਹੈ ਤੇ ਮਨੁੱਖ ਜਨਮ-ਮਰਨ ਦੇ ਚੱਕਰਾਂ ਤੋਂ ਰਹਿਤ ਹੋ ਜਾਂਦਾ ਹੈ। ਇਸ ਤਰ੍ਹਾਂ ਭਗਤ ਜੀ ਦੀ ਬਾਣੀ ਬਹੁਤ ਹੀ ਅਧਿਆਤਮਕ ਹੈ। ਉਨ੍ਹਾਂ ਦਾ ਸੰਦੇਸ਼ ਹੈ ਕਿ ਜੀਵਨ ਦੀਆਂ ਲੋੜਾਂ ਨੂੰ ਸੀਮਤ ਰੱਖ ਕੇ ਮਨ ਦੀ ਤਿ੍ਰਪਤੀ ਤਕ ਪਹੁੰਚਿਆ ਜਾ ਸਕਦਾ ਹੈ। ਵਰਤੀ ਆਮ ਲੋਕਾਂ ਦੀ ਭਾਸ਼ਾ ਭਗਤ ਧੰਨਾ ਜੀ ਦੀ ਬਾਣੀ ਸ੍ਰੀ ਗੁਰੂ ਗੰ੍ਰਥ ਸਾਹਿਬ ’ਚ ਪੰਨਾ 694-95 ’ਤੇ ਦਰਜ ਹੈ, ਜੋ ਮਨੁੱਖੀ ਜੀਵਨ ਲਈ ਬਹੁਤ ਹੀ ਸਾਰਥਿਕ ਹੈ। ਸੁਖਦੇਵ ਸਿੰਘ ਸ਼ਾਂਤ ਭਗਤ ਧੰਨਾ ਜੀ ਦੀ ਬਾਣੀ ਦੀ ਕਾਵਿ-ਸ਼ੈਲੀ ਬਾਰੇ ਵਿਚਾਰ ਪੇਸ਼ ਕਰਦਿਆਂ ਲਿਖਦੇ ਹਨ ਕਿ ਭਗਤ ਜੀ ਨੇ ਸਾਧ ਭਾਸ਼ਾ ਦੇ ਨਾਲ ਅਰਬੀ ਤੇ ਸੰਸਕਿ੍ਰਤ ਭਾਸ਼ਾਵਾਂ ਦੀ ਵੀ ਵਰਤੋਂ ਕੀਤੀ ਹੈ ਜਿਸ ਤਰ੍ਹਾਂ ਤਾਜਨਿ ਅਰਬੀ ਭਾਸ਼ਾ ਦਾ ਸ਼ਬਦ ਹੈ ਤੇ ਮਨੋਹਰ ਸੰਸਕਿ੍ਰਤ ਭਾਸ਼ਾ ਤੋਂ ਲਿਆ ਗਿਆ ਸ਼ਬਦ ਹੈ ਪਰ ਆਮ ਤੌਰ ’ਤੇ ਭਗਤ ਜੀ ਦੀ ਬਾਣੀ ’ਚ ਆਮ ਲੋਕਾਂ ਦੀ ਭਾਸ਼ਾ ਵਧੇਰੇ ਵਰਤੀ ਗਈ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਭਗਤ ਧੰਨਾ ਜੀ ਦੀ ਕਾਵਿ-ਸ਼ੈਲੀ ਬਾਕੀ ਭਗਤਾਂ ਦੀ ਕਾਵਿ-ਸ਼ੈਲੀ ਨਾਲ ਮਿਲਦੀ-ਜੁਲਦੀ ਹੈ। ਆਪ ਜੀ ਦੀ ਬਾਣੀ ਬਹੁਤ ਹੀ ਰਸ ਮਈ ਤੇ ਮਿੱਠੀ ਹੋਣ ਕਾਰਨ ਆਮ ਕਰਕੇ ਗੁਰੂ ਘਰਾਂ ’ਚ ਕੀਰਤਨ ਲਈ ਗਾਈ ਜਾਂਦੀ ਹੈ। ਇਸ ਤਰ੍ਹਾਂ ਆਪਣੀ ਬਾਣੀ ਸਦਕਾ ਉਹ ਭਗਤੀ ਲਹਿਰ ਦੀ ਮਾਲਾ ਦੇ ਅਨਮੋਲ ਮੋਤੀ ਬਣ ਗਏ ਤੇ ਉਨ੍ਹਾਂ ਨੂੰ ਵੱਡੇ ਭਾਗਾਂ ਵਾਲਾ ਕਹਿ ਕੇ ਵਡਿਆਈ ਦਿੱਤੀ ਜਾਂਦੀ ਹੈ। ਭਗਤੀ, ਸਾਦਗੀ, ਨਿਮਰਤਾ ਤੇ ਸੰਤੋਖ ਕਾਰਨ ਧੰਨਾ ਜੀ ਸੱਚਮੁੱਚ ਸੰਸਾਰ ’ਚ ਧੰਨ- ਧੰਨ ਹੋ ਗਏ। ਨਿਰੰਕਾਰ ਦੀ ਭਗਤੀ ’ਚ ਹੋਏ ਲੀਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ‘‘ਧੰਨਾ ਸੇਵਿਆ ਬਾਲ ਬੁਧਿ’’ ਆਖ ਕੇ ਧੰਨੇ ਦਾ ਪ੍ਰਭੂ-ਮਿਲਾਪ ਦਾ ਜ਼ਿਕਰ ਕੀਤਾ ਹੈ। ਧੰਨਾ ਭਗਤ ਭਾਵੇਂ ਸ਼ੁਰੂ-ਸ਼ੁਰੂ ਵਿਚ ਮੂਰਤੀ ਪੂਜਾ ਕਰਦੇ ਸਨ ਪਰ ਬਾਅਦ ਵਿਚ ਉਹ ਨਿਰੰਕਾਰ ਦੀ ਭਗਤੀ ਵਿੱਚ ਲੀਨ ਹੋ ਗਏ। ਭਗਤ ਧੰਨਾ ਜੀ ਨੇ ਵੀ ਗੁਰੂ ਧਾਰਨ ਕਰ ਕੇ ਬ੍ਰਹਮ ਗਿਆਨ ਪ੍ਰਾਪਤ ਕਰ ਲਿਆ ਸੀ ਤੇ ਉਹ ਉੱਚੀ ਅਧਿਆਤਮਿਕ ਸ਼ਕਤੀ ਨੂੰ ਪ੍ਰਾਪਤ ਹੋ ਕੇ ਆਮ ਲੋਕਾਂ ਤੋਂ ਬਹੁਤ ਉੱਚੇ ਉੱਠ ਗਏ। ਕਿਹਾ ਜਾਂਦਾ ਹੈ ਕਿ ਜਦੋਂ ਬ੍ਰਾਹਮਣ ਨੇ ਭਗਤ ਧੰਨਾ ਜੀ ਨੂੰ ਪ੍ਰਭੂ ਦੇ ਦਰਸ਼ਨ ਕਰਵਾਉਣ ਲਈ ਕਿਹਾ ਤਾਂ ਬ੍ਰਾਹਮਣ ਦੇ ਵਾਰ-ਵਾਰ ਕਹਿਣ ਤੇ ਧੰਨਾ ਜੀ ਦੇ ਕਹਿਣ ’ਤੇ ਪ੍ਰਭੂ ਨੇ ਬ੍ਰਾਹਮਣ ਨੂੰ ਵੀ ਦਰਸ਼ਨ ਦਿੱਤੇ।

Loading