ਸੈਕਰਾਮੈਂਟ,ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਡਾਊਨਟਾਊਨ ਸਿਆਟਲ ਨੇੜੇ ਹੋਈ ਗੋਲੀਬਾਰੀ ਵਿੱਚ ਇੱਕ ਔਰਤ ਸਮੇਤ 3 ਵਿਅਕਤੀਆਂ ਦੇ ਮਾਰੇ ਜਾਣ ਤੇ ਇੱਕ ਹੋਰ ਦੇ ਗੰਭੀਰ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ। ਸਿਆਟਲ ਪੁਲਿਸ ਵਿਭਾਗ ਵੱਲੋਂ ਜਾਰੀ ਇੱਕ ਪ੍ਰੈਸ ਬਿਆਨ ਅਨੁਸਾਰ ਸੂਚਨਾ ਮਿਲਣ ’ਤੇ ਪੁਲਿਸ ਅਫ਼ਸਰ ਪਾਇਓਨੀਰ ਸਕੁਏਅਰ ਨੇੜੇ ਘਟਨਾ ਸਥਾਨ ’ਤੇ ਅੱਧੀ ਰਾਤ ਬਾਅਦ 1
ਵਜੇ ਪੁੱਜੇ। ਮੌਕੇ ਉਪਰ ਇੱਕ ਔਰਤ ਸਮੇਤ 4 ਵਿਅਕਤੀ ਬੇਸੁੱਧ ਹਾਲਤ ਵਿੱਚ ਮਿਲੇ ਜਿਨ੍ਹਾਂ ਦੇ ਗੋਲੀਆਂ ਵੱਜੀਆਂ ਹੋਈਆਂ ਸਨ। ਜਿਨ੍ਹਾਂ ਵਿਚੋਂ ਇੱਕ ਔਰਤ ਸਮੇਤ 3 ਜਣਿਆਂ ਨੂੰ ਮੌਕੇ ਉੱਪਰ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਜਦ ਕਿ ਚੌਥੇ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਾਰਬੋਰਵਿਊ ਮੈਡੀਕਲ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਵਿਭਾਗ ਦੇ ਬਰੀਅਨ ਪ੍ਰਿਚਰਡ ਨੇ ਈ ਮੇਲ ’ਤੇ ਭੇਜੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਗੋਲੀਬਾਰੀ ਦੇ ਕਾਰਨ ਬਾਰੇ ਜਾਂਚ ਕੀਤੀ ਜਾ ਰਹੀ ਤੇ ਅਜੇ ਤੱਕ ਇਸ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।