ਪੰਜਾਬ ਵਿਚ ਲੰਘੇ ਸੱਤ ਸਾਲਾਂ ਵਿਚ ਬੁਟੀਕ ਕਾਰੋਬਾਰ 965.58 ਕਰੋੜ ਦਾ ਹੋਇਆ

In ਪੰਜਾਬ
May 12, 2025
ਪੰਜਾਬੀ ਪਹਿਰਾਵੇ ਦੀ ਸ਼ਾਨ ਤੇ ਮੁਟਿਆਰਾਂ ਦਾ ਜੋਸ਼ ਬੁਟੀਕ ਕਾਰੋਬਾਰ ਨੂੰ ਨਵੀਆਂ ਬੁਲੰਦੀਆਂ ’ਤੇ ਲੈ ਗਿਆ ਹੈ। ਪਿਛਲੇ ਸੱਤ ਸਾਲਾਂ ’ਚ ਇਹ ਕਾਰੋਬਾਰ 965.58 ਕਰੋੜ ਦਾ ਹੋ ਗਿਆ, ਜਿਸ ਵਿਚ 2023-24 ਵਿਚ 203.63 ਕਰੋੜ ਦਾ ਕੰਮ ਹੋਇਆ। 2025 ਵਿਚ ਵੀ ਇਹ ਚਮਕ ਜਾਰੀ ਹੈ, ਤੇ ਮਾਹਿਰਾਂ ਮੁਤਾਬਕ ਇਸ ਸਾਲ ਬੁਟੀਕ ਕਾਰੋਬਾਰ 220-250 ਕਰੋੜ ਤੱਕ ਪਹੁੰਚ ਸਕਦਾ ਹੈ, ਕਿਉਂਕਿ ਵਿਦੇਸ਼ਾਂ ਵਿਚ ਵੀ ਪੰਜਾਬੀ ਸੂਟਾਂ ਦੀ ਮੰਗ ਵਧ ਰਹੀ ਹੈ।ਪੰਜਾਬ ਵਿਚ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਮੁਹਾਲੀ, ਪਟਿਆਲਾ ਤੇ ਬਠਿੰਡਾ ਬੁਟੀਕ ਦੀਆਂ ਹੱਬ ਬਣ ਗਏ ਨੇ।ਸਰਕਾਰੀ ਖ਼ਜ਼ਾਨੇ ਨੂੰ ਇਨ੍ਹਾਂ ਵਰ੍ਹਿਆਂ ਵਿਚ ਇਸ ਕਾਰੋਬਾਰ ਤੋਂ 12.79 ਕਰੋੜ ਦਾ ਟੈਕਸ ਮਿਲਿਆ ਸੀ। ਅਜਿਹੇ ਵੱਡੇ ਬੁਟੀਕ ਵੀ ਹਨ, ਜਿਨ੍ਹਾਂ ਵਿਚ 50 ਹਜ਼ਾਰ ਤੋਂ ਰੇਂਜ ਸ਼ੁਰੂ ਹੁੰਦੀ ਹੈ। ਬੁਟੀਕ ’ਤੇ ਜਿਊਲਰੀ ਵੀ ਵਿਕਦੀ ਹੈ। ਅੰਮ੍ਰਿਤਸਰ, ਮੁਹਾਲੀ, ਜਲੰਧਰ, ਲੁਧਿਆਣਾ, ਪਟਿਆਲਾ ਤੇ ਬਠਿੰਡਾ ਬੁਟੀਕ ਦੀ ਹੱਬ ਵਜੋਂ ਉੱਭਰ ਰਹੇ ਹਨ। ਪੱਛਮ ਦੇ ਪਰਛਾਵੇਂ ਤੋਂ ਪੰਜਾਬ ਬਚਿਆ ਨਹੀਂ। ਸਜ ਧਜ ਕੇ ਰਹਿਣ ਲਈ ਬਿਊਟੀ ਸੈਲੂਨ ਹਨ। ਪੰਜਾਬ ਵਿਚ 1591 ਬਿਊਟੀ ਸਲੂਨ ਟੈਕਸ ਤਾਰਦੇ ਹਨ। ਸਭ ਤੋਂ ਵੱਧ 383 ਸੈਲੂਨ ਮੁਹਾਲੀ ਵਿਚ ਹਨ ਜਦ ਕਿ ਲੁਧਿਆਣਾ ’ਚ 374 ਅਤੇ ਜਲੰਧਰ ਵਿਚ 134 ਸੈਲੂਨ ਹਨ। ਲੁਧਿਆਣਾ ਵਿਚ ਬੁਟੀਕ ਮਾਲਕਾਂ ਨੇ ਸਭ ਤੋਂ ਵੱਧ 85.60 ਕਰੋੜ ਦਾ ਅਤੇ ਦੂਜੇ ਨੰਬਰ ’ਤੇ ਪਟਿਆਲਾ ਵਿਚ 70.93 ਕਰੋੜ ਦਾ ਕੰਮ ਕੀਤਾ ਹੈ। ਮੁਹਾਲੀ ਵਿਚ 56.17 ਕਰੋੜ, ਜਲੰਧਰ ਵਿਚ 40.32 ਕਰੋੜ ਤੇ ਬਠਿੰਡਾ ਵਿਚ 18.01 ਕਰੋੜ ਦਾ ਕਾਰੋਬਾਰ ਸੈਲੂਨ ਦਾ ਰਿਹਾ ਹੈ। ਜਲੰਧਰ ਦੇ ਇੱਕ ਸੈਲੂਨ ਦਾ ਕੰਮ ਇੱਕੋ ਸਾਲ ਦਾ 34.31 ਕਰੋੜ ਦਾ ਰਿਹਾ ਹੈ ਜਦ ਕਿ ਲੁਧਿਆਣਾ ਦੇ ਇੱਕ ਸੈਲੂਨ ਨੇ 15.08 ਕਰੋੜ ਦਾ ਕੰਮ ਕੀਤਾ ਹੈ। ਹੱਥ ਦੀ ਕਢਾਈ ਦਾ ਕਾਰੋਬਾਰ, ਕਿੱਥੇ ਵਧ ਰਿਹਾ? ਹੱਥ ਦੀ ਕਢਾਈ ਦਾ ਕਾਰੋਬਾਰ ਪੰਜਾਬ ਵਿਚ ਖ਼ਾਸਕਰ ਲੁਧਿਆਣਾ, ਅੰਮ੍ਰਿਤਸਰ ਤੇ ਜਲੰਧਰ ’ਚ ਸਿਖਰ ’ਤੇ ਹੈ।ਜਲੰਧਰ ਵਿਚ ਮੁਸਲਮਾਨ ਕਾਰੀਗਰ ਵਧੀਆ ਹੱਥ ਦੀ ਕਢਾਈ ਕਰ ਰਹੇ ਹਨ। ਲੁਧਿਆਣਾ ਵਿਚ ਹੱਥ-ਕਢਾਈ ਵਾਲੇ ਸੂਟਾਂ ਦੀ ਮੰਗ ਸਭ ਤੋਂ ਵੱਧ ਹੈ, ਜਿੱਥੇ ਵੱਡੇ ਬੁਟੀਕ ਸਾਲ ’ਚ ਕਰੋੜਾਂ ਦਾ ਕੰਮ ਕਰਦੇ ਨੇ। ਅੰਮ੍ਰਿਤਸਰ ’ਚ ਫੁੱਲਕਾਰੀ ਕਢਾਈ ਦੀ ਰਵਾਇਤ ਨੂੰ ਨਵੀਂ ਪੀੜ੍ਹੀ ਨੇ ਹੋਰ ਨਿਖਾਰਿਆ ਹੈ। ਜਲੰਧਰ ਵਿਚ ਗੋਟਾ-ਪੱਟੀ ਤੇ ਜ਼ਰਦੋਜ਼ੀ ਵਾਲੇ ਸੂਟਾਂ ਦਾ ਕੰਮ 13.87 ਕਰੋੜ ਸਾਲਾਨਾ ਤੱਕ ਪਹੁੰਚ ਗਿਆ ਹੈ। ਇਸ ਤੋਂ ਇਲਾਵਾ, ਫ਼ਰੀਦਕੋਟ ਤੇ ਬਠਿੰਡਾ ਵਿਚ ਵੀ ਹੱਥ-ਕਢਾਈ ਦੀ ਮੰਗ ਵਧ ਰਹੀ ਹੈ।ਇਹ ਕਾਰੀਗਰ ਜ਼ਿਆਦਾਤਰ ਪੰਜਾਬ ਦੇ ਪਿੰਡਾਂ-ਸ਼ਹਿਰਾਂ ਤੋਂ ਹੀ ਨੇ, ਪਰ ਕਈ ਵੱਡੇ ਬੁਟੀਕ ਉੱਤਰ ਪ੍ਰਦੇਸ਼, ਬਿਹਾਰ ਤੇ ਰਾਜਸਥਾਨ ਦੇ ਕਾਰੀਗਰਾਂ ਨੂੰ ਵੀ ਨੌਕਰੀ ’ਤੇ ਰੱਖਦੇ ਨੇ। ਅੰਮ੍ਰਿਤਸਰ ਵਿਚ ਫੁੱਲਕਾਰੀ ਕਢਾਈ ਵਿਚ ਮਾਹਿਰ ਜ਼ਿਆਦਾਤਰ ਸਥਾਨਕ ਔਰਤਾਂ ਹੀ ਨੇ, ਜੋ ਘਰੋਂ ਹੀ ਇਹ ਕੰਮ ਕਰਦੀਆਂ ਨੇ। ਲੁਧਿਆਣਾ ਵਿਚ ਜ਼ਰਦੋਜ਼ੀ ਤੇ ਗੋਟਾ-ਪੱਟੀ ਦੇ ਕਾਰੀਗਰ ਅਕਸਰ ਲਖਨਊ ਤੇ ਜੈਪੁਰ ਤੋਂ ਆਉਂਦੇ ਨੇ। ਇਸ ਤੋਂ ਇਲਾਵਾ, ਪਟਿਆਲਾ ਵਿਚ ਸਥਾਨਕ ਕਾਰੀਗਰ ਪਰੰਪਰਾਗਤ ਡਿਜ਼ਾਈਨਾਂ ਨੂੰ ਨਵਾਂ ਰੰਗ ਦੇ ਰਹੇ ਨੇ। . ਸੂਟ-ਕੋਰ ਸੈਟ ਵਿਚ ਕੀ ਚੱਲ ਰਿਹਾ ਟਰੈਂਡ? ਅੱਜ-ਕੱਲ੍ਹ ਪੰਜਾਬੀ ਮੁਟਿਆਰਾਂ ਨੂੰ ਸੂਟ-ਕੋਰ ਸੈਟ ਵਿਚ ਫੁੱਲਕਾਰੀ, ਗੋਟਾ-ਪੱਟੀ, ਜ਼ਰਦੋਜ਼ੀ ਤੇ ਮਿਰਰ ਵਰਕ ਵਾਲੀ ਕਢਾਈ ਖ਼ੂਬ ਪਸੰਦ ਆ ਰਹੀ ਹੈ। ਪੈਸਟਲ ਰੰਗ ਜਿਵੇਂ ਮਿੰਟ ਹਰਾ, ਗੁਲਾਬੀ ਤੇ ਗੂੜੇ ਰੰਗ ਜਿਵੇਂ ਮਰੂਨ, ਰਾਇਲ ਨੀਲਾ ਤੇ ਸੋਨ ਚੱਲਣ ਵਿਚ ਨੇ। ਅਨਾਰਕਲੀ ਸੂਟ, ਪਲਾਜ਼ੋ ਸੈਟ ਤੇ ਸਟਰੇਟ ਕੁੜਤੀਆਂ ਨਾਲ ਕੋਰ ਸੈਟ ਜ਼ਿਆਦਾ ਮੰਗੇ ਜਾ ਰਹੇ ਨੇ। ਵਿਆਹਾਂ ਵਿਚ ਹੈਵੀ ਲਹਿੰਗੇ ਤੇ ਸ਼ਰਾਰੇ ਵੀ ਛਾਏ ਹੋਏ ਨੇ। ਨੌਜਵਾਨ ਕੁੜੀਆਂ ਫਿਊਜ਼ਨ ਸਟਾਈਲ ਨੂੰ ਵੀ ਪਸੰਦ ਕਰ ਰਹੀਆਂ ਨੇ, ਜਿਸ ਵਿਚ ਪੰਜਾਬੀ ਸਟਾਈਲ ’ਚ ਵੈਸਟਰਨ ਟੱਚ ਸ਼ਾਮਲ ਹੁੰਦਾ ਹੈ। Box ਬੁਟੀਕ ਕਾਰੋਬਾਰ ਵਿਚ ਔਰਤਾਂ ਦੀ ਮੋਹਰੀ ਭੂਮਿਕਾ ਬੁਟੀਕ ਕਾਰੋਬਾਰ ਵਿਚ ਔਰਤਾਂ ਮੋਹਰੀ ਨੇ, ਜੋ ਨਾ ਸਿਰਫ਼ ਡਿਜ਼ਾਈਨਰ ਹਨ, ਸਗੋਂ ਉੱਦਮੀ ਵੀ ਬਣੀਆਂ ਨੇ। ਗਲੀ-ਮੁਹੱਲਿਆਂ ਵਿਚ ਛੋਟੇ ਬੁਟੀਕਾਂ ਨੇ ਹਜ਼ਾਰਾਂ ਔਰਤਾਂ ਨੂੰ ਰੁਜ਼ਗਾਰ ਦਿੱਤਾ ਹੈ। ਸਰਕਾਰ ਨੂੰ ਵੀ ਇਸ ਕਾਰੋਬਾਰ ਤੋਂ ਸੱਤ ਸਾਲਾਂ ਵਿਚ 12.79 ਕਰੋੜ ਦਾ ਟੈਕਸ ਮਿਲਿਆ ਹੈ। ਪਰ ਕਰ ਵਿਭਾਗ ਨੇ ਸਰਵੇ ’ਚ 700 ਬੁਟੀਕਾਂ ਨੂੰ ਟੈਕਸ ਚੋਰੀ ਕਰਦਿਆਂ ਫੜਿਆ, ਜਿਸ ਵਿਚ ਮੁਹਾਲੀ ਦੇ ਇੱਕ ਬੁਟੀਕ ਦੀ 13 ਲੱਖ ਦੀ ਚੋਰੀ ਸਾਹਮਣੇ ਆਈ।ਪੰਜਾਬ ਵਿਚ ਬੁਟੀਕ ਕਾਰੋਬਾਰ ਨੇ ਨਾ ਸਿਰਫ਼ ਸੱਭਿਆਚਾਰ ਨੂੰ ਸੰਭਾਲਿਆ, ਸਗੋਂ ਹਜ਼ਾਰਾਂ ਲੋਕਾਂ ਦੀ ਰੋਜ਼ੀ-ਰੋਟੀ ਦਾ ਸਾਧਨ ਵੀ ਬਣਿਆ। ਮੁਟਿਆਰਾਂ ਦੇ ਸਜਣ-ਧਜਣ ਦੇ ਸ਼ੌਕ ਨੇ ਇਸ ਕਾਰੋਬਾਰ ਨੂੰ ਸੱਤਵੇਂ ਅਸਮਾਨ ’ਤੇ ਪਹੁੰਚਾ ਦਿੱਤਾ ਹੈ!

Loading