
ਸਿੱਖਾਂ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਇਹ ਸਮਾਜ ਸੇਵਾ, ਖੇਤੀ ਅਤੇ ਦੇਸ਼ ਭਗਤੀ ਵਿੱਚ ਤਾਂ ਅੱਗੇ ਹਨ, ਪਰ ਵਿਗਿਆਨਕ ਖੋਜ ਕਾਰਜਾਂ ਵਿੱਚ ਪਿੱਛੇ ਹਨ। ਇਹ ਪੁਸਤਕ ਉਪਰੋਕਤ ਭੁਲੇਖੇ ਦਾ ਇੱਕ ਤਰਕਪੂਰਨ ਜਵਾਬ ਹੈ। ਪੁਸਤਕ ਇਸ ਗੱਲ ਦੀ ਗਵਾਹ ਹੈ ਕਿ ਸਿੱਖਾਂ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੇ ਗਿਆਨ ਅਤੇ ਵਿਗਿਆਨਕ ਖੋਜ ਕਾਰਜਾਂ ਨਾਲ ਹੈਰਾਨ ਕਰਨ ਵਾਲੀਆਂ ਵੱਡੀਆਂ ਮੱਲਾਂ ਮਾਰੀਆਂ ਹਨ। ਕਿਹਾ ਜਾਂਦਾ ਰਿਹਾ ਹੈ ਕਿ ਸਿੱਖਾਂ ਨੇ ਇਤਿਹਾਸ ਬਣਾਇਆ ਜ਼ਰੂਰ ਹੈ ਪਰ ਉਸ ਨੂੰ ਸਾਂਭਿਆ ਨਹੀਂ। ਡਾ. ਭੱਟੀ ਨੇ ਇਸ ਉਲਾਂਭੇ ਨੂੰ ਲਾਹੁਣ ਲਈ ਕੁਝ ਸਿਰਕੱਢ ਸਿੱਖ ਵਿਗਿਆਨਕਾਂ ਨੂੰ ਇਸ ਪੁਸਤਕ ਵਿੱਚ ਸ਼ਾਮਲ ਕੀਤਾ ਹੈ ਜਿਹਨਾਂ ਨੇ ਵਿਲੱਖਣ ਖੋਜਾਂ ਕੀਤੀਆਂ ਹਨ। ਪਰ ਬਹੁਤੇ ਸਿੱਖਾਂ ਨੂੰ ਵੀ ਇਸ ਦਾ ਗਿਆਨ ਨਹੀਂ ਅਤੇ ਉਹ ਸੰਸਾਰ ਨੂੰ ਸਿੱਖਾਂ ਦੀਆਂ ਪ੍ਰਾਪਤੀਆਂ ਬਾਰੇ ਕੁਝ ਵੀ ਦੱਸ ਨਹੀਂ ਸਕਦੇ। ਇਸ ਵਿਸ਼ੇ ’ਤੇ ਇਸ ਖੋਜਪੂਰਨ ਪੁਸਤਕ ਲਈ ਲੇਖਕ ਦੀ ਪ੍ਰਸੰਸਾ ਕਰਨੀ ਬਣਦੀ ਹੈ।
ਵਿਗਿਆਨ ਦੀ ਗੱਲ ਉਹ ਹੀ ਕਰ ਸਕਦਾ ਹੈ, ਜੋ ਆਪ ਇਸ ਨਾਲ ਧੁਰ ਅੰਦਰੋਂ ਜੁੜਿਆ ਹੋਵੇ। ਡਾ. ਭੱਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਪ੍ਰੋਫ਼ੈਸਰ, ਮੁਖੀ ਫਿਜਿਕਸ ਵਿਭਾਗ ਅਤੇ ਡੀਨ, ਫੈਕਲਟੀ ਆਫ ਸਾਇੰਸਜ਼ ਰਹਿ ਚੁੱਕੇ ਹਨ। ਉਨ੍ਹਾਂ ਦੇ ਵਿਗਿਆਨਕ ਵਿਸ਼ਿਆਂ ’ਤੇ 100 ਤੋਂ ਵੱਧ ਲੇਖ ਦੇਸ਼ ਵਿਦੇਸ਼ ਵਿੱਚ ਛਪ ਚੁੱਕੇ ਹਨ। ਕਈ ਵਿਦਿਆਰਥੀ ਉਨ੍ਹਾਂ ਦੀ ਨਿਗਰਾਨੀ ਵਿੱਚ ਪੀ. ਐਚ. ਡੀ. ਕਰ ਚੁੱਕੇ ਹਨ।
