
-ਤਰਲੋਚਨ ਸਿੰਘ ਭੱਟੀ:
ਦੂਸਰੇ ਵਿਸ਼ਵ ਯੁੱਧ ਦੌਰਾਨ ਸੰਯੁਕਤ ਰਾਜ ਅਮਰੀਕਾ ਵੱਲੋਂ ਜਾਪਾਨ ਦੇ ਸ਼ਹਿਰ ਹੀਰੋਸ਼ੀਮਾ ਅਤੇ ਨਾਗਾਸਾਕੀ ਉੱਤੇ ਛੇ ਅਗਸਤ 1945 ਤੇ ਨੌਂ ਅਗਸਤ 1945 ਨੂੰ ਦੋ ਐਟਮ ਬੰਬ ਸੁੱਟੇ ਗਏ ਸਨ ਜਿਨ੍ਹਾਂ ਦੁਆਰਾ ਕੀਤੀ ਗਈ ਜਾਨੀ ਅਤੇ ਮਾਲੀ ਤਬਾਹੀ ਨੂੰ ਯਾਦ ਕਰ ਕੇ ਅੱਜ ਵੀ ਰੂਹ ਕੰਬ ਜਾਂਦੀ ਹੈ। ਇਨ੍ਹਾਂ ਦੋਹਾਂ ਐਟਮ ਬੰਬਾਂ ਨੇ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਨੂੰ ਪਰਮਾਣੂ ਹਥਿਆਰਾਂ ਦੀ ਦੌੜ ਵਿੱਚ ਸ਼ਾਮਲ ਕਰ ਲਿਆ।
ਇਹ ਪਰਮਾਣੂ ਬੰਬਾਂ ਦੀ ਦੌੜ ਅੱਜ ਵੀ ਜਾਰੀ ਹੈ। ਜਿਸ ਦੇਸ਼ ਕੋਲ ਵਧੇਰੇ ਪਰਮਾਣੂ ਬੰਬ ਹੋਣਗੇ ਉਸ ਦੀ ਦੁਨੀਆਂ ਵਿੱਚ ਦਾਦਾਗਿਰੀ ਚੱਲਦੀ ਹੈ। ਅੱਠ ਪ੍ਰਭੂਸੱਤਾ ਸੰਪੰਨ ਦੇਸ਼ਾਂ ਨੇ ਜਨਤਕ ਤੌਰ ’ਤੇ ਪਰਮਾਣੂ ਹਥਿਆਰਾਂ ਦੇ ਸਫਲ ਧਮਾਕੇ ਦਾ ਐਲਾਨ ਕੀਤਾ ਹੈ। ਪਰਮਾਣੂ ਹਥਿਆਰਾਂ ਦੀ ਗ਼ੈਰ-ਪ੍ਰਸਾਰ ਸੰਧੀ (ਐੱਨਪੀਟੀ) ਦੀਆਂ ਸ਼ਰਤਾਂ ਅਧੀਨ ਪੰਜ ਦੇਸ਼ਾਂ-ਸੰਯੁਕਤ ਰਾਜ ਅਮਰੀਕਾ, ਰੂਸ, ਯੂਨਾਈਟਿਡ ਕਿੰਗਡਮ, ਫਰਾਂਸ ਅਤੇ ਚੀਨ ਤੋਂ ਇਲਾਵਾ ਭਾਰਤ, ਉੱਤਰੀ ਕੋਰੀਆ,ਪਾਕਿਸਤਾਨ, ਇਜ਼ਰਾਇਲ, ਇਰਾਕ, ਬੈਲਜੀਅਮ, ਜਰਮਨੀ, ਨੀਦਰਲੈਂਡ, ਇਟਲੀ, ਤੁਰਕੀ, ਬੇਲਾਰੂਸ, ਦੱਖਣੀ ਅਫ਼ਰੀਕਾ ਤੇ ਯੂਕ੍ਰੇਨ ਆਦਿ ਕੋਲ ਪਰਮਾਣੂ ਹਥਿਆਰ ਹਨ ਜਾਂ ਉਨ੍ਹਾਂ ਹਥਿਆਰਾਂ ਨੂੰ ਬਣਾਉਣ ਦੀ ਸਮੱਰਥਾ ਹੈ। ਫੈੱਡਰੇਸ਼ਨ ਆਫ ਅਮਰੀਕਨ ਸਾਇੰਟਿਸਟਸ ਅਨੁਸਾਰ 