ਕੈਨੇਡਾ ਸੰਸਦੀ ਚੋਣਾਂ: ਸੱਤਾ ਵਿੱਚ ਬਣੀ ਰਹੇਗੀ ਲਿਬਰਲ ਪਾਰਟੀ

In ਮੁੱਖ ਖ਼ਬਰਾਂ
April 30, 2025
ਵੈਨਕੂਵਰ/ਏ.ਟੀ.ਨਿਊਜ਼: ਕੈਨੇਡਾ ਦੀ 45ਵੀਂ ਲੋਕ ਸਭਾ ਲਈ ਹੋਈਆਂ ਚੋਣਾਂ ਵਿੱਚ ਭਾਵੇਂ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ, ਪਰ ਬਲਾਕ ਕਿਊਬਕਾ ਦੀ ਇੱਕ ਸੀਟ ਪੋਸਟਲ ਬੈਲੇਟ (ਡਾਕ ਵੋਟਾਂ) ਦੀ ਗਿਣਤੀ ’ਚ ਖਿਸਕ ਕੇ ਲਿਬਰਲ ਦੇ ਖਾਤੇ ਪੈਣ ਨਾਲ ਲਿਬਰਲ ਪਾਰਟੀ ਦੀਆਂ ਕੁੱਲ ਸੀਟਾਂ 169 ਹੋ ਗਈਆਂ ਹਨ ਤੇ ਪਾਰਟੀ ਬਹੁਮਤ ਦੇ ਹੋਰ ਨੇੜੇ ਪਹੁੰਚ ਗਈ ਹੈ। ਕਿਸੇ ਵੀ ਪਾਰਟੀ ਨੂੰ 343 ਮੈਂਬਰੀ ਸੰਸਦ ਵਿਚ ਸਪਸ਼ਟ ਬਹੁਮਤ ਲਈ 172 ਦੇ ਜਾਦੂਈ ਅੰਕੜੇ ਦੀ ਦਰਕਾਰ ਹੈ।ਕੈਨੇਡਾ ਵਿੱਚ ਸੰਸਦ ਦੀਆਂ 343 ਸੀਟਾਂ ’ਤੇ ਹੋਈਆਂ ਚੋਣਾਂ ਵਿੱਚ ਲਿਬਰਲ ਪਾਰਟੀ ਨੂੰ 169, ਕੰਜ਼ਰਵੇਟਿਵ ਪਾਰਟੀ ਨੂੰ 144, ਬਲਾਕ ਕਿਊਬਕ ਨੂੰ 22, ਐੱਨ.ਡੀ.ਪੀ. ਨੂੰ 7 ਸੀਟਾਂ ਅਤੇ ਇੱਕ ਸੀਟ ’ਤੇ ਗਰੀਨ ਪਾਰਟੀ ਨੂੰ ਜਿੱਤ ਪ੍ਰਾਪਤ ਹੋਈ ਹੈ। ਲਿਬਰਲ ਪਾਰਟੀ ਨੇ 43, ਕੰਜ਼ਰਵੇਟਿਵ ਪਾਰਟੀ ਨੇ 41, ਬਲਾਕ ਕਿਊਬਕ ਨੇ 26 ਅਤੇ ਐੱਨ.ਡੀ.ਪੀ. ਨੇ 7 ਫ਼ੀਸਦੀ ਵੋਟਾਂ ਪ੍ਰਾਪਤ ਕੀਤੀਆਂ ਹਨ। ਕੈਨੇਡਾ ਦੀਆਂ ਸੰਸਦੀ ਚੋਣਾਂ ਵਿੱਚ ਸੱਤਾਧਾਰੀ ਲਿਬਰਲ ਪਾਰਟੀ 169 ਸੀਟਾਂ ਜਿੱਤ ਕੇ ਸਪਸ਼ਟ ਬਹੁਮਤ ਲਈ ਲੋੜੀਂਦੀਆਂ 172 ਸੀਟਾਂ ਤੋਂ ਮਹਿਜ਼ 3 ਸੀਟਾਂ ਨਾਲ ਖੁੰਝ ਗਈ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੀ ਸੀਟ ਵੱਡੇ ਫ਼ਰਕ ਨਾਲ ਜਿੱਤ ਲਈ ਹੈ ਜਦੋਂਕਿ ਨਿਊ ਡੈਮੋਕਰੈਟਿਕ ਪਾਰਟੀ ਦੇ ਜਗਮੀਤ ਸਿੰਘ (ਬਰਨਬੀ ਸੈਂਟਰਲ) ਤੇ ਕੰਜ਼ਰਵੇਟਿਵ ਪਾਰਟੀ ਦੇ ਪੀਅਰ ਪੋਲਿਵਰ ਚੋਣ ਹਾਰ ਗਏ ਹਨ। ਜਗਮੀਤ ਸਿੰਘ ਨੇ ਐਨ.