ਡਾ. ਪਰਵਿੰਦਰ ਕੌਰ: ਪੰਜਾਬ ਦੀ ਧੀ ਨੇ ਆਸਟ੍ਰੇਲੀਆ ਦੀ ਸੰਸਦ ਵਿੱਚ ਰਚਿਆ ਇਤਿਹਾਸ

ਬਲਵਿੰਦਰ ਪਾਲ ਸਿੰਘ ਪ੍ਰੋਫੈਸਰ : ਡਾ. ਪਰਵਿੰਦਰ ਕੌਰ, ਜਿਨ੍ਹਾਂ ਦੀ ਜ਼ਿੰਦਗੀ ਦਾ ਸਫਰ ਪੰਜਾਬ ਦੇ ਪਿੰਡ ਹਯਾਤਪੁਰ ਰੁੜਕੀ ਤੋਂ ਸ਼ੁਰੂ ਹੋ ਕੇ ਆਸਟ੍ਰੇਲੀਆ ਦੀ ਸੰਸਦ ਦੀਆਂ ਬਰੂਹਾਂ ਤੱਕ ਪਹੁੰਚਿਆ, ਨੇ ਨਾ ਸਿਰਫ ਪੰਜਾਬੀ ਭਾਈਚਾਰੇ, ਸਗੋਂ ਸਮੁੱਚੀ ਸਿੱਖ ਕੌਮ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਉਹ ਪਹਿਲੀ ਪੰਜਾਬੀ ਤੇ ਸਿੱਖ ਔਰਤ ਹਨ, ਜਿਨ੍ਹਾਂ ਨੇ ਆਸਟ੍ਰੇਲੀਆ ਦੀ ਪਾਰਲੀਮੈਂਟ ਦੇ ਉਪਰਲੇ ਸਦਨ ਵਿੱਚ ਸੀਟ ਹਾਸਲ ਕਰਕੇ, ਸਿੱਖ ਧਰਮ ਦੇ ਪਵਿੱਤਰ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਸਹੁੰ ਚੁੱਕੀ। ਇਹ ਕਹਾਣੀ ਹੈ ਇੱਕ ਸਿੱਖ ਬੀਬੀ ਦੀ, ਜਿਸ ਨੇ ਵਿਗਿਆਨ, ਸਮਾਜ ਸੇਵਾ ਅਤੇ ਸਿਆਸਤ ਦੇ ਖੇਤਰ ਵਿੱਚ ਆਪਣੀ ਮਿਹਨਤ, ਲਗਨ ਅਤੇ ਸਿੱਖੀ ਦੀਆਂ ਕਦਰਾਂ-ਕੀਮਤਾਂ ਨਾਲ ਨਵਾਂ ਇਤਿਹਾਸ ਰਚਿਆ। ਪੰਜਾਬ ਦੀ ਧੀ ਦਾ ਵਿਗਿਆਨਕ ਸਫਰ ਡਾ. ਪਰਵਿੰਦਰ ਕੌਰ ਦਾ ਜਨਮ ਪੰਜਾਬ ਦੇ ਨਵੇਂ ਸ਼ਹਿਰ ਜ਼ਿਲ੍ਹੇ ਦੇ ਪਿੰਡ ਹਯਾਤਪੁਰ ਰੁੜਕੀ ਵਿੱਚ ਕਸ਼ਮੀਰ ਸਿੰਘ ਦੇ ਘਰ ਹੋਇਆ। ਬਚਪਨ ਤੋਂ ਹੀ ਉਨ੍ਹਾਂ ਦੀ ਰੁਚੀ ਵਿਗਿਆਨਕ ਵਿਸ਼ਿਆਂ ਵੱਲ ਸੀ। ਉਨ੍ਹਾਂ ਦੀਆਂ ਅੱਖਾਂ ਵਿੱਚ ਸੁਪਨੇ ਸਨ, ਅਤੇ ਰੂਹ ਵਿਚ ਵਿੱਚ ਸਿੱਖੀ ਦੀ ਜੋਤ ਜਗਮਗਾਉਂਦੀ ਸੀ। 