ਪਿ੍ੰਸੀਪਲ ਵਿਜੈ ਕੁਮਾਰ:
ਕੈਨੇਡਾ 'ਚ ਅਪ੍ਰੈਲ ਮਹੀਨੇ ਹੋਈਆਂ ਚੋਣਾਂ ਦੌਰਾਨ ਪ੍ਰਵਾਸੀ ਭਾਰਤੀਆਂ ਦੇ ਕਾਫੀ ਨੁਮਾਇੰਦੇ ਚੁਣੇ ਗਏ ਹਨ, ਜਿਨ੍ਹਾਂ 'ਚੋਂ ਕਾਫੀ ਗਿਣਤੀ ਪੰਜਾਬੀਆਂ ਦੀ ਹੈ। ਕੈਨੇਡਾ 'ਚ ਵਸਦੇ ਭਾਰਤੀਆਂ ਨੇ ਉਨ੍ਹਾਂ ਦੇ ਜਿੱਤਣ 'ਤੇ ਬਹੁਤ ਖੁਸ਼ੀ ਮਨਾਈ, ਰਾਸ਼ਟਰੀ ਤੇ ਅੰਤਰਰਾਸ਼ਟਰੀ ਮੀਡੀਏ ਨੇ ਵੀ ਉਨ੍ਹਾਂ ਦੀ ਜਿੱਤ ਨੂੰ ਪ੍ਰਵਾਸੀ ਭਾਰਤੀਆਂ ਦੀ ਬਹੁਤ ਵੱਡੀ ਪ੍ਰਾਪਤੀ ਦੱਸਿਆ ਹੈ। ਹੁਣ ਸਵਾਲ ਇਹ ਹੈ ਕਿ ਕੈਨੇਡਾ ਵਿਚ ਵਸਦੇ ਪ੍ਰਵਾਸੀਆਂ ਦੇ ਨੁਮਾਇੰਦੇ ਕੈਨੇਡਾ ਸਰਕਾਰ 'ਚ ਨੁਮਾਇੰਦਗੀ ਹਾਸਲ ਕਰਨ ਤੋਂ ਬਾਅਦ ਜਿੱਤ ਪ੍ਰਾਪਤ ਕਰਨ ਦੀ ਖੁਸ਼ੀ ਮਨਾ ਕੇ ਅਹੁਦੇ ਲੈ ਕੇ ਪਹਿਲਾਂ ਵਾਂਗ ਅਵੇਸਲੇ ਹੋ ਕੇ ਬੈਠ ਜਾਣਗੇ ਜਾਂ ਲੋਕਾਂ ਦੀਆਂ ਸਮੱਸਿਆਵਾਂ ਵੱਲ ਲੋੜੀਂਦਾ ਧਿਆਨ ਵੀ ਦੇਣਗੇ? ਇਸ ਵੇਲੇ ਵੱਖ-ਵੱਖ ਦੇਸ਼ਾਂ ਦੇ ਨੌਜਵਾਨ ਮੁੰਡੇ-ਕੁੜੀਆਂ ਆਪਣੇ ਦੇਸ਼ਾਂ ਦੀ ਬੇਰੁਜ਼ਗਾਰੀ ਤੋਂ ਤੰਗ ਆ ਕੇ ਆਪਣੇ ਮਾਪਿਆਂ ਦੇ ਲੱਖਾਂ ਰੁਪਏ ਖਰਚ ਕਰਵਾ ਕੇ ਕੈਨੇਡਾ 'ਚ ਰੁਜ਼ਗਾਰ ਦੀ ਉਮੀਦ ਨਾਲ ਗਏ ਹੋਏ ਹਨ, ਪਰ ਉਨ੍ਹਾਂ ਨੂੰ ਬੇਰੁਜ਼ਗਾਰੀ ਦਾ ਸੰਤਾਪ ਭੋਗਣਾ ਪੈ ਰਿਹਾ ਹੈ। ਉਹ ਖੱਜਲ ਹੋ ਰਹੇ ਹਨ ਤੇ ਭੁੱਖੇ ਮਰਨ ਨੂੰ ਮਜਬੂਰ ਹਨ। ਕੈਨੇਡਾ ਸਰਕਾਰ ਉਨ੍ਹਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਵਰਕ ਪਰਮਿਟ ਤੇ ਪੱਕੀ ਨਾਗਰਿਕਤਾ ਦੇ ਕਾਨੂੰਨਾਂ ਤਹਿਤ ਨਵੀਆਂ-ਨਵੀਆਂ ਸੋਧਾਂ ਕਰ ਕੇ ਉਨ੍ਹਾਂ ਨੂੰ ਆਪਣੇ ਦੇਸ਼ਾਂ ਨੂੰ ਮੁੜਨ ਲਈ ਮਜਬੂਰ ਕਰ ਰਹੀ ਹੈ। ਕੀ ਪ੍ਰਵਾਸੀ ਭਾਰਤੀਆਂ ਦੇ ਨੁਮਾਇੰਦੇ ਕੈਨੇਡਾ ਦੀ ਸਰਕਾਰ 'ਤੇ ਪ੍ਰਵਾਸੀ ਬੱਚਿਆਂ ਨੂੰ ਰੁਜ਼ਗਾਰ ਦੇਣ ਲਈ ਦਬਾਅ ਪਾ ਕੇ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣਗੇ?
