ਆਸਾ ਸਿੰਘ ਮਸਤਾਨਾ ਨੂੰ ਯਾਦ ਕਰਦਿਆਂ…

ਆਸਾ ਸਿੰਘ ਮਸਤਾਨਾ ਦਾ ਜ਼ਿਕਰ ਛਿੜਦਿਆਂ ਹੀ ਸਾਡੇ ਕੰਨਾਂ ’ਚ ‘ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀਂ’, ‘ਮੈਨੂੰ ਤੇਰਾ ਸ਼ਬਾਬ ਲੈ ਬੈਠਾ, ਰੰਗ ਗੋਰਾ ਗੁਲਾਬ ਲੈ ਬੈਠਾ’, ‘ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ’ ਜਾਂ ‘ਪੇਕੇ ਜਾਣ ਵਾਲੀਏ’ ਵਰਗੇ ਸਦਾਬਹਾਰ ਗੀਤ ਗੂੰਜਣ ਲੱਗ ਪੈਂਦੇ ਹਨ ਕਿਉਂਕਿ ਮਸਤਾਨਾ ਜੀ ਸਿਰਫ਼ ਇੱਕ ਪੰਜਾਬੀ ਗਾਇਕ ਹੀ ਨਹੀਂ ਬਲਕਿ ਪੰਜਾਬੀ ਲੋਕ ਗਾਇਕੀ ਦਾ ਇੱਕ ਯੁੱਗ ਸੀ। ਉਨ੍ਹਾਂ ਦੀ ਗਾਇਕੀ ਵਿੱਚ ਸ਼ਹਿਦ ਦੀ ਮਿਠਾਸ ਵਰਗਾ ਸੁਆਦ, ਗੁਲਾਬ ਦੇ ਫੁੱਲ ਵਰਗੀ ਮਹਿਕ, ਅੱਲ੍ਹੜ ਕੁੜੀ ਦੇ ਹਾਸੇ ਵਰਗਾ ਅੰਦਾਜ਼ ਤੇ ਨਿਰੰਤਰ ਚੱਲ ਰਹੇ ਪਾਣੀ ਵਰਗਾ ਵਹਾਅ ਸੀ। ਦੋਗਾਣਾ ਗਾਇਕੀ ਦੇ ਦੌਰ ’ਚ ਵੀ ਉਨ੍ਹਾਂ ਨੇ ਆਪਣੇ ਸੋਲੋ ਸਾਹਿਤਕ ਗੀਤਾਂ ਰਾਹੀਂ ਮਕਬੂਲੀਅਤ ਹਾਸਲ ਕੀਤੀ। ਜਿਵੇਂ ਕਿ ਉਨ੍ਹਾਂ ਦੀ ਆਵਾਜ਼ ਵਿੱਚ ਸ਼ਿਵ ਕੁਮਾਰ ਬਟਾਲਵੀ ਦਾ ਗੀਤ ‘ਮੈਨੂੰ ਤੇਰਾ ਸ਼ਬਾਬ ਲੈ ਬੈਠਾ’ ਤੇ ਨੰਦ ਲਾਲ ਨੂਰਪੁਰੀ ਦਾ ਗੀਤ ‘ਬੱਲੇ ਨੀਂ ਪੰਜਾਬ ਦੀਏ ਸ਼ੇਰ ਬੱਚੀਏ’ ਕਾਫ਼ੀ ਚਰਚਿਤ ਰਹੇ ਤੇ ਅੱਜ ਵੀ ਰੇਡੀਓ ’ਤੇ ਚਿੱਠੀਆਂ ਰਾਹੀਂ ਜਾਂ ਫੋਨਾਂ ਰਾਹੀਂ ਲੋਕ ਇਨ੍ਹਾਂ ਗੀਤਾਂ ਦੀ ਵਾਰ-ਵਾਰ ਫਰਮਾਇਸ਼ ਕਰਦੇ ਹਨ। ਉਹ ਆਪਣੀ ਗਾਇਕੀ ਰਾਹੀਂ ਕਾਮੇਡੀ ਭਰਪੂਰ ਗੀਤਾਂ ਦੀ ਪੇਸ਼ਕਾਰੀ ਵੀ ਕਰਦੇ ਸਨ ਜਿਵੇਂ ਕਿ ਉਨ੍ਹਾਂ ਦਾ ਇੱਕ ਗੀਤ ‘ਮੈਨੂੰ ਲੋਕਾਂ ਦਿੱਤੀ ਵਧਾਈ ਕਾਕਾ ਜੰਮ ਪਿਆ’ ਬਹੁਤ ਮਕਬੂਲ ਹੋਇਆ। ਇਸ ਤਰ੍ਹਾਂ ਉਨ੍ਹਾਂ ਦੀ ਗਾਇਕੀ ਵਿੱਚ ਮਿਆਰ ਤੇ ਸਾਦਗੀ ਝਲਕਦੀ ਹੈ। ਅਸਲ ਜ਼ਿੰਦਗੀ ਵਿੱਚ ਵੀ ਉਹ ਸਾਦਗੀ ਪਸੰਦ ਇਨਸਾਨ ਸਨ। ਆਸਾ ਸਿੰਘ ਮਸਤਾਨਾ ਦਾ ਜਨਮ 22 ਅਗਸਤ 1927 ਨੂੰ ਸ਼ੇਖਪੁਰਾ ਪਾਕਿਸਤਾਨ ਵਿਖੇ ਪਿਤਾ ਪ੍ਰੀਤਮ ਸਿੰਘ ਅਤੇ ਮਾਤਾ ਅੰਮ੍ਰਿਤ ਕੌਰ ਦੇ ਘਰ ਹੋਇਆ ਸੀ। ਗਾਉਣ ਦਾ ਸ਼ੌਕ ਉਨ੍ਹਾਂ ਨੂੰ ਬਚਪਨ ਤੋਂ ਹੀ ਸੀ। ਉਨ੍ਹਾਂ ਨੇ ਸੰਗੀਤ ਦੀ ਮੁੱਢਲੀ ਸਿੱਖਿਆ ਪੰਡਿਤ ਦੁਰਗਾ ਪ੍ਰਸ਼ਾਦ ਤੋਂ ਪ੍ਰਾਪਤ ਕੀਤੀ ਸੀ। ਵੈਸੇ ਆਵਾਜ਼ ਵਿਚਲੀ ਮਿਠਾਸ ਉਨ੍ਹਾਂ ਨੂੰ ਕੁਦਰਤੀ ਦੇਣ ਸੀ ਅਤੇ ਚੰਗੀ ਸ਼ਾਇਰੀ ਦੀ ਚੋਣ ਉਨ੍ਹਾਂ ਦੀ ਆਪਣੀ ਤੀਖਣ ਬੁੱਧੀ ਅਤੇ ਵਧੀਆ ਰੁਚੀਆਂ ਕਾਰਨ ਸੀ। ਦੇਸ਼ ਦੀ ਵੰਡ ਤੋਂ ਬਾਅਦ ਉਹ ਦਿੱਲੀ ਆ ਵਸੇ। ਰੇਡੀਓ ਤੋਂ ਉਨ੍ਹਾਂ ਦਾ ਪਹਿਲਾ ਗੀਤ 1949 ਵਿੱਚ ਪ੍ਰਸਾਰਿਤ ਹੋਇਆ ਜਿਸ ਦੇ ਬੋਲ ਸਨ ‘ਠੰਡੀਏ ਹਵਾਏ ਕਿਹੜੇ ਪਾਸਿਓਂ ਤੂੰ ਆਈ ਏਂ।’ ਇਸ ਤੋਂ ਬਾਅਦ ਉਨ੍ਹਾਂ ਦੇ ਗੀਤਾਂ ਦੀ ਅਮੁੱਕ ਲੜੀ ਬਣਦੀ ਗਈ। ਆਸਾ ਸਿੰਘ ਮਸਤਾਨਾ ਪੰਜਾਬੀ ਦੇ ਅਜਿਹੇ ਗਾਇਕ ਸਨ, ਜਿਨ੍ਹਾਂ ਨੂੰ ਪਦਮਸ੍ਰੀ ਵਰਗੇ ਕੌਮੀ ਐਵਾਰਡ ਨਾਲ 1985 