ਲੋਕ ਮਿਤਰ ਗੋਤਮ :
ਇਹ ਸਤਰਾਂ ਲਿਖੇ ਜਾਣ ਤੱਕ ਪਹਿਲਗਾਮ ਵਿਚ ਜੇਹਾਦੀ ਦਹਿਸ਼ਤਗਰਦਾਂ ਵਲੋਂ ਕੀਤੀ ਗਈ ਘਿਨਾਉਣੀ ਘਟਨਾ ਨੂੰ ਲਗਭਗ 25 ਘੰਟੇ ਗੁਜ਼ਰ ਚੁੱਕੇ ਹਨ। ਇਸ ਤੋਂ ਬਾਅਦ ਵੀ ਯਕੀਨ ਨਹੀਂ ਹੋ ਰਿਹਾ ਕਿ ਜੋ ਕੁਝ ਹੋਇਆ ਹੈ, ਉਹ ਸਭ ਸੱਚ ਹੈ। ਲਗਦਾ ਹੈ ਕਿਸੇ ਫ਼ਿਲਮ ਦੇ ਕੁਝ ਭੈੜੇ ਦ੍ਰਿਸ਼ ਅੱਖਾਂ ਸਾਹਮਣੇ ਦੀ ਗੁਜ਼ਰ ਰਹੇ ਹਨ। ਮਨ ਖਰਾਬ ਹੈ, ਵਾਤਾਵਰਨ ਦੂਸ਼ਿਤ ਹੈ, ਇਥੋਂ ਤੱਕ ਕਿ ਕਲਮ ਘਟਨਾ ਦਾ ਵੇਰਵਾ ਵੀ ਦਰਜ ਨਹੀਂ ਕਰ ਪਾ ਰਹੀ, ਕਿਉਂਕਿ ਜਿਸ ਤਰ੍ਹਾਂ ਮੀਡੀਆ ਰਿਪੋਰਟਾਂ ਅਤੇ ਜਾਣੇ-ਅਨਜਾਣੇ ਕੈਮਰਿਆਂ 'ਚ ਕੈਦ ਹੋਇਆ ਮੰਜ਼ਰ ਸਾਹਮਣੇ ਆਇਆ ਹੈ, ਉਸ ਦੀ ਚੰਗੇ ਸਮਾਜ ਵਿਚ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। 22 ਅਪ੍ਰੈਲ, 2025 ਦਿਨ ਮੰਗਲਵਾਰ ਨੂੰ ਇਹ ਕਰੀਬ 2 ਵਜੇ ਦਾ ਸਮਾਂ ਸੀ। ਪਹਿਲਗਾਮ ਦੀ ਬੈਸਰਨ ਘਾਟੀ ਵਿਚ ਘੁੰਮਣ ਆਏ ਸੈਲਾਨੀ ਘੋੜਸਵਾਰੀ ਅਤੇ ਖੁਸ਼ਗਵਾਰ ਮੌਸਮ ਦਾ ਆਨੰਦ ਲੈ ਰਹੇ ਸਨ। ਉਸੇ ਵੇਲੇ ਉਥੇ ਕੁਝ ਸੈਨਾ ਦੀ ਵਰਦੀ ਵਿਚ ਨਕਾਬ ਪਹਿਨੀ ਅੱਤਵਾਦੀ ਪਹੁੰਚਦੇ ਹਨ, ਉਹ ਸੈਲਾਨੀਆਂ ਤੋਂ ਉਨ੍ਹਾਂ ਦਾ ਨਾਂਅ ਪੁੱਛਦੇ ਹਨ, ਉਨ੍ਹਾਂ ਦਾ ਪਹਿਚਾਣ ਪੱਤਰ ਦੇਖਦੇ ਹਨ, ਉਨ੍ਹਾਂ ਨੂੰ ਕਲਮਾ ਸੁਣਾਉਣ ਲਈ ਕਹਿੰਦੇ ਹਨ ਅਤੇ ਫਿਰ ਉਨ੍ਹਾਂ ਦੀ ਪਛਾਣ ਨਿਸਚਿਤ ਕਰਕੇ ਠਾਹ-ਠਾਹ ਗੋਲੀਆਂ ਮਾਰ ਕੇ ਭੁੰਨ ਦਿੰਦੇ ਹਨ।