ਕੈਨੇਡਾ 'ਚ ਵਸਦੇ ਲੋਕਾਂ ਨੂੰ ਸਿਹਤ ਸੇਵਾਵਾਂ ਨੂੰ ਲੈ ਕੇ ਬਹੁਤ ਖੱਜਲ-ਖੁਆਰ ਹੋਣਾ ਪੈਂਦਾ ਹੈ। ਲੋਕਾਂ ਨੂੰ ਭਿਆਨਕ ਬਿਮਾਰੀਆਂ ਦੇ ਇਲਾਜ ਤੇ ਆਪ੍ਰੇਸ਼ਨ ਆਦਿ ਲਈ ਕਈ-ਕਈ ਮਹੀਨਿਆਂ ਦੀ ਉਡੀਕ ਕਰਨੀ ਪੈਂਦੀ ਹੈ। ਡਾਕਟਰਾਂ ਦੀ ਘਾਟ ਦੇ ਚੱਲਦਿਆਂ ਕਈ ਲੋਕ ਬਿਨਾਂ ਇਲਾਜ ਤੋਂ ਮਰ ਜਾਂਦੇ ਹਨ । ਕਈਆਂ ਨੂੰ ਲੱਖਾਂ ਰੁਪਏ ਦਾ ਖਰਚ ਕਰ ਕੇ ਇਲਾਜ ਕਰਵਾਉਣ ਲਈ ਆਪਣੇ ਦੇਸ਼ ਆਉਣਾ ਪੈਂਦਾ ਹੈ। ਕੀ ਪ੍ਰਵਾਸੀ ਭਾਰਤੀਆਂ ਦੇ ਨੁਮਾਇੰਦੇ ਕੈਨੇਡਾ ਸਰਕਾਰ 'ਤੇ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਦਬਾਅ ਪਾਉਣਗੇ?
