ਕਵਿਤਾ

ਮਿਰਚ ਮਸਾਲਾ ਪੂਰਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਰੋਟੀ ਫਿੱਕੀ ਅਤੇ ਅਧੂਰੀ ਹੈ। ਸਵਾਦਾਂ ਨੇ ਹੈ ਪੱਟੀ ਦੁਨੀਆ ਰੱਜ ਰੱਜ ਕੇ, ਹਰੇਕ ਤੋਂ ਅੱਗੇ ਹੁੰਦੇ ਲੋਕੀਂ ਭੱਜ ਭੱਜ ਕੇ। ਕੋਈ ਕਹਿੰਦਾ ਮੇਰੀ ਵਧੀਆ ਤਰਕਾਰੀ ਹੈ, ਤੇ ਦੂਜਾ ਕਹਿੰਦਾ ਮੇਰੀ ਇਸ 'ਤੇ ਸਰਦਾਰੀ ਹੈ। ਘੁਮਿਆਰੀ ਭਾਂਡਾ ਅਪਣਾ ਸਦਾ ਸਲਾਹੁੰਦੀ ਹੈ, ਦੂਜੇ ਦੀ ਭੰਡੀ ਕਰਕੇ ਰੋਅਬ ਜਮਾਉਂਦੀ ਹੈ। ਉਹ ਵੀ ਮੌਕਾ ਸੀ ਰੁੱਖੀ ਹੀ ਮਿਲਦੀ ਸੀ, ਲੂਣ ਦੀ ਚੁਟਕੀ ਨਾਲ ਤਬੀਅਤ ਖਿਲਦੀ ਸੀ। ਗੰਢੇ ਅਤੇ ਅਚਾਰ ਹੀ ਬੜੀ ਨਿਆਮਤ ਸਨ, ਗੁੜ ਦੀ ਰੋੜੀ ਖਾ ਕੇ ਹੋ ਜਾਂਦੇ ਸੀ ਪਰਸੰਨ। ਬਰਗਰ, ਪੀਜ਼ੇ, ਨੂਡਲ, ਸਾਨੂੰ ਪੱਟ ਗਏ, ਚਲਾਕ ਚਲਾਕੀ ਕਰਕੇ ਖੱਟੀ ਖੱਟ ਗਏ। ਪਤਾ ਨੀਂ ਚੱਲਿਆ ਜੀਭ ਨੇ ਧੋਖਾ ਕਦ ਦਿੱਤਾ, ਕਿਸ ਦੇ ਪਿੱਛੇ ਲੱਗ ਕੇ ਝੁੱਗਾ ਪੱਟ ਦਿੱਤਾ। ਸਿਹਤਾਂ ਵਿਗੜੀਆਂ ਢੇਰ ਬੀਮਾਰੀਆਂ ਲੱਗ ਗਈਆਂ, ਉਲਟੀਆਂ ਪੁਲਟੀਆਂ ਆਦਤਾਂ ਹਰ ਘਰ ਵੜ ਗਈਆਂ। ਵਫਾਦਾਰੀ ਨਿਭਾਉਂਦੇ ਸਭ ਅੰਗ ਨਿਢਾਲ ਹੋਏ, ਬੇਵਫ਼ਾਈ ਜੀਭ ਦੀ ਸਹਿੰਦੇ ਹਾਲੋਂ ਬੇਹਾਲ ਹੋਏ। ਮੋੜ ਮੁੜ ਗਏ ਹਾਂ ਬਹੁਤ ਹੁਣ ਮੋੜਾ ਨਹੀਂ ਪੈਣਾ, ਖੁਸ ਗਿਆ ਹੈ ਸਿਹਤ ਦਾ ਅਤਿ ਸੁੰਦਰ ਗਹਿਣਾ। ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

Loading