ਇਹ ਦਹਿਸ਼ਤਗਰਦੀ ਦੀ ਕੋਈ ਆਮ ਘਟਨਾ ਨਹੀਂ ਹੈ, ਇਸ 'ਚ ਬਹੁਤ ਗਹਿਰੀ ਸਾਜਿਸ਼ ਦੀ ਬੂ ਆ ਰਹੀ ਹੈ। ਇਹ ਮਹਿਜ਼ ਅੱਤਵਾਦੀਆਂ ਦਾ ਵਹਿਸ਼ੀਆਨਾ ਕਾਰਾ ਨਹੀਂ ਹੈ, ਬਲਕਿ ਪੂਰੀ ਸੋਚੀ ਸਮਝੀ ਸਾਜਿਸ਼ ਤਹਿਤ ਹਿੰਦੂਆਂ ਅਤੇ ਮੁਸਲਮਾਨਾਂ 'ਚ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਹੈ। ਜਿਸ ਤਰ੍ਹਾਂ ਮਾਸੂਮ ਸੈਲਾਨੀਆਂ ਨੂੰ ਚੁਣ-ਚੁਣ ਕੇ, ਉਨ੍ਹਾਂ ਦਾ ਧਰਮ ਅਤੇ ਆਸਥਾ ਪੁੱਛ ਕੇ ਉਨ੍ਹਾਂ ਨੂੰ ਗੋਲੀਆਂ ਮਾਰੀਆਂ ਗਈਆਂ ਹਨ, ਉਸ ਵਿਚ ਉਨ੍ਹਾਂ ਦੀ ਹੱਤਿਆ ਤੋਂ ਕਿਤੇ ਵਧ ਘਿਨਾਉਣਾ ਸੰਦੇਸ਼ ਛੁਪਿਆ ਹੈ, ਉਹੀ ਸੰਦੇਸ਼ ਜੋ ਨਵੇਂ ਸਿਰੇ ਤੋਂ ਅਜੇ ਇਕ ਹਫ਼ਤਾ ਪਹਿਲਾਂ ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਆਸਿਮ ਮੁਨੀਰ ਨੇ ਬੜੀ ਬੇਸ਼ਰਮੀ ਨਾਲ ਪ੍ਰਵਾਸੀ ਪਾਕਿਸਤਾਨੀਆਂ ਦੇ ਬਹਾਨੇ ਇਕ ਪੂਰੀ ਕੌਮ ਨੂੰ ਦਿੱਤਾ ਸੀ। ਗੁਜ਼ਰੇ 13 ਤੋਂ 16 ਅਪ੍ਰੈਲ, 2025 ਤੱਕ ਇਸਲਾਮਾਬਾਦ ਵਿਚ ਹੋਈ ਓਵਰਸੀਜ਼ ਪਾਕਿਸਤਾਨੀ ਕਨਵੈਨਸ਼ਨ ਨੂੰ ਸੰਬੋਧਨ ਕਰਦੇ ਹੋਏ ਜਨਰਲ ਮੁਨੀਰ ਨੇ ਕਿਹਾ ਸੀ, 