ਵਿੱਚ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੂੰ ਮਿਲੇ ਅਣਗਿਣਤ ਸਨਮਾਨਾਂ ਦੀ ਸੂਚੀ ’ਚ ‘ਗੀਤ ਨਾਟਿਆ ਅਕੈਡਮੀ’” ਵੱਲੋਂ 1986 ਵਿੱਚ ਸਨਮਾਨਤ ਕੀਤਾ ਜਾਣਾ ਵੀ ਘੱਟ ਫ਼ਖ਼ਰ ਵਾਲੀ ਗੱਲ ਨਹੀਂ ਸੀ। ਉਨ੍ਹਾਂ ਨੇ ਭਾਵੇਂ ਦੋਗਾਣੇ ਵੀ ਬਹੁਤ ਗਾਏ ਅਤੇ ਮਕਬੂਲ ਹੋਏ ਪਰ ਆਪਣੇ ਗੀਤਾਂ ਵਿੱਚ ਉਨ੍ਹਾਂ ਨੇ ਕਦੇ ਲੱਚਰਤਾ ਨੂੰ ਨੇੜੇ ਨਹੀਂ ਢੁੱਕਣ ਦਿੱਤਾ। ਉਨ੍ਹਾਂ ਨੇ ਸਭ ਤੋਂ ਵੱਧ ਦੋਗਾਣੇ ਪੰਜਾਬ ਦੀ ਕੋਇਲ ਵਜੋਂ ਜਾਣੀ ਜਾਂਦੀ ਸੁਰਿੰਦਰ ਕੌਰ ਨਾਲ ਗਾਏ। ਉਂਝ ਉਨ੍ਹਾਂ ਪੁਸ਼ਪਾ ਹੰਸ ਅਤੇ ਪ੍ਰਕਾਸ਼ ਕੌਰ ਨਾਲ ਵੀ ਕਾਫ਼ੀ ਗਾਇਆ। ਆਸਾ ਸਿੰਘ ਮਸਤਾਨਾ ਨੇ ਬਹੁਤ ਸਾਰੇ ਦੇਸ਼ਾਂ ’ਚ ਆਪਣੀ ਗਾਇਕੀ ਦੀ ਮਹਿਕ ਖਿਲਾਰਦਿਆਂ ਇੱਕ ਵਿਸ਼ਾਲ ਪ੍ਰਸ਼ੰਸਕ ਵਰਗ ਉਸਾਰ ਲਿਆ ਸੀ। ਮਸਤਾਨਾ ਜੀ ਆਪਣੀ ਬੈਂਕ ਦੀ ਨੌਕਰੀ ਤੋਂ ਸੇਵਾ-ਮੁਕਤ ਹੋਣ ਤੋਂ ਬਾਅਦ ਵੀ ਦਿੱਲੀ ਵਿੱਚ ਹੀ ਰਹੇ। ਉਨ੍ਹਾਂ ਦੀ ਪਤਨੀ ਸ਼ੀਲਾ ਦੇਵੀ ਕਾਫ਼ੀ ਸਮਾਂ ਪਹਿਲਾਂ ਹੀ ਅਕਾਲ ਚਲਾਣਾ ਕਰ ਗਏ ਸਨ। ਮਸਤਾਨਾ ਜੀ ਦੇ ਦੋ ਬੱਚੇ ਹਨ। ਆਸਾ ਸਿੰਘ ਮਸਤਾਨਾ ਨੂੰ ਮਿਆਰੀ ਸ਼ਾਇਰੀ ਵਾਲੀ ਗਾਇਕੀ, ਸਾਦਾ ਅੰਦਾਜ਼ ਤੇ ਵਿਲੱਖਣ ਗਾਇਕੀ ਦੇ ਰੰਗ ਕਰ ਕੇ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਂਦਾ ਰਹੇਗਾ। -ਹਰਮੀਤ ਸਿਵੀਆਂ, ਬਠਿੰਡਾ

Loading