ਸਿੱਖ ਚਿੰਤਨ , ਦਰਪੇਸ਼ ਚੁਣੌਤੀਆਂ ਬਨਾਮ ਸਿੱਖ ਨੀਤੀ

In ਮੁੱਖ ਲੇਖ
May 22, 2025
ਡਾਕਟਰ ਧਰਮ ਸਿੰਘ : ਸਿੱਖ, ਧਰਮ ਗ੍ਰੰਥ, ਇਤਿਹਾਸ, ਦਰਸ਼ਨ, ਰਹਿਤ ਮਰਯਾਦਾ ਅਤੇ ਸਿੱਖ ਸੰਸਥਾਵਾਂ ਬਾਰੇ ਚਿੰਤਨ-ਮੰਥਨ ਕਰਨ ਦਾ ਕੰਮ, ਕਿਸੇ ਨਾ ਕਿਸੇ ਰੂਪ ਵਿਚ ਮੱਧ ਕਾਲ ਤੋਂ ਹੁੰਦਾ ਆਇਆ ਹੈ ਪਰ ਜਦੋਂ ਤੋਂ ਵਿੱਦਿਆ ਦੇ ਪਸਾਰ ਅਤੇ ਤਰਕ ਵਿਗਿਆਨ ਨੇ ਜ਼ੋਰ ਫੜਿਆ ਹੈ, ਉਦੋਂ ਤੋਂ ਇਸ ਨੂੰ ਕਈ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਵਿਵਾਦ ਬੇਸ਼ੱਕ ਪਹਿਲਾਂ ਵੀ ਪੈਦਾ ਹੁੰਦੇ ਰਹੇ ਹਨ ਪਰ ਉਹ ਏਨੇ ਪ੍ਰਚੰਡ, ਬਦਲਾ-ਲਊ ਜਾਂ ਕਾਨੂੰਨੀ ਪ੍ਰਕਿਰਿਆਵਾਂ ਵਿਚ ਨਹੀਂ ਸਨ ਉਲਝਦੇ ।ਉਂਜ ਵੀ ਪਹਿਲਾਂ ਨੈਤਿਕ ਅਤੇ ਸਦਾਚਾਰਕ ਗੁਣ ਜਿਵੇਂ ਸਹਿਣਸ਼ੀਲਤਾ, ਸਬਰ, ਧੀਰਜ ਅਤੇ ਸਿੱਖਣ ਦੀ ਜਿਗਿਆਸਾ ਵਧੇਰੇ ਹੋਣ ਕਰਕੇ ਅਜਿਹੀ ਸਥਿਤੀ ਕਦੇ ਨਹੀਂ ਸੀ ਬਣੀ ।ਅੱਜਕਲ੍ਹ ਸਾਡੀਆਂ ਧਾਰਮਿਕ ਭਾਵਨਾਵਾਂ ਵੀ ਏਨੀਆਂ ਕਮਜ਼ੋਰ ਹੋ ਗਈਆਂ ਹਨ ਕਿ ਇਨ੍ਹਾਂ ਨੂੰ ਠੇਸ ਵੀ ਬੜੀ ਜਲਦੀ ਲੱਗ ਜਾਂਦੀ ਹੈ । ਅਜੋਕੇ ਸਿੱਖ ਚਿੰਤਨ ਨੂੰ ਸਭ ਤੋਂ ਪਹਿਲੀ ਤੇ ਬਹੁਤ ਗੰਭੀਰ ਚੁਣੌਤੀ ਸਿੱਖ ਸਮਾਜ ਦਾ ਅਸਹਿਣਸ਼ੀਲ ਅਤੇ ਬੇਸਬਰੇ ਹੋਣਾ ਹੈ । ਅਗਿਆਨਤਾ, ਮਨੋਰਥ-ਸਿੱਖੀ ਆਦਿ ਕਾਰਨਾਂ ਕਰਕੇ ਅਸਹਿਣਸ਼ੀਲਤਾ ਘਟਣ ਦੀ ਬਜਾਏ ਵਧੀ ਹੈ । ਗੁਰੂ ਸਾਹਿਬਾਨ ਨੇ ਤਾਂ ਸਿੱਖ ਨੂੰ ਸੰਵਾਦ ਜਾਂ ਗੋਸ਼ਟੀ ਦੀ ਬਖਸ਼ਿਸ਼ ਕੀਤੀ ਹੈ ਪਰ ਅੱਜ ਅਸੀਂ ਉਹ ਸਭ ਕੁਝ ਭੁੱਲ ਕੇ ਹਠਧਰਮੀ ਹੋ ਗਏ ਹਾਂ ।