'ਹਿੰਦੂ ਅਤੇ ਮੁਸਲਮਾਨ ਕਦੇ ਵੀ ਇਕ ਨਹੀਂ ਹੋ ਸਕਦੇ, ਅਸੀਂ ਹਮੇਸ਼ਾ ਤੋਂ ਹੀ ਇਕ ਨਹੀਂ ਦੋ ਰਾਸ਼ਟਰ ਰਹੇ ਹਾਂ। ਸਾਡਾ ਮਜ਼੍ਹਬ, ਸਾਡੇ ਰਿਵਾਜ, ਸਾਡੀ ਪਰੰਪਰਾ, ਸਾਡੀ ਸੋਚ ਸਭ ਕੁਝ ਹਿੰਦੂਆਂ ਤੋਂ ਅਲੱਗ ਹੈ ਅਤੇ ਕਸ਼ਮੀਰ ਸਾਡੀ ਸ਼ਾਹਰਗ ਹੈ, ਜਿਸ ਨੂੰ ਕਦੇ ਵੀ ਕੋਈ ਸਾਡੇ ਤੋਂ ਅਲੱਗ ਨਹੀਂ ਕਰ ਸਕਦਾ।'
ਪਾਕਿਸਤਾਨ ਦੇ ਫ਼ੌਜੀ ਜਨਰਲ ਇਥੋਂ ਤੱਕ ਨਹੀਂ ਰੁਕੇ, ਬਲਕਿ ਉਨ੍ਹਾਂ ਨੇ ਕਨਵੈਨਸ਼ਨ 'ਚ ਹਿੱਸਾ ਲੈ ਰਹੇ ਪ੍ਰਵਾਸੀ ਪਾਕਿਸਤਾਨੀਆਂ ਰਾਹੀਂ ਮੁਸਲਮਾਨਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੀਆਂ ਪੀੜ੍ਹੀਆਂ ਨੂੰ ਵਾਰ-ਵਾਰ ਇਹ ਦੱਸਣ ਅਤੇ ਸਮਝਾਉਣ ਕਿ ਹਿੰਦੂ ਅਤੇ ਮੁਸਲਮਾਨ ਕਦੇ ਵੀ ਇਕ ਨਹੀਂ ਹੋ ਸਕਦੇ। ਪਾਕਿਸਤਾਨੀ ਜਨਰਲ ਨੇ ਬਿਨਾਂ ਕੋਈ ਸ਼ਰਮ ਸੰਕੋਚ ਦੇ ਖੁੱਲ੍ਹੇਆਮ ਲੋਕਾਂ ਨੂੰ ਕਿਹਾ ਕਿ ਉਹ ਆਪਣੀਆਂ ਸੰਤਾਨਾਂ 'ਚ ਹਿੰਦੂਆਂ ਪ੍ਰਤੀ ਨਫ਼ਰਤ ਦਾ ਜਜ਼ਬਾ ਭਰਨ। ਪਹਿਲਗਾਮ ਦੀ ਘਿਨਾਉਣੀ ਦਹਿਸ਼ਤਗਰਦੀ ਘਟਨਾ ਤੋਂ ਬਾਅਦ ਜਿਸ ਤਰ੍ਹਾਂ ਭਾਰਤ ਹੀ ਨਹੀਂ, ਪਾਕਿਸਤਾਨ ਅਤੇ ਦੁਨੀਆ ਦੀਆਂ ਹੋਰ ਥਾਵਾਂ 'ਤੇ ਵਾਰ-ਵਾਰ ਪਾਕਿਸਤਾਨੀ ਜਨਰਲ ਮੁਨੀਰ ਦਾ ਸੰਬੋਧਨ ਸੁਣਾਇਆ ਜਾ ਰਿਹਾ ਹੈ, ਉਸ ਤੋਂ ਸਾਫ਼ ਹੈ ਕਿ ਪਹਿਲਗਾਮ ਦੀ ਇਸ ਦਰਦਨਾਕ ਘਟਨਾ ਦਾ ਇਸ ਘਿਨਾਉਣੇ ਭਾਸ਼ਨ ਨਾਲ ਵੀ ਰਿਸ਼ਤਾ ਹੈ। ਪਹਿਲਗਾਮ 'ਚ ਦਹਿਸ਼ਤਗਰਦੀ ਦੀ ਜੋ ਘਿਨਾਉਣੀ ਵਾਰਦਾਤ ਹੋਈ ਹੈ, ਉਸ ਨੂੰ ਮਹਿਜ਼ ਖੌਫ਼ ਪੈਦਾ ਕਰਨ ਦੀ ਕੋਸ਼ਿਸ਼ ਹੀ ਨਹੀਂ, ਸਗੋਂ ਭਾਰਤ ਦੇ ਹਿੰਦੂਆਂ ਅਤੇ ਮੁਸਲਮਾਨਾਂ ਵਿਚ ਹਮੇਸ਼ਾ ਲਈ ਇਕ ਗਹਿਰੀ ਖਾਈ ਪੈਦਾ ਕਰਨ ਦੀ ਕੋਸ਼ਿਸ਼ ਹੈ।
ਜਿਸ ਤਰ੍ਹਾਂ ਨਾਲ ਚੁਣ-ਚੁਣ ਕੇ ਸੈਲਾਨੀਆਂ ਨੂੰ ਮਾਰਿਆ ਗਿਆ ਹੈ, ਜਿਸ ਤਰ੍ਹਾਂ ਨਾਲ ਉਨ੍ਹਾਂ ਨਾਲ ਘਿਨਾਉਣਾ ਸਲੂਕ ਕੀਤਾ ਗਿਆ ਹੈ, ਉਹ ਖੌਫ਼ ਤੋਂ ਕਿਤੇ ਅੱਗੇ ਜਾ ਕੇ ਦੋ ਕੌਮਾਂ ਵਿਚ ਹਮੇਸ਼ਾ ਲਈ ਨਫ਼ਰਤ ਦੀ ਇਕ ਦੀਵਾਰ ਖੜ੍ਹੀ ਕਰਨ ਦੀ ਕੋਸ਼ਿਸ਼ ਹੈ। ਇਹੀ ਨਹੀਂ, ਜਿਸ ਤਰ੍ਹਾਂ ਨਾਲ ਇਸ ਅੱਤਵਾਦੀ ਘਟਨਾ ਨੂੰ ਕੁਝ ਲੋਕਾਂ ਵਲੋਂ ਸ਼ੂਟ ਕੀਤੇ ਜਾਣ ਦੀ ਅਣਦੇਖੀ ਕੀਤੀ ਗਈ, ਉਸ ਦੇ ਪਿੱਛੇ ਵੀ ਇਹੀ ਮਕਸਦ ਛੁਪਿਆ ਸੀ ਕਿ ਜਿਵੇਂ ਹੀ ਇਹ ਵੀਡੀਓ ਫੁਟੇਜ ਸੋਸ਼ਲ ਮੀਡੀਆ 'ਤੇ ਆਉਣਗੇ ਤਾਂ ਪੂਰੇ ਹਿੰਦੁਸਤਾਨ 'ਚ ਅੱਗ ਲੱਗ ਜਾਵੇਗੀ, ਪਰ ਦੇਸ਼ ਵਾਸੀ ਇਸ ਘਟਨਾ ਨਾਲ ਗ਼ਮ 'ਚ ਤਾਂ ਡੁੱਬ ਗਏ ਪਰ ਉਨ੍ਹਾਂ ਨੇ ਪੂਰੀ ਜ਼ਿੰਮੇਵਾਰੀ ਦਿਖਾਈ ਹੈ। ਸਿਰਫ ਕਸ਼ਮੀਰ ਤੋਂ ਬਾਹਰ ਹੀ ਨਹੀਂ, ਬਲਕਿ ਕਸ਼ਮੀਰ ਦੇ ਅੰਦਰ ਵੀ ਜ਼ਿੰਮੇਵਾਰੀ ਅਤੇ ਸਿਆਣਪ ਦਾ ਪ੍ਰਦਰਸ਼ਨ ਹੋਇਆ ਹੈ। ਇਹ ਪਹਿਲਾ ਇਹੋ ਜਿਹਾ ਮੌਕਾ ਹੈ ਕਿ ਕਸ਼ਮੀਰ ਵਿਚ ਨਾ ਸਿਰਫ ਆਪਣੇ ਤੌਰ 'ਤੇ ਇਸ ਘਿਨਾਉਣੀ ਵਾਰਦਾਤ ਵਿਰੁੱਧ ਸਮਾਜ ਦੇ ਹਰ ਤਬਕੇ ਵਲੋਂ ਪੂਰੀ ਤਰ੍ਹਾਂ ਨਾਲ ਬੰਦ ਦਾ ਸਮਰਥਨ ਕੀਤਾ ਗਿਆ, ਉਸ ਤੋਂ ਵੀ ਵੱਡੀ ਗੱਲ ਇਹ ਰਹੀ ਕਿ ਸ਼ਾਇਦ ਕਸ਼ਮੀਰ ਵਿਚ ਫੈਲੀ ਦਹਿਸ਼ਤਗਰਦੀ ਦੇ ਇਤਿਹਾਸ ਵਿਚ ਇਹ ਪਹਿਲਾ ਇਹੋ ਜਿਹਾ ਮੌਕਾ ਹੈ, ਜਦੋਂ ਮਸਜਿਦਾਂ ਤੋਂ ਲਾਊਡ ਸਪੀਕਰ ਦੁਆਰਾ ਐਲਾਨ ਕਰਕੇ ਇਸ ਘਿਨਾਉਣੀ ਅੱਤਵਾਦੀ ਵਾਰਦਾਤ ਦੀ ਨਿੰਦਾ ਕੀਤੀ ਗਈ ਅਤੇ ਇਸ ਨੂੰ ਇਸਲਾਮ ਦੇ ਖ਼ਿਲਾਫ਼ ਦੱਸਿਆ ਗਿਆ ਹੈ। ਜਿਸ ਜਲਦਬਾਜ਼ੀ ਵਿਚ ਇਸ ਘਟਨਾ ਤੋਂ ਬਾਅਦ ਕਸ਼ਮੀਰ ਵਿਚ ਮੋਮਬੱਤੀ ਮਾਰਚ ਕੱਢਿਆ ਗਿਆ, ਹਜ਼ਾਰਾਂ ਕਸ਼ਮੀਰੀਆਂ ਨੇ ਬਿਨਾਂ ਬੁਲਾਏ ਇਸ ਵਿਚ ਸ਼ਾਮਿਲ ਹੋ ਕੇ ਅੱਤਵਾਦ ਦੇ ਖ਼ਿਲਾਫ਼ ਨਾਅਰੇ ਲਗਾਏ ਅਤੇ ਮਾਸੂਮ ਸੈਲਾਨੀਆਂ ਨੂੰ ਆਪਣੀ ਰੋਟੀ, ਰੋਜ਼ੀ ਅਤੇ ਭਗਵਾਨ ਦੱਸਿਆ, ਨਾਲ ਹੀ ਹਿੰਦੁਸਤਾਨ ਲਈ ਪਿਆਰ ਜਤਾਇਆ ਗਿਆ, ਇਹ ਵੀ ਨਾ ਸਿਰਫ ਅੱਤਵਾਦੀਆਂ ਨੂੰ ਕਰਾਰਾ ਸਬਕ ਹੈ, ਬਲਕਿ ਪਾਕਿਸਤਾਨ ਦੇ ਮੂੰਹ 'ਤੇ ਵੀ ਚਪੇੜ ਹੈ। ਪਿਛਲੇ ਕਈ ਸਾਲਾਂ ਤੋਂ ਜਿਸ ਤਰ੍ਹਾਂ ਪਾਕਿਸਤਾਨ ਖ਼ਰਾਬ ਆਰਥਿਕ ਹਾਲਾਤ ਕਾਰਨ ਪੂਰੀ ਦੁਨੀਆ 'ਚ ਬੇਇੱਜ਼ਤੀ ਝੱਲ ਰਿਹਾ ਹੈ ਅਤੇ ਉਸ ਤੋਂ ਬਾਅਦ ਵੱਡੇ ਪੈਮਾਨੇ 'ਤੇ ਪਾਕਿਸਤਾਨ ਦੀ ਸਿਵਲ ਸੁਸਾਇਟੀ ਭਾਰਤ ਦੇ ਨਾਲ ਆਰਥਿਕ ਰਿਸ਼ਤੇ ਸ਼ੁਰੂ ਕਰਨ ਲਈ ਦਬਾਅ ਪਾ ਰਹੀ ਸੀ, ਇਸ ਸਭ ਕੁਝ ਤੋਂ ਪਾਕਿਸਤਾਨੀ ਫ਼ੌਜੀ ਸਥਾਪਤੀ ਆਪਣੇ ਲੋਕਾਂ ਦਾ ਧਿਆਨ ਲਾਂਭੇ ਕਰਨਾ ਚਾਹੁੰਦੀ ਸੀ, ਇਸੇ ਲਈ ਉਸ ਵਲੋਂ ਇਹ ਵੱਡਾ ਹਮਲਾ ਕਰਵਾਇਆ ਗਿਆ ਹੈ।
ਬਲੋਚਿਸਤਾਨ 'ਚ ਸਥਾਨਕ ਵੱਖਵਾਦੀਆਂ ਨੇ ਪਾਕਿਸਤਾਨੀ ਸੈਨਾ ਅਤੇ ਸੱਤਾ ਨੂੰ ਲਾਚਾਰ ਕਰ ਦਿੱਤਾ ਹੈ, ਨਾਲ ਹੀ ਜਿਸ ਤਰ੍ਹਾਂ ਪਾਕਿਸਤਾਨ ਪੇਸ਼ਾਵਰ ਦੇ ਰਸਤੇ ਹੁਣ ਲੱਖਾਂ ਅਫ਼ਗਾਨੀਆਂ ਨੂੰ ਆਪਣੀ ਸੀਮਾ ਤੋਂ ਬਾਹਰ ਧੱਕਣ ਲਈ ਤਾਲਿਬਾਨੀਆਂ ਦੇ ਰੋਸ ਅਤੇ ਗੁੱਸੇ ਦਾ ਸਾਹਮਣਾ ਕਰ ਰਿਹਾ ਹੈ, ਉਸ ਤੋਂ ਵੀ ਆਪਣੇ ਲੋਕਾਂ ਦਾ ਧਿਆਨ ਹਟਾਉਣ ਲਈ ਪਾਕਿਸਤਾਨ ਦੁਨੀਆ ਦਾ ਕਸ਼ਮੀਰ ਵੱਲ ਧਿਆਨ ਖਿੱਚਣਾ ਚਾਹੁੰਦਾ ਸੀ। ਇਹ ਇਸ ਗੱਲ ਦਾ ਸਬੂਤ ਹੈ ਕਿ ਪਾਕਿਸਤਾਨ ਕਿਸੇ ਵੀ ਸਥਿਤੀ ਵਿਚ ਸੰਵੇਦਨਸ਼ੀਲ ਗੁਆਂਢੀ ਤਾਂ ਛੱਡੋ, ਧਰਤੀ 'ਤੇ ਇਕ ਦੇਸ਼ ਦੇ ਰੂਪ ਵਿਚ ਵੀ ਆਪਣੀ ਹਾਜ਼ਰੀ ਨਹੀਂ ਦਰਜ ਕਰਵਾ ਪਾ ਰਿਹਾ ਸੀ, ਜਿਸ ਤਰ੍ਹਾਂ ਨਾਲ ਇਸ ਭਿਆਨਕ ਘਟਨਾ ਦਾ ਸਮਾਂ ਚੁਣਿਆ ਗਿਆ ਹੈ, ਉਹ ਵੀ ਵਿਚਾਰ ਦੀ ਮੰਗ ਕਰਦਾ ਹੈ ਅਤੇ ਪਾਕਿਸਤਾਨ ਦੀ ਅਣਮਨੁੱਖੀ ਸੋਚ ਨੂੰ ਉਜਾਗਰ ਕਰਦਾ ਹੈ।
