
ਪ੍ਰਿੰਸੀਪਲ ਸਰਵਣ ਸਿੰਘ :
ਆਰਮੰਡ ਡੁਪਲਾਂਟਿਸ ਪੋਲ ਵਾਲਟ ਦਾ ਮੌਜੂਦਾ ਉਲੰਪਿਕ ਚੈਂਪੀਅਨ ਤੇ ਵਿਸ਼ਵ ਚੈਂਪੀਅਨ ਹੈ। ਉਲੰਪਿਕ ਖੇਡਾਂ ਤੇ ਵਰਲਡ ਚੈਂਪੀਅਨਸ਼ਿਪਸ ਦੇ ਵਿਸ਼ਵ ਰਿਕਾਰਡ ਵੀ ਉਹਦੇ ਨਾਂ ਹਨ। ਉਸ ਨੂੰ ਸਾਲ 2025 ਦਾ ਬਿਹਤਰੀਨ ਖਿਡਾਰੀ ਤੇ ਲੌਰੀਅਸ ਅਥਲੀਟ ਮੰਨਿਆ ਗਿਐ। ਉਸ ਤੋਂ ਪਹਿਲਾਂ ਪੋਲ ਵਾਲਟ ਦੀ ਝੰਡੀ ਸਰਗੀ ਬੁਬਕਾ ਦੇ ਹੱਥ ਸੀ। ਵੀਹਵੀਂ ਸਦੀ ’ਚ ਉਹਦੀ ਗੁੱਡੀ ਅਸਮਾਨੀਂ ਚੜ੍ਹੀ ਰਹੀ। ਉਸ ਨੂੰ ‘ਫਲਾਈਂਗ ਬਰਡ’ ਕਿਹਾ ਜਾਂਦਾ ਰਿਹਾ। ਉਹ ਦੁਨੀਆ ਦਾ ਪਹਿਲਾ ਪੋਲ ਵਾਲਟਰ ਹੋਇਆ ਜਿਸ ਨੇ 6 ਮੀਟਰ ਤੋਂ ਉੱਚਾ ਟੱਪਣ ਦੀ ਹੱਦ ਪਹਿਲੀ ਵਾਰ ਤੋੜੀ। ਉਸ ਨੇ ਪੋਲ ਵਾਲਟ ਦੇ ਵਿਸ਼ਵ ਰਿਕਾਰਡ 17 ਵਾਰ ਨਵਿਆਏ ਤੇ ਆਪਣੇ ਖੇਡ ਕੈਰੀਅਰ ਦੌਰਾਨ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪਾਂ ਵਿੱਚੋਂ 6 ਗੋਲਡ ਮੈਡਲ ਜਿੱਤੇ ਸਨ ਜੋ ਆਪਣੇ ਆਪ ’ਚ ਅਨੋਖਾ ਰਿਕਾਰਡ ਹੈ। ਉਹਦਾ ਜਨਮ 4 ਦਸੰਬਰ 1963 ਨੂੰ ਸੋਵੀਅਤ ਰੂਸ ਵਿੱਚ ਹੋਇਆ ਸੀ। ਉਸ ਦਾ 31 ਜੁਲਾਈ 1991 ਨੂੰ ਰੱਖਿਆ 6.14 ਮੀਟਰ ਦਾ ਵਿਸ਼ਵ ਰਿਕਾਰਡ 2015 ਤੱਕ ਕਾਇਮ ਰਿਹਾ। ਆਖ਼ਰ ਉਹ ਰਿਕਾਰਡ ਸਵੀਡਨ ਦੇ ਆਰਮੰਡ ਡੁਪਲਾਂਟਿਸ ਉਰਫ਼ ‘ਮੋਂਡੋ’ ਨੇ 24 ਸਾਲਾਂ ਬਾਅਦ 6.15 ਮੀਟਰ ਉੱਚੀ ਛਾਲ ਲਾ ਕੇ ਤੋੜਿਆ।