ਸੰਵਾਦ ਜਾਂ ਗੋਸ਼ਟੀ ਦਾ ਮਤਲਬ ਹੀ ਏਹੀ ਹੈ ਕਿ ਆਪਣੀ ਗੱਲ ਕਹੋ ਅਤੇ ਦੂਸਰੇ ਦੀ ਸੁਣੋ | ਅਸੀਂ ਆਪਣੀ ਗੱਲ ਤਾਂ ਸੁਣਾਉਣੀ ਚਾਹੁੰਦੇ ਹਾਂ ਪਰ ਦੂਜੇ ਦੀ ਸੁਣਨ ਲਈ ਤਿਆਰ ਨਹੀਂ | ਸ਼ਾਸਤ੍ਰਰਥ ਵੀ ਸੰਵਾਦ ਦਾ ਹੀ ਦੂਜਾ ਨਾਂਅ ਹੈ, ਜੋ 19ਵੀਂ ਅਤੇ 20ਵੀਂ ਸਦੀ ਵਿਚ ਵਧੇਰੇ ਪ੍ਰਚੱਲਿਤ ਰਹੀ । ਗਿਆਨੀ ਦਿੱਤ ਸਿੰਘ ਦੀ ਇਕ ਪੁਸਤਕ ਦਾ ਤਾਂ ਨਾਂਅ ਹੀ ਹੈ 'ਮੇਰਾ ਤੇ ਸਵਾਮੀ ਦਯਾਨੰਦ ਦਾ ਸੰਵਾਦ' ਹੈ | ਅਕਾਦਮਿਕ ਤਕਾਜ਼ਾ ਇਹ ਮੰਗ ਕਰਦਾ ਹੈ ਕਿ ਹਰ ਤਰ੍ਹਾਂ ਦੇ ਵਿਚਾਰਾਂ ਨੂੰ ਥਾਂ ਦਿੱਤੀ ਜਾਵੇ ।ਜੇਕਰ ਕਿਸੇ ਪਾਠਕ ਨੂੰ ਕਿਸੇ ਲੇਖਕ ਦੇ ਵਿਚਾਰਾਂ ਨਾਲ ਅਸਹਿਮਤੀ ਹੈ ਤਾਂ ਉਹ ਇਸ ਨੂੰ ਉਸ ਅਖ਼ਬਾਰ/ਰਸਾਲੇ ਰਾਹੀਂ ਪ੍ਰਗਟ ਕਰਕੇ ਸੰਵਾਦ ਨੂੰ ਅੱਗੇ ਤੋਰ ਸਕਦਾ ਹੈ | ਸੰਵਾਦ ਗਿਆਨ ਦੇ ਵਿਕਾਸ ਜਾਂ ਵਾਧੇ ਦੀ ਨਿਸ਼ਾਨੀ ਹੈ । ਦੂਜੀ ਵੱਡੀ ਚੁਣੌਤੀ ਗੁਰਬਾਣੀ ਦੇ ਗਹਿਰੇ ਅਰਥਾਂ ਨੂੰ ਸਮਝਣ ਵਿਚ ਹੈ । ਹਰ ਲੇਖਕ ਨੇ ਆਪਣੀ ਦਲੀਲ ਦਾ ਆਧਾਰ ਗੁਰਬਾਣੀ ਨੂੰ ਬਣਾਉਣਾ ਹੁੰਦਾ ਹੈ ਅਤੇ ਉਹ ਮੁਸ਼ਕਿਲ ਸ਼ਬਦ ਦੇ ਅਰਥ ਕਿਸ ਟੀਕਾਕਾਰ ਦੇ ਸਵੀਕਾਰ ਕਰੇ ।ਇਹ ਇਕ ਵੱਡਾ ਮਸਲਾ ਹੈ। ਟੀਕਾਕਾਰੀ ਵਿਚ ਅੰਤਰਮੁਖਤਾ ਦਾ ਆ ਜਾਣਾ ਸੁਭਾਵਿਕ ਹੈ, ਹਾਲਾਂਕਿ ਇਸ ਤੋਂ ਟੀਕਾਕਾਰ ਨੂੰ ਬਚਣਾ ਚਾਹੀਦਾ ਹੈ ।ਭਾਵ 'ਦੀਨ' ਸ਼ਬਦ ਜੋ ਫਾਰਸੀ ਦਾ ਹੈ, ਇਸ ਦੇ ਅਰਥ, ਫਾਰਸੀ-ਪੰਜਾਬੀ ਕੋਸ਼ ਅਨੁਸਾਰ ਹਨ, ਮਜ਼੍ਹਬ, ਪੰਥ, ਮੁਸਲਮਾਨੀ ਧਰਮ, ਹਿਸਾਬ, ਬਦਲਾ ਲੈਣਾ ਆਦਿ ।ਕਈ ਟੀਕਾਕਾਰਾਂ ਨੇ ਦੀਨ ਦੇ ਅਰਥ ਕਮਜ਼ੋਰ, ਲਾਚਾਰ ਅਤੇ ਸਾਹ-ਸਤਹੀਣ ਵੀ ਕੀਤੇ ਹਨ । ਭਗਤ ਕਬੀਰ ਜੀ ਦੇ ਸ਼ਬਦਾਂ ਵਿਚ ਰਣ-ਤੱਤੇ ਵਿਚ ਜੂਝਣ ਅਤੇ ਧਰਮ ਲਈ ਯੁੱਧ ਕਰਨ ਵਾਲੇ ਨੂੰ 'ਸੂਰਾ' ਕਿਹਾ ਗਿਆ ਹੈ ।ਸਾਮੀ ਪਿਛੋਕੜ ਵਾਲੇ ਕਈ ਸ਼ਬਦਾਂ ਜਿਵੇਂ ਸ਼ਹੀਦ, ਗਾਜ਼ੀ, ਕਾਫ਼ਰ, ਮਹਿਰਮ ਅਤੇ ਸਬੱਬ ਹਨ ।ਅਸਲ ਵਿਚ ਇਹ ਸਾਰੇ ਸੰਕਲਪਾਤਮਕ ਸ਼ਬਦ ਹਨ ਜੋ ਬਹੁਤ ਸੋਚ ਵਿਚਾਰ ਦੀ ਮੰਗ ਕਰਦੇ ਹਨ । ਅਗਲੀ ਚੁਣੌਤੀ ਅਖ਼ਬਾਰਾਂ/ਰਿਸਾਲਿਆਂ ਵਿਚ ਗੁਰਬਾਣੀ ਤੁਕਾਂ ਨੂੰ ਛਾਪਣ ਜਾਂ ਨਾ ਛਾਪਣ ਦੀ ਹੈ | ਪਿ੍ੰਟ ਮੀਡੀਆ ਅੱਜ ਦੇ ਯੁੱਗ ਦਾ ਇਕ ਪ੍ਰਭਾਵਸ਼ਾਲੀ ਮਾਧਿਅਮ ਹੈ ਅਤੇ ਪੁਸਤਕਾਂ/ਰਿਸਾਲਿਆਂ ਨੂੰ ਡਿਜੀਟਲ ਤਰੀਕੇ ਨਾਲ ਸੁਰੱਖਿਅਤ ਕਰਨ ਦੇ ਕਈ ਨਵੇਂ ਢੰਗ ਤਰੀਕੇ ਵੀ ਆ ਗਏ ਹਨ ।ਕੁਝ ਲੋਕਾਂ ਦਾ ਵਿਚਾਰ ਹੈ ਕਿ ਅਖ਼ਬਾਰਾਂ/ਰਸਾਲਿਆਂ ਵਿਚ ਛਪਣ ਨਾਲ ਪਵਿੱਤਰ ਗੁਰਬਾਣੀ ਦੀ ਬੇਅਦਬੀ ਹੁੰਦੀ ਹੈ, ਇਸ ਲਈ ਅਜਿਹਾ ਨਹੀਂ ਹੋਣਾ ਚਾਹੀਦਾ ।