2025 ਤੱਕ ਦੁਨੀਆਂ ਵਿੱਚ ਲਗਪਗ 3904 ਸਰਗਰਮ ਪਰਮਾਣੂ ਹਥਿਆਰ ਅਤੇ ਕੁੱਲ 12331 ਪਰਮਾਣੂ ਹਥਿਆਰ ਹਨ ਜੋ ਲਗਪਗ 9585 ਫ਼ੌਜੀ ਭੰਡਾਰਾਂ ਵਿਚੱ ਰੱਖੇ ਗਏ ਹਨ। ਲਗਪਗ 3904 ਹਥਿਆਰ ਕਾਰਜਸ਼ੀਲ ਬਲਾਂ ਨਾਲ ਤਾਇਨਾਤ ਹਨ। ਪਰਮਾਣੂ ਯੁੱਗ ਦੀ ਸ਼ੁਰੂਆਤ ਤੋਂ ਲੈ ਕੇ ਪਰਮਾਣੂ ਹਥਿਆਰਾਂ ਵਾਲੇ ਜ਼ਿਆਦਾਤਰ ਦੇਸ਼ਾਂ ਦੇ ਡਲਿਵਰੀ ਢੰਗ ਵੀ ਵਿਕਸਤ ਹੋਏ ਹਨ।
ਅੰਕੜਿਆਂ ਅਨੁਸਾਰ ਵਿਸ਼ਵ ਪੱਧਰ ’ਤੇ ਪਰਮਾਣੂ ਹਥਿਆਰ ਰੂਸ (44%), ਸੰਯੁਕਤ ਰਾਜ ਅਮਰੀਕਾ (43%), ਚੀਨ (5%), ਫਰਾਂਸ (2.35%), ਭਾਰਤ (1.46%), ਪਾਕਿਸਤਾਨ (1.38%), ਇਜ਼ਰਾਇਲ (0.73%), ਉੱਤਰੀ ਕੋਰੀਆ (0.41%) ਆਦਿ ਦੇ ਕੋਲ ਹਨ। ਪਰਮਾਣੂ ਹਥਿਆਰਾਂ ਦੀ ਵਰਤੋਂ ਦਾ ਫ਼ੈਸਲਾ ਹਮੇਸ਼ਾ ਇੱਕ ਵਿਅਕਤੀ ਜਾਂ ਲੋਕਾਂ ਦੇ ਛੋਟੇ ਸਮੂਹ ਤੱਕ ਸੀਮਤ ਹੁੰਦਾ ਹੈ।
ਪਰਮਾਣੂ ਹਥਿਆਰਾਂ ਨੂੰ ਚਲਾਉਣ ਦੀ ਆਗਿਆ ਅਕਸਰ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਫ਼ੌਜਾਂ ਦੇ ਸੁਪਰੀਮ ਕਮਾਂਡਰ ਵੱਲੋਂ ਦਿੱਤੀ ਜਾਂਦੀ ਹੈ। ‘ਪਰਮਾਣੂ ਯੁੱਧ’ ਤੋਂ ਭਾਵ ਇੱਕ ਫ਼ੌਜੀ ਟਕਰਾਅ ਜਾਂ ਤਿਆਰ ਕੀਤੀ ਰਾਜਨੀਤਕ ਰਣਨੀਤੀ ਹੈ ਜੋ ਪਰਮਾਣੂ ਹਥਿਆਰਾਂ ਨੂੰ ਤਾਇਨਾਤ ਕਰਦੀ ਹੈ। ਇਹ ਸਮੂਹਿਕ ਵਿਨਾਸ਼ ਦੇ ਹਥਿਆਰ ਹਨ। ਰਵਾਇਤੀ ਯੁੱਧ ਦੇ ਉਲਟ ਪਰਮਾਣੂ ਯੁੱਧ ਬਹੁਤ ਘੱਟ ਸਮੇਂ ਵਿੱਚ ਬਹੁਤ ਜ਼ਿਆਦਾ ਵਿਨਾਸ਼ ਕਰਦਾ ਹੈ ਅਤੇ ਇਸ ਦਾ ਲੰਬੇ ਸਮੇਂ ਤੱਕ ਚੱਲਣ ਵਾਲਾ ਰੇਡੀਓਲੋਜੀਕਲ ਨਤੀਜਾ ਹੋ ਸਕਦਾ ਹੈ।
ਅੱਜ ਤੱਕ ਹਥਿਆਰਬੰਦ ਟਕਰਾਅ ਵਿੱਚ ਪਰਮਾਣੂ ਹਥਿਆਰਾਂ ਦੀ ਇੱਕੋ-ਇੱਕ ਵਰਤੋਂ ਅਗਸਤ 1945 ਵਿੱਚ ਹੀਰੋਸ਼ੀਮਾ ਅਤੇ ਨਾਗਾਸਾਕੀ ’ਤੇ ਅਮਰੀਕੀ ਪਰਮਾਣੂ ਬੰਬ ਧਮਾਕਿਆਂ ਨਾਲ ਹੋਈ ਸੀ ਜਿਸ ਵਿੱਚ ਦੋ ਲੱਖ ਤੋਂ ਵਧੇਰੇ ਲੋਕ ਮਾਰੇ ਗਏ ਸਨ। ਦੱਖਣੀ ਅਫ਼ਰੀਕਾ ਨੇ 1980 ਦੇ ਦਹਾਕੇ ਵਿੱਚ ਪਰਮਾਣੂ ਬੰਬ ਬਣਾਏ ਪਰ 1990 ਦੇ ਦਹਾਕੇ ਵਿੱਚ ਸਵੈ-ਇੱਛਾ ਨਾਲ ਆਪਣੇ ਘਰੇਲੂ ਤੌਰ ’ਤੇ ਬਣਾਏ ਸਾਰੇ ਪਰਮਾਣੂ ਹਥਿਆਰ ਨਸ਼ਟ ਕਰ ਦਿੱਤੇ ਅਤੇ ਹੋਰ ਪਰਮਾਣੂ ਹਥਿਆਰ ਬਣਾਉਣ ਜਾਂ ਉਤਪਾਦਨ ਕਰਨਾ ਛੱਡ ਦਿੱਤਾ ਜਦਕਿ ਹੋਰ ਪਰਮਾਣੂ ਸੰਪੰਨ ਦੇਸ਼ਾਂ ਨੇ ਵੱਖ-ਵੱਖ ਸਮੇਂ 2000 ਤੋਂ ਵਧੇਰੇ ਮੌਕਿਆਂ ’ਤੇ ਪਰਮਾਣੂ ਹਥਿਆਰਾਂ ਦਾ ਵਿਸਫੋਟ ਕੀਤਾ ਹੈ। ਪਰਮਾਣੂ ਯੁੱਧ ਦੇ ਦ੍ਰਿਸ਼ਾਂ ਨੂੰ ਆਮ ਤੌਰ ’ਤੇ ਦੋ ਸਮੂਹਾਂ ਵਿੱਚ ਵੰਡਿਆ ਗਿਆ ਹੈ-ਇੱਕ ਸੀਮਤ ਪਰਮਾਣੂ ਯੁੱਧ ਅਤੇ ਦੂਜਾ ਵੱਡੇ ਪੈਮਾਨੇ ਦਾ ਪਰਮਾਣੂ ਯੁੱਧ। ਪਹਿਲੀ ਦਸੰਬਰ 2006 ਨੂੰ ਅਮਰੀਕਨ ਜਿਓਫਿਜ਼ੀਕਲ ਯੂਨੀਅਨ ਦੀ ਸਾਲਾਨਾ ਮੀਟਿੰਗ ਵਿੱਚ ਪੇਸ਼ ਕੀਤੇ ਗਏ ਇੱਕ ਅਧਿਐਨ ਵਿੱਚ ਦਾਅਵਾ ਕੀਤਾ ਗਿਆ ਕਿ ਇੱਕ ਛੋਟੇ ਪੈਮਾਨੇ ਦਾ ਖੇਤਰੀ ਪਰਮਾਣੂ ਯੁੱਧ ਦੂਜੇ ਵਿਸ਼ਵ ਯੁੱਧ ਨਾਲੋਂ ਵਧੇਰੀ ਜਾਨੀ ਤੇ ਮਾਲੀ ਨੁਕਸਾਨ ਕਰ ਸਕਦਾ ਹੈ ਅਤੇ ਵਿਸ਼ਵ ਜਲਵਾਯੂ ਨੂੰ ਵਿਗਾੜ ਸਕਦਾ ਹੈ।
