ਨਿਗਾਹਾਂ ਕਿਤੇ ਨਿਸ਼ਾਨੇ ਕਿਤੇ

ਕੀ ਕੀ ਨੇ ਜ਼ਮਾਨੇ ਦੀਆਂ, ਸੈਨਤਾਂ ਅਤੇ ਅਦਾਵਾਂ, ਨਿਸ਼ਾਨੇ 'ਤੇ ਕੋਈ ਹੋਰ ਨੇ, ਪਰ ਕਿਸੇ ਹੋਰ 'ਤੇ ਨਿਗਾਹਾਂ। ਰਸਤੇ ਕਈ ਹੋ ਸਕਦੇ ਨੇ, ਮੰਜ਼ਿਲ ਸਿਰਫ ਇੱਕ ਦੇ, ਭਟਕਾਈਆਂ ਜਾ ਰਹੀਆਂ ਨੇ, ਰਾਹੀਆਂ ਦੀਆਂ ਰਾਹਵਾਂ। ਦੌਰ ਹੈ ਜ਼ਿੰਦਗੀ ਦਾ, ਕਿਸ਼ਤੀਆਂ ਜਿਵੇਂ ਮੰਝਧਾਰ ਵਿੱਚ, ਡੁੱਬਦੇ ਨੂੰ ਬਚਾਉਣ ਲਈ, ਨਾ ਉਠਦੀਆਂ ਕੋਈ ਬਾਹਵਾਂ। ਜੋੜ ਅਤੇ ਤੋੜ ਨਿੱਤ ਨਵੇਂ, ਹੀ ਬਣਦੇ ਅਤੇ ਵਿਗੜਦੇ, ਹਰ ਵਕਤੀ ਗੱਠਜੋੜ ਦਾ, ਨਿਚੋੜ ਹੈ ਨਕਦ ਨਾਮਾ। ਫੋਕੇ ਨੇ ਦਾਅਵੇ ਦੁਨੀ ਦੇ, ਝੂਠੇ ਨੇ ਵਾਅਦੇ ਮੁਨੀ ਦੇ, ਤੁਲੇ ਹੋਏ ਸਭ ਮੁੰਨਣ 'ਤੇ, ਇੱਕ ਦੂਜੇ ਦੀਆਂ ਜਟਾਵਾਂ। ਦੱਸਦੇ ਜੋ ਮਾਇਆ ਨਾਗਣੀ, ਆਪਣੇ ਹੀ ਸੇਵਕਾਂ ਨੂੰ, ਆਪਣੀਆਂ ਹੀ ਭਰੀ ਬੈਠੇ ਨੇ, ਗੋਲ੍ਹਕਾਂ ਅਤੇ ਗੁਫਾਵਾਂ। ਗੁਲਾਮਾਂ ਦੀਆਂ ਮੁਸ਼ੱਕਤਾਂ 'ਤੇ, ਸੰਸਥਾਵਾਂ ਚੱਲਦੀਆਂ, ਮਾਲਕਾਂ ਦੀਆਂ ਵੱਧ ਰਹੀਆਂ, ਨਿੱਤ ਮੋਟੀਆਂ ਤਨਖਾਹਾਂ। ਸੱਚ ਨੂੰ ਤੁੜਕਾ ਝੂਠ ਦਾ, ਅਤੇ ਝੂਠ ਨੂੰ ਟੀਕਾ ਸੱਚ ਦਾ, ਬੇਚਾਰੇ ਬੀਮਾਰ ਈਮਾਨ ਦੀ, ਮੈਂ ਜਾਨ ਕਿਵੇਂ ਬਚਾਵਾਂ। ਅੱਖੋਂ ਪਰੋਖੇ ਨਹੀਂ ਹੁੰਦਾ, ਜੋ ਧੋਖਾ ਨਿੱਤ ਹੁੰਦਾ ਦਿਸਦਾ, ਬੇਵੱਸ ਅੱਖਾਂ ਨੂੰ ਮੁੰਦ ਕੇ, ਮੈਂ ਝੱਟ ਕਿਵੇਂ ਲੰਘਾਵਾਂ। ਟੀਰੀ ਅੱਖ ਦੇ ਨਾਲ ਕਦੀ, ਨਿਸ਼ਾਨੇ ਨਹੀਂ ਫੁੰਡ ਹੋਣਗੇ, ਫੁੱਟੇਗੀ ਕੈਰ੍ਹੀ ਅੱਖ ਜੋ ਲੋਚੇ, ਸਦਾ ਪੁੱਠਾ ਕਾਰਨਾਮਾ। ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

Loading