ਸੈਕਰਾਮੈਂਟੋ,ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ : ਨਿਊ ਜਰਸੀ ਦੇ ਇੱਕ ਘਰ ਵਿੱਚ ਇੱਕ ਜੋੜੇ ਵੱਲੋਂ ਇੱਕ ਨਬਾਲਗ ਲੜਕੀ ਨੂੰ ਉਸ ਦੀ ਛੋਟੀ ਭੈਣ ਸਮੇਤ ਕਈ ਸਾਲ ਕੁੱਤੇ ਵਾਲੇ ਖੁੱਡੇ ਵਿੱਚ ਕੈਦ ਕਰਕੇ ਰੱਖਣ ਦੀ ਖ਼ਬਰ ਹੈ ਜਿਸ ਦੌਰਾਨ ਉਸ ਉਪਰ ਤਸ਼ੱਦਦ ਵੀ ਕੀਤਾ ਗਿਆ। ਇਹ ਪ੍ਰਗਟਾਵਾ ਵਕੀਲਾਂ ਨੇ ਜਾਰੀ ਇੱਕ ਬਿਆਨ ਵਿੱਚ ਕੀਤਾ ਹੈ। ਪੁਲਿਸ ਨੇ ਜੋੜੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਬਿਆਨ ਅਨੁਸਾਰ ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਲੜਕੀ ਜੋ ਹੁਣ 18 ਸਾਲਾਂ ਦੀ ਹੋ ਚੁੱੱਕੀ ਹੈ, ਇੱਕ ਗੁਆਂਢੀ ਦੀ ਮਦਦ ਨਾਲ ਕੈਦ ਵਿਚੋਂ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਈ। ਗਲੂਸੈਸਟਰ ਟਾਊਨਸ਼ਿੱਪ ਪੁਲਿਸ ਮੁਖੀ ਡੇਵਿਡ ਹਾਰਕਿਨਸ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਘਿਣਾਉਣਾ ਮਾਮਲਾ ਹੈ ਜਿਸ ਦੀ ਕਲਪਨਾ ਕਰਨੀ ਵੀ ਮੁਸ਼ਕਿਲ ਹੈ।
ਹਾਰਕਿਨਸ ਨੇ ਕਿਹਾ ਕਿ ਸੂਚਨਾ ਮਿਲਣ ’ਤੇ ਪੁਲਿਸ ਨੇ ਲੜਕੀ ਨੂੰ ਇਕ ਗਰੌਸਰੀ ਸਟੋਰ ਵਿਚੋਂ ਬਰਾਮਦ ਕਰ ਲਿਆ ਜਿਥੇ ਗੁਆਂਢੀ ਵੀ ਉਸ ਦੇ ਨਾਲ ਸੀ। ਪੁਲਿਸ ਨੇ ਕਿਹਾ ਹੈ ਕਿ ਬਰੈਂਡਾ ਸਪੈਨਸਰ (38) ਤੇ ਉਸ ਦੇ ਪਤੀ ਬਰੈਂਡਾ ਮੋਸਲੀ (41) ਨੂੰ ਗਲੂਸੈਸਟਰ ਟਾਊਨਸ਼ਿੱਪ ਵਿੱਚ ਉਨ੍ਹਾਂ ਦੇ ਘਰ ਵਿਚੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਵਿਰੁੱਧ ਅਗਵਾ ਕਰਨ ਸਮੇਤ ਅਣਮਨੁੱਖੀ ਤਸ਼ੱਦਦ ਦੇ ਦੋਸ਼ ਲਾਏ ਗਏ ਹਨ। ਲੜਕੀ ਨੇ ਪੁਲਿਸ ਨੂੰ ਦੱਸਿਆ ਕਿ 2018 ਵਿੱਚ ਸਕੂਲ ਵਿਚੋਂ ਹਟਾਉਣ ਉਪਰੰਤ ਉਸ ੳੁੱਪਰ ਤਸ਼ੱਦਦ ਸ਼ੁਰੂ ਹੋ ਗਿਆ ਸੀ। ਉਸ ਨੂੰ ਅੰਦਾਜ਼ਨ ਇੱਕ ਸਾਲ ਕੁੱਤੇ ਵਾਲੇ ਖੁੱਡੇ ਵਿੱਚ ਰਖਿਆ ਗਿਆ ਤੇ ਉਪਰੰਤ ਤਾਲਾਬੰਦ ਬਾਥਰੂਮ ਵਿੱਚ ਰਹਿਣ ਲਈ ਮਜਬੂਰ ਕੀਤਾ ਗਿਆ।