
ਕੈਥਲ: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਸਤਗੜ੍ਹ ਪਿੰਡ ਦੇ ਦਵਿੰਦਰ ਸਿੰਘ ਦੇ ਹੱਕ ਵਿੱਚ ਆਉਂਦਿਆਂ ਸਰਕਾਰ ਤੋਂ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਦਵਿੰਦਰ ਸਿੰਘ, ਜਿਸ ਨੂੰ ਪਾਕਿਸਤਾਨ ਲਈ ਜਾਸੂਸੀ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ, ਦੇ ਮਾਮਲੇ ਦੀ ਪੜਤਾਲ ਲਈ ਕਮੇਟੀ ਨੇ ਪੰਜ ਮੈਂਬਰੀ ਜਾਂਚ ਟੀਮ ਬਣਾਈ ਹੈ। ਇਸ ਟੀਮ ਦੀ ਅਗਵਾਈ ਸਾਬਕਾ ਚੇਅਰਮੈਨ ਜਗਦੀਸ਼ ਸਿੰਘ ਝੀਂਡਾ ਕਰ ਰਹੇ ਨੇ।ਝੀਂਡਾ ਨੇ ਕੈਥਲ ਦੀ ਐਸਐਸਪੀ ਆਸਥਾ ਨਾਲ ਮੁਲਾਕਾਤ ਕਰਕੇ ਦਵਿੰਦਰ ਦੇ ਮਾਮਲੇ ਵਿਚ ਸੁਤੰਤਰ ਜਾਂਚ ਦੀ ਅਪੀਲ ਕੀਤੀ। ਝੀਂਡਾ ਨੇ ਦੱਸਿਆ ਕਿ ਦਵਿੰਦਰ ਸਿਰਫ਼ ਪਾਕਿਸਤਾਨ ਵਿਚ ਸਿੱਖ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਗਿਆ ਸੀ, ਪਰ ਸਰਕਾਰ ਨੇ ਉਸ 'ਤੇ ਜਾਸੂਸੀ ਦਾ ਝੂਠਾ ਇਲਜ਼ਾਮ ਲਾਇਆ। ਉਨ੍ਹਾਂ ਕਿਹਾ ਕਿ ਓਹ ਅਜੇ ਬਹੁਤ ਛੋਟਾ ਹੈ, ਪਾਕਿਸਤਾਨ ਵਿਚ ਕੌਣ ਕਿਸ ਨਾਲ ਮਿਲਦਾ, ਇਹ ਸਮਝਣਾ ਮੁਸ਼ਕਿਲ ਹੈ।ਸਾਈਬਰ ਟੀਮ ਨੇ ਦਵਿੰਦਰ ਦੇ ਮੋਬਾਈਲ 'ਚੋਂ ਡਾਟਾ ਜੁਟਾਇਆ ਹੈ, ਜਿਸ ਦੇ ਆਧਾਰ 'ਤੇ ਪੁਲਿਸ ਨੇ ਉਸ 'ਤੇ ਜਾਸੂਸੀ ਦਾ ਦੋਸ਼ ਲਾਇਆ।
ਡੀਐਸਪੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਐਸਆਈਟੀ ਦਵਿੰਦਰ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕਰ ਰਹੀ ਹੈ।
ਕਰਤਾਰਪੁਰ ਲਾਂਘਾ ਬੰਦ ਅਤੇ ਸਿੱਖਾਂ ਵਿਚ ਰੋਸ
ਕਰਤਾਰਪੁਰ ਸਾਹਿਬ ਲਾਂਘੇ ਦੇ ਬੰਦ ਹੋਣ ਨਾਲ ਸਿੱਖ ਭਾਈਚਾਰੇ 'ਚ ਸਰਕਾਰ ਵਿਰੁੱਧ ਗੁੱਸਾ ਵਧ ਰਿਹਾ ਹੈ। ਸਿੱਖ ਜਥੇਬੰਦੀਆਂ ਦਾ ਮੰਨਣਾ ਹੈ ਕਿ ਪਾਕਿਸਤਾਨ 'ਚ ਸਿੱਖ ਗੁਰਦੁਆਰਿਆਂ ਦੀ ਯਾਤਰਾ 'ਤੇ ਸ਼ੱਕ ਕਰਨਾ ਸਿੱਖ ਭਾਵਨਾਵਾਂ ਨਾਲ ਖਿਲਵਾੜ ਹੈ। ਕਰਤਾਰਪੁਰ ਲਾਂਘਾ, ਜੋ ਸਿੱਖਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਧਰਤੀ 'ਤੇ ਜਾਣ ਦਾ ਮੌਕਾ ਦਿੰਦਾ ਸੀ, ਬੰਦ ਕਰਨ ਦਾ ਕਾਰਨ ਸਰਕਾਰ ਨੇ ਸੁਰੱਖਿਆ ਮੁੱਦੇ ਦੱਸੇ ਹਨ। ਪਰ ਸਿੱਖ ਜਥੇਬੰਦੀਆਂ, ਜਿਨ੍ਹਾਂ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ), ਦਮਦਮੀ ਟਕਸਾਲ ਅਤੇ ਹੋਰ ਨਿਹੰਗ ਸਿੰਘ ਜਥੇਬੰਦੀਆਂ ਸ਼ਾਮਲ ਨੇ, ਇਸ ਦਾ ਸਖ਼ਤ ਵਿਰੋਧ ਕੀਤਾ। ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ, "ਸਰਕਾਰ ਸਿੱਖਾਂ ਦੇ ਧਾਰਮਿਕ ਅਧਿਕਾਰਾਂ 'ਤੇ ਰੋਕ ਲਾਉਣ ਦੀ ਸਾਜ਼ਿਸ਼ ਕਰ ਰਹੀ ਹੈ। ਕਰਤਾਰਪੁਰ ਲਾਂਘਾ ਬੰਦ ਕਰਨਾ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਕਦਮ ਹੈ।"