ਕੈਨੇਡਾ ਵਿਚ ਵਸਦੇ ਪ੍ਰਵਾਸੀ ਆਪਣੇ ਬੱਚਿਆਂ ਦੀ ਸਿੱਖਿਆ ਨੂੰ ਲੈ ਕੇ ਬਹੁਤ ਫ਼ਿਕਰਮੰਦ ਹਨ, ਕਿਉਂਕਿ ਕੈਨੇਡਾ ਦੀ ਸਿੱਖਿਆ ਵਿਵਸਥਾ ਦਾ ਪੱਧਰ ਬਹੁਤ ਨੀਵਾਂ ਹੈ। ਸਕੂਲਾਂ ਵਿਚ ਬਹੁਤ ਅਨੁਸ਼ਾਸਨਹੀਣਤਾ ਹੈ। ਅੱਠਵੀਂ ਜਮਾਤ ਤੱਕ ਦੇ ਬੱਚਿਆਂ ਦੀ ਪੜ੍ਹਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਬੱਚਿਆਂ ਦੇ ਮਾਪਿਆਂ ਨੂੰ ਹਜ਼ਾਰਾਂ ਡਾਲਰ ਟਿਊਸ਼ਨਾਂ 'ਤੇ ਖਰਚ ਕਰ ਕੇ ਉਨ੍ਹਾਂ ਦੀ ਪੜ੍ਹਾਈ ਦਾ ਪ੍ਰਬੰਧ ਕਰਨਾ ਪੈਦਾ ਹੈ। ਪ੍ਰਾਈਵੇਟ ਮਾਡਲ ਸਕੂਲਾਂ ਦੀਆਂ ਫੀਸਾਂ ਬਹੁਤ ਜ਼ਿਆਦਾ ਹੋਣ ਕਰਕੇ ਲੋਕ ਆਪਣੇ ਬੱਚਿਆਂ ਨੂੰ ਮਾਡਲ ਸਕੂਲਾਂ 'ਚ ਨਹੀਂ ਪੜ੍ਹਾ ਸਕਦੇ। 9ਵੀਂ ਜਮਾਤ ਤੋਂ ਬਾਅਦ ਪੜ੍ਹਾਈ ਔਖੀ ਹੋਣ ਕਾਰਨ ਅੱਧਵਾਟੇ ਪੜ੍ਹਾਈ ਛੱਡਣ ਵਾਲੇ ਬੱਚਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਇਸੇ ਤਰ੍ਹਾਂ ਯੂਨੀਵਰਸਟੀ ਪੱਧਰ ਦੀ ਪੜ੍ਹਾਈ ਬਹੁਤ ਮਹਿੰਗੀ ਹੈ।
ਕੀ ਪ੍ਰਵਾਸੀ ਭਾਰਤੀਆਂ ਦੇ ਨੁਮਾਇੰਦੇ ਕੈਨੇਡਾ ਸਰਕਾਰ 'ਤੇ ਸਿੱਖਿਆ ਵਿਵਸਥਾ 'ਚ ਸੁਧਾਰ ਲਿਆਉਣ ਲਈ ਦਬਾਅ ਪਾਉਣਗੇ? ਕੈਨੇਡਾ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਦਿਨ ਪਰ ਦਿਨ ਵਿਗੜ ਰਹੀ ਹੈ। ਲੁੱਟਾਂ-ਖੋਹਾਂ, ਮਾਰ-ਕੁਟਾਈ, ਡਕੈਤੀਆਂ, ਚੋਰੀਆਂ, ਫ਼ਿਰੌਤੀਆਂ ਮੰਗਣ ਦੀਆਂ ਵਾਰਦਾਤਾਂ ਵਧਣ ਕਰਕੇ ਆਮ ਲੋਕਾਂ ਦਾ ਜਿਊਣਾ ਔਖਾ ਹੁੰਦਾ ਜਾ ਰਿਹਾ ਹੈ। ਕਾਨੂੰਨ ਸਖ਼ਤ ਨਾ ਹੋਣ ਕਾਰਨ ਅਦਾਲਤਾਂ ਤੇ ਪੁਲਿਸ ਕੁੱਝ ਨਹੀਂ ਕਰਦੀਆਂ।
