ਕੋਈ ਵੀ ਫ਼ੌਜ ਗੁਰੂ ਘਰ ’ਤੇ ਹਮਲੇ ਬਾਰੇ ਸੋਚ ਨਹੀਂ ਸਕਦੀ : ਮੰਨਣ

ਅੰਮ੍ਰਿਤਸਰ/ਏ.ਟੀ.ਨਿਊਜ਼: ਪਾਕਿਸਤਾਨ ਵੱਲੋਂ ਸ੍ਰੀ ਹਰਿਮੰਦਰ ਸਾਹਿਬ ’ਤੇ ਹਮਲਾ ਕੀਤੇ ਜਾਣ ਸਬੰਧੀ ਭਾਰਤੀ ਫ਼ੌਜ ਵੱਲੋਂ ਕੀਤੇ ਖੁਲਾਸੇ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਆਖਿਆ ਕਿ ਉਹ ਅਜਿਹੇ ਕਿਸੇ ਵੀ ਬਿਆਨ ’ਤੇ ਵਿਸ਼ਵਾਸ ਨਹੀਂ ਕਰਦੇ ਹਨ। ਉਨ੍ਹਾਂ ਕਿਹਾ ਕਿ ਚਾਹੇ ਭਾਰਤੀ ਫ਼ੌਜ ਹੋਵੇ ਜਾਂ ਪਾਕਿਸਤਾਨੀ ਫ਼ੌਜ ਗੁਰੂ ਘਰ ’ਤੇ ਹਮਲੇ ਬਾਰੇ ਸੋਚ ਨਹੀਂ ਸਕਦੀ। ਇਹ ਅਜਿਹਾ ਸਥਾਨ ਹੈ, ਜਿੱਥੋਂ ਲੋਕਾਂ ਨੂੰ ਜੀਵਨ ਮਿਲਦਾ ਹੈ, ਖੁਸ਼ੀਆਂ ਅਤੇ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਭਾਰਤੀ ਫ਼ੌਜ ਦੇ ਇਸ ਦਾਅਵੇ ਨੂੰ ਖਾਰਜ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਇਸ ’ਤੇ ਵਿਸ਼ਵਾਸ ਹੀ ਨਹੀਂ ਕਰਦੇ। ਮੁੱਖ ਸਕੱਤਰ ਨੇ ਕਿਹਾ ਕਿ ਇਸ ਮਾਮਲੇ ਬਾਰੇ ਸੰਗਤ ਦੇ ਮਨ ਵਿੱਚ ਨਾ ਕੋਈ ਦੁਵਿਧਾ ਹੈ ਅਤੇ ਨਾ ਹੀ ਕੋਈ ਤੌਖਲਾ ਹੈ। ਸੰਗਤ ਪਹਿਲਾਂ ਵਾਂਗ ਹੀ ਵੱਡੀ ਗਿਣਤੀ ਵਿੱਚ ਗੁਰੂ ਘਰ ਵਿਖੇ ਨਤਮਸਤਕ ਹੋਣ ਲਈ ਪੁੱਜ ਰਹੀ ਹੈ। ਹਰਿਆਣਾ ਦੇ ਇੱਕ ਵਿਅਕਤੀ ਵੱਲੋਂ ਸਿੱਖ ਜਰਨੈਲਾਂ ਬਾਰੇ ਬਣਾਈਆਂ ਵੀਡੀਓਜ਼ ਬਾਰੇ ਉਨ੍ਹਾਂ ਕਿਹਾ ਕਿ ਸਿੱਖ ਜਰਨੈਲਾਂ ਬਾਰੇ ਫਿਲਮਾਂਕਣ ਕਰਨ ’ਤੇ ਰੋਕ ਹੈ। ਸਿੱਖ ਜਰਨੈਲਾਂ ਬਾਰੇ ਕਿਸੇ ਵੀ ਕਿਸਮ ਦਾ ਗਲਤ ਪ੍ਰਚਾਰ ਨਹੀਂ ਕਰਨਾ ਚਾਹੀਦਾ। ਇਸ ’ਤੇ ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਸ਼੍ਰੋਮਣੀ ਕਮੇਟੀ ਕਾਨੂੰਨੀ ਕਾਰਵਾਈ ਕਰੇਗੀ।

Loading