ਮਨੁੱਖੀ ਸ਼ਖਸੀਅਤ ਉਸਾਰੀ ਵਿਚ ਤਿੰਨ ਮਾਵਾਂ ਦਾ ਯੋਗਦਾਨ

In ਮੁੱਖ ਲੇਖ
April 24, 2025
ਡਾਕਟਰ ਇੰਦਰਜੀਤ ਸਿੰਘ ਗੋਗੋਆਣੀ : 'ਮਾਂ' ਸ਼ਬਦ ਆਪਣੇ ਆਪ 'ਚ ਏਨਾ ਮਮਤਾਮਈ, ਅਪਣੱਤ ਭਰਿਆ ਤੇ ਸ਼ਕਤੀਸ਼ਾਲੀ ਹੈ ਕਿ ਜਾਣੀ ਦੁਨੀਆ ਦੇ ਸਾਰੇ ਸੁੱਖ, ਵਡਿਆਈਆਂ, ਮਾਨਤਾਵਾਂ, ਕਲਾਵਾਂ ਆਦਿ ਦਾ ਮੁੱਖ ਆਧਾਰ ਇਹੋ ਐ। ਜਿਊਂਦੀ ਦਾ ਮੋਹ ਤੇ ਵਿਛੜੀ ਦਾ ਵਿਛੋੜਾ ਕਦੀ ਸ਼ਬਦਾਂ ਦੇ ਕਲਾਵੇ 'ਚ ਨਹੀਂ ਆਉਂਦਾ। ਜਿਵੇਂ ਅਨੰਦ, ਵਿਸਮਾਦ, ਰਜ਼ਾ, ਦੁਖ-ਸੁਖ ਕੇਵਲ ਕਹਿਣੀ ਜਾਂ ਕਥਨੀ ਦੇ ਮੁਹਤਾਜ਼ ਨਹੀਂ, ਸਗੋਂ ਅਨੁਭਵਤਾ ਤੇ ਮਹਿਸੂਸਤਾ ਦੇ ਵਿਸ਼ੇ ਹਨ, ਇਸੇ ਤਰ੍ਹਾਂ ਮਾਂ ਸ਼ਬਦ 'ਚ ਸੂਖਮ ਅਹਿਸਾਸ ਤੇ ਅਨੁਭਵਤਾ ਦੀਆਂ ਰਮਜ਼ਾਂ ਹਨ। 'ਸ੍ਰੀ ਗੁਰੂ ਗ੍ਰੰਥ ਕੋਸ਼' ਅਨੁਸਾਰ ਮਾਂ-ਸੰਸਕ੍ਰਿਤ ਦਾ ਸ਼ਬਦ ਹੈ ਅਤੇ ਅੱਗੇ ਸਮ ਅਰਥ ਕੋਸ਼ 'ਚ ਇਸ ਦੇ ਲਈ ਬੇਅੰਤ ਸ਼ਬਦ ਹਨ ਜਿਵੇਂ ਮਾਂ, ਅੱਕਾ, ਅੰਬਾ, ਅੰਮਾ, ਸਾਵਿਤ੍ਰੀ, ਗੋ, ਜਾਣੇਦੀ, ਜਨਤਿ, ਜਨਨੀ, ਝਾਈ, ਬੇਬੇ, ਮਹਤਰੀਆ, ਮਦਰ, ਮਾਉ, ਮਾਇ, ਮਾਇਆ, ਮਾਈ, ਮਾਤ, ਮਾਤਾ ਮਾਤ੍ਰੀ, ਮਾਦਰ ਆਦਿ। ਮਨੁੱਖੀ ਜੀਵਨ ਦਾ ਸੱਚ ਹੈ ਕਿ ਹਰੇਕ ਸ਼ਖ਼ਸ (Person) ਦੀ ਸ਼ਖ਼ਸੀਅਤ (Persona&}t਼) ਦੀ ਉਸਾਰੀ ਜਾਂ ਘਾੜਤ 'ਚ ਤਿੰਨ ਮਾਵਾਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ। ਇਸ ਸੰਸਾਰ 'ਚ ਜੀਵਨ ਜਿਊਣਾ ਜਾਂ ਜੂਨ ਹੰਢਾਉਣਾ ਦੋਵਾਂ ਸ਼ਬਦਾਂ 'ਚ ਬਹੁਤ ਵੱਡਾ ਅੰਤਰ ਹੈ। ਮਨੁੱਖ ਦੇ ਸਰਬਪੱਖੀ ਵਿਕਾਸ ਤੇ ਸ਼ਖ਼ਸੀਅਤ ਦੀ ਉਸਾਰੀ 'ਚ ਘਾੜਤ ਘੜਨ ਵਾਲੀਆਂ ਤਿੰਨ ਮਾਵਾਂ ਕੌਣ ਹਨ? ਦਾਨਸ਼ਵਰਾਂ ਅਨੁਸਾਰ ਇਹ ਹਨ:- (ੳ) ਮਾਂ ਜਨਨੀ (ਅ) ਮਾਂ ਧਰਤੀ (ੲ) ਮਾਂ ਬੋਲੀ। ਆਓ, ਇਨ੍ਹਾਂ ਸੰਬੰਧੀ ਸਰਲਤਾ ਤੇ ਸੰਖੇਪਤਾ 'ਚ ਵਿਚਾਰ ਕਰੀਏ। ਮਾਂ ਜਨਨੀ:- ਦਾਨਿਆਂ ਨੇ ਧਰਤੀ ਨੂੰ ਮਾਂ ਅਤੇ ਮਾਂ ਨੂੰ ਧਰਤੀ ਨਾਲ ਤੁਲਨਾ ਦਿੱਤੀ ਹੈ ਜਾਂ ਕਹਿ ਲਓ ਧਰਤੀ ਵੱਡੀ ਮਾਂ ਹੈ ਅਤੇ ਮਾਂ ਛੋਟੀ ਧਰਤੀ ਹੈ। ਕਰਤੇ ਨੇ ਦੋਹਾਂ ਨੂੰ ਉਗਵਣ ਦੀ, ਮੌਲਣ ਦੀ ਤੇ ਵਿਗਸਣ ਦੀ ਸ਼ਕਤੀ ਪ੍ਰਦਾਨ ਕੀਤੀ ਹੈ। ਬਾਨਸਪਤੀ ਦਾ ਹਰ ਬੂਟਾ ਧਰਤੀ ਦੀ ਸ਼ਕਤੀ ਦਾ ਪ੍ਰਗਟ ਰੂਪ ਹੈ। ਇਸੇ ਤਰ੍ਹਾਂ ਹਰ ਸ਼ਖ਼ਸ ਦੀ ਸ਼ਖ਼ਸੀਅਤ ਉਸਾਰੀ 'ਚ ਜਨਨੀ ਦਾ ਜਲੌਅ ਪ੍ਰਗਟਦਾ ਹੈ। ਬਾਬਾ ਫਰੀਦ ਜੀ ਨੇ ਵਰਣਨ ਕੀਤਾ ਹੈ, 'ਤਿਨ ਧੰਨੁ ਜਾਣੇਦੀ ਮਾਉ ਆਏ ਸਫਲੁ ਸੇ'। ਰੂਹਾਨੀ ਮੰਡਲ 'ਚ ਵੀ ਸਾਰੇ ਦੁਖ-ਸੁਖ ਮਾਂ ਨਾਲ ਹਨ, ਇਸ ਦੇ ਭਾਵ ਅਰਥ ਸ਼ਬਦਾਂ ਦੇ ਸੰਦਰਭ 'ਚ ਇਉਂ ਵੀ ਆਏ ਹਨ 'ਅਨੰਦੁ ਭਇਆ ਮੇਰੀ ਮਾਏ' -ਵਿਸਮਾਦੀ ਰੰਗ ਦਾ ਪ੍ਰਗਟਾਵਾ ਹੈ। 'ਕਵਨ ਗੁਨ ਪ੍ਰਾਨਪਤਿ ਮਿਲਉ ਮੇਰੀ ਮਾਈ'- ਰੂਹਾਨੀ ਵਿਯੋਗ ਦੀ ਬਿਹਬਲਤਾ ਦਾ ਵਰਣਨ ਹੈ। 'ਹੁਣਿ ਨਹੀ ਸੰਦੇਸਰੋ ਮਾਇਓ' ਵੈਰਾਗ ਦੀ ਸਿਖਰ ਹੈ। 