ਵੱਡੀ ਖੂਬੀ ਇਹ ਕਿ ਉਹ ਗੁਰਮਤਿ ਨੂੰ ਪ੍ਰਣਾਏੇ ਇੱਕ ਸਿਦਕੀ ਅਤੇ ਨਿਮਰਤਾ ਦੇ ਮਾਲਕ ਸਿੱਖ ਹਨ। ਉਨ੍ਹਾਂ ਨੇ ਬੜੀ ਮਿਹਨਤ ਕਰ ਕੇ ਇਨ੍ਹਾਂ ਹੀਰੇ ਵਿਗਿਆਨਕ ਸਿੱਖਾਂ ਦੀ ਪਰਖ ਕੀਤੀ ਹੈ।
ਪ੍ਰੋ. ਪੂਰਨ ਸਿੰਘ ਨੂੰ ਬਹੁਤੇ ਲੋਕ ਇੱਕ ਖੁਲ੍ਹਦਿਲੇ ਕਵੀ ਅਤੇ ਸ਼ਰਧਾਲੂ ਸਿੱਖ ਦੇ ਰੂਪ ਵਿੱਚ ਵਧੇਰੇ ਜਾਣਦੇ ਹਨ, ਪਰ ਉਨ੍ਹਾਂ ਦੀ ਵਿਗਿਆਨਕ ਦੇਣ ਪੜ੍ਹਦੇ ਹਾਂ, ਤਾਂ ਹੈਰਾਨ ਹੁੰਦੇ ਹਾਂ। ਕੁਦਰਤੀ ਸੋਮਿਆਂ ਤੋਂ ਉਨ੍ਹਾਂ ਨੇ ਖੁਸ਼ਬੂਦਾਰ ਅਤੇ ਉਦਯੋਗਿਕ ਤੇਲਾਂ ’ਤੇ ਡੂੰਘੀ ਖੋਜ ਕੀਤੀ।
ਚੀਨੀ ਨੂੰ ਪਹਿਲਾਂ ਜਾਨਵਰਾਂ ਦੀ ਹੱਡੀਆਂ ਦੇ ਚਾਰਕੋਲ ਨਾਲ ਸਾਫ਼ ਕੀਤਾ ਜਾਂਦਾ ਸੀ, ਪਰ ਉਨ੍ਹਾਂ ਨੇ ਇਸ ਤੋਂ ਬਿਨਾਂ ਚੀਨੀ ਸਾਫ ਕਰਨ ਦਾ ਢੰਗ ਲੱਭਿਆ। ਉਨ੍ਹਾਂ ਦੀਆਂ ਨਵੀਆਂ ਖੋਜਾਂ ਦਾ ਉਦਯੋਗਾਂ ਅਤੇ ਲੋਕਾਂ ਵਲੋਂ ਭਰਪੂਰ ਸਵਾਗਤ ਕੀਤਾ ਗਿਆ।
ਡਾ. ਬਾਵਾ ਕਰਤਾਰ ਸਿੰਘ ਨੂੰ ‘ਸਟੀਰੀਓ ਕੈਮਿਸਟਰੀ’ ਦਾ ਪਿਤਾ ਆਖਿਆ ਜਾਂਦਾ ਹੈ। ਉਨ੍ਹਾਂ ਗੁਰੂ ਅਮਰਦਾਸ ਜੀ ਦੀ ਵੰਸ਼ ਵਿਚੋਂ ਹੋਣ ਦੇ ਬਾਵਜੂਦ ਕੋਈ ਡੇਰਾ ਬਣਾਉਣ ਦੀ ਥਾਂ ਮਿਹਨਤ ਅਤੇ ਖੋਜ ਵਿੱਚ ਜੀਵਨ ਗੁਜਾਰਿਆ ਅਤੇ ‘ਔਪਟੀਕਲੀ ਐਕਟਿਵ’ ਰਸਾਇਣਕ ਪਦਾਰਥਾਂ ਬਾਰੇ ਨਵੀਆਂ ਧਾਰਨਾਵਾਂ ਦਿੱਤੀਆਂ। ਕਈ ਖੋਜਾਂ ਕਾਰਨ ਉਨ੍ਹਾਂ ਦੀ ਪ੍ਰਸਿੱਧੀ ਏਨੀ ਹੋਈ ਕਿ ਉਨ੍ਹਾਂ ਨੂੰ ਨੋਬੈਲ ਕਮੇਟੀ ਦੇ ਉਸ ਪੈਨਲ ਦਾ ਮੈਂਬਰ ਲਿਆ ਗਿਆ, ਜਿਸ ਨੇ ਕੈਮਿਸਟਰੀ ਵਿੱਚ ਨੋਬੈਲ ਪਰਾਈਜ ਦਿੱਤੇ ਜਾਣ ਲਈ ਨਾਵਾਂ ਦੀ ਸਿਫਾਰਸ਼ ਕਰਨੀ ਸੀ ਪਰ ਕਮੇਟੀ ਉਨ੍ਹਾਂ ਦਾ ਆਪਣਾ ਨਾਮ ਭੁੱਲ ਗਈ। ਸਿੱਖੀ ਵਿੱਚ ਪਰਪੱਕ ਹੋਣ ਕਰਕੇ ਉਨ੍ਹਾਂ ਨੂੰ ਪਟਨਾ ਸਾਹਿਬ ਦੇ ਗੁਰਦੁਆਰਾ ਦਾ ਪ੍ਰਧਾਨ ਵੀ ਚੁਣਿਆ ਗਿਆ ਸੀ।
ਡਾ. ਨਰਿੰਦਰ ਸਿੰਘ ਕਪਾਨੀ, ਜਿਨ੍ਹਾਂ ਨੇ ਆਧੁਨਿਕ ‘ਔਪਟੀਕਲ ਫਾਈਬਰ ਕੇਬਲਜ’ ਦੀ ਖੋਜ ਕੀਤੀ ਸੀ, ਜਿਹੜੀ ਹਾਈ ਸਪੀਡ ਇੰਟਰਨੈੱਟ ਸੰਚਾਰ ਦੀ ਰੀੜ੍ਹ ਦੀ ਹੱਡੀ ਹੈ, ਦੇ ਨਾਮ 120 ਪੈਟਂੇਟ ਸਨ। ਉਨ੍ਹਾਂ ਨੇ ਫਾਈਬਰ ਨੂੰ ਅੰਦਰੋਂ ਪਾਲਿਸ਼ ਕਰਨ ਦੀ ਵਿਧੀ ਲੱਭੀ, ਜਿਸ ਨਾਲ ਰੇਡੀਓ-ਤਰੰਗਾਂ ਦਾ ਅੰਦਰੂਨੀ ਪਰਾਵਰਤਨ ਦੌਰਾਨ ਨੁਕਸਾਨ ਬਚ ਗਿਆ। ਉਹ ਇੱਕ ਸਫਲ ਉੱਦਮੀ ਹੋਣ ਦੇ ਨਾਲ ਇੱਕ ਗੁਰਸਿਖ ਸਨ, ਜਿਨ੍ਹਾਂ ਨੇ ‘ਦੀ ਸਿੱਖ ਫਾਊਂਡੇਸ਼ਨ’ ਸੰਸਥਾ ਵੀ ਬਣਾਈ, ਜੋ ਸਿੱਖ ਵਿਰਾਸਤ ਨੂੰ ਉਤਸ਼ਾਹਿਤ ਕਰਦੀ ਹੈ। ਉਨ੍ਹਾਂ ਕੈਲੀਫੋਰਨੀਆ ਵਿੱਚ ਸਿੱਖ ਸਟੱਡੀਜ਼, ਔਪਟੋ-ਇਲੈਕਟ੍ਰੋਨਿਕਸ ਅਤੇ ਐਂਟਰਪਰੀਨਿਊਰਸ਼ਿਪ ਲਈ ਚੇਅਰਾਂ ਵੀ ਸਥਾਪਤ ਕਰਵਾਈਆਂ। ਲੇਖਕ ਅਨੁਸਾਰ ਉਹ ਨੋਬੈਲ ਇਨਾਮ ਦੇ ਹੱਕਦਾਰ ਸਨ।
ਡਾ. ਹਰਕਿਸ਼ਨ ਸਿੰਘ ਨੇ ਚੰਡੀਗੜ੍ਹ ਵਿੱਚ ਮਾਣਮੱਤਾ ਅਦਾਰਾ ‘ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਐਜੂਕੇਸ਼ਨ ਅਤੇ ਰੀਸਰਚ (ਨਿਪਰ) ਸਥਾਪਿਤ ਕਰਵਾਇਆ। ਇੱਕ ਦਵਾਈ ਦੀ ਖੋਜ ਕੀਤੀ ਜਿਹੜੀ ਸਟੀਰਿਓਡ ਦਾ ਬਦਲ ਸੀ। ਇਸ ਨੂੰ ਭਾਰਤ ਸਰਕਾਰ ਨੇ ਅਤੇ ਵਰਲਡ ਹੈਲਥ ਔਰਗੇਨਾਈਜੇਸ਼ਨ ਨੇ ਵੀ ਪ੍ਰਵਾਨਗੀ ਦਿੱਤੀ। 18 ਪੁਸਤਕਾਂ, 350 ਖੋਜ ਪੱਤਰ ਅਤੇ 14 ਪੈਟੇਂਟ ਵਾਲੇ ਇਸ ਖੋਜ ਵਿਗਿਆਨੀ ਨੂੰ 2017 ਵਿੱਚ ਭਾਰਤ ਸਰਕਾਰ ਨੇ ‘ਪਦਮ ਸ਼੍ਰੀ’ ਦਾ ਸਨਮਾਨ ਵੀ ਦਿੱਤਾ।
‘ਪਦਮ ਭੂਸ਼ਨ’ ਨਾਲ ਸਨਮਾਨਿਤ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਰਹਿ ਚੁੱਕੇ, ਡਾ ਖੇਮ ਸਿੰਘ ਗਿੱਲ ਨੂੰ ‘ਹਰੀ ਕ੍ਰਾਂਤੀ ਦਾ ਪਿਤਾਮਾ’ ਆਖਿਆ ਜਾਂਦਾ ਹੈ। ਉਨ੍ਹਾਂ ਨੇ ਕਣਕ, ਚੌਲਾਂ ਅਤੇ ਹੋਰ ਅਨਾਜਾਂ ਦੀਆਂ ਨਵੀਆਂ ਕਿਸਮਾਂ ਤਿਆਰ ਕੀਤੀਆਂ ਜਿਹੜੀਆਂ ਖਰਾਬ ਵਾਤਾਵਰਣ ਵਿੱਚ ਵੀ ਕਾਇਮ ਰਹਿ ਸਕਦੀਆਂ ਸਨ। ਇਸ ਤੋਂ ਏਸ਼ੀਆ ਵਿਚੋਂ ਅਨਾਜ ਦੀ ਕਮੀ ਦੂਰ ਹੋਈ ਅਤੇ ਪੈਦਾਵਾਰ ਵਿੱਚ ਕ੍ਰਾਂਤੀਕਾਰੀ ਵਾਧਾ ਹੋਇਆ। ਡਾ. ਗਿੱਲ ਈਟਰਨਲ ਯੂਨੀਵਰਸਿਟੀ ਬੜੂ ਸਾਹਿਬ, ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਅਤੇ ਅਕਾਲ ਅਕੈਡਮੀਆਂ ਦੇ ਮੁੱਖ ਸਲਾਹਕਾਰ ਰਹੇ, ਜਿਥੇ ਪੜ੍ਹਾਈ ਦੇ ਨਾਲ ਸਿੱਖੀ ਅਧਿਆਤਮਕਤਾ ਅਤੇ ਜੀਵਨ ਦੀਆਂ ਕਦਰਾਂ ਕੀਮਤਾਂ ਸਿਖਾਈਆਂ ਜਾਂਦੀਆਂ ਹਨ।
