
ਬਲਵਿੰਦਰ ਪਾਲ ਸਿੰਘ ਪ੍ਰੋਫੈਸਰ
:
ਸਿੱਖ ਪੰਥ ਦੀ ਮਾਨਵਤਾ ਅਤੇ ਸਾਂਝੀਵਾਲਤਾ ਦੀ ਭਾਵਨਾ ਸਿੱਖ ਧਰਮ ਦੇ ਮੁੱਢਲੇ ਸਿਧਾਂਤਾਂ ਵਿੱਚ ਜੜ੍ਹੀ ਹੋਈ ਹੈ, ਜਿਨ੍ਹਾਂ ਵਿੱਚ ਸਰਬੱਤ ਦਾ ਭਲਾ, ਸੇਵਾ, ਅਤੇ ਨਿਆਂ ਦੀ ਰਾਖੀ ਪ੍ਰਮੁੱਖ ਹਨ।ਬੀਤੇ ਦਿਨੀਂ ਪਹਿਲਗਾਮ ਜਿਹਾਦੀ ਹਮਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਕ ਪਾਸੇ ਇਸ ਘਟਨਾ ਤੋਂ ਬਾਅਦ ਜਿੱਥੇ ਏਅਰਲਾਈਨ ਕੰਪਨੀਆਂ ਨੇ ਸ੍ਰੀਨਗਰ ਤੋਂ ਦਿੱਲੀ, ਚੰਡੀਗੜ੍ਹ ਆਦਿ ਲਈ ਕਿਰਾਏ ਵਿਚ ਭਾਰੀ ਵਾਧਾ ਕਰ ਦਿੱਤਾ ਹੈ, ਉੱਤੇ ਟੈਕਸੀ ਚਾਲਕਾਂ ਨੇ ਵੀ ਭਾਅ ਦੁੱਗਣੇ ਕਰ ਦਿੱਤੇ ਹਨ। ਅਜਿਹੇ ਵਿਚ ਕਸ਼ਮੀਰੀ ਸਿੱਖ ਸੈਲਾਨੀਆਂ ਦੀ ਮਦਦ ਲਈ ਅੱਗੇ ਆਏ ਹਨ ਅਤੇ ਗੁਰਦੁਆਰਿਆਂ ਵਿਚ ਪਨਾਹ ਲਈ ਦੁਆਰ ਖੋਲ੍ਹ ਦਿੱਤੇ ਹਨ। ਗੁਰਦੁਆਰਿਆਂ ਵਿੱਚ ਪੀੜਤਾਂ ਅਤੇ ਸੈਲਾਨੀਆਂ ਲਈ ਪਨਾਹ, ਖਾਣ-ਪੀਣ, ਅਤੇ ਆਵਾਜਾਈ (ਟੈਕਸੀਆਂ) ਦਾ ਪ੍ਰਬੰਧ ਕੀਤਾ ਹੈ। ਸਿੱਖਾਂ ਨੇ ਸੁਰੱਖਿਆ ਅਤੇ ਸਹਾਇਤਾ ਦਾ ਵਚਨ ਵੀ ਦਿੱਤਾ। ਇਹ ਕੰਮ ਸਿੱਖ ਧਰਮ ਦੀ ਸੇਵਾ ਦੀ ਭਾਵਨਾ ਅਤੇ "ਵੰਡ ਛਕਣਾ" ਦੇ ਸਿਧਾਂਤ ਨੂੰ ਦਰਸਾਉਂਦਾ ਹੈ।
ਸ੍ਰੀਨਗਰ ਜ਼ਿਲ੍ਹੇ ਦੇ ਸਾਰੇ ਛੇ ਗੁਰਦੁਆਰਿਆਂ ਦੀਆਂ ਕਮੇਟੀਆਂ ਨੇ ਸੈਲਾਨੀਆਂ ਨੂੰ ਇਨ੍ਹਾਂ ਗੁਰਦੁਆਰਿਆਂ ਵਿਚ ਪਨਾਹ ਦਿੱਤੀ ਹੈ।
ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀਨਗਰ ਦੇ ਪ੍ਰਧਾਨ ਜਸਪਾਲ ਸਿੰਘ ਨੇ ਕਿਹਾ ਕਿ ਇਸ ਜਿਹਾਦੀ ਘਟਨਾ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜਸਪਾਲ ਸਿੰਘ ਨੇ ਕਿਹਾ ਕਿ ਧਰਮ ਦੇ ਆਧਾਰ ’ਤੇ ਕਿਸੇ ਨਾਲ ਭੇਦਭਾਵ ਨਹੀਂ ਕੀਤਾ ਜਾਣਾ ਚਾਹੀਦਾ। ਕਿਸੇ ਵੀ ਸੂਬੇ ਨੂੰ ਮੁਸਲਿਮ ਭਾਈਚਾਰੇ ਦੇ ਪ੍ਰਤੀ ਮਾੜੀ ਭਾਵਨਾ ਨਾਲ ਪੇਸ਼ ਨਹੀਂ ਆਉਣਾ ਚਾਹੀਦਾ। ਇੱਥੇ (ਜੰਮੂ-ਕਸ਼ਮੀਰ) ਮੁਸਲਿਮ ਭਾਈਚਾਰਾ ਵੀ ਅੱਤਵਾਦ ਤੋਂ ਪੀੜਤ ਹੈ। ਅਜਿਹੀਆਂ ਘਟਨਾਵਾਂ ਨਾਲ ਵਪਾਰ ਕਾਫੀ ਪ੍ਰਭਾਵਿਤ ਹੁੰਦਾ ਹੈ ਅਤੇ ਫਿਰਕੂ ਤਣਾਅ ਵੀ ਵਧਦਾ ਹੈ। ਇਸ ਲਈ ਹਰ ਕੋਈ ਕਸ਼ਮੀਰ ਘਾਟੀ ਵਿਚ ਸ਼ਾਂਤੀ ਚਾਹੁੰਦਾ ਹੈ।
150 ਤੋਂ ਵੱਧ ਸੈਲਾਨੀ ਵੱਖ-ਵੱਖ ਗੁਰਦੁਆਰਿਆਂ ਵਿਚ ਰੁਕੇ
ਜਸਪਾਲ ਸਿੰਘ ਨੇ ਦੱਸਿਆ ਕਿ 150 ਤੋਂ ਵੱਧ ਸੈਲਾਨੀ ਸ੍ਰੀਨਗਰ ਦੇ ਵੱਖ-ਵੱਖ ਗੁਰਦੁਆਰਿਆਂ ਵਿਚ ਠਹਿਰੇ ਹੋਏ ਹਨ। ਉਹ ਸੈਲਾਨੀਆਂ ਤੋਂ ਕਮਰਿਆਂ ਦਾ ਕਿਰਾਇਆ ਨਹੀਂ ਲੈਣਗੇ, ਉਨ੍ਹਾਂ ਨੂੰ ਇੱਧਰ-ਉੱਧਰ ਜਾਣ ਲਈ ਗੱਡੀਆਂ ਵੀ ਉਪਲਬਧ ਕਰਵਾ ਦਿੱਤੀਆਂ ਗਈਆਂ ਹਨ ਅਤੇ ਤਿੰਨੋਂ ਸਮੇਂ ਲੰਗਰ ਦਾ ਪ੍ਰਬੰਧ ਵੀ ਕਰ ਦਿੱਤਾ ਗਿਆ ਹੈ। ਜੇਕਰ ਕਿਸੇ ਦੇ ਕੋਲ ਨਕਦੀ ਨਹੀਂ ਹੈ ਤਾਂ ਉਸਨੂੰ ਵਿੱਤੀ ਸਹਾਇਤਾ ਵੀ ਦੇਣਗੇ। ਗੁਰੂਘਰ ਵਿਚ ਪਨਾਹ ਲੈ ਕੇ ਸੈਲਾਨੀ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਹਨ। ਜਸਪਾਲ ਸਿੰਘ ਦਾ ਕਹਿਣਾ ਹੈ ਕਿ ਪਹਿਲਗਾਮ ਦੀ ਘਟਨਾ ਨੇ ਕੁਝ ਸਾਲ ਪਹਿਲਾਂ ਹੋਈ ਚਿੱਠੀ ਸਿੰਘਪੁਰਾ ਘਟਨਾ ਦੀਆਂ ਕੌੜੀਆਂ ਯਾਦਾਂ ਤਾਜ਼ੀਆਂ ਕਰ ਦਿੱਤੀਆਂ ਹਨ। ਉਸ ਘਟਨਾ ਬਾਰੇ ਵੀ ਅੱਜ ਤੱਕ ਕੁਝ ਪਤਾ ਨਹੀਂ ਲੱਗ ਸਕਿਆ।