12ਵੀਂ ਜਮਾਤ ਪਾਸ ਕਰਨ ਤੋਂ ਬਾਅਦ, ਉਨ੍ਹਾਂ ਨੇ ਲੁਧਿਆਣਾ ਸਥਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਦਾਖਲਾ ਲਿਆ, ਜਿੱਥੋਂ ਉਨ੍ਹਾਂ ਨੇ ਬੀ.ਐਸਸੀ. ਅਤੇ ਐਮ.ਐਸਸੀ. ਦੀਆਂ ਡਿਗਰੀਆਂ ਹਾਸਲ ਕੀਤੀਆਂ। ਇਹ ਉਹ ਸਮਾਂ ਸੀ ਜਦੋਂ ਉਨ੍ਹਾਂ ਦੇ ਮਨ ਵਿੱਚ ਵਿਗਿਆਨ ਦੀਆਂ ਸੰਭਾਵਨਾਵਾਂ ਨੇ ਇੱਕ ਨਵਾਂ ਰਾਹ ਖਿੱਚਿਆ।ਉਚੇਰੀ ਸਿੱਖਿਆ ਲਈ ਉਹ ਆਸਟ੍ਰੇਲੀਆ ਪੜ੍ਹਨ ਗਏ। ਉੱਥੇ, ਉਨ੍ਹਾਂ ਨੇ ਫਸਲਾਂ ਦੇ ਡੀ.ਐਨ.ਏ. ਅਤੇ ਪਸ਼ੂਆਂ ਦੇ ਚਾਰੇ ਵਿੱਚ ਮੀਥੇਨ ਗੈਸ ਦੇ ਉਤਸਰਜਨ 'ਤੇ ਖੋਜ ਕੀਤੀ। ਉਨ੍ਹਾਂ ਦੀ ਇਸ ਖੋਜ ਨੇ ਵਾਤਾਵਰਣ ਸੰਬੰਧੀ ਚੁਣੌਤੀਆਂ ਨੂੰ ਹੱਲ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਇਸ ਕਾਰਜ ਨੂੰ ਸਨਮਾਨਿਤ ਕੀਤਾ, ਜੋ ਉਨ੍ਹਾਂ ਦੀ ਵਿਗਿਆਨਕ ਸਮਰੱਥਾ ਦਾ ਸਬੂਤ ਸੀ। ਪੱਛਮੀ ਆਸਟ੍ਰੇਲੀਆ ਯੂਨੀਵਰਸਿਟੀ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਕੰਮ ਕਰਦਿਆਂ, ਉਨ੍ਹਾਂ ਨੇ ਨਾ ਸਿਰਫ ਵਿਗਿਆਨਕ ਖੋਜ ਨੂੰ ਅੱਗੇ ਵਧਾਇਆ, ਸਗੋਂ ਸਮਾਜ ਦੀ ਭਲਾਈ ਨੂੰ ਵੀ ਆਪਣਾ ਮੁੱਖ ਮੰਤਵ ਬਣਾਇਆ। ਸੰਸਦ ਦੀਆਂ ਬਰੂਹਾਂ ਤੱਕ ਪਹੁੰਚੀ ਸਿੱਖ ਬੀਬੀ ਡਾ. ਪਰਵਿੰਦਰ ਕੌਰ ਦੀ ਸਫਲਤਾ ਸਿਰਫ ਵਿਗਿਆਨ ਤੱਕ ਹੀ ਸੀਮਤ ਨਹੀਂ ਸੀ। ਉਨ੍ਹਾਂ ਦੀ ਸਮਾਜ ਸੇਵਾ ਅਤੇ ਪੰਜਾਬੀ ਭਾਈਚਾਰੇ ਵਿੱਚ ਚੰਗੇ ਰਸੂਖ ਨੇ ਉਨ੍ਹਾਂ ਨੂੰ ਸਿਆਸਤ ਦੇ ਮੈਦਾਨ ਵਿੱਚ ਵੀ ਅੱਗੇ ਵਧਾਇਆ। ਆਸਟ੍ਰੇਲੀਆ ਦੀ ਲੇਬਰ ਪਾਰਟੀ ਨੇ ਉਨ੍ਹਾਂ ਦੀ ਸਮਰੱਥਾ ਨੂੰ ਪਛਾਣਦਿਆਂ, ਉਪਰਲੇ ਸਦਨ (ਸੈਨੇਟ) ਲਈ ਆਪਣੇ ਨੁਮਾਇੰਦੇ ਵਜੋਂ ਚੁਣਿਆ। ਇਹ ਚੋਣ ਸਿਰਫ ਇੱਕ ਸਿਆਸੀ ਜਿੱਤ ਨਹੀਂ ਸੀ, ਸਗੋਂ ਪੰਜਾਬੀ ਅਤੇ ਸਿੱਖ ਭਾਈਚਾਰੇ ਲਈ ਇੱਕ ਮੀਲ ਪੱਥਰ ਸੀ। 23 ਮਈ 2025 ਨੂੰ, ਡਾ. ਪਰਵਿੰਦਰ ਕੌਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਸਹੁੰ ਚੁੱਕ ਕੇ ਪੱਛਮੀ ਆਸਟ੍ਰੇਲੀਆ ਦੀ ਪਾਰਲੀਮੈਂਟ ਵਿੱਚ ਪਹਿਲੀ ਪੰਜਾਬੀ ਔਰਤ ਮੈਂਬਰ ਵਜੋਂ ਆਪਣੀ ਸੀਟ ਸੰਭਾਲੀ। ਉਨ੍ਹਾਂ ਦੇ ਇਸ ਕਦਮ ਨੇ ਨਾ ਸਿਰਫ ਆਸਟ੍ਰੇਲੀਆ ਦੇ ਸਿਆਸੀ ਇਤਿਹਾਸ ਵਿੱਚ ਨਵਾਂ ਅਧਿਆਏ ਜੋੜਿਆ, ਸਗੋਂ ਪ੍ਰਵਾਸੀ ਭਾਈਚਾਰਿਆਂ, ਖਾਸ ਕਰਕੇ ਸਿੱਖ ਔਰਤਾਂ, ਲਈ ਇੱਕ ਪ੍ਰੇਰਣਾਦਾਇਕ ਮਿਸਾਲ ਕਾਇਮ ਕੀਤੀ। ਆਸਟ੍ਰੇਲੀਅਨ ਮੀਡੀਆ ਦੀ ਨਜ਼ਰ ਵਿੱਚ ਡਾ. ਪਰਵਿੰਦਰ ਕੌਰ ਆਸਟ੍ਰੇਲੀਆ ਦੀਆਂ ਅਖਬਾਰਾਂ ਅਤੇ ਮੀਡੀਆ ਸੰਸਥਾਵਾਂ ਨੇ ਡਾ. ਪਰਵਿੰਦਰ ਕੌਰ ਦੀ ਇਸ ਇਤਿਹਾਸਕ ਪ੍ਰਾਪਤੀ ਨੂੰ ਪੂਰੇ ਜੋਸ਼ ਨਾਲ ਉਜਾਗਰ ਕੀਤਾ। 