ਡਾ. ਕਰਤਾਰ ਸਿੰਘ ਲਾਲਵਾਨੀ ਨੇ ਕੁਦਰਤੀ ਦਵਾਈਆਂ ਦੇ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਉਨ੍ਹਾਂ ਦੀ ਕੰਪਨੀ (ਵੀਟਾਬਾਇਓਟਿਕਸ) ਦੇ ਬਣੇ ਵਿਟਾਮਿਨ-ਯੁਕਤ ਯੋਗਿਕ ਸੰਸਾਰ ਭਰ ਵਿੱਚ ਬਹੁਤ ਪ੍ਰਸਿੱਧ ਅਤੇ ਲਾਭਦਾਇਕ ਸਿੱਧ ਹੋਏ ਹਨ। ਉਨ੍ਹਾਂ ਨੂੰ ਆਪਣੀ ਖੋਜ ਕਾਰਨ ਮਿਲੇ ਬਹੁਤ ਸਾਰੇ ਸਨਮਾਨਾਂ ਵਿੱਚ ਇੰਗਲੈਂਡ ਦਾ ਉੱਚ ਸਨਮਾਨ ਆਰਡਰ ਆਫ ਦੀ ਬ੍ਰਿਟਿਸ਼ ਐਂਪਾਇਰ ਵੀ ਸੀ। ਉਨ੍ਹਾਂ ਔਰਤਾਂ ਅਤੇ ਬੱਚਿਆਂ ਦੀ ਸਿਹਤ ਸੰਭਾਲ ਲਈ ਫੰਡ ਦੇ ਕੇ ‘ਬੇਬੀ ਲਾਈਫ਼ ਸੁਪੋਰਟ’ ਨਾਂ ਦੀ ਸੰਸਥਾ ਬਣਾਈ।
ਡਾ. ਦਵਿੰਦਰ ਸਿੰਘ ਚਾਹਲ ਨੇ ਜੈਵਿਕ ਰਹਿੰਦ-ਖੂੰਹਦ ਤੋਂ ਮਨੁੱਖੀ ਖੁਰਾਕ, ਪਸ਼ੂਆਂ ਦੀ ਫੀਡ ਅਤੇ ਸਾਫ ਬਾਲਣ ਬਣਾਉਣ ਦੇ ਤਰੀਕੇ ਲੱਭੇ ਜਿਨ੍ਹਾਂ ਨਾਲ ਪ੍ਰਦੂਸ਼ਣ ਵੀ ਘਟਦਾ ਹੈ। ਉਹ ਜਰਨਲ ਆਫ ਦੀ ‘ਇੰਸਟੀਚਿਊਟ ਫ਼ਾਰ ਦੀ ਅੰਡਰਸਟੈਂਡਿੰਗ ਆਫ ਸਿਖਿਜ਼ਮ’ ਦੇ ਸੰਪਾਦਕ ਹਨ।
ਡਾ. ਚਾਹਲ ਨੇ ਸਿੱਖ ਵਿਚਾਰਧਾਰਾ ਬਾਰੇ ਕਈ ਪੁਸਤਕਾਂ ਅਤੇ ਖੋਜ ਪੇਪਰ ਲਿਖੇ। ਉਨ੍ਹਾਂ ਨੂੰ ਕਈ ਉੁਚ-ਪੱਧਰੀ ਸਨਮਾਨ ਮਿਲੇ।
‘ਪਦਮ ਸ਼੍ਰੀ ਐਵਾਰਡ’ ਨਾਲ ਸਨਮਾਨਿਤ ਡਾ. ਗੁਰਦੇਵ ਸਿੰਘ ਖੁਸ਼ ਚਾਵਲ ਦੀ ਉਪਜ ਵਧਾਉਣ ਲਈ ਖੋਜ ਕਰਨ ਵਾਲੇ ਵਿਗਿਆਨੀ ਹਨ। ਉਨ੍ਹਾਂ ਨੇ ਇੰਟਰਨੈਸ਼ਨਲ ਰਾਈਸ ਰੀਸਰਚ ਇੰਸਟੀਚਿਊਟ ਫਿਲੀਪਾਈਨਜ ਵਿੱਚ ਕੰਮ ਕਰਦਿਆਂ ਹੋਇਆਂ ਚੌਲਾਂ ਦੀਆਂ ਵੱਧ ਝਾੜ ਦੇਣ ਵਾਲੀਆਂ 300 ਦੇ ਕਰੀਬ ਨਵੀਆਂ ਕਿਸਮਾਂ ਪੈਦਾ ਕੀਤੀਆਂ। ਉਨ੍ਹਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਯੂਨੀਵਰਸਿਟੀਆਂ ਅਤੇ ਖੋਜ ਸੰਸਥਾਵਾਂ ਤੋਂ ਸੈਂਕੜੇ ਸਨਮਾਨ ਪ੍ਰਾਪਤ ਹੋਏ, ਜਿਨ੍ਹਾਂ ਵਿੱਚ ਨੋਬੈਲ ਪਰਾਈਜ ਦੇ ਬਰਾਬਰ ਦਾ ‘ਵਰਲਡ ਫੂਡ ਪਰਾਈਜ’ ਵੀ ਸ਼ਾਮਲ ਹੈ। ਉਹ ਪਹਿਲੇ ਸਿੱਖ ‘ਫੈਲੋ ਆਫ ਰੌਇਲ ਸੋਸਾਇਟੀ’ ਹਨ।
ਡਾ. ਨਰੰਜਨ ਸਿੰਘ ਢੱਲਾ, ਦਿਲ ਨਾਲ ਸਬੰਧਿਤ ਬਿਮਾਰੀਆਂ ਦੇ ਵਿਸ਼ਵ-ਪ੍ਰਸਿੱਧ ਮਾਹਰ, ਨੇ ਨਵੀਆਂ ਖੋਜਾਂ ਕਰ ਕੇ ਕਈ ਮੱਲਾਂ ਮਾਰੀਆਂ ਹਨ। ਉਨ੍ਹਾਂ ਨੂੰ ਕੈਨੇਡਾ ਦਾ ਸਭ ਤੋਂ ਵੱਡਾ ਇਨਾਮ ‘ਆਰਡਰ ਆਫ ਕੈਨੇਡਾ’ ਅਤੇ ‘ਕੈਨੇਡੀਅਨ ਮੈਡੀਕਲ ਖੋਜ’ ਦਾ ਸਭ ਤੋਂ ਵੱਡਾ ਅਹੁਦਾ ਮਿਲਿਆ ਹੈ। ਇਸੇ ਤਰ੍ਹਾਂ ਆਪਣੇ ਨਾਮ ’ਤੇ 1400 ਦੇ ਕਰੀਬ ਪੈਟਂੇਟ ਕਰਵਾਉਣ ਵਾਲੇ ਡਾ. ਗੁਰਤੇਜ ਸਿੰਘ ਸੰਧੂ (ਅਮਰੀਕਨ ਖੋਜ ਵਿਗਿਆਨੀ ਥੌਮਸ ਐਡੀਸਨ ਦੇ ਰਿਕਾਰਡ 1100 ਤੋਂ ਵਧ) ਨੇ ਆਧੁਨਿਕ ਸਦੀ ਦੀ ਕੰਪਿਊਟਰ ਤਕਨਾਲੋਜੀ ਵਿਚ ਵੱਡਾ ਇਨਕਲਾਬ ਲਿਆਂਦਾ। ਲੇਖਕ ਨੂੰ
ਇਸ ਵਿਗਿਆਨਕ ਦੇ ਅਧਿਆਪਕ ਰਹੇ ਹੋਣ ਦਾ ਮਾਣ ਹਾਸਲ ਹੈ।
ਇਨ੍ਹਾਂ ਤੋਂ ਇਲਾਵਾ ਪੁਸਤਕ ਵਿੱਚ ਇੱਸੇ ਪੱਧਰ ਦੀਆਂ ਖੋਜਾਂ ਕਰਨ ਵਾਲੇ ਹੋਰ ਵਿਗਿਆਨੀ ਹਨ; ਅੱਖਾਂ ਦੇ ਮਾਹਰ ਡਾ. ਸੋਹਨ ਸਿੰਘ, ਦਿਲ ਦੇ ਰੋਗਾਂ ਦੇ ਮਾਹਰ ਡਾ. ਹਰਵਿੰਦਰ ਸਿੰਘ, ਇੰਜੀਨੀਅਰ ਡਾ. ਰਘਬੀਰ ਸਿੰਘ ਖਾਂਡਪੁਰ, ਡਾ. ਸੰਤੋਖ ਸਿੰਘ ਬਦੇਸ਼ਾ ਅਤੇ ਪ੍ਰਸਿੱਧ ਇਜੀ. ਸ੍ਰ. ਜਸਬੀਰ ਸਿੰਘ ਸੇਠੀ। ਕਈ ਨਾਂ ਰਹਿ ਵੀ ਗਏ ਹਨ ਪਰ ਫਿਲਹਾਲ 15 ਵਿਗਿਆਨੀ ਹੀ ਸ਼ਾਮਲ ਕੀਤੇ ਗਏ ਹਨ। ਪੁਸਤਕ ਦੀ ਇੱਕ ਹੋਰ ਵਿਸ਼ੇਸ਼ਤਾ ਹੈ ਇਸ ਦਾ ‘ਅਪੈਂਡਿਕਸ’ ਵਾਲਾ ਭਾਗ। ਇਸ ਵਿੱਚ ਇਨ੍ਹਾਂ ਸਾਰੇ ਖੋਜੀਆਂ ਦੇ ਕੰਮਾਂ ਨੂੰ ਹੋਰ ਵਧੇਰੇ ਵਿਸਥਾਰ ਨਾਲ ਦੱਸਿਆ ਗਿਆ ਹੈ।
