ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਯੂ ਐਸ ਕਾਂਗਰਸ ਮੈਂਬਰ ਸ਼੍ਰੀ ਥਾਨੇਦਾਰ ਨੇ ਭਾਰਤ ਵੱਲੋਂ ਪਾਕਿਸਤਾਨ ਵਿਚ ਕੀਤੀ ਫੌਜੀ ਕਾਰਵਾਈ
ਦਾ ਜੋਰਦਾਰ ਸਮਰਥਨ ਕਰਦਿਆਂ ਕਿਹਾ ਹੈ ਕਿ ਭਾਰਤ ਨੂੰ ਆਪਣੇ ਨਾਗਰਿਕਾਂ ਤੇ ਖੇਤਰ ਦੀ ਰਖਿਆ ਕਰਨ ਦਾ ਮੁਕੰਮਲ ਅਧਿਕਾਰ ਹੈ। 22 ਅਪ੍ਰੈਲ
ਨੂੰ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਜਿਸ ਵਿਚ 26 ਨਿਰਦੋਸ਼ ਭਾਰਤੀ ਮਾਰੇ ਗਏ ਸਨ, ਦੇ ਜਵਾਬ ਵਿਚ ਕੀਤੀ ਕਾਰਵਾਈ ਨੂੰ ਜਾਇਜ ਕਰਾਰ
ਦਿੰਦਿਆਂ ਥਾਨੇਦਾਰ ਨੇ ਕਿਹਾ ਹੈ ਕਿ ਭਾਰਤ ਦਾ ਇਹ ਹੱਕ ਹੈ ਕਿ ਉਹ ਆਪਣੇ ਆਪ ਦੀ ਰਾਖੀ ਕਰੇ। ਉਨਾਂ ਕਿਹਾ ਕਿ ਪਹਿਲਗਾਮ ਵਿਚ
ਅੱਤਵਾਦੀਆਂ ਨੇ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਤੇ ਹੁਣ ਭਾਰਤ ਨੇ ਅੱਤਵਾਦੀਆਂ ਵਿਰੁੱਧ ਕਾਰਵਾਈ ਕੀਤੀ ਹੈ। ਸ੍ਰੀ ਥਾਨੇਦਾਰ ਨੇ ਅਮਰੀਕਾ ਨੂੰ
ਬੇਨਤੀ ਕੀਤੀ ਹੈ ਕਿ ਉਹ ਇਸ ਅਹਿਮ ਅਵਸਰ ਮੌਕੇ ਭਾਰਤ ਨਾਲ ਡਟ ਕੇ ਖੜਾ ਹੋਵੇ। ਉਨਾਂ ਕਿਹਾ ਹੈ ਕਿ ਅਮਰੀਕਾ ਅੱਤਵਾਦ ਵਿਰੁੱਧ ਲੜਾਈ ਵਿੱਚ
ਭਾਰਤ ਦਾ ਸਾਥ ਦੇਵੇ। ਉਨਾਂ ਦੇ ਸਾਥੀ ਸਾਂਸੰਦ ਰਾਜਾ ਕ੍ਰਿਸ਼ਨਾਮੂਰਤੀ ਨੇ ਵੀ ਅੱਤਵਾਦ ਵਿਰੁੱਧ ਕੌਮਾਂਤਰੀ ਪੱਧਰ 'ਤੇ ਇਕਜੁੱਟਤਾ ਦੀ ਲੋੜ ਦਾ ਸੱਦਾ
ਦਿੰਦਿਆਂ ਪ੍ਰਮਾਣੂ ਹੱਥਿਆਰਾਂ ਨਾਲ ਲੈਸ ਗਵਾਂਢੀ ਮੁਲਕਾਂ ਵਿਚਾਲੇ ਤਨਾਅ ਘੱਟ ਕਰਨ ਲਈ ਕਿਹਾ ਹੈ। ਕ੍ਰਿਸ਼ਨਾਮੂਰਤੀ ਨੇ ਪਾਕਿਸਤਾਨ ਦੇ ਅੰਦਰੂਨੀ
ਰਾਜਸੀ ਸੰਕਟ ਉਪਰ ਵੀ ਚਿੰਤਾ ਪ੍ਰਗਟ ਕੀਤੀ ਹੈ ਤੇ ਕਿਹਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਰਿਹਾਆ ਕੀਤਾ ਜਾਵੇ ਤੇ ਪਾਕਿਸਤਾਨ
ਵਿਚ ਲੋਕਤੰਤਰ ਕਾਇਦੇ ਕਾਨੂੰਨ ਨੂੰ ਬਹਾਲ ਕੀਤਾ ਜਾਵੇ। ਉਨਾਂ ਚਿਤਾਵਨੀ ਦਿੱਤੀ ਕਿ ਮੌਜੂਦਾ ਹਾਲਾਤ ਵਿੱਚ ਇਕ ਵਾਰ ਫਿਰ ਪਾਕਿਸਤਾਨ ਵਿਚ
ਲੋਕਤੰਤਰ ਨੂੰ ਖਤਰਾ ਪੈਦਾ ਹੋ ਗਿਆ ਹੈ।
![]()