'ਦਾ ਏਯੂਐਸ ਟੂਡੇ' ਨੇ 23 ਮਈ 2025 ਦੀ ਇੱਕ ਰਿਪੋਰਟ ਵਿੱਚ ਲਿਖਿਆ ਕਿ ਡਾ. ਪਰਵਿੰਦਰ ਕੌਰ ਪਹਿਲੀ ਭਾਰਤੀ ਔਰਤ ਹਨ, ਜਿਨ੍ਹਾਂ ਨੇ ਸਿੱਖ ਧਰਮ ਦੀ ਪਵਿੱਤਰ ਪੁਸਤਕ 'ਸ੍ਰੀ ਗੁਰੂ ਗ੍ਰੰਥ ਸਾਹਿਬ' 'ਤੇ ਸਹੁੰ ਚੁੱਕ ਕੇ ਸੰਸਦ ਵਿੱਚ ਸੀਟ ਹਾਸਲ ਕੀਤੀ। ਉਨ੍ਹਾਂ ਦੇ ਬਿਆਨ ਨੂੰ ਹਵਾਲਾ ਦਿੰਦਿਆਂ ਅਖਬਾਰ ਨੇ ਲਿਖਿਆ: "ਇੱਕ ਪ੍ਰਵਾਸੀ, ਔਰਤ ਵਜੋਂ, ਮੈਂ ਉਨ੍ਹਾਂ ਅਣਗਿਣਤ ਲੋਕਾਂ ਦੀ ਨੁਮਾਇੰਦਗੀ ਕਰਦੀ ਹਾਂ, ਜੋ ਆਪਣੇ ਆਪ ਨੂੰ ਅਗਵਾਈ ਵਿੱਚ ਦੇਖਣ ਦੇ ਹੱਕਦਾਰ ਹਨ।" 'ਦਾ ਵੈਸਟ ਅਸਟਰੇਲੀਅਨ' ਅਤੇ 'ਐਸਬੀਐਸ ਨਿਊਜ' ਵਰਗੀਆਂ ਸੰਸਥਾਵਾਂ ਨੇ ਉਨ੍ਹਾਂ ਦੀ ਸੰਸਦ ਵਿੱਚ ਚੋਣ ਨੂੰ ਵਿਭਿੰਨਤਾ ਅਤੇ ਮਨੁੱਖਤਾ ਦਾ ਪ੍ਰਤੀਕ ਮੰਨਿਆ। ਉਨ੍ਹਾਂ ਦੀ ਜਿੱਤ ਨੂੰ ਪ੍ਰਵਾਸੀ ਭਾਈਚਾਰਿਆਂ ਦੀ ਸ਼ਕਤੀ ਅਤੇ ਸਿੱਖੀ ਦੀਆਂ ਕਦਰਾਂ-ਕੀਮਤਾਂ ਦੇ ਪ੍ਰਚਾਰ ਵਜੋਂ ਦੇਖਿਆ ਗਿਆ। ਸੋ ਡਾ. ਪਰਵਿੰਦਰ ਕੌਰ ਇੱਕ ਅਜਿਹੀ ਸ਼ਖਸੀਅਤ ਹਨ, ਜਿਨ੍ਹਾਂ ਨੇ ਵਿਗਿਆਨ ਅਤੇ ਸਿਆਸਤ ਦੋਵਾਂ ਖੇਤਰਾਂ ਵਿੱਚ ਆਪਣੀ ਵਿਲੱਖਣ ਪਛਾਣ ਬਣਾਈ। ਉਨ੍ਹਾਂ ਦੀਆਂ ਵਿਗਿਆਨਕ ਪ੍ਰਾਪਤੀਆਂ, ਖਾਸ ਕਰਕੇ ਮੀਥੇਨ ਗੈਸ ਦੇ ਉਤਸਰਜਨ ਨੂੰ ਘਟਾਉਣ ਵਾਲੀ ਖੋਜ, ਨੇ ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ ਕੀਤੀ ਹੈ। ਹਾਲਾਂਕਿ, ਜੇਕਰ ਅਸੀਂ ਵਿਸ਼ਵ ਪੱਧਰ 'ਤੇ ਸਿੱਖ ਔਰਤਾਂ ਦੀਆਂ ਵਿਗਿਆਨਕ ਪ੍ਰਾਪਤੀਆਂ ਦੀ ਗੱਲ ਕਰੀਏ, ਤਾਂ ਇਸ ਸਮੇਂ ਡਾ. ਪਰਵਿੰਦਰ ਕੌਰ ਦੀ ਪ੍ਰਮੁੱਖਤਾ ਸਪੱਸ਼ਟ ਹੈ।

Loading