ਡੀ.ਪੀ. ਨੂੰ ਚੋਣਾਂ ਵਿੱਚ ਲੱਗੇ ਵੱਡੇ ਖੋਰੇ ਅਤੇ ਖ਼ੁਦ ਚੋਣ ਨਾ ਜਿੱਤ ਸਕਣ ਕਰਕੇ ਪਾਰਟੀ ਆਗੂ ਵਜੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਚੋਣ ਜਿੱਤਣ ਅਤੇ ਹਾਰਨ ਵਾਲਿਆਂ ਵਿੱਚ ਬਹੁਤ ਘੱਟ ਵੋਟਾਂ ਦਾ ਅੰਤਰ ਰਿਹਾ ਹੈ। ਕਈ ਸੀਟਾਂ ’ਤੇ ਇਹ ਫ਼ਰਕ 100 ਵੋਟਾਂ ਤੋਂ ਵੀ ਘੱਟ ਰਿਹਾ। ਸੰਸਦ ਦੀਆਂ 343 ਸੀਟਾਂ ’ਤੇ ਚੋਣ ਹੋਈ ਸੀ ਤੇ ਸਰਕਾਰ ਬਣਾਉਣ ਲਈ 172 ਸੀਟਾਂ ਦੀ ਲੋੜ ਹੈ। ਇਸ ਤੋਂ ਪਹਿਲਾਂ 2019 ਅਤੇ 2022 ਵਿੱਚ ਵੀ ਮੁਲਕ ਵਿੱਚ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਸੀ ਤੇ ਲਿਬਰਲ ਪਾਰਟੀ ਐਨ.ਡੀ.ਪੀ. ਦੇ ਸਹਿਯੋਗ ਨਾਲ ਸਰਕਾਰ ਚਲਾਉਂਦੀ ਰਹੀ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੈਨੇਡਾ ਦੇ ਅਮਰੀਕਾ ਵਿੱਚ ਰਲੇਵੇਂ ਦੀ ਧਮਕੀ ਤੇ ਵਪਾਰਕ ਜੰਗ ਨੇ ਲਿਬਰਲ ਪਾਰਟੀ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਕੈਨੇਡਾ ਨੂੰ ਅਮਰੀਕਾ ਵਿੱਚ ਮਿਲਾਉਣ ਦੀਆਂ ਧਮਕੀਆਂ ਅਤੇ ਟੈਰਿਫ਼ ਯੁੱਧ ਦਾ ਪ੍ਰਭਾਵ ਨਤੀਜਿਆਂ ਵਿੱਚ ਸਪੱਸ਼ਟ ਤੌਰ ’ਤੇ ਦਿਖਾਈ ਦੇ ਰਿਹਾ ਹੈ। ਇਸ ਤੋਂ ਪਹਿਲਾਂ, ਜਦੋਂ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕੈਨੇਡਾ ਦੀ ਆਰਥਿਕਤਾ ’ਤੇ ਹਮਲਾ ਕਰਨਾ ਸ਼ੁਰੂ ਕੀਤਾ ਸੀ ਤਾਂ ਲਿਬਰਲ ਹਾਰ ਰਹੇ ਸਨ। ਟਰੰਪ ਦੀਆਂ ਕਾਰਵਾਈਆਂ ਨੇ ਕੈਨੇਡੀਅਨਾਂ ਨੂੰ ਗੁੱਸਾ ਭਰ ਦਿੱਤਾ ਅਤੇ ਰਾਸ਼ਟਰਵਾਦ ਦੀ ਭਾਵਨਾ ਵਿੱਚ ਵਾਧਾ ਕੀਤਾ। ਇਸ ਤੋਂ ਬਾਅਦ, ਲਿਬਰਲਾਂ ਦੀ ਚੋਣ ਕਹਾਣੀ ਬਦਲ ਗਈ ਅਤੇ ਪਾਰਟੀ ਲਗਾਤਾਰ ਚੌਥੀ ਵਾਰ ਸੱਤਾ ਵਿੱਚ ਆਈ। ਪਿਛਲੇ ਲੰਮੇਂ ਸਮੇਂ ਤੋਂ ਕੰਜ਼ਰਵੇਟਿਵਾਂ ਦਾ ਗੜ੍ਹ ਰਿਹਾ ਅਲਬਰਟਾ ਸੂਬਾ ਐਤਕੀਂ ਵੀ ਡਟ ਕੇ ਉਨ੍ਹਾਂ ਦੇ ਹੱਕ ਵਿੱਚ ਭੁਗਤਿਆ ਹੈ। ਅਲਬਰਟਾ ਵਿੱਚ ਕੰਜ਼ਰਵੇਟਿਵਾਂ ਨੂੰ 34 ਸੀਟਾਂ ’ਤੇ ਜਿੱਤ ਮਿਲੀ ਹੈ ਜਦਕਿ ਲਿਬਰਲਾਂ ਨੂੰ ਸਿਰਫ਼ 2 ਸੀਟਾਂ ’ਤੇ ਹੀ ਸਬਰ ਕਰਨਾ ਪਿਆ ਹੈ। ਕੈਨੇਡਾ ਤੋਂ ਵੱਖ ਹੋਣ ਲਈ ਪਿਛਲੇ ਕਈ ਦਹਾਕਿਆਂ ਤੋਂ ਮੰਗ ਕਰ ਰਹੇ ਕਿਊਬਕ ਸੂਬੇ ਦੇ ਲੋਕਾਂ ਨੇ ਐਤਕੀਂ ਸੱਤਾਧਾਰੀ ਲਿਬਰਲ ਦੇ ਪੱਖ ਵਿੱਚ ਫ਼ਤਵਾ ਦਿੱਤਾ ਹੈ। ਕਿਊਬਕ ਵਿੱਚ ਲਿਬਰਲਾਂ ਨੂੰ 42, ਖੇਤਰੀ ਪਾਰਟੀ ਬਲਾਕ ਕਿਊਬਕ ਨੂੰ 23 ਅਤੇ ਕੰਜ਼ਰਵੇਟਿਵਾਂ ਨੂੰ 11 ਸੀਟਾਂ ਮਿਲੀਆਂ ਹਨ। ਦੱਸਣਯੋਗ ਹੈ ਕਿ ਕਿਊਬਕ ਸੂਬੇ ਵਿੱਚ ਕੈਨੇਡਾ ਤੋਂ ਵੱਖ ਹੋਣ ਦੇ ਮੁੱਦੇ ’ਤੇ ਦੋ ਵਾਰ ਰਾਏਸ਼ੁਮਾਰੀ ਹੋ ਚੁੱਕੀ ਹੈ ਅਤੇ ਦੋਵੇਂ ਵਾਰ ਵੱਡੀ ਗਿਣਤੀ ਲੋਕਾਂ ਨੇ ਵੱਖ ਹੋਣ ਲਈ ਵੋਟ ਪਾਈ ਸੀ। ਪਰ ਐਤਕੀਂ ਫ਼ੈਡਰਲ ਚੋਣਾਂ ਵਿੱਚ 53 ਫ਼ੀਸਦੀ ਵੋਟਰਾਂ ਨੇ ਲਿਬਰਲ ਪਾਰਟੀ ਦੇ ਪੱਖ ਵਿੱਚ ਵੋਟ ਦਿੱਤੀ ਹੈ। ਬਲਾਕ ਕਿਊਬਕ ਦੇ ਮੁਖੀ ਯਵੇਸ ਫ਼ਰਾਂਸਿਸ ਆਪਣੇ ਮੁੱਖ ਵਿਰੋਧੀ ਲਿਬਰਲ ਆਗੂ ਨਿਕੋਲਸ ਤੋਂ 10000 ਵੋਟਾਂ ਦੇ ਫ਼ਰਕ ਨਾਲ਼ ਜੇਤੂ ਰਿਹਾ ਹੈ।

Loading