ਅਮਰੀਕਾ ਵੱਲੋਂ ਵੱਡੀ ਪੱਧਰ ’ਤੇ ਕੌਮਾਂਤਰੀ ਵਿਦਿਆਰਥੀਆਂ ਦੇ ਰੱਦ ਕੀਤੇ ਜਾ ਰਹੇ ਵੀਜ਼ਿਆਂ ਕਾਰਨ ਭਾਰਤੀ ਵਿਦਿਆਰਥੀਆਂ ਦੀ ਚਿੰਤਾ ਵਧੀ

In ਅਮਰੀਕਾ
April 23, 2025
ਸੈਕਰਾਮੈਂਟੋ,ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਅਮਰੀਕਾ ਵੱਲੋਂ ਵੱਡੀ ਪੱਧਰ ’ਤੇ ਕੌਮਾਂਤਰੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਕੀਤੇ ਜਾ ਰਹੇ ਹਨ, ਜਿਸ ਕਾਰਨ ਭਾਰਤੀ ਵਿਦਿਆਰਥੀਆਂ ਜਿਨ੍ਹਾਂ ਵਿੱਚ ਵਧੇਰੇ ਗਿਣਤੀ ਪੰਜਾਬੀਆਂ ਦੀ ਹੈ, ਦੀ ਪ੍ਰੇਸ਼ਾਨੀ ਵਧ ਗਈ ਹੈ। ਛੋਟੋ ਮੋਟੇ ਝਗੜਿਆਂ ਵਿੱਚ ਸ਼ਾਮਿਲ ਵਿਦਿਆਰਥੀਆਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ। ਕੇਵਲ ਇੱਕ ਨੋਟਿਸ ਦੇ ਕੇ ਵਿਦਿਆਰਥੀਆਂ ਨੂੰ ਵੀਜ਼ੇ ਰੱਦ ਕਰਨ ਦੀ ਸੂਚਨਾ ਦਿੱਤੀ ਜਾ ਰਹੀ ਹੈ ਤੇ ਨਾਲ ਹੀ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਉਹ ਦੇਸ਼ ਛੱਡ ਜਾਣ ਨਹੀਂ ਤਾਂ ਜਬਰਨ ਵਾਪਿਸ ਭੇਜ ਦਿੱਤੇ ਜਾਣਗੇ। ਅਮੈਰੀਕਨ ਇਮੀਗ੍ਰੇਸ਼ਨ ਲਾਇਅਰਜ਼ ਐਸੋਸੀਏਸ਼ਨ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਾਲ ਹੀ ਵਿੱਚ ਜਿਨ੍ਹਾਂ 327 ਕੌਮਾਂਤਰੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਕੀਤੇ ਗਏ ਹਨ ਉਨ੍ਹਾਂ ਵਿੱਚ ਅੱਧੇ ਭਾਰਤੀ ਹਨ। ਰਿਪੋਰਟ, ਜਿਸ ਦਾ ਸਿਰਲੇਖ ਹੈ ‘ਦ ਸਕੋਪ ਆਫ਼ ਇਮੀਗ੍ਰੇਸ਼ਨ ਇਨਫ਼ੋਰਸਮੈਂਟ ਐਕਸ਼ਨਜ ਅੰਗੇਂਸਟ ਇੰਟਰਨੈਸ਼ਨਲ ਸਟੂਡੈਂਟਸ’ ਅਨੁਸਾਰ ਦੂਸਰੇ ਸਥਾਨ ’ਤੇ ਚੀਨ ਦੇ ਵਿਦਿਆਰਥੀਆਂ ਹਨ। 327 ਵਿਦਿਆਰਥੀਆਂ ਵਿੱਚ 14% ਚੀਨੀ ਹਨ। ਇਸ ਤੋਂ ਬਾਅਦ ਦੱਖਣੀ ਕੋਰੀਆ, ਨੇਪਾਲ ਤੇ ਬੰਗਲਾਦੇਸ਼ ਦਾ ਸਥਾਨ ਹੈ। ਆਪਸ਼ਨਲ ਪ੍ਰੈਕਟੀਕਲ ਟਰੇਨਿੰਗ (ਓ. ਪੀ. ਟੀ.) ਕਰ ਰਹੇ ਵਿਦਿਆਰਥੀ ਸਭ ਤੋਂ ਵਧ ਪ੍ਰਭਾਵਿਤ ਹੋਏ ਹਨ। ਓ. ਪੀ. ਟੀ. ਇੱਕ ਪ੍ਰੋਗਰਾਮ ਹੈ ਜਿਸ ਤਹਿਤ ਐਫ਼-1 ਵਿਦਿਆਰਥੀਆਂ ਨੂੰ ਗ੍ਰੈਜੂਏਸ਼ਨ ਤੋਂ ਬਾਅਦ ਇੱਕ ਸਾਲ ਲਈ ਅਮਰੀਕਾ ਵਿੱਚ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਜਿਨ੍ਹਾਂ ਵਿਦਿਆਰਥੀਆਂ ਦੇ ਵੀਜ਼ੇ ਰੱਦ ਕੀਤੇ ਗਏ ਹਨ ਉਨ੍ਹਾਂ ਵਿਚੋਂ 50% ਓ. ਪੀ. ਟੀ. ਵਿੱਚ ਹਿੱਸਾ ਲੈ ਰਹੇ ਸਨ। ਟੈਕਸਾਸ, ਕੈਲੀਫ਼ੋਰਨੀਆ, ਨਿਊ ਯਾਰਕ, ਮਿਸ਼ੀਗਨ ਤੇ ਐਰੀਜ਼ੋਨਾ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਉੱਪਰ ਸਭ ਤੋਂ ਵਧ ਅਸਰ ਪੈ ਰਿਹਾ ਹੈ। ਪਿਛਲੇ 4 ਮਹੀਨਿਆਂ ਦੌਰਾਨ ਯੂ ਐਸ ਸਟੇਟ ਡਿਪਾਰਟਮੈਂਟ ਐਂਡ ਇਮੀਗ੍ਰੇਸ਼ਨ ਐਂਡ ਕਸਮਟਜ ਇਨਫ਼ੋਰਸਮੈਂਟ (ਆਈ. ਸੀ. ਈ.) ਨੇ ਵਿਦੇਸ਼ੀ ਵਿਦਿਆਰਥੀਆਂ ਵਿਰੁੱਧ ਛਾਣਬੀਣ ਦੇ ਕੰਮ ਵਿੱਚ ਤੇਜੀ ਲਿਆਂਦੀ ਹੈ। ਨਾ ਕੇਵਲ ਉਨ੍ਹਾਂ ਦੇ ਵੀਜ਼ਿਆਂ ਦੀ ਜਾਂਚ ਪੜਤਾਲ ਹੋ ਰਹੀ ਹੈ ਬਲਕਿ ਉਨ੍ਹਾਂ ਦੀਆਂ ਸਰਗਰਮੀਆਂ ਵੀ ਜਾਂਚ ਦੇ ਘੇਰੇ ਵਿੱਚ ਹਨ। ਕੁਝ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇਸ ਕੰਮ ਵਾਸਤੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦਾਅ ਪੇਚ ਵਰਤੇ ਜਾ ਰਹੇ ਹਨ ਜਿਸ ਕਾਰਨ ਅਣਉਚਿੱਤ ਢੰਗ ਨਾਲ ਵਿਦਿਆਰਥੀਆਂ ਵਿਰੁੱਧ ਕਾਰਵਾਈ ਦੀ ਸੰਭਾਵਨਾ ਵਧ ਗਈ ਹੈ। ਜਿਨ੍ਹਾਂ ਵਿਦਿਆਰਥੀਆਂ ਦਾ ਕੋਈ ਅਪਰਾਧਕ ਰਿਕਾਰਡ ਨਹੀਂ ਹੈ ਤੇ ਨਾ ਹੀ ਉਹ ਕਿਸੇ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਏ ਹਨ, ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਇਸ ਸਮੇਂ ਭਾਰਤੀ ਵਿਦਿਆਰਥੀ ਪ੍ਰੇਸ਼ਾਨੀ ਦੀ ਹਾਲਤ ਵਿੱਚ ਹਨ ਤੇ ਉਹ ਭਾਰਤ ਸਰਕਾਰ ਵੱਲ ਵੇਖ ਰਹੇ ਹਨ। ਵਿਦਿਆਰਥੀਆਂ ਨੂੰ ਆਸ ਹੈ ਕਿ ਭਾਰਤ ਸਰਕਾਰ ਉਨ੍ਹਾਂ ਦੀ ਮਦਦ ’ਤੇ ਆਵੇਗੀ ਤੇ ਬਿਨਾਂ ਵਜਾ ਉਨ੍ਹਾਂ ਨੂੰ ਵੀਜ਼ੇ ਰੱਦ ਕਰਨ ਦੀ ਲਟਕ ਰਹੀ ਤਲਵਾਰ ਤੋਂ ਰਾਹਤ ਮਿਲੇਗੀ।

Loading