'ਸੋ ਕਿਉ ਵਿਸਰੈ ਮੇਰੀ ਮਾਇ' ਪਰਪੱਕਤਾ ਤੇ ਸਮਰਪਿਤ ਭਾਵਨਾ ਦਾ ਗੁਣਗਾਨ ਹੈ। ਪੰਥਕ ਅਰਦਾਸ 'ਚ ਜਿਨ੍ਹਾਂ ਸਿੰਘਾਂ-ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਉਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਵਾਹਿਗੁਰੂ ਉਚਾਰਿਆ ਜਾਂਦਾ ਹੈ। ਮਾਂ ਨੂੰ ਰੱਬ ਦਾ ਦੂਜਾ ਨਾਂਅ ਅਤੇ ਮਾਂ ਦੀ ਪੂਜਾ ਰੱਬ ਦੀ ਪੂਜਾ ਕਹਿ ਕੇ ਸਤਿਕਾਰਿਆ ਗਿਆ ਹੈ। ਸੰਸਾਰ ਦਾ ਵਿਕਾਸ ਤੇ ਕੌਮਾਂ ਦੀ ਚੜ੍ਹਦੀ ਕਲਾ ਦਾ ਮੁੱਖ ਆਧਾਰ ਮਾਵਾਂ ਦੇ ਸੰਸਕਾਰ ਹੁੰਦੇ ਹਨ। ਪ੍ਰੋ. ਮੋਹਨ ਸਿੰਘ ਵਰਗਾ ਕਵੀ ਕੂਕਦਾ ਹੈ, 'ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ। ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ।' ਮੁੱਖ ਕਾਰਨ ਕਿ ਦੁਨੀਆ ਦੇ ਕੁੱਲ ਬੂਟੇ ਜੜ੍ਹ ਸੁੱਕਿਆਂ ਸੁੱਕ ਜਾਂਦੇ ਐ ਪਰ ਮਾਂ ਇਕ ਐਸਾ ਬੂਟਾ ਹੈ ਜੇ ਇਸ ਦੇ ਸੰਤਾਨ ਰੂਪੀ ਫੁੱਲ ਕੁਮਲਾ ਜਾਣ ਤਾਂ ਬੂਟਾ ਸੁੱਕ ਜਾਂਦਾ ਹੈ। ਭਾਵ ਮਾਂ ਰੂਪੀ ਬੂਟੇ ਦੀ ਜੜ੍ਹ ਦੀ ਤਾਕਤ ਉਸ ਦੀ ਸੰਤਾਨ ਹੁੰਦੀ ਹੈ ਅਤੇ ਸੰਤਾਨ ਰੂਪੀ ਫੁੱਲ ਮਾਂ ਰੂਪੀ ਬੂਟੇ ਦੇ ਮੌਲਦੇ ਵਿਗਸਦੇ ਗਵਾਹ ਹੁੰਦੇ ਨੇ। ਮਾਂ ਦੀ ਸੋਚ, ਸੇਵਾ ਸੰਭਾਲ ਤੇ ਉਤਮ ਸੰਸਕਾਰ ਬੱਚੇ ਦੀ ਸ਼ਖ਼ਸੀਅਤ ਘੜਦੇ ਹਨ। ਨਵੀਨ ਖੋਜਾਂ ਪ੍ਰੇਰਦੀਆਂ ਹਨ ਕਿ ਗਰਭ ਸਮੇਂ ਮਾਂ ਦੀਆਂ ਭਾਵਨਾਵਾਂ, ਪੂਜਾ ਪਾਠ, ਆਲੇ-ਦੁਆਲੇ ਸ਼ਖ਼ਸੀ ਤਸਵੀਰਾਂ, ਅਰਦਾਸ-ਜੋਦੜੀ, ਸਰੀਰਕ ਤੇ ਮਾਨਸਿਕ ਖਾਧ ਖੁਰਾਕ ਬੱਚੇ ਦੀ ਸ਼ਖ਼ਸੀਅਤ 'ਤੇ ਪ੍ਰਭਾਵ ਪਾਉਂਦੀ ਹੈ ਅਤੇ ਕੋਈ ਇਨਸਾਨ ਮਾਂ ਦੀ ਇਸ ਕੁਰਬਾਨੀ ਦੀ ਕੀਮਤ ਵੀ ਨਹੀਂ ਤਾਰ ਸਕਦਾ। ਮਾਂ ਧਰਤੀ:-ਕਿਸੇ ਇਨਸਾਨ ਦਾ ਜਿਸ ਧਰਤੀ 'ਤੇ ਜਨਮ ਹੋਇਆ, ਖੇਡਿਆ, ਪਲਿਆ, ਜਵਾਨ ਹੋਇਆ-ਉਸ ਦੀਆਂ ਭਾਵਕ ਯਾਦਾਂ ਉਸ ਧਰਤੀ ਨਾਲ ਜੁੜ ਜਾਂਦੀਆਂ ਹਨ। ਇਸ ਨੂੰ ਮਿੱਟੀ ਦਾ ਮੋਹ ਕਿਹਾ ਜਾਂਦਾ ਹੈ। ਪ੍ਰਦੇਸੀਆਂ ਦੇ ਸ਼ਬਦ ਇਸੇ ਲਈ ਵੈਰਾਗ ਭਿੱਜੇ ਹੁੰਦੇ ਹਨ ਕਿ ਮਿੱਟੀ 'ਵਾਜਾਂ ਮਾਰਦੀ ਹੈ। 1947 ਦੀ ਵੰਡ ਤੋਂ ਬਾਅਦ ਉਜੜ ਕੇ ਆਏ ਤੇ ਗਏ ਸਭ ਆਪਣੀ ਧਰਤੀ ਨੂੰ ਵਿਰਲਾਪਦੇ ਰਹੇ। ਜਦ ਸਰਹੱਦਾਂ ਤੋਂ ਪਾਰ ਜਾਣ ਦਾ ਸਬੱਬ ਬਣਿਆ ਤਾਂ ਦੋਵੇਂ ਇੱਧਰ ਵਾਲੇ ਉੱਧਰੋਂ ਤੇ ਉੱਧਰ ਵਾਲੇ ਇੱਧਰੋਂ ਆਪਣੇ ਖੇਤਾਂ ਦੀ ਮਿੱਟੀ ਲੈ ਕੇ ਗਏ। ਦਰਅਸਲ ਹਰ ਧਰਤੀ ਦਾ ਇਕ ਆਪਣਾ ਨਿਆਰਾ ਵਜੂਦ ਤੇ ਸੱਭਿਆਚਾਰ ਹੁੰਦਾ। ਖੇਤ ਬੰਨੇ, ਖੂਹ ਟੋਭੇ, ਟਾਹਲੀਆਂ ਪਿੱਪਲ ਬੋਹੜ ਆਦਿ ਸਭ ਭਾਵਕ ਸਾਂਝ ਸਿਰਜਦੇ ਹਨ। ਉੱਥੋਂ ਦਾ ਸਾਹਿਤ ਤੇ ਇਤਿਹਾਸ ਸਵੈਮਾਣ ਪੈਦਾ ਕਰਤਾ ਹੈ। ਧਰਤੀ ਦੀ ਮੇਰ ਤੇ ਆਪਣਾਪਨ ਡੋਲਦੇ ਮਨਾ ਦਾ ਦਿਲਾਸਾ ਬਣ ਕੇ ਚੜ੍ਹਦੀ ਕਲਾ ਦਾ ਸਬਕ ਦ੍ਰਿੜਾ ਜਾਂਦਾ ਹੈ। ਜਦ 1853 ਈ. ਵਿਚ ਮਹਾਰਾਜਾ ਦਲੀਪ ਸਿੰਘ ਨੂੰ ਇਕ ਸਾਜਿਸ਼ ਤੇ ਕਪਟ ਨਾਲ ਈਸਾਈ ਬਣਾ ਲਿਆ ਤਾਂ ਇਹ ਗੱਲ ਪ੍ਰਚੱਲਤ ਹੋਈ ਕਿ ਉਸ ਦੇ ਵਲੋਂ ਸਿੱਖੀ ਤਿਆਗਣ ਦਾ ਮੁੱਖ ਕਾਰਨ ਤਿੰਨ ਮਾਵਾਂ ਤੋਂ ਦੂਰੀ ਸੀ। ਉਹ ਮਾਂ ਜਨਨੀ ਤੋਂ ਵਿਛੋੜ ਦਿੱਤਾ ਗਿਆ। ਉਹ ਮਾਂ ਧਰਤੀ ਤੋਂ ਵੀ ਦੂਰ ਬੇਗਾਨੀ ਧਰਤੀ 'ਤੇ ਸੀ ਅਤੇ ਬੇਗਾਨੇ ਸੱਭਿਆਚਾਰ ਨੇ ਉਸ ਉੱਤੇ ਪ੍ਰਭਾਵ ਪਾ ਲਿਆ। ਤੀਜੀ ਵੱਡੀ ਗੱਲ ਕਿ ਉਸ ਪਾਸ ਮਾਂ ਬੋਲੀ ਵੀ ਨਹੀਂ ਸੀ। ਬੇਗਾਨੀ ਧਰਤੀ, ਬੇਗਾਨੀ ਬੋਲੀ ਉਸ ਦੇ ਧਰਮ ਕਰਮ ਨੂੰ ਬਚਾ ਨਹੀਂ ਸਕੀ। ਇਸ ਲਈ ਮਾਂ ਧਰਤੀ ਕਿਸੇ ਸ਼ਖ਼ਸ ਦੀ ਸ਼ਖ਼ਸੀਅਤ ਦੀ ਘਾੜਤ 'ਚ ਵੱਡਾ ਯੋਗਦਾਨ ਪਾਉਂਦੀ ਹੈ। ਮਾਂ ਬੋਲੀ:-ਪੰਜਾਬੀ ਲੋਕ ਮੁਹਾਵਰਾ ਹੈ ਕਿ ਖੇਡਾਂ ਤੇ ਮਾਵਾਂ ਮੁੱਕਣ 'ਤੇ ਹੀ ਚੇਤੇ ਆਉਂਦੀਆਂ ਹਨ। ਕਈ ਵਾਰ ਅਸੀਂ ਮਾਂ ਤੇ ਮਾਂ ਬੋਲੀ ਦਾ ਰੁਤਬਾ ਤੇ ਪ੍ਰਭਾਵ ਨਹੀਂ ਵੀ ਜਾਣਦੇ ਹੁੰਦੇ। ਅਜੋਕੇ ਸਮੇਂ ਦੀ ਖੋਜ ਇਹ ਮੰਨਦੀ ਹੈ ਕਿ ਬੱਚੇ ਦੇ 'ਸਰਵਪੱਖੀ ਵਿਕਾਸ ਲਈ ਮਾਂ ਬੋਲੀ ਹੀ ਧਿਰ ਤੇ ਧੁਰਾ ਹੁੰਦੀ ਹੈ। ਮਾਂ ਬੋਲੀ ਦੀ ਮੁਹਾਰਤ ਵਾਲਾ ਦੂਜੀਆਂ ਭਾਸ਼ਾਵਾਂ ਵੀ ਅਸਾਨੀ ਨਾਲ ਸਿੱਖ ਤੇ ਸਮਝ ਸਕਦਾ ਹੈ। ਮਾਂ ਇਕ ਹੀ ਹੁੰਦੀ ਹੈ ਤੇ ਮਾਸੀਆਂ ਵਧੀਕ ਹੋ ਸਕਦੀਆਂ, ਬਸ ਇਹੋ ਮਾਂ ਬੋਲੀ ਤੇ ਹੋਰ ਭਾਸ਼ਾਵਾਂ ਦਾ ਸੰਬੰਧ ਹੁੰਦਾ ਹੈ। ਵੱਧ ਤੋਂ ਵੱਧ ਭਾਸ਼ਾਵਾਂ ਸਿੱਖਣਾ ਬਹੁਤ ਚੰਗੀ ਗੱਲ ਹੈ ਪਰ ਮਾਂ ਬੋਲੀ ਵਿਸਾਰ ਕੇ ਨਹੀਂ। ਮਾਤ ਭਾਸ਼ਾ ਕੇਵਲ ਸ਼ਬਦਾਂ ਦਾ ਅਦਾਨ ਪ੍ਰਦਾਨ ਨਹੀਂ ਹੁੰਦੀ, ਸਗੋਂ ਉਸ ਵਿਚ ਜੀਵਨ ਜੀਊਣ ਦੇ ਤੌਰ ਤਰੀਕੇ, ਹਾਵ ਭਾਵ, ਵਲਵਲੇ ਤੇ ਸੂਖਮ ਸੰਦੇਸ਼ ਹੁੰਦੇ ਹਨ। ਮਾਤ ਭਾਸ਼ਾ 'ਚ ਰਚਿਆ ਸਾਹਿਤ ਖ਼ੁਸ਼ੀ, ਗ਼ਮੀ, ਬੀਰਤਾ, ਹੁਲਾਸ, ਅਹਿਸਾਸ, ਅਕਲ ਤੇ ਜੀਵਨ ਤਜਰਬਿਆਂ ਦਾ ਬਹੁਮੁੱਲਾ ਭੰਡਾਰ ਹੁੰਦਾ ਹੈ। ਕੋਈ ਹੋਰ ਭਾਸ਼ਾ ਰੁਜ਼ਗਾਰ ਲਈ ਤਾਂ ਸਹਾਈ ਹੋ ਸਕਦੀ ਹੈ ਪਰ ਜੀਵਨ ਦੀਆਂ ਕਦਰਾਂ ਕੀਮਤਾਂ ਦਾ ਖ਼ਜ਼ਾਨਾ ਮਾਤ ਭਾਸ਼ਾ ਹੀ ਹੁੰਦੀ ਹੈ। ਇਹ ਅਖਾਣ, ਮੁਹਾਵਰੇ, ਬੁਝਾਰਤਾਂ, ਕਥਾ-ਕਹਾਣੀਆਂ, ਮਾਂ ਧਰਤੀ ਨਾਲ ਜੁੜੀਆਂ ਕਲਾਵਾਂ, ਅਮੀਰ ਵਿਰਸਾ, ਇਤਿਹਾਸ ਆਦਿ ਰੂਹ ਦਾ ਸਕੂਨ ਮਾਤ ਭਾਸ਼ਾ ਦੇ ਰੰਗਾਂ 'ਚੋਂ ਹੀ ਮਾਣਿਆਂ ਜਾ ਸਕਦਾ ਹੈ। ਅਜੋਕੇ ਸਮੇਂ ਦੀ ਗੱਲ ਕਰੀਏ ਤਾਂ ਗੁਰਮੁਖੀ ਦੇ ਗਿਆਨ ਤੋਂ ਬਗੈਰ ਗੁਰਬਾਣੀ ਪਾਠ, ਕੀਰਤਨ, ਕਥਾ ਦਾ ਅਨੰਦ ਹੀ ਨਹੀਂ ਮਾਣਿਆਂ ਜਾ ਸਕਦਾ। ਕਿਸੇ ਹੋਰ ਲਿੱਪੀ 'ਚ ਰੂਪਾਂਤਰਣ ਹੋਏ ਸ਼ਬਦ, ਸ਼ੁੱਧਤਾ, ਸਪੱਸ਼ਟਤਾ ਤੇ ਭਾਵਨਾ ਤੋਂ ਵਿਹੂਣੇ ਹੁੰਦੇ ਹਨ। ਸਾਡੇ ਪੁਰਖਿਆਂ ਨੇ ਜਦ ਸਿੱਖ ਰਹਿਤ ਮਰਯਾਦਾ ਤਿਆਰ ਕੀਤੀ ਤਾਂ ਗੁਰਮਤਿ ਦੀ ਰਹਿਣੀ ਸਿਰਲੇਖ ਹੇਠ ਦਰਜ ਹੈ:- 'ਸਿੱਖ ਲਈ ਗੁਰਮੁਖੀ ਵਿੱਦਿਆ ਪੜ੍ਹਨੀ ਜ਼ਰੂਰੀ ਹੈ। ਹੋਰ ਵਿੱਦਿਆ ਭੀ ਪੜ੍ਹੇ।' ਗੁਰਮੁਖੀ ਦੇ ਗਿਆਨ ਤੋਂ ਬਗੈਰ ਅਸੀਂ ਆਪਣੇ ਵਿਰਸੇ ਅਤੇ ਵਿਰਾਸਤ ਦਾ ਮਾਣ ਨਹੀਂ ਕਰ ਸਕਦੇ। ਇਸ ਦੇ ਗਿਆਨ ਤੋਂ ਬਗੈਰ ਸਾਡਾ ਵਿਅਕਤਿੱਤਵ ਅਧੂਰਾ ਰਹੇਗਾ। ਇਕ ਪੁਰਾਤਨ ਕਥਾ ਹੈ ਕਿ ਇਕ ਪੰਜਾਬਣ ਦਾ ਪੁੱਤਰ ਫ਼ਾਰਸੀ ਪੜ੍ਹ ਗਿਆ ਅਤੇ ਉਸ ਨੇ ਮਾਂ ਬੋਲੀ ਤਿਆਗ ਦਿੱਤੀ। ਇਕ ਵਾਰ ਉਹ ਬਹੁਤ ਬਿਮਾਰ ਹੋ ਗਿਆ ਤੇ ਬੇਸੁਰਤੀ 'ਚ ਪਿਆਸ ਬੁਝਾਉਣ ਲਈ ਪਾਣੀ ਦੀ ਮੰਗ ਕਰਦਿਆਂ ਆਬ-ਆਬ (ਫ਼ਾਰਸੀ-ਆਬ = ਪਾਣੀ) ਪੁਕਾਰਦਾ ਰਿਹਾ। ਮਾਂ ਨੂੰ ਸਮਝ ਨਾ ਆਈ ਤੇ ਜਵਾਨ ਦੀ ਮੌਤ ਹੋ ਗਈ। ਜਦ ਕਿਸੇ ਸਿਆਣੇ ਨੇ ਆ ਕੇ ਪੁੱਛਿਆ ਕਿ ਉਸ ਨੇ ਅੰਤਲੇ ਸਮੇਂ ਕੁਝ ਮੰਗਿਆ ਨਹੀਂ, ਤਾਂ ਮਾਂ ਕਹਿੰਦੀ ਉਹ ਆਬ-ਆਬ ਕਰਦਾ ਸੀ। ਸਿਆਣੇ ਨੇ ਕਿਹਾ ਕਿ ਫਿਰ ਤਾਂ ਉਹ ਪਾਣੀ-ਪਾਣੀ ਪੁਕਾਰਦਾ ਸੀ, ਜੋ ਤੂੰ ਦਿੱਤਾ ਨਹੀਂ। ਤੂੰ ਪਾਣੀ ਪਿਆ ਦਿੰਦੀ ਤਾਂ ਉਸ ਨੇ ਬਚ ਜਾਣਾ ਸੀ। ਫਿਰ ਮਾਂ ਦੇ ਹਿਰਦੇ ਵਿਚੋਂ ਕੂਕ ਨਿਕਲੀ: ਆਬ-ਆਬ ਕਰ ਮੋਇਉਂ ਪੁੱਤਾ, ਫ਼ਾਰਸੀਆਂ ਘਰ ਗਾਲੇ। ਜੇ ਜਾਣਾ ਪੁੱਤ ਪਾਣੀ ਮੰਗਦਾ, ਭਰ ਭਰ ਦਿੰਦੀ ਪਿਆਲੇ। ਇਹ ਸਾਡੇ ਸਭਨਾ ਲਈ ਸਿੱਖਿਆ ਹੈ ਕਿ ਮਾਂ ਬੋਲੀ ਨੂੰ ਵਿਸਾਰੀ ਦਾ ਨਹੀਂ, ਸਗੋਂ ਪਿਆਰੀ ਦਾ ਤੇ ਸਤਿਕਾਰੀ ਦਾ ਹੈ। ਆਖਰ ਇਕ ਸਵਾਲ ਕਿ ਅਸੀਂ ਆਪਣੀ ਮਾਂ ਬੋਲੀ ਦੇ ਪ੍ਰਚਾਰ ਪਸਾਰ ਲਈ ਕੀ ਯੋਗਦਾਨ ਪਾ ਸਕਦੇ ਹਾਂ। ਇਕੋ ਜਵਾਬ ਕਿ ਅਸੀਂ ਆਪਣੇ ਘਰਾਂ ਦੀਆਂ ਨੇਮ ਪਲੇਟਾਂ, ਦੁਕਾਨਾਂ ਦੇ ਬੋਰਡ, ਵਿੱਦਿਅਕ ਸੰਸਥਾਵਾਂ ਦੇ ਬੋਰਡ, ਵਿਜ਼ਟਿੰਗ ਕਾਰਡ, ਖ਼ੁਸ਼ੀ-ਗ਼ਮੀ ਦੇ ਕਾਰਡ ਤੇ ਸੁਨੇਹੇ, ਮੋਬਾਈਲ ਦੇ ਸੁਨੇਹੇ ਗੁਰਮੁਖੀ 'ਚ ਭੇਜ ਸਕਦੇ ਹਾਂ। ਹਰ ਪੱਧਰ ਦੇ ਵਿੱਦਿਅਕ ਸਿਲੇਬਸ 'ਚ ਪੰਜਾਬੀ ਨੂੰ ਸਤਿਕਾਰਤ ਸਥਾਨ ਦੇਈਏ। ਇਹ ਰੁਜ਼ਗਾਰ ਦੀ ਭਾਸ਼ਾ ਵੀ ਬਣੇ। ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ 'ਚ ਬੋਲਦੇ ਸ਼ਰਮਾਈਏ ਨਾ। ਇਸ ਦੀ ਅਮੀਰੀ ਤੇ ਸ਼ਾਨ 'ਚ ਹੋਰ ਵਾਧਾ ਕਰੀਏ। ਪੰਜਾਬੀ ਦੀਆਂ ਪੁਸਤਕਾਂ, ਅਖ਼ਬਾਰ, ਮੈਗਜ਼ੀਨ ਆਦਿ ਨੂੰ ਵੀ ਘਰਾਂ, ਲਾਇਬ੍ਰੇਰੀਆਂ ਅਤੇ ਆਪਣੇ ਹਿਰਦਿਆਂ 'ਚ ਥਾਂ ਦੇਈਏ। ਸਭ ਤੋਂ ਵਿਸ਼ੇਸ਼ ਕਿ ਪਹਿਲੇ ਨੰਬਰ 'ਤੇ ਮਾਂ ਬੋਲੀ ਨੂੰ ਰੱਖੀਏ ਬਾਕੀ ਵੱਧ ਤੋਂ ਵੱਧ ਭਾਸ਼ਾਵਾਂ ਦਾ ਗਿਆਨ ਹੋਣਾ ਬਹੁਤ ਚੰਗੀ ਸੋਚ ਹੈ। ਨਫ਼ਰਤ ਕਿਸੇ ਨਾਲ ਨਹੀਂ, ਸਤਿਕਾਰ ਸਭ ਦਾ ਕਰਨਾ ਸਾਡਾ ਫ਼ਰਜ਼ ਹੈ। ਤੱਤਸਾਰ ਕਿ ਜਿਸ ਭਾਸ਼ਾ 'ਚ ਵਿਸ਼ਵ ਦੇ ਰਹਿਬਰ ਸਾਹਿਬ ਸ੍ਰੀ ਗੁਰੂ ਨਾਨਕ ਪਾਤਿਸ਼ਾਹ ਜੀ ਨੇ ਖਸਮ ਕੀ ਬਾਣੀ ਬਖ਼ਸ਼ਿਸ਼ ਕੀਤੀ ਹੋਵੇ, ਉਸ ਤੋਂ ਵੱਧ ਵਿਸ਼ਵ ਦੀ ਅਮੀਰ ਤੇ ਸਤਿਕਾਰਤ ਭਾਸ਼ਾ ਹੋਰ ਕਿਹੜੀ ਹੋ ਸਕਦੀ ਹੈ। ਇਸ ਨੂੰ ਬੋਲਣਾ, ਲਿਖਣਾ, ਪੜ੍ਹਨਾ, ਪਰਚਾਰਨਾ ਤੇ ਸਤਿਕਾਰਨਾ ਜੇ ਕਰ ਸੋਚ ਦਾ ਹਿੱਸਾ ਬਣ ਜਾਵੇ ਤਾਂ ਇਹ ਚੜ੍ਹਦੀ ਕਲਾ ਤੇ ਅਨੰਦਮਈ ਜੀਵਨ ਦਾ ਆਧਾਰ ਹੈ। ਇਹੋਂ ਸੋਚ ਉੱਚ ਦੁਮਾਲੜੀ ਸ਼ਖ਼ਸੀਅਤ ਦੀ ਘੜਨਹਾਰੀ ਤੇ ਸੰਵਾਰਨਹਾਰੀ ਹੈ, ਜੋ ਤਿੰਨਾਂ ਮਾਵਾਂ ਦੇ ਸਹਿਯੋਗ ਤੇ ਸਨੇਹ ਨਾਲ ਸੰਪੂਰਨ ਹੁੰਦੀ ਹੈ।

Loading