ਸਿੱਖ ਧਰਮ ਤੋਂ ਪ੍ਰਭਾਵਿਤ ਹੈ ਚੀਨੀ ਮੂਲ ਦਾ ਅਮਰੀਕੀ ਨੌਜਵਾਨ ਜੇਸਨ

In ਪੰਜਾਬ
April 30, 2025
ਅੰਮ੍ਰਿਤਸਰ/ਏ.ਟੀ.ਨਿਊਜ਼: ਚੀਨੀ ਮੂਲ ਦਾ ਅਮਰੀਕੀ ਨਾਗਰਿਕ ਜੇਸਨ ਨਾਂਅ ਦਾ ਇੱਕ ਨੌਜਵਾਨ ਸਿੱਖ ਧਰਮ ਅਤੇ ਸਿੱਖੀ ਕਦਰਾਂ ਕੀਮਤਾਂ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਿੱਖ ਗੁਰੂ ਸਾਹਿਬਾਨ ਦੀਆਂ ਸਰਬੱਤ ਦੇ ਭਲੇ ਵਾਲੀਆਂ ਸਿੱਖਿਆਵਾਂ ਤੋਂ ਬੇਹੱਦ ਪ੍ਰਭਾਵਿਤ ਹੈ ਤੇ ਸਿੱਖ ਧਰਮ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ, ਸਿੱਖਾਂ ਦੇ ਸੇਵਾ ਤੇ ਸਿਮਰਨ ਨੂੰ ਨੇੜਿਓਂ ਦੇਖਣ ਤੇ ਮਾਨਣ ਲਈ ਉਹ ਕੁਝ ਸਮੇਂ ਤੋਂ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਨ ਲਈ ਗੁਰੂ ਨਗਰੀ ਵਿੱਚ ਪੁੱਜਾ ਹੋਇਆ ਹੈ । ਇਸ ਸੰਬੰਧੀ 30 ਸਾਲਾ ਜੇਸਨ ਨੇ ਦੱਸਿਆ ਕਿ ਉਹ ਅਮਰੀਕਾ ਦੇ ਕੈਲੇਫੋਰਨੀਆ ਰਾਜ ਦੇ ਸੈਨਹੋਜ਼ੇ ਸ਼ਹਿਰ ਵਿੱਚ ਰਹਿੰਦਾ ਹੈ ਤੇ 2012 ਤੋਂ ਕਾਲਜ ਦੇ ਇੱਕ ਸਿੱਖ ਦੋਸਤ ਦੀ ਬਦੌਲਤ ਸਿੱਖੀ ਬਾਰੇ ਜਾਨਣਾ ਸ਼ੁਰੂ ਕੀਤਾ। ਉਸ ਨੇ ਦੱਸਿਆ ਕਿ ਪਿਛਲੇ ਸਾਲ ਸਤੰਬਰ ਵਿੱਚ ਮੈਂ ਸਿੱਖੀ ਦੇ ਮਾਰਗ ਦੀ ਗੰਭੀਰਤਾ ਨਾਲ ਖੋਜ ਕਰਨੀ ਸ਼ੁਰੂ ਕੀਤੀ ਤੇ ਹਰ ਦੂਜੇ ਦਿਨ ਗੁਰਦੁਆਰੇ ਜਾ ਕੇ ਸੇਵਾ ਤੇ ਸਿਮਰਨ ਕਰਦੇ ਸਿੱਖ ਬਜ਼ੁਰਗ ਲੋਕਾਂ ਨਾਲ ਗੱਲਬਾਤ ਕਰਦਾ ਸੀ। ਹੌਲੀ-ਹੌਲੀ ਮੈਂ ਗੁਰਮੁਖੀ ਸਿੱਖਣ ਦੇ ਯੋਗ ਹੋ ਗਿਆ ਤੇ ਗੁਰਬਾਣੀ ਪਾਠ, ਕੀਰਤਨ ਅਤੇ ਅਰਦਾਸ ਦਾ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ। ਪੰਜਾਬੀ ਸਿੱਖਣ ਲਈ ਆਨਲਾਈਨ ਟੂਲਜ਼ ਦੀ ਵੀ ਵਰਤੋਂ ਕੀਤੀ ਤੇ ਸਿੱਖ ਧਰਮ ਬਾਰੇ ਜਾਣਦਿਆਂ ਪਿਛਲੇ ਮਹੀਨੇ ਤੋਂ ਮੈਨੂੰ ਸਿੱਖੀ ਨਾਲ ਡੂੰਘਾ ਲਗਾਓ ਮਹਿਸੂਸ ਹੋਣ ਲੱਗਾ ਅਤੇ ਮੈਂ ਸਿੱਖਾਂ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਦੀ ਯਾਤਰਾ ਕਰਨ ਦਾ ਫ਼ੈਸਲਾ ਕੀਤਾ। ਇਸ ਦੌਰਾਨ ਸਿੱਖ ਜਥੇਬੰਦੀਆਂ ਵਿਚੋਂ ਮੈਂ ਅਧਿਆਤਮਿਕ ਗਿਆਨ ਹਾਸਿਲ ਕਰਨ ਲਈ ਸਿੱਖ ਸਿਧਾਂਤਾਂ ’ਤੇ ਪਹਿਰਾ ਦੇਣ ਵਾਲੀ ਪੁਰਾਤਨ ਸਿੱਖ ਜਥੇਬੰਦੀ ਅਖੰਡ ਕੀਰਤਨੀ ਜਥਾ ਦੀ ਖੋਜ ਕੀਤੀ ਤੇ ਮੇਰਾ ਸੰਪਰਕ ਜਥੇ ਦੇ ਆਗੂ ਭਾਈ ਮਨਜੀਤ ਸਿੰਘ ਤੇ ਹੋਰਨਾਂ ਨਾਲ ਹੋਇਆ। ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਰੰਗਲੇ ਸੱਜਣ ਟਰੱਸਟ ਵਿਖੇ ਕਰੀਬ ਡੇਢ ਹਫਤੇ ਤੋਂ ਰਹਿ ਰਹੇ ਜੇਸਨ ਨੇ ਦੱਸਿਆ ਕਿ ਮੈਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ‘ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ’ ਦੇ ਸਿਧਾਂਤ ਨੇ ਬੇਹੱਦ ਪ੍ਰਭਾਵਿਤ ਕੀਤਾ ਹੈ। ਇਸੇ ਦੌਰਾਨ ਰੰਗਲੇ ਸੱਜਣ ਟਰੱਸਟ ਨਾਲ ਸੰਬੰਧਿਤ ਭਾਈ ਮਨਜੀਤ ਸਿੰਘ ਨੇ ਦੱਸਿਆ ਕਿ ਜੇਸਨ ਜਦੋਂ ਤੋਂ ਅੰਮ੍ਰਿਤਸਰ ਪੁੱਜਾ ਹੈ, ਪੰਜਾਬੀ ਤੇ ਗੁਰਬਾਣੀ ਸਿੱਖ ਰਿਹਾ ਹੈ ਤੇ ਰੋਜ਼ ਸਵੇਰੇ ਆਸਾ ਦੀ ਵਾਰ ਦੇ ਕੀਰਤਨ ਮੌਕੇ ਦੀਵਾਨ ਵਿੱਚ ਹਾਜ਼ਰੀ ਭਰਨ ਦੇ ਨਾਲ-ਨਾਲ ਬਿਨ੍ਹਾਂ ਨਾਗਾ ਨਿੱਤਨੇਮ ਦਾ ਪਾਠ ਵੀ ਕਰ ਰਿਹਾ ਹੈ।

Loading