ਸਾਡੇ ਵਿਚਾਰ ਵਿਚ ਇਹ ਸੋਚ ਗੁਰਬਾਣੀ ਦੇ ਪ੍ਰਚਾਰ/ਪਸਾਰ ਨੂੰ ਢਾਹ ਲਾਉਣ ਵਾਲੀ ਹੈ | ਪਰ ਇਹ ਪਾਠਕ ਉੱਪਰ ਹੀ ਨਿਰਭਰ ਕਰੇਗਾ ਕਿ ਉਹ ਅਜਿਹੀ ਸਮੱਗਰੀ ਦੀ ਸਾਂਭ-ਸੰਭਾਲ ਕਿਵੇਂ ਕਰੇਗਾ । ਪਾਬੰਦੀ ਨਾ ਅਖ਼ਬਾਰਾਂ/ਰਸਾਲਿਆਂ ਉੱਪਰ ਲਾਉਣੀ ਯੋਗ ਹੋਵੇਗੀ, ਨਾ ਲੇਖਕ ਨੂੰ ਗੁਰਬਾਣੀ ਜਾਂ ਧਰਮ ਬਾਰੇ ਲਿਖਣ ਤੋਂ ਵਰਜਣਾ ਚਾਹੀਦਾ ਹੈ । ਮੱਧਯੁੱਗ ਵਿਚ ਲਿਖੇ ਗਏ ਗ੍ਰੰਥਾਂ ਵਿਚ ਪੌਰਾਣਿਕ ਪ੍ਰਭਾਵ ਕਾਫ਼ੀ ਹੈ । ਇਹ ਪ੍ਰਭਾਵ ਤਤਕਾਲੀ ਸੋਚ, ਵਿਰਾਸਤ ਪ੍ਰਤੀ ਮੋਹ ਅਤੇ ਸੱਭਿਆਚਾਰਕ ਪ੍ਰਸਥਿਤੀਆਂ ਦੀ ਦੇਣ ਹੈ ।ਅਸੀਂ ਇੱਕੀਵੀਂ ਸਦੀ ਵਿਚ ਖਲੋਅ ਕੇ ਜਦ ਇਨ੍ਹਾਂ ਗ੍ਰੰਥਾਂ ਦਾ ਅਧਿਐਨ ਕਰਦੇ ਹਾਂ ਤਾਂ ਸਾਨੂੰ ਇਨ੍ਹਾਂ ਵਿਚਲੀਆਂ ਕਈ ਗੱਲਾਂ ਕਲਪਨਾ ਤੋਂ ਵੱਧ ਕੁਝ ਨਹੀਂ ਲਗਦੀਆਂ | ਕਵੀ ਸੈਨਾਪਤੀ, ਕਵੀ ਸੋਹਣ, ਕਵੀ ਕੋਇਰ ਸਿੰਘ, ਕੇਸਰ ਸਿੰਘ ਛਿੱਬਰ, ਭਾਈ ਸੰਤੋਖ ਸਿੰਘ ਅਤੇ ਗਿ. ਗਿਆਨ ਸਿੰਘ ਆਦਿ ਕਵੀਆਂ ਦੇ ਗ੍ਰੰਥਾਂ ਉੱਪਰ ਇਹ ਪ੍ਰਭਾਵ ਬੜਾ ਗਹਿਰਾ ਹੈ । ਕੇਵਲ ਇਨ੍ਹਾਂ ਗ੍ਰੰਥਾਂ ਵਿਚ ਹੀ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦੋ-ਚਾਰ-ਦਸ ਨਹੀਂ, ਸਗੋਂ ਸੈਂਕੜੇ ਹਵਾਲੇ ਭਾਰਤੀ ਇਤਿਹਾਸ/ਮਿਥਿਹਾਸ ਵਿਚੋਂ ਲਏ ਗਏ ਹਨ ।ਇਨ੍ਹਾਂ ਹਵਾਲਿਆਂ ਦੀ ਵਰਤੋਂ ਬਹੁਤੀ ਵਾਰੀ ਕਿਸੇ ਨਾ ਕਿਸੇ ਗੁਰਮਤਿ ਸਿਧਾਂਤ ਦੀ ਵਿਆਖਿਆ, ਪ੍ਰੋੜ੍ਹਤਾ ਜਾਂ ਨਕਾਰਣ ਵਿਚ ਹੈ ਪਰ ਕਈ ਵਾਰੀ ਕਿਸੇ ਹਵਾਲੇ ਨੂੰ ਪ੍ਰਸੰਗ ਨਾਲ 'ਵਿਛੁੰਨ ਕੇ ਜਾਂ ਨਿਖੇੜ ਕੇ ਪੜ੍ਹਿਆ ਜਾਵੇਗਾ ਤਾਂ ਅਰਥ ਵਿਚ ਜ਼ਰੂਰ ਹੀ ਅੰਤਰ ਆਵੇਗਾ ।