ਇਸ ਤੋਂ ਇਲਾਵਾ ਇੱਕ ਦੁਰਘਟਨਾ ਪੂਰਨ ਪਰਮਾਣੂ ਯੁੱਧ ਦੌਰਾਨ ਸੀਮਤ ਜਾਂ ਵੱਡੇ ਪੈਮਾਨੇ ’ਤੇ ਪਰਮਾਣੂ ਅਦਾਨ-ਪ੍ਰਦਾਨ ਹੋ ਸਕਦਾ ਹੈ ਜਿਸ ਵਿੱਚ ਪਰਮਾਣੂ ਹਥਿਆਰਾਂ ਦੀ ਵਰਤੋਂ ਅਣਜਾਣੇ ਵਿੱਚ ਸ਼ੁਰੂ ਹੋ ਸਕਦੀ ਹੈ।
ਇਸ ਮਾਹੌਲ ਵਿੱਚ ਨਿਰਧਾਰਤ ਢਾਂਚਿਆਂ ਵਿੱਚ ਸ਼ੁਰੂਆਤੀ ਚਿਤਾਵਨੀ ਯੰਤਰਾਂ ਵਿੱਚ ਖ਼ਰਾਬੀ ਜਾਂ ਕੰਪਿਊਟਰਾਂ ਨੂੰ ਨਿਸ਼ਾਨਾ ਬਣਾਉਣਾ, ਠੱਗ ਫ਼ੌਜੀ ਕਮਾਂਡਰਾਂ ਦੁਆਰਾ ਜਾਣਬੁੱਝ ਕੇ ਗ਼ਲਤੀ, ਦੁਸ਼ਮਣ ਦੇ ਹਵਾਈ ਖੇਤਰ ’ਚ ਜੰਗੀ ਜਹਾਜ਼ਾਂ ਦੇ ਗ਼ਲਤੀ ਨਾਲ ਭਟਕਣ ਦੇ ਨਤੀਜੇ, ਤਣਾਅਪੂਰਨ ਕੂਟਨੀਤਕ ਸਮੇਂ ਦੌਰਾਨ ਅਣ-ਐਲਾਨੇ ਮਿਜ਼ਾਈਲ ਪ੍ਰੀਖਣ ਦੇ ਪ੍ਰਤੀਕਰਮ, ਫ਼ੌਜੀ ਅਭਿਆਸਾਂ ਦਾ ਪ੍ਰਤੀਕਰਮ, ਗ਼ਲਤ ਅਨੁਵਾਦ ਕੀਤੇ ਜਾਂ ਗ਼ਲਤ ਸੰਚਾਰਿਤ ਸੰਦੇਸ਼ ਕਾਰਨ ਹੋ ਸਕਦੇ ਹਨ। ਪਰਮਾਣੂ ਹਥਿਆਰਾਂ ਦੀ ਰਣਨੀਤਕ ਵਰਤੋਂ ਦਾ ਇੱਕ ਹੋਰ ਪਹਿਲੂ ਸਮੁੰਦਰ ਵਿੱਚ ਸਤ੍ਹਾ ਅਤੇ ਪਣਡੁੱਬੀਆਂ ਵਿਰੁੱਧ ਵਰਤੋਂ ਲਈ ਤਾਇਨਾਤ ਕੀਤੇ ਗਏ ਪਰਮਾਣੂ ਹਥਿਆਰ ਹਨ। ਅਜਿਹੀ ਤਾਇਨਾਤੀ ਵਿੱਚ ਕੀਤੀ ਗਈ ਗ਼ਲਤੀ ਵੱਡੇ ਪਰਮਾਣੂ ਯੁੱਧ ਦਾ ਰੂਪ ਧਾਰਨ ਕਰ ਸਕਦੀ ਹੈ।
ਗ਼ੈਰ-ਸਰਕਾਰੀ ਤਨਜ਼ੀਮਾਂ ਦੁਆਰਾ ਪਰਮਾਣੂ ਅੱਤਵਾਦ ਵੀ ਪਰਮਾਣੂ ਯੁੱਧ ਦਾ ਕਾਰਨ ਬਣ ਸਕਦਾ ਹੈ। ਪਰਮਾਣੂ ਯੁੱਧ ਦੇ ਵਿਕਲਪਾਂ ਵਿੱਚ ਪਰਮਾਣੂ ਰੋਕਥਾਮ, ਪਰਮਾਣੂ ਨਿਸ਼ਸਤਰੀਕਰਨ ਅਤੇ ਪਰਮਾਣੂ ਹੱਥਿਆਰਾਂ ਦੀ ਗ਼ੈਰ-ਪ੍ਰਸਾਰ ਸੰਧੀ ਸ਼ਾਮਲ ਹਨ।
ਜਨਤਕ ਤੌਰ ’ਤੇ ਉਪਲਬਧ ਜਾਣਕਾਰੀ ਅਨੁਸਾਰ ਠੰਡੀ ਜੰਗ ਦੌਰਾਨ 1966 ਵਿੱਚ ਅਮਰੀਕਾ ਨੇ ਸਪੇਨ ਦੇ ਪਾਲੋਮੇਰਸ ਪਿੰਡ ’ਤੇ ਚਾਰ ਹਾਈਡ੍ਰੋਜਨ ਬੰਬ ਸੁੱਟੇ ਸਨ ਜੋ ਹੀਰੋਸ਼ੀਮਾ ’ਤੇ ਸੁੱਟੇ ਗਏ ਪਰਮਾਣੂ ਬੰਬ ਨਾਲੋਂ 100 ਗੁਣਾ ਜ਼ਿਆਦਾ ਸ਼ਕਤੀਸ਼ਾਲੀ ਸਨ। ਇਸ ਹਾਦਸੇ ਨੇ ਯੂਰਪ ਨੂੰ ਪਰਮਾਣੂ ਤਬਾਹੀ ਦੇ ਨੇੜੇ ਪਹੁੰਚਾ ਦਿੱਤਾ ਸੀ। ਅਮਰੀਕਾ ਨੇ ਹਾਦਸੇ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਪਰ ਬੰਬਾਂ ਦੇ ਰੇਡੀਓਐਕਟਿਵ ਪ੍ਰਭਾਵ ਅੱਜ ਵੀ ਮੌਜੂਦ ਹਨ। ਬੀ.ਬੀ.ਸੀ. ਦੀ ਰਿਪੋਰਟ ਅਨੁਸਾਰ 17 ਜਨਵਰੀ 1966 ਨੂੰ ਅਮਰੀਕੀ ਬੀ-52 ਬੰਬਾਰ ਸਪੇਨ ਦੇ ਨੀਲੇ ਅਸਮਾਨ ਵਿੱਚ ਆਪਣੀ ਨਿਯਮਤ ਗਸ਼ਤ ਉੱਤੇ ਸਨ। ਇਸ ਮਿਸ਼ਨ ਦਾ ਉਦੇਸ਼ ਅਮਰੀਕਾ ਦੀ ਰੋਕਥਾਮ ਸਮਰੱਥਾ ਨੂੰ ਬਣਾਈ ਰੱਖਣਾ ਸੀ ਭਾਵ ਯੂਰਪ ਦੇ ਅਸਮਾਨ ਵਿੱਚ ਸ਼ਕਤੀ ਦਾ ਪ੍ਰਦਰਸ਼ਨ। ਇਹ ਅਮਰੀਕੀ ਜਹਾਜ਼ ਉਸ ਸਮੇਂ ਪਰਮਾਣੂ ਹਥਿਆਰਾਂ ਨਾਲ ਲੈਸ ਸਨ। ਇਨ੍ਹਾਂ ਨੂੰ ਹਵਾ ਵਿੱਚ ਈਂਧਨ ਭਰਨਾ ਪਿਆ ਪਰ ਇਸ ਦੇ ਲਈ ਕੇਸੀ-135 ਟੈਂਕਰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।
ਇਸ ਸਮੇਂ ਦੌਰਾਨ ਗ਼ਲਤੀ ਹੋ ਗਈ। ਇੱਕ ਟੈਂਕਰ ਅਤੇ ਬੰਬਾਰ ਆਪਸ ਵਿੱਚ ਟਕਰਾ ਗਏ। ਅੱਗ ਦਾ ਭਿਆਨਕ ਗੋਲਾ ਅਸਮਾਨ ਵਿੱਚ ਉੱਠਿਆ ਅਤੇ ਸੜਦਾ ਮਲਬਾ ਜ਼ਮੀਨ ’ਤੇ ਡਿੱਗਣ ਲੱਗਾ। ਇਹ ਇੱਕ ਅਜਿਹੀ ਗ਼ਲਤੀ ਸੀ ਜੋ ਪੂਰੇ ਯੂਰਪ ਨੂੰ ਤਬਾਹ ਕਰ ਸਕਦੀ ਸੀ। ਇਸ ਸਮੇਂ ਦੌਰਾਨ ਟਕਰਾਏ ਗਏ ਬੰਬਾਰ ਤੋਂ ਚਾਰ ਪਰਮਾਣੂ ਬੰਬ ਜ਼ਮੀਨ ਉੱਤੇ ਡਿੱਗ ਪਏ ਪਰ ਚੰਗੀ ਕਿਸਮਤ ਨਾਲ ਬੰਬ ਫਟੇ ਨਹੀਂ ਪਰ ਰਵਾਇਤੀ ਵਿਸਫੋਟਕਾਂ ਦੇ ਧਮਾਕੇ ਨੇ ਪਿੰਡ ਉੱਤੇ ਰੇਡੀਓਐਕਟਿਵ ਪਲੂਟੋਨੀਅਮ ਖਿਲਾਰ ਦਿੱਤੇ। ਇਹ ਜ਼ਹਿਰ ਸਪੇਨ ਦੇ ਖੇਤਾਂ, ਗਲੀਆਂ ਅਤੇ ਜ਼ਿੰਦਗੀਆਂ ਵਿੱਚ ਫੈਲ ਗਿਆ।
ਇਹ ਪਰਮਾਣੂ ਹਥਿਆਰਾਂ ਨਾਲ ਸਬੰਧਤ ਪਹਿਲਾ ਹਾਦਸਾ ਨਹੀਂ ਸੀ। ਪੈਂਟਾਗਨ ਅਨੁਸਾਰ ਹਾਈਡ੍ਰੋਜਨ ਬੰਬ ਲੈ ਕੇ ਜਾਣ ਵਾਲੇ ਜਹਾਜ਼ਾਂ ਨਾਲ ਸਬੰਧਤ ਘੱਟੋ-ਘੱਟ 9 ਹਾਦਸੇ ਹੋਏ ਸਨ ਪਰ ਵਿਦੇਸ਼ੀ ਧਰਤੀ ’ਤੇ ਅਮਰੀਕਾ ਬੰਬਾਰ ਦਾ ਇਹ ਪਹਿਲਾ ਹਾਦਸਾ ਸੀ ਜਿਸ ਨੇ ਪੂਰੀ ਦੁਨੀਆਂ ਦਾ ਧਿਆਨ ਖਿੱਚਿਆ ਹੈ। ਜੇ ਬੰਬ ਫਟ ਜਾਂਦੇ ਤਾਂ ਯੂਰਪ ਤਬਾਹ ਹੋ ਸਕਦਾ ਸੀ।
ਸ਼ੁਕਰ ਹੈ ਕਿ ਇਸ ਨਾਲ ਪਰਮਾਣੂ ਧਮਾਕਾ ਨਹੀਂ ਹੋਇਆ। ਸਪੇਨ ਅਤੇ ਅਮਰੀਕਾ ਨੇ ਇਸ ਘਟਨਾ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ। ਇਹ ਘਟਨਾ ਇੱਕ ਹਾਦਸਾ ਨਹੀਂ ਸਗੋਂ ਠੰਡੀ ਜੰਗ ਦੇ ਖ਼ਤਰਨਾਕ ਸਾਏ ਦਾ ਸਬੂਤ ਹੈ। ਪਾਲੋਮੇਰਸ ਦੀ ਧਰਤੀ ਨੂੰ ਅਜੇ ਵੀ ‘ਰੈੱਡ ਜ਼ੋਨ’ ਕਿਹਾ ਜਾਂਦਾ ਹੈ। ਪਰਮਾਣੂ ਬੰਬ ਮਨੁੱਖਤਾ ਲਈ ਸਦਾ ਲਈ ਚਿੰਤਾ ਦਾ ਵਿਸ਼ਾ ਬਣੇ ਰਹਿਣਗੇ। ਪੈਂਟਾਗਨ ਦੇ ਲੀਕ ਹੋਏ ਦਸਤਾਵੇਜ਼ਾਂ ਨੇ ਖ਼ੁਲਾਸਾ ਕੀਤਾ ਹੈ ਕਿ ਅਮਰੀਕਾ ਨੇ ਬਿਜਲੀ ਦੀ ਰਫ਼ਤਾਰ ਨਾਲ ਪਰਮਾਣੂ ਬੰਬ ਸੁੱਟਣ ਦੀ ਤਿਆਰੀ ਦੇ ਹੁਕਮ ਦੇ ਰੱਖੇ ਹਨ।
-(ਲੇਖਕ ਸਾਬਕਾ ਪੀਸੀਐੱਸ ਅਧਿਕਾਰੀ ਹੈ)।