ਅਦਾਲਤ ਨੇ ਭਾਰਤੀ ਵਿਦਿਆਰਥੀ ਦੇ ਦੇਸ਼ ਨਿਕਾਲੇ ਨੂੰ ਰੋਕਿਆ,ਵੀਜ਼ਾ ਕੀਤਾ ਬਹਾਲ

In ਅਮਰੀਕਾ
April 19, 2025
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਇਕ ਸੰਘੀ ਅਦਾਲਤ ਨੇ ਯੁਨੀਵਰਸਿਟੀ ਆਫ ਵਿਸਕਾਨਸਿਨ-ਮੈਡੀਸਨ ਵਿਚ ਗਰੈਜੂਏਸ਼ਨ (ਕੰਪਿਊਟਰ ਇੰਜੀਨੀਅਰਿੰਗ) ਕਰ ਰਹੇ 21 ਸਾਲਾ ਭਾਰਤੀ ਵਿਦਿਆਰਥੀ ਕ੍ਰਿਸ਼ ਲਾਲ ਲਸਰਦਾਸਨੀ ਦਾ ਵੀਜ਼ਾ ਬਹਾਲ ਕਰ ਦਿੱਤਾ ਹੈ। ਜੱਜ ਨੇ ਆਪਣੇ ਫੈਸਲੇ ਵਿਚ ਕਿਹਾ ਹੈ ਕਿ ਯੂ ਐਸ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਨੇ ਵੀਜ਼ਾ ਰੱਦ ਕਰਨ ਲਈ ਲੋੜੀਂਦੀ ਪ੍ਰਕ੍ਰਿਆ ਦੀ ਉਲੰਘਣਾ ਕੀਤੀ ਹੈ। ਜੱਜ ਵਿਲਿਅਮ ਕੋਨਲੇ ਨੇ ਸਖਤ ਸ਼ਬਦਾਂ ਵਾਲੇ ਆਪਣੇ ਨਿਰਨੇ ਵਿਚ ਕਿਹਾ ਹੈ ਕਿ ਇਮੀਗ੍ਰੇਸ਼ਨ ਪ੍ਰਸ਼ਾਸਨ ਕੋਲ ਲਸਰਦਾਸਨੀ ਦਾ ਵੀਜਾ ਰੱਦ ਕਰਨ ਲਈ ਕਾਨੂੰਨੀ ਆਧਾਰ ਮੌਜੂਦ ਨਹੀਂ ਹੈ। ਜੱਜ ਨੇ ਕਿਹਾ ਹੈ ਕਿ ਉਸ ਦੀ ਵੀਜ਼ਾ ਸਥਿੱਤੀ ਨੂੰ ਬਹਾਲ ਕੀਤਾ ਜਾਵੇ ਤੇ ਉਸ ਨੂੰ ਦੇਸ਼ ਵਿਚ ਰਹਿਣ ਦੀ ਇਜਾਜਤ ਦਿੱਤੀ ਜਾਵੇ। ਲਸਰਦਾਸਨੀ ਦੀ 10 ਮਈ ਨੂੰ ਗਰੈਜੂਏਸ਼ਨ ਮੁਕੰਮਲ ਹੋ ਜਾਣੀ ਹੈ। ਕੰਪਿਊਟਰ ਇੰਜੀਨੀਅਰਿੰਗ ਅੰਤਿਮ ਸਾਲ ਦੇ ਵਿਦਿਆਰਥੀ ਲਸਰਦਾਸਨੀ ਨੂੰ ਅਪ੍ਰੈਲ ਦੇ ਸ਼ੁਰੂ ਵਿਚ ਮਿਲੇ ਇਕ ਨੋਟਿਸ ਵਿਚ ਉਸ ਦਾ ਵੀਜਾ ਰੱਦ ਕਰਨ ਬਾਰੇ ਜਾਣਕਾਰੀ ਦਿੱਤੀ ਗਈ ਸੀ। ਨੋਟਿਸ ਵਿਚ ਅਪਰਾਧਕ ਰਿਕਾਰਡ ਦਾ ਹਵਾਲਾ ਦਿੱਤਾ ਗਿਆ ਸੀ ਤੇ ਚਿਤਾਵਨੀ ਦਿੱਤੀ ਗਈ ਸੀ ਕਿ ਉਹ 2 ਮਈ ਤੱਕ ਦੇਸ਼ ਛੱਡ ਜਾਵੇ।

Loading