ਸਵੀਡਸ਼-ਅਮਰੀਕਨ ਅਥਲੀਟ, ਆਰਮਡ ਗੁਸਤਾਵ ਡੁਪਲਾਂਟਿਸ ਦਾ ਜਨਮ 10 ਨਵੰਬਰ 1999 ਨੂੰ ਅਮਰੀਕਾ ਵਿੱਚ ਹੋਇਆ ਸੀ, ਪਰ ਉਹ ਸਵੀਡਨ ਦੀ ਪ੍ਰਤੀਨਿਧਤਾ ਕਰਦਾ ਹੈ। ਹੁਣ ਉਸ ਨੂੰ ਸਰਬ ਸਮਿਆਂ ਦਾ ਸਭ ਤੋਂ ਮਹਾਨ ਪੋਲ ਵਾਲਟਰ ਕਿਹਾ ਜਾ ਰਿਹੈ। ਉਸ ਨੇ 6.27 ਮੀਟਰ ਯਾਨੀ 20 ਫੁੱਟ 7 ਇੰਚ ਉੱਚੀ ਛਾਲ ਲਾਉਣ ਦਾ ਵਿਸ਼ਵ ਰਿਕਾਰਡ ਰੱਖਿਆ ਤੇ ਗਲੋਬ ਦੇ 7 ਸੀਨੀਅਰ ਟਾਈਟਲ ਜਿੱਤੇ ਹਨ। ਉਲੰਪਿਕ ਖੇਡਾਂ ਦੇ 2 ਗੋਲਡ ਮੈਡਲ, ਆਊਟਡੋਰ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪਾਂ ਦੇ ਵੀ 2 ਗੋਲਡ ਮੈਡਲ ਤੇ ਤਿੰਨ ਵਾਰ ਇਨਡੋਰ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪਾਂ ਜਿੱਤੀਆਂ ਹਨ। ਯੂਰਪੀਨ ਤੇ ਹੋਰ ਚੈਂਪੀਅਨਸ਼ਿਪਾਂ ਜਿੱਤਣੀਆਂ ਤਾਂ ਮਾਮੂਲੀ ਗੱਲ ਸਨ। ਅਜੇ ਉਹ ਭਰ ਜੁਆਨ ਹੈ। ਕੀ ਪਤਾ ਪੋਲ ਵਾਲਟ ਦੀ ਬਾਰ ਹੋਰ ਕਿੰਨੀ ਉੱਚੀ ਕਰਾ ਜਾਵੇ?
‘ਮੋਂਡੋ’ ਡੁਪਲਾਂਟਿਸ ਲਈ 5 ਅਗਸਤ 2024 ਦਾ ਦਿਨ ਸਭ ਤੋਂ ਵੱਧ ਕਰਮਾਂ ਵਾਲਾ ਸਿੱਧ ਹੋਇਆ। ਉਸ ਦਿਨ ਪੈਰਿਸ ਦੀਆਂ ਉਲੰਪਿਕ ਖੇਡਾਂ ਵਿੱਚ ਪੋਲ ਵਾਲਟ ਦਾ ਫਾਈਨਲ ਮੁਕਾਬਲਾ ਹੋਣਾ ਸੀ। 2020 ਦੀਆਂ ਉਲੰਪਿਕ ਖੇਡਾਂ ਜੋ ਕੋਵਿਡ ਕਾਰਨ 2021 ’ਚ ਟੋਕੀਓ ਵਿਖੇ ਹੋਈਆਂ, ਉਨ੍ਹਾਂ ’ਚੋਂ ਡੁਪਲਾਂਟਿਸ ਪੋਲ ਵਾਲਟ ਦਾ ਗੋਲਡ ਮੈਡਲ ਜਿੱਤ ਚੁੱਕਾ ਸੀ। ਜੇਕਰ ਉਹ ਪੈਰਿਸ ਤੋਂ ਵੀ ਗੋਲਡ ਮੈਡਲ ਜਿੱਤਦਾ ਤਾਂ ਅਨੋਖੀ ਗੱਲ ਹੋਣੀ ਸੀ ਕਿਉਂਕਿ 1896 ਤੋਂ ਸਿਵਾਏ ਇੱਕ ਪੋਲ ਵਾਲਟਰ ਦੇ ਕੋਈ ਹੋਰ ਪੋਲ ਵਾਲਟਰ ਦੂਜੀ ਵਾਰ ਉਲੰਪਿਕ ਖੇਡਾਂ ਦਾ ਗੋਲਡ ਮੈਡਲ ਨਹੀਂ ਸੀ ਜਿੱਤ ਸਕਿਆ। ਇੱਥੋਂ ਤੱਕ ਕਿ ਯੂਕ੍ਰੇਨ ਦਾ ‘ਫਲਾਈਂਗ ਬਰਡ’ ਸਰਗੀ ਬੁਬਕਾ ਵੀ ਨਹੀਂ ਜਿੱਤਿਆ।
