ਅਕਾਲੀ ਲੀਡਰਸ਼ਿਪ ਹੁਕਮਨਾਮੇ ਨੂੰ ਨਹੀਂ ਮੰਨ ਰਹੀ: ਝੂੰਦਾਂ

ਅੰਮ੍ਰਿਤਸਰ/ਏ.ਟੀ.ਨਿਊਜ਼: : ਇਕਬਾਲ ਸਿੰਘ ਝੂੰਦਾਂ ਨੇ ਅਕਾਲੀ ਦਲ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿੰਨੀ ਦੇਰ ਅਕਾਲੀ ਲੀਡਰਸ਼ਿਪ ਪੰਥ ਪ੍ਰਸਤ ਰਹੀ, ਸੰਗਤ ਤੱਕੜੀ ਦੇ ਨਿਸ਼ਾਨ ਨੂੰ ਮੱਥੇ ਨਾਲ ਲਾ ਕੇ ਵੋਟਾਂ ਪਾਉਂਦੀ ਰਹੀ। ਜਦੋਂ ਲੀਡਰਸ਼ਿਪ ਸੱਤਾ ’ਚ ਉਲਝ ਕੇ ਪੰਥ ਤੇ ਪੰਜਾਬ ਤੋਂ ਬੇਮੁੱਖ ਹੋਈ ਤਾਂ ਸੰਗਤ ਨੇ ਹੁਕਮਨਾਮੇ ਨੂੰ ਪ੍ਰਵਾਨ ਕਰਦਿਆਂ ਲੀਡਰਸ਼ਿਪ ਤੋਂ ਕਿਨਾਰਾ ਕੀਤਾ ਪਰ ਲੀਡਰਸ਼ਿਪ ਹੁਕਮਨਾਮੇ ਨੂੰ ਨਹੀਂ ਮੰਨ ਰਹੀ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸੰਗਤ ਅਕਾਲੀ ਲੀਡਰਸ਼ਿਪ ਨੂੰ ਦਿਖਾਉਣਾ ਚਾਹੁੰਦੀ ਹੈ ਕਿ ਜੇ ਤੁਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਨਕਰ ਹੋ ਤਾਂ ਅਸੀਂ ਵੀ ਤੁਹਾਡੇ ਤੋਂ ਮੁਨਕਰ ਹਾਂ। ਉਨ੍ਹਾਂ ਪਾਣੀਆਂ ਦੇ ਮੁੱਦੇ ’ਤੇ ਬੋਲਦਿਆਂ ਕਿਹਾ ਕਿ ਹੁਣ ਪਾਣੀ ’ਤੇ ਸਿਆਸਤਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਾਣੀਆਂ ਦਾ ਫ਼ਿਕਰ ਕਿਸੇ ਨੂੰ ਵੀ ਨਹੀਂ ਹੈ, ਫ਼ਿਕਰ ਇਸ ਗੱਲ ਦਾ ਹੈ ਕਿ ਇਸ ਵਿਚੋਂ ਲਾਹਾ ਕਿਵੇਂ ਲੈਣਾ ਹੈ। ਪੰਜਾਬ ਸਰਕਾਰ ਨੇ ਸਰਬ ਪਾਰਟੀ ਮੀਟਿੰਗ ਬਲਾਈ ਜਿਸ ਵਿੱਚ ਸਾਰਿਆਂ ਨੇ ਸਾਥ ਦੇਣ ਦਾ ਵਾਅਦਾ ਕੀਤਾ ਪਰ ਇਕੱਲਾ ਕਹਿ ਦੇਣ ਨਾਲ ਕੋਈ ਸਾਥ ਥੋੜਾ ਹੁੰਦਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਹੱਕਾਂ ਲਈ ਸਾਰਿਆਂ ਨੂੰ ਇਕੱਠਾ ਹੋਣਾ ਪਵੇਗਾ। ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਲਈ ਉਨ੍ਹਾਂ ਸੰਗਤ ਤੋਂ ਸਹਿਯੋਗ ਮੰਗਿਆ ਤੇ 11 ਮੈਂਬਰੀ ਕਮੇਟੀ ਦਾ ਸਾਥ ਦੇਣ ਦੀ ਅਪੀਲ ਵੀ ਕੀਤੀ।

Loading