ਸਮੁੰਦਰ ’ਚ ਡਿੱਗਿਆ ਅੱਧੀ ਸਦੀ ਪਹਿਲਾਂ ਪੁਲਾੜ ਵਿੱਚ ਫ਼ਸਿਆ ਰੂਸੀ ਪੁਲਾੜ ਵਾਹਨ

ਕੇਪ ਕੈਨੇਵਰਲ/ਏ.ਟੀ.ਨਿਊਜ਼: ਸ਼ੁੱਕਰ ਗ੍ਰਹਿ ਲਈ ਅਸਫਲ ਲਾਂਚਿੰਗ ਤੋਂ ਅੱਧੀ ਸਦੀ ਤੋਂ ਵੱਧ ਸਮੇਂ ਬਾਅਦ ਪਿਛਲੇ ਦਿਨੀਂ ਸੋਵੀਅਤ ਦੌਰ ਦਾ ਇੱਕ ਪੁਲਾੜ ਵਾਹਨ ਆਖ਼ਰ ਧਰਤੀ ’ਤੇ ਡਿੱਗ ਗਿਆ। ਰੂਸੀ ਪੁਲਾੜ ਏਜੰਸੀ ਅਤੇ ਯੂਰਪੀਅਨ ਯੂਨੀਅਨ ਸਪੇਸ ਨਿਗਰਾਨੀ ਅਤੇ ਟਰੈਕਿੰਗ ਨੇ ਇਸ ਦੇ ਬੇਕਾਬੂ ਢੰਗ ਨਾਲ ਧਰਤੀ ਦੇ ਹਵਾ ਮੰਡਲ ਵਿੱਚ ਦਾਖ਼ਲੇ ਦੀ ਪੁਸ਼ਟੀ ਕੀਤੀ ਹੈ। ਰੂਸੀਆਂ ਨੇ ਸੰਕੇਤ ਦਿੱਤਾ ਸੀ ਕਿ ਇਹ ਹਿੰਦ ਮਹਾਂਸਾਗਰ ਵਿੱਚ ਡਿੱਗਿਆ ਹੈ, ਪਰ ਕੁਝ ਮਾਹਿਰ ਸਹੀ ਸਥਾਨ ਬਾਰੇ ਇੰਨੇ ਪੱਕੇ ਤੌਰ ’ਤੇ ਕੁਝ ਕਹਿਣ ਲਈ ਤਿਆਰ ਨਹੀਂ ਸਨ। ਯੂਰਪੀਅਨ ਪੁਲਾੜ ਏਜੰਸੀ ਦੇ ਪੁਲਾੜ ਮਲਬੇ ਬਾਰੇ ਦਫਤਰ ਨੇ ਵੀ ਪੁਲਾੜ ਵਾਹਨ ਦੀ ਤਬਾਹੀ ਦਾ ਪਤਾ ਲਗਾਇਆ ਜਦੋਂ ਇਹ ਇੱਕ ਜਰਮਨ ਰਾਡਾਰ ਸਟੇਸ਼ਨ ’ਤੇ ਦਿਖਾਈ ਦੇਣੋਂ ਹਟ ਗਿਆ। ਇਹ ਤੁਰੰਤ ਪਤਾ ਨਹੀਂ ਲੱਗ ਸਕਿਆ ਕਿ ਅੱਧੇ ਟਨ ਵਜ਼ਨੀ ਇਸ ਪੁਲਾੜ ਵਾਹਨ ਵਿੱਚੋਂ ਕਿੰਨਾ ਹਿੱਸਾ ਧਰਤੀ ਦੇ ਹਵਾ ਮੰਡਲ ਵਿੱਚ ਦਾਖ਼ਲ ਹੋਣ ਪਿੱਛੋਂ ਅੱਗ ਲੱਗਣ ਤੋਂ ਬਚਿਆ ਅਤੇ ਇਸ ਦਾ ਕਿੰਨਾ ਹਿੱਸਾ ਰਾਹ ਵਿੱਚ ਹੀ ਸੜ ਗਿਆ। ਇਸ ਨੂੰ 1972 ਵਿੱਚ ਸੋਵੀਅਤ ਯੂਨੀਅਨ ਵੱਲੋਂ ਲਾਂਚ ਕੀਤਾ ਗਿਆ ਸੀ। ਕੋਸਮੋਸ 482 ਵਜੋਂ ਜਾਣਿਆ ਜਾਂਦਾ ਇਹ ਪੁਲਾੜ ਵਾਹਨ ਸ਼ੁੱਕਰ ਗ੍ਰਹਿ ਲਈ ਜਾਣ ਵਾਲੇ ਮਿਸ਼ਨਾਂ ਦੀ ਇੱਕ ਲੜੀ ਦਾ ਹਿੱਸਾ ਸੀ। ਪਰ ਇਹ ਕਦੇ ਵੀ ਧਰਤੀ ਦੇ ਆਲੇ ਦੁਆਲੇ ਦੇ ਪੰਧ ਤੋਂ ਬਾਹਰ ਨਹੀਂ ਨਿਕਲ ਸਕਿਆ ਅਤੇ ਇਹ ਰਾਕੇਟ ਦੀ ਇੱਕ ਖਰਾਬੀ ਕਾਰਨ ਉੱਥੇ ਹੀ ਫਸ ਗਿਆ। ਅਸਫ਼ਲ ਲਾਂਚ ਦੇ ਇੱਕ ਦਹਾਕੇ ਦੇ ਅੰਦਰ ਪੁਲਾੜ ਵਾਹਨ ਦਾ ਬਹੁਤਾ ਹਿੱਸਾ ਧਰਤੀ ’ਤੇ ਵਾਪਸ ਡਿੱਗ ਪਿਆ। ਗੁਰੂਤਾ ਖਿੱਚ ਦਾ ਸਾਹਮਣਾ ਕਰਨ ਦੇ ਯੋਗ ਨਾ ਹੋਣ ਕਰਕੇ ਇਸ ਦਾ ਪੰਧ ਘਟਦਾ ਗਿਆ ਅਤੇ ਪੁਲਾੜ ਵਾਹਨ ਦਾ ਬਾਕੀ ਬਚਿਆ ਹਿੱਸਾ ਗੋਲਾਕਾਰ ਲੈਂਡਰ, ਜੋ ਅੰਦਾਜ਼ਨ 3 ਫੁੱਟ (1 ਮੀਟਰ) ਚੌੜਾ ਸੀ, ਪਿਛਲੇ ਦਿਨੀਂ ਆਖ਼ਰ ਹੇਠਾਂ ਆ ਗਿਆ। ਮਾਹਰਾਂ ਅਨੁਸਾਰ, ਲੈਂਡਰ ਟਾਈਟੇਨੀਅਮ ਵਿੱਚ ਘਿਰਿਆ ਹੋਇਆ ਸੀ ਅਤੇ ਇਸਦਾ ਭਾਰ 1,000 ਪੌਂਡ (495 ਕਿਲੋਗ੍ਰਾਮ) ਤੋਂ ਵੱਧ ਸੀ।

Loading