ਐਕਸ 'ਤੇ ਪੋਸਟਾਂ ਅਨੁਸਾਰ, ਸਿੱਖ ਭਾਈਚਾਰੇ ਨੇ ਕਸ਼ਮੀਰ ਵਿੱਚ ਫਸੇ ਲੋਕਾਂ ਨੂੰ ਹਰ ਤਰ੍ਹਾਂ ਦੀ ਮਦਦ ਦੀ ਪੇਸ਼ਕਸ਼ ਕੀਤੀ, ਜੋ ਉਨ੍ਹਾਂ ਦੀ ਮਾਨਵਤਾਵਾਦੀ ਪਹੁੰਚ ਨੂੰ ਦਰਸਾਉਂਦਾ ਹੈ।
ਸਿੱਖ ਕਿਉਂ ਕਰਦੇ ਹਨ ਮਨੁੱਖਤਾ ਦੀ ਰਖਿਆ?
ਸਿੱਖ ਧਰਮ ਦੇ ਸੰਸਥਾਪਕ, ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਮ ਗੁਰੂ ਗੋਬਿੰਦ ਸਿੰਘ ਜੀ ਤੱਕ, ਸਿੱਖਾਂ ਨੂੰ ਸੇਵਾ, ਨਿਆਂ, ਅਤੇ ਸਮਾਨਤਾ ਦਾ ਸੰਦੇਸ਼ ਦਿੱਤਾ ਗਿਆ। ਗੁਰਬਾਣੀ ਵਿੱਚ "ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ" ਵਰਗੇ ਸਿਧਾਂਤ ਮਨੁੱਖਤਾ ਦੀ ਸਾਂਝੀਵਾਲਤਾ 'ਤੇ ਜ਼ੋਰ ਦਿੰਦੇ ਹਨ। ਗੁਰੂ ਸਾਹਿਬਾਨ ਨੇ ਜ਼ੁਲਮ ਦੇ ਖਿਲਾਫ ਲੜਨ ਅਤੇ ਪੀੜਤਾਂ ਦੀ ਮਦਦ ਕਰਨ ਦੀ ਸਿੱਖਿਆ ਦਿੱਤੀ, ਜਿਵੇਂ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਿਤਾਂ ਦੀ ਰਾਖੀ ਲਈ ਸ਼ਹਾਦਤ ਦਿੱਤੀ। ਸਿੱਖਾਂ ਦੀ ਇਹ ਸੇਵਾ ਇਨ੍ਹਾਂ ਦੁਖਾਂਤਕ ਘਟਨਾਵਾਂ ਜਿਵੇਂ 1984 ਦੇ ਕਤਲੇਆਮ,ਗੁਜਰਾਤ ਭੂਚਾਲ ਕਾਂਡ,ਕਸ਼ਮੀਰ ਤੇ ਕੇਰਲਾ ਹੜ ਸੰਕਟ ਅਤੇ ਹੋਰ ਸੰਕਟਾਂ ਦੌਰਾਨ ਵੀ ਦਿਖਾਈ ਦਿੱਤੀ। ਸਿੱਖ ਗੁਰਦੁਆਰੇ ਸਦਾ ਹੀ ਸੰਕਟ ਸਮੇਂ ਮਨੁੱਖਤਾ ਦਾ ਧਰਮ ਸਥਾਨ ਰਹੇ ਹਨ।