ਗੁਰਬਾਣੀ ਦੇ ਅਰਥ ਜਾਣੇ ਬਿਨਾਂ ਪਾਠ ਕਰਨਾ ਚਾਹੀਦਾ ਹੈ ਜਾਂ ਨਹੀਂ? ਇਸ ਬਾਰੇ ਵੀ ਵਿਚਾਰਾਂ ਵਿਚ ਸੰਮਤੀ ਹੋਣੀ ਜ਼ਰੂਰੀ ਨਹੀਂ । ਸਾਨੂੰ ਅੱਜ ਵੀ ਚੰਗੀ ਤਰ੍ਹਾਂ ਯਾਦ ਹੈ ਕਿ ਪਹਿਲਾਂ ਸ੍ਰੀ ਦਰਬਾਰ ਸਾਹਿਬ, ਅੰਮਿ੍ਤਸਰ ਦੇ ਮੁੱਖ ਗ੍ਰੰਥੀ ਰਹੇ ਅਤੇ ਫਿਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹੇ ਸਵਰਗੀ ਭਾਈ ਜੋਗਿੰਦਰ ਸਿੰਘ ਵੇਦਾਂਤੀ ਨੇ ਕਵੀ ਸੋਹਣ ਦੇ ਕਹੇ ਜਦੋਂ ਗੁਰਬਿਲਾਸ ਪਾਤਸ਼ਾਹੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਪਾਦਿਤ ਕਰਕੇ ਛਾਪਿਆ ਤਾਂ ਇਸ ਉੱਪਰ ਵਿਵਾਦ ਖੜ੍ਹਾ ਹੋ ਗਿਆ ।ਲੋੜ ਅਜਿਹੇ ਗ੍ਰੰਥਾਂ ਤੋਂ ਨੱਕ-ਮੂੰਹ ਵੱਟਣ ਦੀ ਨਹੀਂ, ਸਗੋਂ ਯੋਗ ਢੰਗ ਨਾਲ ਉਨ੍ਹਾਂ ਦਾ ਵਿਸ਼ਲੇਸ਼ਣ ਕਰਕੇ ਪੌਰਾਣਿਕ ਜਾਂ ਅਜਿਹੇ ਪ੍ਰਭਾਵ ਦੇ ਕਾਰਨਾਂ ਨੂੰ ਲੱਭਣ ਦੀ ਹੈ ।ਸਿੱਖ ਚਿੰਤਨ ਵਿਚ ਪਹਿਲਾਂ ਹੀ ਵਿਦਵਾਨਾਂ ਦੀ ਘਾਟ ਹੈ, ਜੇਕਰ ਅਸੀਂ ਉਨ੍ਹਾਂ ਦੀ ਦਿਲ-ਆਜ਼ਾਰੀ ਕਰਦੇ ਰਹਾਂਗੇ ਤਾਂ ਉਹ ਨਿਸ਼ਚੈ ਹੀ ਨਿਰਾਸ਼ ਵੀ ਹੋਣਗੇ । ਸਿੱਖ ਚਿੰਤਨ ਨੂੰ ਦਰਪੇਸ਼ ਚੁਣੌਤੀਆਂ ਤੋਂ ਭੱਜਣ ਦੀ ਥਾਂ, ਇਨ੍ਹਾਂ ਦੇ ਰੂ-ਬਰੂ ਹੋ ਕੇ ਇਨ੍ਹਾਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ ।

Loading