ਕੀ ਪ੍ਰਵਾਸੀਆਂ ਦੇ ਨੁਮਾਇੰਦੇ ਕੈਨੇਡਾ ਸਰਕਾਰ 'ਤੇ ਕਾਨੂੰਨ ਵਿਵਸਥਾ ਨੂੰ ਸੁਧਾਰਨ ਲਈ ਦਬਾਅ ਪਾਉਣਗੇ ? ਕੈਨੇਡਾ ਵਿਚ ਲੋਕਾਂ ਨੂੰ ਟੈਕਸਾਂ ਦੇ ਬੋਝ, ਮਹਿੰਗਾਈ ਤੇ ਹੋਰ ਕਈ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ, ਪਰ ਉਨ੍ਹਾਂ ਦੀ ਕਮਾਈ ਵਿਚ ਵਾਧਾ ਨਹੀਂ ਹੋ ਰਿਹਾ। ਪ੍ਰਵਾਸੀ ਇਸ ਸਮੱਸਿਆ ਕਾਰਨ ਕੈਨੇਡਾ ਛੱਡਣ ਲਈ ਮਜਬੂਰ ਹੋ ਰਹੇ ਹਨ। ਕੀ ਪ੍ਰਵਾਸੀਆਂ ਦੇ ਨੁਮਾਇੰਦੇ ਕੈਨੇਡਾ ਸਰਕਾਰ 'ਤੇ ਟੈਕਸਾਂ ਦੇ ਬੋਝ ਅਤੇ ਮਹਿੰਗਾਈ ਦੀਆਂ ਸਮੱਸਿਆਵਾਂ 'ਤੇ ਕਾਬੂ ਪਾਉਣ ਲਈ ਆਪਣਾ ਪ੍ਰਭਾਵ ਪਾਉਣਗੇ? ਅਮੀਰਾਂ ਤੇ ਗ਼ਰੀਬਾਂ ਵਿਚਕਾਰ ਪਾੜਾ ਵਧ ਰਿਹਾ ਹੈ । ਕੈਨੇਡਾ ਸਰਕਾਰ ਵਲੋਂ ਰੀਅਲ ਅਸਟੇਟ ਦੇ ਧੰਦੇ ਵੱਲ ਧਿਆਨ ਨਾ ਦੇਣ ਕਾਰਨ ਇਸ ਦੇਸ਼ ਵਿਚ ਬਹੁਤ ਸਾਰੀਆਂ ਰਿਹਾਇਸ਼ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਆਮ ਲੋਕਾਂ ਲਈ ਘਰ ਖਰੀਦਣਾ ਬਹੁਤ ਔਖਾ ਹੋ ਰਿਹਾ ਹੈ। ਘਰਾਂ ਲਈ ਬੈਂਕਾਂ ਤੋਂ ਕਰਜ਼ ਲੈਣ ਲਈ ਲੋਕਾਂ ਨੂੰ ਬਹੁਤ ਦੌੜ-ਭੱਜ ਕਰਨੀ ਪੈਂਦੀ ਹੈ। ਰੀਅਲ ਅਸਟੇਟ ਦਾ ਕਾਰੋਬਾਰ ਇਕ ਹੇਰਾਫੇਰੀ ਦਾ ਧੰਦਾ ਬਣ ਕੇ ਰਹਿ ਗਿਆ ਹੈ। ਕਿਰਾਏਦਾਰਾਂ ਤੇ ਮਕਾਨ ਮਾਲਕਾਂ ਦੇ ਝਗੜੇ ਵਧ ਰਹੇ ਹਨ। ਮਕਾਨ ਮਾਲਕ ਘਾਟਾ ਪਾ ਕੇ ਆਪਣੇ ਮਕਾਨ ਵੇਚਣ ਨੂੰ ਮਜਬੂਰ ਹੋ ਰਹੇ ਹਨ।
ਕੀ ਪ੍ਰਵਾਸੀਆਂ ਦੇ ਨੁਮਾਇੰਦੇ ਰੀਅਲ ਇਸਟੇਟ ਨਾਲ ਜੁੜੀਆਂ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਨੂੰ ਆਖਣਗੇ? ਇਸ ਦੇਸ਼ ਦੇ ਵਪਾਰੀ, ਕਾਰੋਬਾਰੀ ਤੇ ਹੋਟਲਾਂ ਦਾ ਕਾਰੋਬਾਰ ਕਰਨ ਵਾਲੇ ਨੌਜਵਾਨ ਮੁੰਡੇ-ਕੁੜੀਆਂ ਤੋਂ ਟ੍ਰੇਨਿੰਗ ਦੇਣ ਦੇ ਨਾਂਅ 'ਤੇ ਮੁਫ਼ਤ ਜਾਂ ਘੱਟ ਤਨਖਾਹ 'ਤੇ ਕੰਮ ਕਰਵਾ ਕੇ ਉਨ੍ਹਾਂ ਦਾ ਸ਼ੋਸ਼ਣ ਕਰਦੇ ਹਨ। ਕੀ ਭਾਰਤੀਆਂ ਦੇ ਨੁਮਾਇੰਦੇ ਇਨ੍ਹਾਂ ਮੁੰਡੇ-ਕੁੜੀਆਂ ਦੇ ਹੋ ਰਹੇ ਸ਼ੋਸ਼ਣ ਨੂੰ ਰੋਕਣ ਲਈ ਸਰਕਾਰ ਨੂੰ ਪ੍ਰੇਰਿਤ ਕਰਨਗੇ?
