
ਸੈਕਰਾਮੈਂਟੋ,ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਦਿਓਕੱਦ ਪ੍ਰਚੂਨ ਵਿਕ੍ਰੇਤਾ ਵਾਲਮਾਰਟ ਵੱਲੋਂ ਕੀਮਤਾਂ ਵਿੱਚ ਹੋਰ ਵਾਧਾ ਹੋ ਜਾਣ ਦਾ ਐਲਾਨ ਕਰਨ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਖ਼ਤ ਤਾੜਨਾ ਕਰਦਿਆਂ ਕਿਹਾ ਹੈ ਕਿ ਕੀਮਤਾਂ ਵਿੱਚ ਵਾਧੇ ਦਾ ਦੋਸ਼ ਟੈਰਿਫ਼ ੳੁੱਪਰ ਮੜ੍ਹਨ ਦੀ ਕੋਸ਼ਿਸ਼ ਬੰਦ ਕਰਨ ਦੀ ਲੋੜ ਹੈ। ਵਾਲਮਾਰਟ ਦੇ ਸੀ. ਈ. ਓ. ਡੋਗਲਸ ਮੈਕਮਿਲਨ ਨੇ ਕਿਹਾ ਹੈ ਕਿ
ਟਰੰਪ ਦੇ ਟੈਰਿਫ਼ ਖਾਸ ਤੌਰ ’ਤੇ ਚੀਨੀ ਵਸਤਾਂ ਉੱਪਰ ਬਹੁਤ ਜ਼ਿਆਦਾ ਹੋਣ ਕਾਰਨ ਕੀਮਤਾਂ ਵਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਕੀਮਤਾਂ ਨੂੰ ਘੱਟ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ ਪਰੰਤੂ ਇਸ ਹਫ਼ਤੇ ਟੈਰਿਫ਼ ਘਟਾਉਣ ਦਾ ਐਲਾਨ ਕਰਨ ਦੇ ਬਾਵਜੂਦ ਟੈਰਿਫ਼ ਜਿਆਦਾ ਹਨ ਜਿਸ ਕਾਰਨ ਅਸੀਂ ਦਬਾਅ ਝੱਲ ਨਹੀਂ ਸਕਾਂਗੇ ਕਿਉਂਕਿ ਪਹਿਲਾਂ ਹੀ ਸਮਾਨ ਬਹੁਤ ਘੱਟ ਮੁਨਾਫ਼ੇ ’ਤੇ ਵੇਚਿਆ ਜਾ ਰਿਹਾ ਹੈ। ਟਰੰਪ ਨੇ ਇਸ ਦੇ ਜਵਾਬ ਵਿੱਚ ਸੋਸ਼ਲ ਮੀਡੀਆ ਟਰੁੱਥ ਉੱਪਰ ਕਿਹਾ ਹੈ ਕਿ ਜਿਥੋਂ ਤੱਕ ਵਾਲਮਾਰਟ ਤੇ ਚੀਨ ਦਾ ਸਬੰਧ ਹੈ, ਟੈਰਿਫ਼ ਨੂੰ ਭੁੱਲਣਾ ਪਵੇਗਾ ਤੇ ਗਾਹਕ ਕੋਲੋਂ ਵਾਧੂ ਪੈਸਾ ਨਹੀਂ ਲਿਆ ਜਾਵੇਗਾ। ਮਂੈ ਨਜ਼ਰ ਰੱਖ ਰਿਹਾ ਹਾਂ ਤੇ ਮਂੈ ਤੁਹਾਡਾ ਗਾਹਕ ਵੀ ਹਾਂ। ਦੂਸਰੇ ਪਾਸੇ ਆਰਥਿਕ ਮਾਹਿਰਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਟੈਰਿਫ਼ ਦਾ ਬੋਝ ਗਰੀਬ ਤੇ ਮੱਧ ਵਰਗ ਅਮਰੀਕੀਆਂ ੳੁੱਪਰ ਪਵੇਗਾ ਜੋ ਵਾਲਮਾਰਟ ਦੇ ਮੂਲ ਗਾਹਕ ਹਨ। ਇਹ ਗਾਹਕ ਵਾਲਮਾਰਟ ਕੋਲੋਂ ਬਿਨਾਂ ਕੋਈ ਬਹਿਸ ਕੀਤਿਆਂ ਚੁੱਪਚਾਪ ਖਰੀਦਦਾਰੀ ਕਰਦੇ ਹਨ। ਖਾਸ ਤੌਰ ’ਤੇ ਕਰਿਆਨੇ ਦੀ ਖਰੀਦਦਾਰੀ ਇਨ੍ਹਾਂ ਵੱਲੋਂ ਕੀਤੀ ਜਾਂਦੀ ਹੈ।
ਕੰਪਨੀ ਦੇ ਵਿੱਤ ਵਿਭਾਗ ਦੇ ਮੁਖੀ ਜੌਹਨ ਡੇਵਿਡ ਰੇਨੀ ਨੇ ਕਿਹਾ ਹੈ ਕਿ ਮਈ ਦੇ ਅੰਤ ਵਿੱਚ ਵਾਲਮਾਰਟ ਵੱਲੋਂ ਕੀਮਤਾਂ ਵਿੱਚ ਵਾਧਾ ਲਾਗੂ ਹੋਣ ਦੀ ਸੰਭਾਵਨਾ ਹੈ ਤੇ ਜੂਨ ਵਿੱਚ ਕੀਮਤਾਂ ਹੋਰ ਵਧ ਜਾਣਗੀਆਂ। ਹਾਲ ਹੀ ਵਿੱਚ ਅਮਰੀਕਾ ਤੇ ਚੀਨ ਵਿਚਾਲੇ 90 ਦਿਨਾਂ ਲਈ ਹੋਈ ਸਹਿਮਤੀ ਤਹਿਤ ਚੀਨੀ ਦਰਾਮਦ ੳੁੱਪਰ 30% ਟੈਰਿਫ਼ ਲੱਗੇਗਾ ਤੇ ਅਮਰੀਕੀ ਵਸਤਾਂ ਉੱਪਰ ਚੀਨ 10% ਟੈਰਿਫ਼ ਵਸੂਲੇਗਾ। ਇਥੇ ਜ਼ਿਕਰਯੋਗ ਹੈ ਕਿ ਵਾਲਮਾਰਟ ਦੇ ਅਮਰੀਕਾ ਵਿੱਚ 4600 ਤੋਂ ਵਧ ਟੋਰ ਹਨ ਤੇ ਉਹ ਕੈਨੇਡਾ,ਚੀਨ, ਮੈਕਸੀਕੋ ਤੇ ਵਿਅਤਨਾਮ ਸਮੇਤ ਹੋਰ ਦੇਸ਼ਾਂ ਤੋਂ ਦਰਾਮਦ ਕਰਦਾ ਹੈ।