ਪੁਸਤਕ ਨੂੰ ਪੜ੍ਹਦਿਆਂ ਆਮ ਵਿਅਕਤੀ ਵੱਖੋ ਵੱਖ ਦੇਸ਼ਾਂ ਦੀਆਂ ਇੰਨੀਆਂ ਵੱਡੀਆਂ ਯੂਨੀਵਰਸਿਟੀਆਂ, ਖੋਜ ਸੰਸਥਾਵਾਂ ਅਤੇ ਸਰਕਾਰਾਂ ਦੇ ਉਨ੍ਹਾਂ ਵੱਡੇ ਇਨਾਮਾਂ ਬਾਰੇ ਜਾਣ ਕੇ ਹੈਰਾਨ ਹੁੰਦਾ ਹੈ ਅਤੇ ਮਾਣ ਮਹਿਸੂਸ ਕਰਦਾ ਹੈ ਜੋ ਸਿੱਖ ਕੌਮ ਦੇ ਇਨ੍ਹਾਂ ਹੀਰਿਆ ਨੂੰ ਮਿਲੇ ਹਨ। ਲੇਖਕ ਨੇ ਉਨ੍ਹਾਂ ਦੀ ਸਿੱਖੀ ਸੋਚ ਅਤੇ ਸਿੱਖੀ ਲਈ ਕੀਤੇ ਗਏ ਕੰਮਾਂ ਦਾ ਜ਼ਿਕਰ ਵੀ ਕੀਤਾ ਹੈ ਜਿਸ ਨੂੰ ਪੜ੍ਹ ਕੇ ਪਾਠਕ ਜਿਥੇ ਇਨ੍ਹਾਂ ਵਿਗਿਆਨਕ ਖੋਜੀਆਂ ਦੀ ਸੂਝ ਬੂਝ, ਸਿਆਣਪ ਅਤੇ ਮਿਹਨਤ ਦਾ ਸਤਿਕਾਰ ਕਰਦਾ ਹੈ, ਉੱਥੇ ਸਹਿਜੇ ਹੀ ਉਸ ਦਾ ਇਹ ਵਿਸ਼ਵਾਸ਼ ਵੀ ਪਕੇਰਾ ਹੁੰਦਾ ਹੈ ਕਿ ਅਕਾਲਪੁਰਖ ਪ੍ਰਤੀ ਰੱਖਿਆ ਨਿਸ਼ਚਾ ਆਪਣੀ ਕਲਾ ਜਰੂਰ ਵਰਤਾਉਂਦਾ ਹੈ ਜਿਸ ਨਾਲ ਵੱਡੀਆਂ ਪ੍ਰਾਪਤੀਆਂ ਹੁੰਦੀਆਂ ਹਨ। ਇਹ ਪੁਸਤਕ ਨੌਜਵਾਨ ਖੋਜੀਆਂ ਅਤੇ ਵਿਗਿਆਨਕਾਂ ਲਈ ਪ੍ਰੇਰਣਾ-ਸਰੋਤ ਹੈ। ਮੈਂ ਇਸ ਪੁਸਤਕ ਲਈ ਜਿੱਥੇ ਲੇਖਕ ਅਤੇ ਸਾਥੀਆਂ ਨੂੰ ਮੁਬਾਰਕ ਦਿੰਦਾ ਹਾਂ, ਉੱਥੇ ਹੀ ਬੇਨਤੀ ਕਰਦਾ ਹਾਂ
ਕਿ ਇਸ ਨੂੰ ਹੋਰ ਭਾਸ਼ਾਵਾਂ, ਖਾਸ ਕਰਕੇ ਪੰਜਾਬੀ, ਵਿੱਚ ਵੀ ਛਾਪਣ ਦਾ ਉੱਦਮ ਕੀਤਾ ਜਾਵੇ ਤਾਂ ਕਿ ਸਿੱਖ ਵਸੋਂ ਦਾ ਹੋਰ ਹਿੱਸਾ ਵੀ ਕੌਮ ਦੇ ਇਨ੍ਹਾਂ ਸਪੂਤਾਂ ਤੇ ਮਾਣ ਕਰ ਸਕੇ।