ਉੱਚ ਸਿੱਖਿਆ ਤੇ ਕੰਮ-ਧੰਦੇ ਕਰਨ ਲਈ ਲਾਇਸੈਂਸ ਲੈਣ ਲਈ ਹੋਣ ਵਾਲੀ ਪੜ੍ਹਾਈ ਤੇ ਟੈਸਟਾਂ ਵਿਚ ਨੌਜਵਾਨ ਮੁੰਡੇ-ਕੁੜੀਆਂ ਦਾ ਕਾਲਜਾਂ ਤੇ ਯੂਨੀਵਰਸਿਟੀਆਂ ਵਲੋਂ ਆਰਥਿਕ ਸ਼ੋਸ਼ਣ ਕੀਤਾ ਜਾਂਦਾ ਹੈ। ਕੀ ਪ੍ਰਵਾਸੀਆਂ ਦੇ ਨੁਮਾਇੰਦੇ ਕੈਨੇਡਾ ਸਰਕਾਰ 'ਤੇ ਨਵੇਂ ਕਾਰਖਾਨੇ ਲਗਾਉਣ, ਵੱਖ-ਵੱਖ ਵਿਭਾਗਾਂ ਵਿਚ ਕਰਮਚਾਰੀਆਂ ਦੀ ਭਰਤੀ ਕਰਕੇ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਲਈ ਸਰਕਾਰ ਨਾਲ ਗੱਲਬਾਤ ਕਰਨਗੇ? ਕੀ ਉਹ ਅਦਾਲਤਾਂ ਵਿਚ ਜੱਜਾਂ ਦੀ ਗਿਣਤੀ ਵਧਾਉਣ ਲਈ ਸਰਕਾਰ ਨੂੰ ਕਹਿਣਗੇ?
ਜੇਕਰ ਕੈਨੇਡਾ 'ਚ ਪ੍ਰਵਾਸੀ ਲੋਕਾਂ ਦਾ ਭਵਿੱਖ ਸੁਰੱਖਿਅਤ ਕਰਨਾ ਹੈ ਤਾਂ ਇਨ੍ਹਾਂ ਨੁਮਾਇੰਦਿਆਂ ਨੂੰ ਇਥੇ ਰਹਿੰਦੇ ਪ੍ਰਵਾਸੀਆਂ ਨੂੰ, ਇਸ ਦੇਸ਼ ਦੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ, ਧਰਮ ਦੇ ਨਾਂਅ 'ਤੇ ਲੜਾਈ-ਝਗੜੇ ਨਾ ਕਰਨ, ਨੈਤਿਕ ਕਦਰਾਂ-ਕੀਮਤਾਂ ਦੀ ਪਾਲਣਾ ਕਰਨ, ਟੈਕਸਾਂ ਦੀ ਚੋਰੀ, ਹੇਰਾਫੇਰੀਆਂ ਤੇ ਲੁੱਟਾਂ-ਖੋਹਾਂ ਨਾ ਕਰਨ ਲਈ ਪ੍ਰੇਰਦਿਆਂ ਕਾਨੂੰਨਾਂ ਦੀ ਪਾਲਣਾ ਕਰਨ ਲਈ ਵੀ ਤਿਆਰ ਕਰਨਾ ਹੋਵੇਗਾ। ਜੇਕਰ ਪ੍ਰਵਾਸੀ ਭਾਰਤੀਆਂ ਦੇ ਨੁਮਾਇੰਦੇ ਆਪਣੇ ਫਰਜ਼ਾਂ ਦੀ ਪਾਲਣਾ ਨਹੀਂ ਕਰਨਗੇ ਤਾਂ ਪ੍ਰਵਾਸੀਆਂ ਲਈ ਆਉਣ ਵਾਲਾ ਸਮਾਂ ਹੋਰ ਵੀ ਮਾੜਾ ਹੋ ਸਕਦਾ ਹੈ