ਉਹਦੀ ਪਹਿਲੀ ਵੱਡੀ ਜਿੱਤ 2015 ਦੀ ਵਰਲਡ ਯੂਥ ਚੈਂਪੀਅਨਸ਼ਿਪ ’ਚ ਹੋਈ। 2016 ਵਿੱਚ ਉਸ ਨੇ ਅੰਡਰ-20 ਵਰਲਡ ਚੈਂਪੀਅਨਸ਼ਿਪ ’ਚੋਂ ਕਾਂਸੀ ਦਾ ਤਗ਼ਮਾ ਜਿੱਤਿਆ। 2017 ਵਿੱਚ ਉਸ ਨੇ ਅੰਡਰ-20 ਦਾ ਯੂਰਪੀ ਟਾਈਟਲ ਜਿੱਤਿਆ ਤੇ 2018 ਵਿੱਚ ਵਰਲਡ ਅੰਡਰ-20 ਦਾ ਚੈਂਪੀਅਨ ਟਾਈਟਲ। ਜਿਵੇਂ ਤੇਜ਼ਤਰਾਰ ਦੌੜਾਕ ਉਸੈਨ ਬੋਲਟ ਨੇ ਯੂਥ, ਜੂਨੀਅਰ ਤੇ ਸੀਨੀਅਰ ਵਿਸ਼ਵ ਚੈਂਪੀਅਨਸ਼ਿਪਾਂ ਦੇ ਟਾਈਟਲ ਜਿੱਤੇ ਉਵੇਂ ਮੋਂਡੋ ਨੇ ਵੀ ਤਿੰਨੇ ਟਾਈਟਲ ਜਿੱਤੇ। 2020 ਵਿੱਚ ਉਸ ਨੂੰ ਵਰਲਡ ਅਥਲੀਟ ਆਫ ਦਿ ਯੀਅਰ ਐਲਾਨਿਆ ਗਿਆ। 2021 ਤੋਂ 2024 ਤੱਕ ਉਹ ਡਾਇਮੰਡ ਲੀਗਾਂ ਦਾ ਵੀ ਚੈਂਪੀਅਨ ਬਣਦਾ ਰਿਹਾ।
ਫੋਲ ਵਾਲਟ ਦੇ ਇਤਿਹਾਸ ਵਿੱਚ 6 ਮੀਟਰ ਦੀ ਉਚਾਈ ਉਸ ਨੇ ਸਭ ਤੋਂ ਵੱਧ ਵਾਰ ਟੱਪੀ ਹੈ। ਸਰਗੀ ਬੁਬਕਾ ਨੇ 6 ਮੀਟਰ ਦੀ ਉਚਾਈ 46 ਵਾਰ ਟੱਪੀ ਜੋ ਮੋਂਡੋ ਡੁਪਲਾਂਟਿਸ 102 ਵਾਰ ਟੱਪ ਚੁੱਕੈ। ਉਹ 6.16 ਮੀਟਰ ਦੇ ਵਿਸ਼ਵ ਰਿਕਾਰਡ ਨੂੰ 6.27 ਮੀਟਰ ਤੱਕ ਲੈ ਗਿਆ ਹੈ। ਉਹ ਕੇਵਲ 7 ਸਾਲਾਂ ਦਾ ਸੀ ਜਦੋਂ 3.86 ਮੀਟਰ ਭਾਵ 12 ਫੁੱਟ 8 ਇੰਚ ਉੱਚੀ ਛਲਾਂਗ ਲਾ ਗਿਆ ਸੀ। ਡੁਪਲਾਂਟਿਸ ਦਾ ਨਿੱਕਾ ਨਾਂ ‘ਮੋਂਡੋ’ ਉਹਦੇ ਬਾਪ ਦੇ ਇਤਾਲਵੀ ਦੋਸਤ ਨੇ ਰੱਖਿਆ ਸੀ ਜੋ ਇਟਲੀ ਤੋਂ ਸੀ। ਇਤਾਲਵੀ ਵਿੱਚ ਇਸ ਦਾ ਅਰਥ ਹੈ ‘ਦੁਨੀਆ’। ਉਹ ਸੱਚਮੁੱਚ ਦੁਨੀਆ ਦਾ ਚੈਂਪੀਅਨ ਬਣਿਆ। 2020, 2022 ਤੇ 2023 ਦਾ ਉਹ ਵਰਲਡ ਅਥਲੀਟ ਆਫ ਦਿ ਯੀਅਰ ਐਵਾਰਡ ਹਾਸਲ ਕਰਦਾ ਰਿਹਾ। 2024 ਦਾ ਸਾਲ ਉਹਦੇ ਲਈ ਸਭ ਤੋਂ ਵੱਡੀਆਂ ਜਿੱਤਾਂ ਵਾਲਾ ਰਿਹਾ। ਉਸ ਨੇ ਓਲੰਪਿਕ ਖੇਡਾਂ ਦਾ ਦੂਜਾ ਟਾਈਟਲ, ਦੂਜਾ ਵਰਲਡ ਇਨਡੋਰ ਟਾਈਟਲ, ਤੀਜਾ ਯੂਰਪੀਨ ਟਾਈਟਲ ਤੇ ਕਈ ਹੋਰ ਮਹੱਤਵਪੂਰਨ ਟਾਈਟਲ ਜਿੱਤੇ।
28 ਫਰਵਰੀ 2025 ਦਾ ਦਿਨ ਪੋਲ ਵਾਲਟ ਦੇ ਇਤਿਹਾਸ ਦਾ ਯਾਦਗਾਰੀ ਦਿਵਸ ਹੋ ਨਿੱਬੜਿਆ। ਫਰਾਂਸ ਦੀ ਧਰਤੀ ’ਤੇ ਹੋਈ ਆਲ ਸਟਾਰ ਮੀਟ ਵਿੱਚ ਮੋਂਡੋ ਨੇ 6.27 ਮੀਟਰ ਉੱਚੀ ਛਾਲ ਲਾ ਕੇ 11ਵੀਂ ਵਾਰ ਵਿਸ਼ਵ ਰਿਕਾਰਡ ਨਵਿਆਇਆ। ਉਸ ਖ਼ੁਸ਼ੀ ਵਿੱਚ ਉਹਦਾ ਗੀਤ ‘ਬੌਪ’ ਰਿਲੀਜ਼ ਕੀਤਾ ਗਿਆ। ਕਈਆਂ ਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਮੋਂਡੋ ਗੀਤਕਾਰ ਵੀ ਹੈ। ਮੋਂਡੋ ਨੇ ਇੱਥੋਂ ਤੱਕ ਕਹਿ ਦਿੱਤਾ ਕਿ 6.30 ਮੀਟਰ ਟੱਪਣਾ ਤਾਂ ਮੇਰੀ ਪਹੁੰਚ ਵਿੱਚ ਹੀ ਹੈ, ਹੋ ਸਕਦੈ ਮੈਂ ਵਿਸ਼ਵ ਰਿਕਾਰਡ 6.40 ਮੀਟਰ ਤੱਕ ਲੈ ਜਾਵਾਂ!
ਜੁਲਾਈ 2020 ਵਿੱਚ ਮੋਂਡੋ ਨੂੰ ਖਿਡਾਰੀਆਂ ਲਈ ਸਭ ਤੋਂ ਵੱਡਾ ਸਨਮਾਨ ਵਿਕਟੋਰੀਆ ਐਵਾਰਡ ਮਿਲਿਆ। 2025 ਤੱਕ ਸਪੋਰਟਸ ਦਾ ਸ਼ਾਇਦ ਹੀ ਕੋਈ ਐਵਾਰਡ ਹੋਵੇ ਜੋ ਉਸ ਨੂੰ ਨਾ ਮਿਲਿਆ ਹੋਵੇ। ਸਣੇ ਵਰਲਡ ਅਥਲੈਟਿਕਸ ਐਵਾਰਡ ਦੇ ਤੇ ਬੀ.ਬੀ.ਸੀ. ਸਪੋਰਟਸ ਪਰਸਨੈਲਿਟੀ ਵਰਲਡ ਸਪੋਰਟ ਸਟਾਰ ਦੇ। ਮੋਂਡੋ ਜਿਹੇ ਸਪੋਰਟਸ ਸਟਾਰ ਨਿੱਤ ਨਿੱਤ ਨਹੀਂ ਜੰਮਦੇ।