ਪ੍ਰਧਾਨ ਮੰਤਰੀ ਮੋਦੀ ਦੋ ਦਿਨ ਦੀ ਸਾਊਦੀ ਯਾਤਰਾ 'ਤੇ ਹੁੰਦੇ ਹਨ ਅਤੇ ਅਮਰੀਕਾ ਦੇ ਉਪ ਰਾਸ਼ਟਰਪਤੀ ਭਾਰਤ ਦੇ ਅਧਿਕਾਰਿਕ ਦੌਰੇ 'ਤੇ ਹੁੰਦੇ ਹਨ। ਇਹ ਦੋਵੇਂ ਘਟਨਾਵਾਂ ਨਾ ਸਿਰਫ ਪਾਕਿਸਤਾਨ ਨੂੰ, ਬਲਕਿ ਸਾਡੇ ਇਕ ਹੋਰ ਗੁਆਂਢੀ ਦੀ ਵੀ ਛਾਤੀ 'ਤੇ ਸੱਪ ਲਿਟਾ ਦਿੰਦੀਆਂ ਹਨ। ਜਿਸ ਤਰ੍ਹਾਂ ਨਾਲ ਪਿਛਲੇ ਹੀ ਪੰਦਰਵਾੜੇ 'ਚ ਸਾਊਦੀ ਅਰਬ ਨੇ 4700 ਪਾਕਿਸਤਾਨੀਆਂ ਨੂੰ ਆਪਣੇ ਦੇਸ਼ 'ਚੋਂ ਜਹਾਜ਼ਾਂ ਵਿਚ ਭਰ ਕੇ ਪਾਕਿਸਤਾਨ ਰਵਾਨਾ ਕੀਤਾ ਹੈ, ਕਿਉਂਕਿ ਇਹ ਪਾਕਿਸਤਾਨੀ ਸਾਊਦੀ ਅਰਬ ਵਿਚ ਭੀਖ ਮੰਗ ਰਹੇ ਸਨ ਅਤੇ ਸਾਊਦੀ ਅਰਬ ਦੀ ਦਿੱਖ ਨੂੰ ਮਲੀਆਮੇਟ ਕਰ ਰਹੇ ਸਨ, ਇਸ ਘਟਨਾ ਨੇ ਵੀ ਪਾਕਿਸਤਾਨ ਵਿਚ, ਪਾਕਿਸਤਾਨ ਦੀ ਸਰਕਾਰ ਦੀ ਆਮ ਲੋਕਾਂ ਅਤੇ ਸੋਸ਼ਲ ਮੀਡੀਆ ਵਿਚ ਐਸੀ-ਤੈਸੀ ਕਰ ਦਿੱਤੀ ਸੀ। ਲੋਕ ਕਹਿ ਰਹੇ ਸਨ ਕਿ ਸਾਊਦੀ ਅਰਬ ਸਾਡੇ ਨਾਲ ਤਾਂ ਭਿਖਾਰੀਆਂ ਵਾਲਾ ਵਿਹਾਰ ਕਰ ਰਿਹਾ ਹੈ ਅਤੇ ਭਾਰਤ ਨਾਲ ਇਤਿਹਾਸਕ ਵਪਾਰ ਸਮਝੌਤਾ ਕਰਨ ਜਾ ਰਿਹਾ ਹੈ।
ਜੇਕਰ ਇਹ ਹਾਲਤ ਕਿਸੇ ਵੀ ਹਾਲ ਵਿਚ ਪਾਕਿਸਤਾਨੀ ਸਰਕਾਰ ਨੂੰ ਬਰਦਾਸ਼ਤ ਨਹੀਂ ਹੋ ਰਹੀ ਸੀ, ਤਾਂ ਅਮਰੀਕੀ ੳਪ ਰਾਸ਼ਟਰਪਤੀ ਦਾ ਅਧਿਕਾਰਕ ਯਾਤਰਾ 'ਤੇ ਭਾਰਤ ਆਉਣਾ ਅਤੇ ਆਪਸੀ ਵਪਾਰ ਗੱਲਬਾਤ ਦਾ ਮੁੱਖ ਏਜੰਡਾ ਹੋਣਾ, ਚੀਨ ਨੂੰ ਵੀ ਰਾਸ ਨਹੀਂ ਆ ਰਿਹਾ ਸੀ। ਉਸ ਨੇ ਭਾਰਤ ਨੂੰ ਤਾਂ ਧਮਕੀ ਨਹੀਂ ਸੀ ਦਿੱਤੀ, ਪਰ ਇਸੇ ਦੌਰਾਨ ਕਈ ਹੋਰ ਦੇਸ਼ਾਂ ਨੂੰ ਅਸਿੱਧੇ ਤੌਰ 'ਤੇ ਧਮਕੀ ਦਿੱਤੀ ਸੀ ਕਿ ਜੇਕਰ ਉਹ ਅਮਰੀਕਾ ਨਾਲ ਦੁਵੱਲੀ ਵਪਾਰਕ ਗੱਲਬਾਤ ਕਰਦੇ ਹਨ ਤਾਂ ਉਨ੍ਹਾਂ ਦੀ ਖ਼ੈਰ ਨਹੀਂ। ਇਨ੍ਹਾਂ ਅੰਤਰਰਾਸ਼ਟਰੀ ਘਟਨਾਵਾਂ ਨੂੰ ਵੀ ਇਸ ਵਾਰਦਾਤ ਦੀ ਪਿੱਠਭੂਮੀ ਵਿਚ ਸਮਝਣ ਲਈ ਧਿਆਨ ਵਿਚ ਰੱਖਣਾ ਚਾਹੀਦਾ ਹੈ। ਫਿਲਹਾਲ ਇਸ ਘਿਨਾਉਣੀ ਹਰਕਤ ਦਾ ਇਕਮਾਤਰ ਜਵਾਬ ਇਹੀ ਹੈ ਕਿ ਭਾਰਤ, ਪਾਕਿਸਤਾਨ ਨੂੰ ਦੁਨੀਆ ਵਿਚ ਅੱਤਵਾਦੀ ਦੇਸ਼ ਘੋਸ਼ਿਤ ਕਰਾਏ ਅਤੇ ਜਿਵੇਂ ਕਿ ਕਪਿਲ ਸਿੱਬਲ ਕਹਿੰਦੇ ਹਨ, 'ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਅੱਤਵਾਦੀਆਂ ਵਿਰੁੱਧ ਮਾਮਲੇ ਨੂੰ ਅੰਤਰਰਾਸ਼ਟਰੀ ਕੋਰਟ ਵਿਚ ਵੀ ਲੈ ਕੇ ਜਾਵੇ, ਤਾਂ ਹੀ ਪਾਕਿਸਤਾਨ ਨੂੰ ਇਸ ਸਭ ਦੀ ਕੀਮਤ ਸਮਝ ਵਿਚ ਆਵੇਗੀ।' ਅਤੇ ਹਾਂ, ਠਹਿਰ ਕੇ ਪਾਕਿਸਤਾਨ ਨਾਲ ਕੋਈ ਆਰ-ਪਾਰ ਦਾ ਹਿਸਾਬ ਵੀ ਚੁਕਤਾ ਕੀਤਾ ਜਾਵੇ। ਪਰ ਜਲਦਬਾਜ਼ੀ ਵਿਚ ਨਹੀਂ, ਬਲਕਿ ਇਕ ਮੌਕਾ ਚੁਣ ਕੇ, ਜਦੋਂ ਦੁਸ਼ਮਣ ਇਸ ਲਈ ਮਾਨਸਿਕ ਰੂਪ ਵਿਚ ਤਿਆਰ ਨਾ ਹੋਵੇ।